ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟਿਫਨ

07:07 AM Nov 03, 2024 IST

 

Advertisement

ਕੁਲਵੰਤ ਘੋਲੀਆ

ਜਿਵੇਂ ਜਿਵੇਂ ਦਿਨ ਉਤਾਂਹ ਹੁੰਦਾ, ਗਰਮੀ ਦੀ ਚਿੱਟੀ ਧੁੱਪ ਜੱਗੂ ਦੇ ਮਟਮੈਲੇ ਜਿਹੇ ਕੁੜਤੇ ਨੂੰ ਚੀਰਦੀ ਜਾਂਦੀ।
ਗੁਮਨਾਮ ਜਿਹੀ ਜ਼ਿੰਦਗੀ ਤੇ ਜ਼ਿਹਨ ਵਿੱਚ ਕਿੰਨੇ ਸਾਰੇ ਅਣਭੋਲ ਜਿਹੇ ਸਵਾਲ ਚੁੱਕੀ ਅਕਸਰ ਪਤਾ ਨਹੀਂ ਕਿੰਨੇ ਵਰ੍ਹਿਆਂ ਤੋਂ ਜੱਗੂ ਸ਼ਹੀਦੀ ਚੌਕ ਵਿੱਚ ਫੜੀ ਵਾਲੇ ਕੋਲ ਆ ਸਾਈਕਲ ਦਾ ਸਟੈਂਡ ਮਾਰ ਹੈਂਡਲ ਨਾਲ ਬੰਨ੍ਹੇ ਰੋਟੀ ਵਾਲੇ ਲਿਫ਼ਾਫ਼ੇ ਨੂੰ ਦੋ ਗੰਢਾਂ ਹੋਰ ਮਾਰ ਦਿੰਦਾ।
ਬਿੱਲੂ ਠੇਕੇਦਾਰ ਦੇ ਕਾਮੇ ਕਦੇ ਵੀ ਸ਼ਹੀਦੀ ਚੌਕ ਵਿੱਚ ਨਹੀਂ ਸੀ ਬੈਠਦੇ। ਵਾਹਵਾ ਕੰਮ ਸੀ ਬਿੱਲੂ ਠੇਕੇਦਾਰ ਕੋਲ, ਬਾਕੀ ਜੱਟਾਂ ਦਾ ਮੁੰਡਾ ਸੀ, ਲਾਣਾ ਵੱਡਾ, ਤੇ ਉੱਤੋਂ ਬਾਰਾਂ ਸਾਲ ਦੁਬਈ ਵਿੱਚ ਰਾਜਗਿਰੀ ਕੀਤੀ। ਤਾਂ ਹੀ ਸਾਰਾ ਸਾਲ ਪਿੰਡ ਤੇ ਸ਼ਹਿਰ ਵਿੱਚ ਬਿੱਲੂ ਠੇਕੇਦਾਰ ਦਾ ਕੰਮ ਚਲਦਾ ਰਹਿੰਦਾ। ਕਦੇ ਕਦਾਈ ਆਹ ਸਾਡੇ ਵਿਹੜੇ ਵਾਲੇ ਪਾਸੇ ਆਉਂਦਾ ਜਿਸ ਦਿਨ ਜ਼ਿਆਦਾ ਕਾਮਿਆਂ ਦੀ ਲੋੜ ਹੁੰਦੀ। ਉਂਜ ਇਹੋ ਆਖਦਾ ਕਿ ਵਿਹੜੇ ਆਲੇ ਕੰਮ ਕਰਕੇ ਰਾਜ਼ੀ ਨਹੀਂ। ਸੁਵਖਤੇ ਹੀ ਬਿੱਲੂ ਠੇਕੇਦਾਰ ਨੇ ਆ ਜੱਗੂ ਦਾ ਬੂਹਾ ਖੜਕਾਇਆ।
ਚਾਹ ਦੀ ਦੂਜੀ ਬਾਟੀ ਨੇਪੜੇ ਚੜ੍ਹ ਗਈ ਸੀ।
‘‘... ਸਰੀਰ ਹੀ ਨੀ ਖੁੱਲ੍ਹਦਾ, ਹਾਂ ਬਈ ਆਉਂਨਾ।’
ਉਹ ਦੂਜੀ ਗਾਂ ਵੀ ਦੁੱਧੋਂ ਸੁੱਕ ਗਈ ਸੀ।
ਤਾਹੀਂ ਕੱਚੇ ਜਿਹੇ ਢਾਰੇ ਮੂਹਰੋਂ ਗਾਵਾਂ ਲਈ ਬਣਾਏ ਜੁਬੜ ਨੂੰ ਚੁੱਕ ਨਿੱਕੀ ਨਿੱਕੀ ਕੰਧ ਤੇ ਦੂਜੇ ਪਾਸੇ ਇੱਟਾਂ ਦਾ ਕੌਲਾ ਕੱਢ ਬਾਰ ਦਾ ਕੰਮ ਲੈ ਲਿਆ।
ਜੁਬੜ ਨੂੰ ਇੱਕ ਪਾਸਿਓਂ ਘੜੀਸ ਛੋਟੀ ਕੰਧ ਨਾਲ ਲਾ ਦਿੱਤਾ।
‘‘ਆਓ ਬਾਈ ਜੀ, ਕਿਵੇਂ ਆਉਣਾ ਹੋਇਆ?’’ ਮੂੰਹੋਂ ਬੋਲ ਜੱਗੂ ਨੇ ਅੰਦਰ ਕਚੀਚੀ ਜਿਹੀ ਵੱਟੀ ਲਈ ਕਿ ‘ਲੈ ਵੱਡਾ ਠੇਕੇਦਾਰ, ਅੱਜ ਲੋੜ ਹੋਣੀ ਐ, ਤਾਂ ਹੀ ਆ ਗਿਆ’।
‘‘ਉਏ ਕਿਵੇਂ ਭੱਜਿਆ ਟੁੱਟਿਆ ਪਿਆ ਏਂ। ਆ ਜਾ ਸ਼ਹਿਰ ਲੈਂਟਰ ਪੈਣਾ, ਨਾਲੇ ਫੱਕੀ ਮਾਰ ਲਈਂ। ਹੱਡ ਦੁਖਣੋਂ ਹਟ ਜਾਣਗੇ। ਗੱਡੀ ’ਤੇ ਜਾਣਾ ਤੇ ਗੱਡੀ ’ਤੇ ਆਉਣਾ ਤੇ ਦਿਹਾੜੀ ਨਕਦ।’’
‘‘ਓਏ ਨਾ ਬਾਈ। ਪਹਿਲਾਂ ਆਹ ਤੁਹਾਡੇ ਨਰੈਣੇ ਕਿਆਂ ਨੇ ਸਾਨੂੰ ਲੱਸੀ ਵਾਲਾ ਲਾਣਾ ਬਣਾਤਾ ਤੇ ਕੱਲ੍ਹ ਨੂੰ ਤੁਸੀਂ ਫੱਕੀ ਆਲਾ ਕਹਿਣ ਲੱਗਜੋਂਗੇ। ਨਾਲੇ ਆਹ ਗ਼ਰੀਬ ਬੰਦਿਆਂ ਨੂੰ ਇਹੋ ਜਿਹੇ ਨਸ਼ਿਆਂ ’ਤੇ ਨਾ ਲਾਇਆ ਕਰੋ।’’ ਜੱਗੂ ਦੇ ਜਿਵੇਂ ਅੰਦਰ ਸਾੜਾ ਜਿਹਾ ਪੈ ਗਿਆ ਹੋਵੇ ਕਿ ‘ਆਹ ਬਿੱਲੂ ਠੇਕੇਦਾਰ ਨੇ ਜਿੰਨੇ ਕਾਮੇ ਸੀ ਸਾਰੇ ਫੱਕੀ ’ਤੇ ਲਾ ਦਿੱਤੇ। ਆਥਣ ਨੂੰ ਦਿਹਾੜੀ ਭਾਵੇਂ ਸੌ ਘੱਟ ਮਿਲ ਜਾਵੇ, ਪਰ ਜਾਂਦੇ ਬਿੱਲੂ ਠੇਕੇਦਾਰ ਨਾਲ ਹੀ ਐ। ਤਾਂ ਹੀ ਬਿੱਲੂ ਠੇਕੇਦਾਰ ਦੇ ਬੰਦੇ ਸ਼ਹੀਦੀ ਚੌਕ ਵਿੱਚ ਕਦੇ ਨਹੀਂ ਦਿਸਦੇ’।
ਮੱਲਕ ਦੇਣੇ ਜੱਗੂ ਨੇ ਜੁਬੜ ਘੜੀਸ ਫੇਰ ਕੌਲੇ ਨਾਲ ਲਾ ਦਿੱਤਾ।
ਦੁਪਹਿਰਾ ਸਿਰ ’ਤੇ ਚੜ੍ਹਿਆ ਆਉਂਦਾ ਸੀ।
ਫੜੀ ਵਾਲੇ ਨੇ ਵੀ ਕਿਧਰੇ ਹੋਰ ਟਿਕਾਣੇ ਜਾ ਮੱਲੇ।
ਧੁੱਪ ਪਿੰਡਾ ਚੀਰਦੀ ਜਾ ਰਹੀ ਸੀ। ਉਹ ਸ਼ਹੀਦੀ ਚੌਕ ਦੇ ਵਿਚਾਲੇ ਲੱਗੇ ਬੁੱਤ ਦੀ ਛਾਵੇਂ ਹੋ ਬੈਠਾ।
ਸ਼ਹਿਰ ਵਿੱਚ ਜੇ ਕਿਸੇ ਨੂੰ ਘਰੇ ਨਿੱਕੇ ਮੋਟੇ ਕੰਮ ਲਈ ਕਾਮੇ ਦੀ ਲੋੜ ਹੁੰਦੀ ਤਾਂ ਉਹ ਸਿੱਧਾ ਸ਼ਹੀਦੀ ਚੌਕ ਹੀ ਆਉਂਦਾ। ਇਸੇ ਕਰਕੇ ਜੱਗੂ ਉੱਥੇ ਹੀ ਧੁੱਪ ਵਿੱਚ ਦੜਿਆ ਰਿਹਾ। ਜੱਗੂ ਅੱਖਾਂ ਦੇ ਭਰਵੱਟੇ ਵਾਰ ਵਾਰ ਉਤਾਂਹ ਚੁੱਕ ਕੇ ਦੂਰ ਤੱਕ ਵੇਖਦਾ, ਖ਼ਬਰੇ ਕੋਈ ਮਾਲਕ ਦਿਹਾੜੀ ਲਵਾ ਦੇਵੇ।
ਤੜਕੇ ਦਾ ਚੜ੍ਹਿਆ ਸੂਰਜ ਝਾਤੀਆਂ ਮਾਰਦਾ ਦੂਜੇ ਪਾਸੇ ਹੋ ਗਿਆ ਸੀ, ਪਰ ਜੱਗੂ ਦੀ ਅੱਜ ਦਿਹਾੜੀ ਨਾ ਲੱਗੀ।
ਸਾਈਕਲ ਦੇ ਹੈਂਡਲ ਨਾਲ ਬੰਨ੍ਹੇ ਲਿਫ਼ਾਫ਼ੇ ਵਿਚਲੀਆਂ ਰੋਟੀਆਂ ਵੀ ਆਕੜ ਕੇ ਲੱਕੜਾਂ ਬਣ ਗਈਆਂ।
ਢਲਦੀ ਸ਼ਾਮੇ ਜੱਗੂ ਨੇ ਟੁੱਟੇ ਭੱਜੇ ਸਰੀਰ ਨੂੰ ਲੈ ਘਰ ਵੱਲ ਚਾਲੇ ਪਾ ਦਿੱਤੇ।
ਲਿਫ਼ਾਫ਼ੇ ਵਿਚਲੀਆਂ ਰੋਟੀਆਂ ਵੀ ਸੰਘੋਂ ਥੱਲੇ ਨਾ ਹੋਈਆਂ। ਢਿੱਡ ਵਿਚਲੀਆਂ ਆਂਦਰਾਂ ਭੁੱਖ ਕਾਰਨ ਕਿਸੇ ਜਵਾਕ ਵਾਂਗ ਵਿਲਕ ਰਹੀਆਂ ਸਨ।
ਜਿਉਂ ਸੁਰਤ ਜਿਹੀ ਸੰਭਲੀ ਪਿੰਡ ਵਿੱਚ ਲੱਸੀ ਵਾਲਿਆਂ ਦਾ ਟੱਬਰ ਵੱਜਦਾ।
ਮੁੱਢ ਕਦੀਮ ਤੋਂ ਹੀ ਜੱਗੂ ਦਾ ਬਾਪੂ ਨਰੈਣੇ ਕੇ ਸੀਰ ਲੈਂਦਾ। ਘਰ ਦੀ ਕੱਢੀ ਪੀਣ ਦਾ ਆਦੀ ਤੇ ਸਵੇਰੇ ਅੰਦਰ ਸਾੜਾ ਪੈਂਦਾ ਤਾਂ ਨਰੈਣੇ ਕੀ ਕੰਧੋਲੀ ਕੋਲ ਦੁੱਧ ਰਿੜਕਦੀ ਸਰਦਾਰਨੀ ਦੇ ਸਿਰਹਾਣੇ ਜਾ ਬਾਟਾ ਲੈ ਬਹਿੰਦਾ।
ਬਸ ਫੇਰ ਕੀ ਸੀ ਨਰੈਣੇ ਕਿਆਂ ਨੇ ‘ਓਏ ਲੱਸੀ ਓਏ ਲੱਸੀ’ ਹੀ ਆਖੀ ਜਾਣਾ ਤੇ ਪਿੱਛੇ ਹੀ ਸਾਰਾ ਪਿੰਡ ਕਹਿਣ ਲੱਗ ਪਿਆ।
ਕਦੇ ਕਦੇ ਬਾਪੂ ਨਾਲ ਜਦ ਨਰੈਣੇ ਕੇ ਖੇਤ ਜਾਣਾ। ਉਨ੍ਹਾਂ ਨੇ ਬਾਪੂ ਨੂੰ ਲੱਸੀ ਕਹਿ ਕੇ ਬੁਲਾਉਣਾ ਤਾਂ ਅੰਦਰ ਭਾਂਬੜ ਮੱਚਦਾ। ਕਚੀਚੀ ਜਿਹੀ ਵੱਟਦਾ। ‘ਆਏ ਵੱਡੇ ਮੇਰੇ ... ਸਰਦਾਰ’ ਤੇ ਅੰਦਰੋਂ ਕੱਢੀ ਗਾਲ੍ਹ ਨੂੰ ਅੰਦਰੇ ਹੀ ਮੋੜ ਲੈਂਦਾ।
‘‘ਬਾਈ, ਬਾਪੂ ਦਾ ਨਾਂ ਲੱਸੀ ਨਹੀਂ ਹੈਗਾ। ਪੱਕਾ ਨਾਂ ਲਿਆ ਕਰੋ।’’ ਇੰਨਾ ਸੁਣ ਉਹ ਹੱਸ ਪੈਂਦੇ।
ਪਰ ਜੱਗੂ ਦੀ ਗੱਲ ਦਾ ਅਸਰ ਓਨਾ ਕੁ ਹੀ ਸੀ ਜਿੰਨਾ ਸੁੱਕ ਚੁੱਕੇ ਪੱਤੇ ਦਾ ਟਾਹਣੀ ਨਾਲੋਂ ਟੁੱਟ ਕੇ ਥੱਲੇ ਆ ਡਿੱਗਣਾ। ਜਿਸ ਦਾ ਸ਼ਾਇਦ ਕੋਈ ਵਜੂਦ ਹੀ ਨਹੀਂ ਰਹਿ ਗਿਆ ਹੁੰਦਾ।
ਬੇਬੇ ਤਾਂ ਨਿੱਕੇ ਹੁੰਦਿਆਂ ਹੀ ਜਹਾਨੋਂ ਤੁਰ ਗਈ ਸੀ ਤੇ ਬਾਪੂ ਨੇ ਦਾਰੂ ਪੀ ਪੀ ਗੁਰਦੇ ਖਰਾਬ ਕਰ ਲਏ ਤੇ ਉਹ ਵੀ ਬੇਬੇ ਮਗਰ ਹੀ ਤੁਰ ਗਿਆ।
ਫਿਰ ਵੀ ਪਿੰਡ ਵਿੱਚ ਅੱਜ ਵੀ ਲੱਸੀ ਆਲਿਆਂ ਦਾ ਲਾਣਾ ਹੀ ਵੱਜਦਾ। ਗੁਰਬਤ ਹੰਢਾਉਂਦੇ ਚਾਚੇ ਤਾਏ ਸੀਗੇ, ਪਰ ਉਹ ਆਪਣਾ ਚੁੱਲ੍ਹਾ ਮਸਾਂ ਬਾਲਦੇ। ਉਨ੍ਹਾਂ ਜੱਗੂ ਦਾ ਪਾਸਾ ਕੀ ਥੱਲਣਾ ਸੀ!
ਆਥਣੇ ਘਰ ਆ ਸਵੇਰ ਵਾਲੀਆਂ ਰੋਟੀਆਂ ਨੂੰ ਚੁੱਲ੍ਹੇ ’ਤੇ ਗਰਮ ਕਰ ਢਿੱਡ ਦੀਆਂ ਆਂਦਰਾਂ ਨੂੰ ਸ਼ਾਂਤ ਕਰ ਦਿੱਤਾ। ਵਿਹੜੇ ਵਿੱਚ ਮੰਜਾ ਘੜੀਸ ਕਿੰਨਾ ਚਿਰ ਤਾਰਿਆਂ ਦੀ ਲੋਏ ਪਿਆ ਰਿਹਾ।
ਕੁਝ ਯਾਦ ਆਇਆ ਤਾਂ ਮੱਲੋ ਜ਼ੋਰੀ ਹਾਸਾ ਨਿਕਲ ਗਿਆ, ‘ਲੈ ਦੱਸ ਕਰਮੂ ਰੋਜ਼ ਸ਼ਹੀਦੀ ਚੌਕ ਵਿੱਚ ਇਉਂ ਆਉਂਦੈ ਜਿਵੇਂ ਸਹੁਰੀਂ ਜਾਣਾ ਹੋਵੇ। ਓਏ ਭਲਾ ਕਰਨੀ ਤਾਂ ਦਿਹਾੜੀ ਐ, ਕਿਵੇਂ ਕੁੜਤੇ ਪਜਾਮੇ ਦੀਆਂ ਕਰੀਜਾਂ ਖੜ੍ਹਾ ਖੜ੍ਹਾ ਆਉਂਦੈ’।
ਫਿਰ ਉਹ ਵਿਹੜੇ ਵਿੱਚ ਧੋ ਕੇ ਤਾਰ ’ਤੇ ਟੰਗੇ ਆਪਣੇ ਮਟਮੈਲੇ ਜਿਹੇ ਕੁੜਤੇ ਪਜਾਮੇ ਨੂੰ ਵੇਖਣ ਲੱਗਿਆ। ਮਹਿਸੂਸ ਹੋਇਆ ਜਿਵੇਂ ਉਹ ਆਖ ਰਿਹਾ ਹੋਵੇ, ‘ਓ ਭਾਈ ਜੱਗੂ, ਛੱਡ ਦੇ ਖਹਿੜਾ ਬਾਈ ਮੇਰਾ, ਹੈ ਨੀ ਮੇਰੇ ਵਿੱਚ ਹੋਰ ਜਾਨ ਪ੍ਰਾਣ’।
ਸੋਚਾਂ ’ਚ ਪਿਆ ਜੱਗੂ ਫੇਰ ਹੱਸਿਆ ਤੇ ਪਤਾ ਨਹੀਂ ਕਦੋਂ ਸਵੇਰ ਹੋ ਗਈ।
‘‘ਵੇ ਜੱਗੂ, ਵੇ ਉੱਠ ਖੜ੍ਹਾ ਹੋ ਮਰ ਜਾਣਿਆ। ਕਿੱਡਾ ਦਿਨ ਚੜ੍ਹ ਆਇਆ।’’
ਜੁਬੜ ਦੀਆਂ ਵਿਰਲਾਂ ਥਾਣੀ ਤਾਈ ਸਵੇਰੇ ਸਵੇਰੇ ਆਵਾਜ਼ਾਂ ਮਾਰ ਰਹੀ ਸੀ।
‘‘ਆ ਗਿਆ ਤਾਈ।’’ ਜੱਗੂ ਨੇ ਆਖਦੇ ਆਖਦੇ ਮੰਜਾ ਨਿੰਮ ਨਾਲ ਖੜ੍ਹਾ ਕਰ, ਦਰੀ ਤੇ ਖੇਸ ਲਪੇਟ ਮੰਜੇ ਦੇ ਪਾਵੇ ਨਾਲ ਟੰਗ ਦਿੱਤੇ।
‘‘ਆ ਜਾ ਤਾਈ, ਕੀ ਹੋਇਆ ਸਵੇਰੇ ਸਵੇਰੇ!’’
‘‘ਵੇ ਕੰਧਾਂ ਦੇ ਵੀ ਕੰਨ ਹੁੰਦੇ ਐ। ਚੱਲ ਅੰਦਰ, ਗੱਲ ਕਰਨੀ ਐ ਤੇਰੇ ਨਾਲ।’’
‘‘ਤਾਈ, ਕੀ ਗੱਲ ਐ।’’ ਸਿਰ ’ਤੇ ਪਰਨਾ ਬੰਨ੍ਹ ਟਿਕਟਿਕੀ ਲਾ ਜੱਗੂ, ਤਾਈ ਵੱਲ ਵੇਖਣ ਲੱਗਾ।
‘‘ਵੇ ਜੱਗੂ, ਜੇ ਅੱਜ ਤੇਰੀ ਮਾਂ ਜਿਉਂਦੀ ਹੁੰਦੀ ਤਾਂ ਉਹ ਆਪੇ ਸਾਰਾ ਕੁਝ ਮੂਹਰੇ ਹੋ ਕੇ ਕਰਦੀ। ਭਾਵੇਂ ਤਾਈਆਂ ਚਾਚੀਆਂ ਮਾਵਾਂ ਨੀ ਬਣ ਸਕਦੀਆਂ, ਪਰ ਭਾਈ ਅਸੀਂ ਆਪਣਾ ਫਰਜ਼ ਪੂਰਾ ਕਰਨਾ। ਚੱਲ ਤੈਨੂੰ ਸਾਫ਼ ਸਾਫ਼ ਦੱਸਦੀ ਆਂ, ਉਹ ਆਪਣੇ ਨਿੱਕੇ ਕੀ ਨੂੰਹ ਦੀ ਰਿਸ਼ਤੇਦਾਰੀ ਵਿੱਚ ਕੁੜੀ ਐ। ਪਿਓ ਮੁੱਕਿਆ ਹੋਇਆ। ਘਰੋਂ ਗ਼ਰੀਬ ਐ। ਤਾਇਆਂ ਚਾਚਿਆਂ ਨੇ ਹੀ ਰਲ ਮਿਲ ਕਾਰਜ ਕਰਨੈਂ। ਤੈਨੂੰ ਤਾਂ ਉਨ੍ਹਾਂ ਨੇ ਉੱਥੇ ਸ਼ਹੀਦੀ ਚੌਕ ਵਿੱਚ ਬੈਠੇ ਨੂੰ ਹੀ ਨਿਗ੍ਹਾ ਥਾਣੀ ਕੱਢ ਲਿਆ ਸੀ। ਬਾਕੀ ਉਹ ਕਹਿੰਦੇ, ਭਾਈ ਅਮੀਰੀ ਗ਼ਰੀਬੀ ਤਾਂ ਕਰਮਾਂ ਦੀ ਖੇਡ ਐ। ਵੱਡੀ ਗੱਲ ਐ ਕਿ ਮੁੰਡਾ ਕੋਈ ਨਸ਼ਾ ਪੱਤਾ ਨੀ ਕਰਦਾ। ਕੁੜੀ ਦਾ ਨਾਂ ਰਾਣੋ ਏ। ਉਨ੍ਹਾਂ ਵੱਲੋਂ ਤਾਂ ਹਾਂ ਏ। ਤੂੰ ਦੱਸ ਜੱਗੂ ਤੇਰੀ ਕੀ ਮਰਜ਼ੀ ਐ?’’
ਚੜ੍ਹਦੇ ਸੂਰਜ ਦੀ ਉਹ ਚਿੱਟੀ ਧੁੱਪ ਅੱਜ ਜੱਗੂ ਨੂੰ ਪਿੰਡਾ ਚੀਰਦੀ ਮਹਿਸੂਸ ਨਹੀਂ ਸੀ ਹੋ ਰਹੀ। ਵਿਹੜੇ ਵਿਚਲੀ ਤਾਰ ’ਤੇ ਟੰਗਿਆ ਮਟਮੈਲਾ ਜਿਹਾ ਕੁੜਤਾ ਪਜਾਮਾ ਵੀ ਏਨੀ ਗੱਲ ਸੁਣ ਜਿਵੇਂ ਸ਼ਗਨਾਂ ਦੀਆਂ ਬੋਲੀਆਂ ਪਾਉਣ ਲੱਗ ਪਿਆ ਹੋਵੇ।
ਚਿਹਰੇ ਦੇ ਬਦਲੇ ਹਾਵ-ਭਾਵ ਵੇਖ ਤਾਈ ਵੀ ਸਮਝ ਗਈ।
‘‘ਚੱਲ ਮਰ ਜਾਣਾ ਨਾ ਹੋਵੇ, ਮੂੰਹੋਂ ਵੀ ਕੁਝ ਫੁੱਟ। ਐਵੇਂ ਮਸ਼ਕਰੀਆਂ ਜਿਹੀਆਂ ਕਰੀ ਜਾਨੈਂ।’’
‘‘ਤਾਈ, ਜਿਵੇਂ ਥੋਡੀ ਮਰਜ਼ੀ।’’ ਤੇ ਫਿਰ ਕੁਝ ਦਿਨਾਂ ਵਿੱਚ ਸੁੰਨੇ ਜਿਹੇ ਵਿਹੜੇ ਵਿੱਚ ਰੌਣਕਾਂ ਲੱਗ ਗਈਆਂ।
ਰਾਣੋ ਨੇ ਆਉਂਦਿਆਂ ਹੀ ਘਰ ਦਾ ਤੇ ਜੱਗੂ ਦਾ ਮੂੰਹ ਮੁਹਾਂਦਰਾ ਹੀ ਬਦਲ ਦਿੱਤਾ। ਬੜੀ ਸੁਚੱਜੀ ਸੀ ਰਾਣੋ।
ਕੁਝ ਹੀ ਦਿਨਾਂ ਵਿੱਚ ਜੱਗੂ ਨੇ ਬਾਹਰਲੀ ਕੰਧ ਉੱਚੀ ਕਰ ਲੱਕੜ ਦਾ ਦਰਵਾਜ਼ਾ ਲਾ ਲਿਆ। ਘਰ ਮੂਹਰਲੀ ਉੱਬੜ ਖਾਬੜ ਗਲੀ ਵਿੱਚ ਖੜੌਂਚਾ ਬੰਨ੍ਹਣ ਲਈ ਰੋਜ਼ ਸਰਪੰਚ ਕੋਲ ਜਾਂਦਾ।
‘‘ਇਉਂ ਕਰ, ਤੂੰ ਇੱਕ ਕਾਗਜ਼ ’ਤੇ ਸਾਰੇ ਥੋਡੇ ਲੱਸੀ ਕੇ ਲਾਣੇ ਦੇ ਦਸਖਤ ਕਰਵਾ ਕੇ ਲਿਆ। ਫਿਰ ਕਰਦਾ ਮੈਂ ਬਾਕੀ ਮੈਂਬਰਾਂ ਨਾਲ ਗੱਲ ਜੇ ਕੋਈ ਗਰਾਂਟ ਆਈ ਤਾਂ ਲਾ ਦਿਆਂਗੇ।’’
ਜੱਗੂ ਨੇ ਫਿਰ ਰਟੀ ਰਟਾਈ ਉਹੀ ਗਾਲ੍ਹ ਸਰਪੰਚ ਨੂੰ ਵੀ ਅੰਦਰੋਂ ਅੰਦਰੀ ਕੱਢ ਦਿੱਤੀ।
ਉਹ ਮਟਮੈਲਾ ਜਿਹਾ ਕੁੜਤਾ ਪਜਾਮਾ ਅੱਜ ਕਿਧਰੇ ਦਿਸ ਨਹੀਂ ਸੀ ਰਿਹਾ। ਨਵਾਂ ਚਿੱਟਾ ਕੁੜਤਾ ਪਜਾਮਾ ਪਿੱਤਲ ਦੇ ਕੌਲੇ ਵਿੱਚ ਅੱਗ ਪਾ ਕਰੀਜ਼ਾਂ ਖੜ੍ਹਾ ਰਾਣੋ ਨੇ ਜੱਗੂ ਦੇ ਮੂਹਰੇ ਕਰ ਦਿੱਤਾ।
ਸੰਗਦੇ ਜਿਹੇ ਜੱਗੂ ਨੇ ਕੁੜਤਾ ਪਜਾਮਾ ਪਾ ਕੰਧ ਵਿਚਾਲੇ ਵੱਡੀ ਸਾਰੀ ਮੋਰੀ ਵਿੱਚੋਂ ਲਿਫ਼ਾਫ਼ਾ ਕੱਢ ਰਾਣੋ ਵੱਲ ਕਰਦਿਆਂ ਰੋਟੀ ਪਾਉਣ ਲਈ ਕਿਹਾ।
ਰਾਣੋ ਥੋੜ੍ਹਾ ਹੱਸੀ ਤੇ ਨਿੰਮ ਨਾਲ ਲੱਗੇ ਸਾਈਕਲ ਵੱਲ ਇਸ਼ਾਰਾ ਕਰ ਦਿੱਤਾ।
ਜਦ ਜੱਗੂ ਨੇ ਪਲਟ ਕੇ ਵੇਖਿਆ ਤਾਂ ਮਹਿਸੂਸ ਹੋਇਆ ਜਿਵੇਂ ਕੋਈ ਸੁਪਨਾ ਵੇਖ ਰਿਹਾ ਹੋਵੇ, ਪਰ ਉਹ ਸੱਚਾਈ ਸੀ।
ਅੱਜ ਇੰਝ ਲੱਗ ਰਿਹਾ ਸੀ ਜਿਵੇਂ ਦਿਹਾੜੀ ਨਹੀਂ, ਕਿਤੇ ਨੌਕਰੀ ਕਰਨ ਜਾ ਰਿਹਾ ਹੋਵੇ।
ਜਿਉਂ ਸੁਰਤ ਸੰਭਲੀ, ਇੰਨਾ ਮਾਣ ਸਨਮਾਨ ਤਾਂ ਕਿਧਰੋਂ ਮਿਲਿਆ ਹੀ ਨਹੀਂ ਸੀ। ਪੂਰਾ ਹੁੱਬ ਕੇ ਜੱਗੂ ਸ਼ਹੀਦੀ ਚੌਕ ਵਿੱਚ ਜਾ ਪਹੁੰਚਿਆ।
ਅੱਜ ਜਾਂਦਿਆਂ ਹੀ ਦਿਹਾੜੀ ਵੀ ਲੱਗ ਗਈ ਤੇ ਸਾਰਾ ਦਿਨ ਡਰਦਾ ਵੀ ਰਿਹਾ ਕਿਧਰੇ ਕਰੀਜ਼ ਹੀ ਨਾ ਖਰਾਬ ਹੋ ਜਾਵੇ।
‘ਓਏ ਹਾਂ ਸੱਚ। ਉਹ ਕਰਮੂ ਐਵੇਂ ਨੀ ਨਿੱਤ ਕਰੀਜ਼ਾਂ ਖੜ੍ਹਾ ਕੇ ਦਿਹਾੜੀ ਕਰਨ ਆਉਂਦਾ ਸੀ। ਆਹ ਰਾਣੋ ਵਰਗੀ ਹੀ ਹੋਣੀ ਐ ਉਹਦੇ ਘਰੇ ਵੀ।
ਬੱਸ ਬਹੁਤ ਹੋ ਗਿਆ। ਹੁਣ ਨੀ ਕਿਸੇ ਤੋਂ ਗਲਤ ਫਲਤ ਅਖਵਾਉਣਾ।
ਨਾਲੇ ਜੇ ਰਾਣੋ ਨੂੰ ਪਤਾ ਲੱਗ ਗਿਆ ਕਿ ਇਨ੍ਹਾਂ ਨੂੰ ਲੱਸੀ ਵਾਲੇ ਕਹਿੰਦੇ ਐ ਤਾਂ ਮੇਰੀ ਕੀ ਇੱਜ਼ਤ ਰਹਿ ਜੂ। ਨਾਲੇ ਆਹ ਹੁਣ ਜੱਗੂ ਜੱਗੂ ਵੀ ਨੀ ਅਖਵਾਉਣਾ। ਮੈਂ ਦੱਸੂੰ ਸਾਰਿਆਂ ਨੂੰ ਆਵਦਾ ਪੱਕਾ ਨਾਂ। ਆਹ ਗਾਲ੍ਹ ਜੀ ਨੀ ਹੁਣ ਮੈਂ ਅੰਦਰੇ ਮੋੜਨੀ, ਅਗਲੇ ਨੂੰ ਮੂੰਹ ’ਤੇ ਹੀ ਕੱਢੂੰ’।
ਦੁਪਹਿਰ ਦੀ ਰੋਟੀ ਖਾਣ ਲੱਗਿਆ ਤਾਂ ਮਹਿਸੂਸ ਹੋਇਆ ਕਿ ਪਤਾ ਨਹੀਂ ਕਿੰਨੇ ਵਰ੍ਹਿਆਂ ਬਾਅਦ ਅੱਜ ਤਾਜ਼ੀ ਤੇ ਗਰਮ ਰੋਟੀ ਖਾਣ ਨੂੰ ਨਸੀਬ ਹੋਈ।
ਸ਼ਾਮ ਢਲੀ ਤਾਂ ਜੱਗੂ ਨੇ ਘਰ ਵੱਲ ਚਾਲੇ ਪਾ ਦਿੱਤੇ। ਸਾਈਕਲ ਦੇ ਹੈਂਡਲ ਵੱਲ ਦੇਖਦਾ ਤਾਂ ਸੋਚਦਾ, ‘ਕਿੰਨੀ ਵਧੀਆ ਜ਼ਿੰਦਗੀ ਐ ਵਿਆਹੇ ਵਰੇ ਬੰਦੇ ਦੀ। ਚਲੋ ਘੱਟੋ ਘੱਟ ਕਿਸੇ ਨੂੰ ਤਾਂ ਪਤਾ ਏ ਜੱਗੂ ਦੇ ਪੱਕੇ ਨਾਮ ਦਾ’।
ਕਿਸੇ ਉਤਸ਼ਾਹ ਜਿਹੇ ਨਾਲ ਸਾਈਕਲ ਦਾ ਪੈਡਲ ਜ਼ੋਰ ਦੇਣੀ ਮਾਰਦਾ ਤੇ ਕਿਧਰੇ ਹੋਰ ਹੀ ਖ਼ਿਆਲਾਂ ਵਿੱਚ ਗੁਆਚ ਜਾਂਦਾ।
ਹਾਲੇ ਸ਼ਹੀਦੀ ਚੌਕ ਤੋਂ ਇੱਕ ਕਿਲੋਮੀਟਰ ਦੂਰ ਕਚਹਿਰੀਆਂ ਕੋਲ ਹੀ ਪਹੁੰਚਿਆ ਸੀ ਜੱਗੂ ਕਿ ਅੱਗਿਓਂ ਆਉਂਦੀ ਗੱਡੀ ਨੇ ਉਸ ਨੂੰ ਸਣੇ ਸਾਈਕਲ ਕੁਚਲ ਦਿੱਤਾ।
ਗੱਡੀ ਕਚਹਿਰੀਆਂ ਦੀ ਕੰਧ ਨਾਲ ਜਾ ਵੱਜੀ। ਚਾਰੇ ਪਾਸੇ ਹਫੜਾ ਦਫੜੀ ਮੱਚ ਗਈ। ਗੱਡੀ ਇੰਨੀ ਤੇਜ਼ ਰਫ਼ਤਾਰ ਨਾਲ ਵੱਜੀ ਕਿ ਇਸ ਦਾ ਇੰਜਣ ਤੱਕ ਬਾਹਰ ਨਿਕਲ ਗਿਆ।
ਗੱਡੀ ਵਿਚਲੇ ਬੰਦੇ ਬੁਰੀ ਤਰ੍ਹਾਂ ਫੱਟੜ ਹੋ ਚੁੱਕੇ ਸੀ ਤੇ ਬਾਹਰ ਨਿਕਲ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਆਸੇ ਪਾਸੇ ਲੋਕਾਂ ਨੇ ਫੜ ਲਏ। ਤੁਰੰਤ ਸ਼ਹਿਰ ਦੀ ਪੁਲੀਸ ਵੀ ਪਹੁੰਚ ਗਈ। ਪਛਾਣ ਕਰਨ ਲਈ ਜਦ ਪੁਲੀਸ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਸਭ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ।
ਕਿੰਨਾ ਸਾਰਾ ਗੋਲਾ ਬਾਰੂਦ ਤੇ ਰਫਲਾਂ ਨਾਲ ਗੱਡੀ ਭਰੀ ਪਈ ਸੀ।
ਪੁਲੀਸ ਨੂੰ ਸਮਝਦੇ ਦੇਰ ਨਾ ਲੱਗੀ ਤੇ ਉਨ੍ਹਾਂ ਨੇ ਝੱਟ ਉਹ ਸਾਰੇ ਹਿਰਾਸਤ ਵਿੱਚ ਲੈ ਲਏ। ਸਾਰੇ ਸ਼ਹਿਰ ਵਿੱਚ ਇਹ ਗੱਲ ਅੱਗ ਵਾਂਗ ਫੈਲ ਗਈ ਕਿ ਇੰਨਾ ਅਸਲਾ ਸ਼ਹਿਰ ਵਿੱਚ ਕਿਵੇਂ ਆਇਆ।
ਪਰ ਦੂਜੇ ਪਾਸੇ ਤਾਂ ਸਭ ਕੁਝ ਉੱਜੜ ਗਿਆ ਸੀ।
ਜੱਗੂ ਦੇ ਚੀਥੜੇ ਉੱਡ ਗਏ। ਸਰੀਰ ਵਿਚਲਾ ਭੌਰ ਉਡਾਰੀ ਮਾਰ ਗਿਆ ਸੀ। ਗੱਡੀ ਥੱਲਿਓਂ ਟੁੱਟਿਆ ਭੱਜਿਆ ਸਾਈਕਲ ਘੜੀਸ ਪੁਲੀਸ ਵਾਲਿਆਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਬਚੇ ਖੁਚੇ ਜੱਗੂ ਨੂੰ ਕੱਪੜੇ ਵਿੱਚ ਲਪੇਟ ਥਾਣੇ ਲੈ ਆਏ।
ਇਹ ਦਹਿਸ਼ਤਗਰਦੀ ਦੀ ਗੱਲ ਸਰਕਾਰਾਂ ਦੇ ਕੰਨੀਂ ਵੀ ਜਾ ਪਈ। ਵੇਖਦੇ ਵੇਖਦੇ ਥਾਣਾ ਵੱਡੇ ਅਫਸਰਾਂ ਨਾਲ ਛਾਉਣੀ ਵਿੱਚ ਤਬਦੀਲ ਹੋ ਗਿਆ। ਤਫ਼ਤੀਸ਼ ਕੀਤੀ ਤਾਂ ਪਤਾ ਲੱਗਾ ਕਿ ਉਹ ਕੋਈ ਵੱਡਾ ਦਹਿਸ਼ਤੀ ਗਰੋਹ ਸੀ ਜਿਨ੍ਹਾਂ ਦੇ ਨਿਸ਼ਾਨੇ ’ਤੇ ਪੰਜਾਬ ਦੇ ਨਿੱਕੇ ਮੋਟੇ ਸ਼ਹਿਰ ਤੇ ਪਿੰਡ ਸਨ।
ਥਾਣੇਦਾਰ ਨੇ ਜਾਣਕਾਰੀ ਦਿੰਦਿਆਂ ਆਪਣੇ ਅਫਸਰਾਂ ਨੂੰ ਦੱਸਿਆ, ‘‘ਇਹ ਕੋਈ ਦਿਹਾੜੀਦਾਰ ਬੰਦਾ ਆਪਣੇ ਪਿੰਡ ਚੱਲਿਆ ਸੀ। ਜੇ ਇਹਦੇ ਵਿੱਚ ਉਹ ਗੱਡੀ ਨਾ ਵੱਜਦੀ ਤਾਂ ਸ਼ਾਇਦ ਉਹ ਦਹਿਸ਼ਤਗਰਦ ਕੋਈ ਨਾ ਕੋਈ ਕਾਰਵਾਈ ਕਰ ਜਾਂਦੇ। ਸਾਬ੍ਹ ਜੀ, ਬਹੁਤ ਵੱਡੇ ਦਹਿਸ਼ਤੀ ਹਮਲੇ ਤੋਂ ਬਚਾਅ ਹੋ ਗਿਆ।’’
‘‘ਇਹ ਭਲਾ ਬੰਦਾ ਕੌਣ ਸੀ, ਕੀ ਪਛਾਣ ਐ ਇਹਦੀ, ਕਿਹੜੇ ਪਿੰਡ ਦਾ, ਪਤਾ ਕਰੋ,’’ ਅਫਸਰਾਂ ਦੇ ਇਹ ਸਵਾਲ ਥਾਣੇ ਅੰਦਰ ਤਾੜ ਤਾੜ ਗੋਲੀਆਂ ਵਾਂਗ ਵੱਜ ਰਹੇ ਸੀ।
‘‘ਸਾਬ੍ਹ ਜੀ, ਆਹ ਬੰਦੇ ਦਾ ਤਾਂ ਕੁਝ ਵੀ ਨਹੀਂ ਬਚਿਆ, ਪਰ ਆਹ ਸਾਈਕਲ ਦੇ ਹੈਂਡਲ ਨਾਲ ਇੱਕ ਟਿਫਨ ਬੰਨ੍ਹਿਆ ਤੇ ਸ਼ਾਇਦ ਇਸ ਉੱਤੇ ਕੋਈ ਨਾਮ ਉੱਕਰਿਆ ਹੋਇਐ।’’
‘‘ਮੈਂ ਕਿਹਾ ਜੀ, ਬਹੁਤ ਲਿਫ਼ਾਫ਼ਿਆਂ ਵਿੱਚ ਸੁੱਕੀਆਂ ਰੋਟੀਆਂ ਖਾ ਲਈਆਂ।ਕੱਲ੍ਹ ਤਾਈ ਨਾਲ ਸ਼ਹਿਰ ਗਈ ਸੀ। ਤੁਹਾਡੇ ਲਈ ਟਿਫਨ ਲੈ ਕੇ ਆਈ ਆਂ ਤੇ ਉੱਤੇ ਤੁਹਾਡਾ ਨਾਮ ਵੀ ਲਿਖ ਦਿੱਤਾ ਏ।’’ ਜੱਗੂ ਨੂੰ ਪਹਿਲੇ ਦਿਨ ਮਹਿਸੂਸ ਹੋਇਆ ਜਿਵੇਂ ਉਹ ਅੱਜ ਜਿਉਂਦਿਆਂ ਵਿੱਚ ਹੋ ਗਿਆ ਹੋਵੇ, ਪਰ ਢਲਦੀ ਸ਼ਾਮ ਤੱਕ ਇਹ ਭਰਮ ਥਾਣੇ ਵਿੱਚ ਕਮਰੇ ਦੀ ਨੁੱਕਰੇ ਪਏ ਚਿੱਟੇ ਕੱਪੜੇ ਵਿੱਚ ਲਪੇਟਿਆ ਗਿਆ।
‘‘ਆਹ ਕੋਈ ਜਗਤਾਰ ਸਿੰਘ ਪੁੱਤਰ ਸਵ. ਲਛਮਣ ਸਿੰਘ ਲਿਖਿਐ ਜੀ।’’ ਸਿਪਾਹੀ ਬੋਲਿਆ।
‘‘ਉਏ ਵਾਹ ਬਈ ਵਾਹ! ਜਾਂਦਾ ਜਾਂਦਾ ਜੱਗ ਤਾਰ ਗਿਆ ਜਗਤਾਰ ਸਿੰਹਾਂ।
ਆਹ ਤੇਰੀ ਸ਼ਹੀਦੀ ਨੇ ਤਾਂ ਪਤਾ ਨਹੀਂ ਕਿੰਨੇ ਘਰ ਉੱਜੜਨੋਂ ਬਚਾ ਲਏ।’’
ਕਮਰੇ ਦੀ ਨੁੱਕਰੇ ਕੱਪੜੇ ਵਿੱਚ ਲਪੇਟੇ ਜੱਗੂ ਨੂੰ ਵੇਖ ਕੇ ਥਾਣੇਦਾਰ ਨੇ ਵੀ ਭਰੇ ਜਿਹੇ ਮਨ ਨਾਲ ਕਿਹਾ।
ਗੱਲ ਜੱਗੂ ਦੇ ਪਿੰਡ ਵੀ ਅੱਪੜ ਗਈ ਤੇ ਵੱਡੇ ਪੱਧਰ ’ਤੇ ਰਾਜਨੀਤੀ ਵੀ ਹੋਣ ਲੱਗ ਪਈ।
ਲੋਕ ਸੜਕਾਂ ’ਤੇ ਉਤਰ ਆਏ।
ਸ਼ਹੀਦ ਜਗਤਾਰ ਸਿੰਘ ਜ਼ਿੰਦਾਬਾਦ ਜ਼ਿੰਦਾਬਾਦ।
ਦੂਜੀ ਪਾਰਟੀ ਨੇ ਵੀ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ।
ਜਿਸ ਦਾ ਪਿੰਡ ਵਿੱਚ ਕੋਈ ਪੱਕਾ ਨਾਮ ਨਹੀਂ ਸੀ ਜਾਣਦਾ, ਅੱਜ ਵੱਡੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਉਸ ਨੂੰ ਸਾਡੀ ਪਾਰਟੀ ਦਾ ਜਗਤਾਰ ਸਿੰਘ ਆਖਣ ਲੱਗੀਆਂ। ਵੋਟਾਂ ਨੇੜੇ ਸਨ। ਪਿੰਡ ਦੇ ਸਰਪੰਚ ਨੇ ਵੀ ਸਮਾਂ ਸਾਂਭਦਿਆਂ ਜੱਗੂ ਦੇ ਦਰਵਾਜ਼ੇ ਅਗਲੀ ਬੀਹੀ ਵਿੱਚ ਖੜੌਂਚਾ ਬੰਨ੍ਹਣਾ ਸ਼ੁਰੂ ਕਰ ਦਿੱਤਾ। ਚੈਨਲਾਂ ਵਾਲਿਆਂ ਨੇ ਵੀ ਰਾਣੋ ਨੂੰ ਸ਼ਹੀਦ ਦੀ ਪਤਨੀ ਦਾ ਦਰਜਾ ਦੇ ਦਿੱਤਾ।
ਪਰ ਉਸ ਦਾ ਤਾਂ ਸਭ ਕੁਝ ਲੁੱਟ ਪੁੱਟ ਗਿਆ ਸੀ।
ਸ਼ਹਿਰ ਦੇ ਵਿਚਕਾਰ ਇੱਕ ਨਵੇਂ ਚੌਕ ਨੇ ਜਨਮ ਲੈ ਲਿਆ ਤੇ ਉੱਥੇ ਇੱਕ ਹੋਰ ਬੁੱਤ ਲੱਗ ਗਿਆ। ਸਭ ਨੇ ਜੱਗੂ ਦੇ ਨਾਮ ’ਤੇ ਰੱਜ ਕੇ ਰਾਜਨੀਤੀ ਕੀਤੀ। ਚੌਕ ਦੇ ਵਿਚਾਲੇ ਜੱਗੂ ਦਾ ਬੁੱਤ ਬਣਾ, ਉਵੇਂ ਹੀ ਹੱਥ ਵਿੱਚ ਟਿਫਨ ਫੜਾ ਦਿੱਤਾ।
ਕੁਝ ਦਿਨ ਵਾਹ ਵਾਹ ਹੋਈ। ਰਾਣੋ ਨੂੰ ਉਸ ਦੇ ਮਾਪੇ ਲੈ ਗਏ। ਤਾਇਆਂ ਚਾਚਿਆਂ ਨੇ ਜੱਗੂ ਦਾ ਘਰ ਵੰਡ ਲਿਆ।
ਹੁਣ ਰੋਜ਼ ਦਿਨ ਚੜ੍ਹਦਾ ਤੇ ਦੁਪਹਿਰ ਹੁੰਦੀ ਤੇ ਉਹ ਚਿੱਟੀ ਧੁੱਪ ਕਦੇ ਵੀ ਜੱਗੂ ਦੇ ਸਰੀਰ ਨੂੰ ਨਾ ਚੀਰਦੀ।
ਕਰਮੂ ਹੋਰੀਂ ਹੁਣ ਜੱਗੂ ਦੇ ਬੁੱਤ ਕੋਲ ਦਿਹਾੜੀ ਲਈ ਆ ਬੈਠਦੇ।
ਜੱਗੂ ਦੇ ਹੱਥ ਵਿੱਚ ਫੜੇ ਟਿਫਨ ’ਤੇ ਮੋਟੇ ਮੋਟੇ ਅੱਖਰਾਂ ਵਿੱਚ ਜਗਤਾਰ ਸਿੰਘ ਪੁੱਤਰ ਸਵ. ਲਛਮਣ ਸਿੰਘ ਉੱਕਰਿਆ ਹੋਇਆ ਸੀ। ਉਹੀ ਲੱਸੀ ਕਿੰਨੇ ਵਰ੍ਹਿਆਂ ਬਾਅਦ ਅੱਜ ਲਛਮਣ ਸਿੰਘ ਅਖਵਾਉਣ ਲੱਗਿਆ।
ਰੋਜ਼ ਨਵੇਂ ਕਾਮੇ ਆਉਂਦੇ ਤਾਂ ਜੱਗੂ ਦੇ ਬੁੱਤ ਕੋਲ ਬੈਠਦੇ। ਜਦ ਕੋਈ ਪੁੱਛਦਾ, ਇਹ ਕੌਣ ਆ ਤਾਂ ਕਰਮੂ ਦੇ ਮੂੰਹੋਂ ਆਪਮੁਹਾਰੇ ਹੀ ਨਿਕਲ ਜਾਂਦਾ, ‘‘ਇਹ ਉਹੀ ਆ ਲੱਸੀ ਕੇ ਲਾਣੇ ਵਿੱਚੋਂ।’’
ਜੱਗੂ ਜਿਹੜਾ ਇੰਨੀ ਗੱਲ ਆਖਣ ਵਾਲੇ ਲੋਕਾਂ ਦੇ ਮੂੰਹ ’ਤੇ ਗਾਲ੍ਹਾਂ ਕੱਢਣ ਨੂੰ ਤਿਆਰ ਸੀ, ਅੱਜ ਬੁੱਤ ਬਣਿਆ ਖੜ੍ਹਾ ਹੈ। ਜਿਵੇਂ ਉਸ ਦਾ ਬੁੱਤ ਗਾਲ੍ਹ ਨੂੰ ਆਪਣੇ ਅੰਦਰ ਹੀ ਮੋੜਾ ਦੇ ਗਿਆ ਹੋਵੇ, ‘‘ਉਏ ਮੇਰੇ ...! ਆਹ ਟਿਫਨ ’ਤੇ ਉੱਕਰਿਆ ਨਾਂ ਜਗਤਾਰ ਸਿੰਘ ਮੇਰੀ ਰਾਣੋ ਦੀ ਹੀ ਦੇਣ ਐ ਤੇ ਨਾਲੇ ਮੇਰੇ ਪਿਓ ਦਾ ਨਾਂ ਲੱਸੀ ਨੀ ਲਛਮਣ ਸਿੰਘ ਐ।’’
ਸੂਰਜ ਨੇ ਵੀ ਉਵੇਂ ਹੀ ਝਾਤੀ ਜਿਹੀ ਮਾਰ ਮੋੜਾ ਲੈ ਲਿਆ ਸੀ ਤੇ ਕਾਮੇ ਘਰੋ ਘਰੀ ਪਰਤ ਗਏ।
ਸੰਪਰਕ: 95172-90006

Advertisement

Advertisement