ਸ੍ਰੀਨਗਰ ’ਚ ਆਜ਼ਾਦੀ ਦੇ ਜਸ਼ਨਾਂ ਲਈ ਸਖ਼ਤ ਸੁਰੱਖਿਆ ਬੰਦੋਬਸਤ
ਸ੍ਰੀਨਗਰ, 13 ਅਗਸਤ
ਆਜ਼ਾਦੀ ਦਿਹਾੜੇ ਦੇ ਜਸ਼ਨਾਂ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਇੱਥੇ ਮੁੱਖ ਸਮਾਗਮ ਵਾਲੀ ਥਾਂ ’ਤੇ ਬਹੁ-ਪਰਤੀ ਸੁਰੱਖਿਆ ਬੰਦੋਬਸਤ ਕੀਤੇ ਗਏ ਹਨ। ਸਮਾਗਮ ਤੋਂ ਪਹਿਲਾਂ ਅੱਜ ਇੱਥੇ ਬਖਸ਼ੀ ਸਟੇਡੀਅਮ ’ਚ ਫੁੱਲ ਡਰੈੱਸ ਰਿਹਰਸਲ ਕਰਵਾਈ ਗਈ ਜਿੱਥੇ ਕਸ਼ਮੀਰ ਜ਼ੋਨ ਦੇ ਆਈਜੀਪੀ ਵੀਕੇ ਬਿਰਦੀ ਨੇ ਮਾਰਚ ਪਾਸਟ ਤੋਂ ਸਲਾਮੀ ਲਈ।
ਪਰੇਡ ’ਚ ਪੁਲੀਸ, ਸੁਰੱਖਿਆ ਬਲਾਂ ਤੇ ਸਕੂਲੀ ਵਿਦਿਆਰਥੀਆਂ ਦੇ ਦਲ ਸ਼ਾਮਲ ਹੋਏ। ਬਿਰਦੀ ਨੇ ਆਖਿਆ, ‘‘ਅਸੀਂ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਲਈ ਪੁਖ਼ਤਾ ਸੁਰੱਖਿਆ ਬੰਦੋਬਸਤ ਕੀਤੇ ਹਨ, ਤਾਂ ਜੋ ਸਭ ਕੁਝ ਸ਼ਾਂਤਮਈ ਢੰਗ ਨਾਲ ਸਿਰੇ ਚੜ੍ਹਾਇਆ ਜਾ ਸਕੇ।’’ ਆਈਜੀਪੀ ਮੁਤਾਬਕ ਜੰਮੂ ਕਸ਼ਮੀਰ ’ਚ ਆਜ਼ਾਦੀ ਦਿਹਾੜੇ ਸਬੰਧੀ ਮੁੱਖ ਸਮਾਗਮ ਵਾਲੀ ਥਾਂ ’ਤੇ ਬਹੁ-ਪਰਤੀ ਸੁਰੱਖਿਆ ਬੰਦੋਬਸਤ ਕੀਤੇ ਗਏ ਹਨ ਅਤੇ ਸੁਰੱਖਿਆ ਮਸ਼ਕਾਂ ਤਹਿਤ ਕਈ ਥਾਵਾਂ ’ਤੇ ਬੈਰੀਕੇਡ ਲਾਏ ਗਏ ਹਨ। ਦੁਸ਼ਮਣ ਦੀ ਕਿਸੇ ਵੀ ਗਲਤ ਹਰਕਤ ਨੂੰ ਰੋਕਣ ਲਈ ਸੁਰੱਖਿਆ ਜਵਾਨ ਤਿਆਰ ਹਨ। -ਪੀਟੀਆਈ
ਸੈਨਾ ਕਮਾਂਡਰ ਨੇ ਚਨਾਬ ਘਾਟੀ ਵਿੱਚ ਅਤਿਵਾਦ ਵਿਰੋਧੀ ਮੁਹਿੰਮ ਦਾ ਜਾਇਜ਼ਾ ਲਿਆ
ਜੰਮੂ:
ਫੌਜ ਦੀ ਉੱਤਰੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਐੱਮਵੀ ਸੁਚਿੰਦਰ ਕੁਮਾਰ ਨੇ ਅੱਜ ਜੰਮੂ ਕਸ਼ਮੀਰ ਦੀ ਚਨਾਬ ਘਾਟੀ ’ਚ ਚੱਲ ਰਹੇ ਅਤਿਵਾਦ ਵਿਰੋਧੀ ਅਪਰੇਸ਼ਨਾਂ ਦਾ ਜਾਇਜ਼ਾ ਲਿਆ ਹੈ। ਫੌਜ ਦੀ ਉੱਤਰੀ ਕਮਾਨ ਨੇ ਐਕਸ ’ਤੇ ਪੋਸਟ ’ਚ ਕਿਹਾ ਕਿ ਲੈਫਟੀਨੈਂਟ ਜਨਰਲ ਨੇ ਡੋਡਾ ਅਤੇ ਕਿਸ਼ਤਵਾੜ ’ਚ ਡੈਲਟਾ ਫੋਰਸ ਦੇ ਮੂਹਰਲੇ ਟਿਕਾਣਿਆਂ ਦਾ ਦੌਰਾ ਕੀਤਾ ਅਤੇ ਸਾਰੇ ਅਧਿਕਾਰੀਆਂ ਤੇ ਜਵਾਨਾਂ ਨੂੰ ਅਤਿਵਾਦ ਵਿਰੋਧੀ ਅਪਰੇਸ਼ਨ ਜਾਰੀ ਰੱਖਣ ਅਤੇ ਚੱਲ ਰਹੇ ਮੌਜੂਦਾ ਸਮਾਗਮਾਂ ਲਈ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਉਤਸ਼ਾਹਿਤ ਕੀਤਾ। ਫੌਜ ਨੇ ਉੱਤਰੀ ਕਮਾਨ ਦੇ ਜਨਰਲ ਕਮਾਂਡਿੰਗ ਅਧਿਕਾਰੀ (ਜੇਓਸੀ) ਵੱਲੋਂ ਉਥੇ ਜਵਾਨਾਂ ਨਾਲ ਗੱਲਬਾਤ ਕਰਨ ਮੌਕੇ ਦੀਆਂ ਚਾਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਪੋਸਟ ’ਚ ਕਿਹਾ ਗਿਆ ਕਿ ਉਨ੍ਹਾਂ ਨੇ ਇਲਾਕੇ ’ਚ ਹੋਰ ਬਲ ਤਾਇਨਾਤ ਕਰਨ ਸਬੰਧੀ ਮੁਲਾਂਕਣ ਕੀਤਾ ਅਤੇ ਜੰਮੂ ਕਸ਼ਮੀਰ ਪੁਲੀਸ ਤੇ ਨੀਮ ਫ਼ੌਜੀ ਬਲਾਂ ਨਾਲ ਤਾਲਮੇਲ ਵਧਾਉਣ ’ਤੇ ਜ਼ੋਰ ਦਿੱਤਾ। -ਪੀਟੀਆਈ
ਬੀਐੱਸਐੱਫ ਵੱਲੋਂ ਕੌਮਾਂਤਰੀ ਸਰਹੱਦ ’ਤੇ ਕਿਸ਼ਤੀਆਂ ਨਾਲ ਗਸ਼ਤ
ਜੰਮੂ:
ਜੰਮੂ ਵਿੱਚ ਸਰਹੱਦ ਪਾਰੋਂ ਦਹਿਸ਼ਤਗਰਦਾਂ ਦੀ ਸੰਭਾਵੀ ਘੁਸਪੈਠ ਦੇ ਮੱਦੇਨਜ਼ਰ ਬੀਐੱਸਐੱਫ ਨੂੰ ਕੌਮਾਂਤਰੀ ਸਰਹੱਦ ’ਤੇ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਗਸ਼ਤ ਲਈ ਜਵਾਨਾਂ ਨੂੰ ਅਤਿ ਆਧੁਨਿਕ ਕਿਸ਼ਤੀਆਂ ਦਿੱਤੀਆਂ ਗਈਆਂ ਹਨ। ਹਾਲ ਹੀ ਵਿੱਚ ਬੀਐੱਸਐੱਫ ’ਚ ਸ਼ਾਮਲ ਮਹਿਲਾ ਸੈਨਿਕ ਜੰਮੂ ਇਲਾਕੇ ’ਚ ਜਵਾਨਾਂ ਨਾਲ ਮਿਲ ਕੇ ਭਾਰਤ ਪਾਕਿਸਤਾਨ ਸਰਹੱਦ ’ਤੇ ਗਸ਼ਤ ਕਰ ਰਹੀਆਂ ਹਨ। ਜਵਾਨਾਂ ਵੱਲੋਂ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਨਜ਼ਰ ਰੱਖੀ ਜਾ ਰਹੀ ਹੈ। ਆਧੁਨਿਕ ਹਥਿਆਰਾਂ ਨਾਲ ਲੈਸ ਸੀਮਾ ਸੁਰੱਖਿਆ ਬਲ ਦੇ ਇੱਕ ਅਧਿਕਾਰੀ ਨੇ ਕਿਹਾ, ‘‘ਅਸੀਂ ਚਨਾਬ ਨਦੀ ਨਾਲ ਲੱਗਦੇ ਸਰਹੱਦੀ ਇਲਾਕੇ ’ਚ 24x7 ਗਸ਼ਤ ਲਈ ਤਿਆਰ ਹਾਂ ਅਤੇ ਹਰ ਹਰਕਤ ’ਤੇ ਨੇੜਿਉਂ ਨਜ਼ਰ ਰੱਖ ਰਹੇ ਹਾਂ।’’ -ਪੀਟੀਆਈ