ਹੋਲੀ ਖੇਡ ਕੇ ਪਰਤ ਰਹੇ ਤਿੰਨ ਨੌਜਵਾਨਾਂ ਦੀ ਹਾਦਸੇ ’ਚ ਮੌਤ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਮਾਰਚ
ਇਥੇ ਤਾਜਪੁਰ ਰੋਡ ’ਤੇ ਹੋਲੀ ਮਨਾਉਣ ਤੋਂ ਬਾਅਦ ਘਰ ਪਰਤ ਰਹੇ ਤਿੰਨ ਨੌਜਵਾਨਾਂ ਨੂੰ ਨਗਰ ਨਿਗਮ ਦੇ ਕੂੜੇ ਦੇ ਟਿੱਪਰ ਨੇ ਫੇਟ ਮਾਰ ਦਿੱਤੀ, ਜਿਸ ਕਾਰਨ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਇੱਕ ਦੀ ਹਸਪਤਾਲ ਪਹੁੰਚਣ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਭਾਮੀਆਂ ਕਲਾਂ ਵਾਸੀ ਆਕਾਸ਼ਦੀਪ ਸਿੰਘ, ਤਾਜਪੁਰ ਰੋਡ ਵਾਸੀ ਅੰਕੁਸ਼ ਕੁਮਾਰ ਅਤੇ ਭਾਮੀਆਂ ਖੁਰਦ ਵਾਸੀ ਸੁੰਦਰਮ ਵਜੋਂ ਹੋਈ ਹੈ। ਤਿੰਨਾਂ ਨੌਜਵਾਨਾਂ ਦੀ ਉਮਰ 18 ਤੋਂ 20 ਸਾਲ ਦਰਮਿਆਨ ਹੈ। ਪੁਲੀਸ ਨੇ ਪੋਸਟਮਾਰਟਮ ਮਗਰੋਂ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਹਨ। ਪੁਲੀਸ ਨੇ ਅਣਪਛਾਤੇ ਟਿੱਪਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਂਚ ਅਧਿਕਾਰੀ ਏਐੱਸਆਈ ਪ੍ਰੇਮ ਸਿੰਘ ਨੇ ਦੱਸਿਆ ਕਿ ਤਿੰਨੋਂ ਨੌਜਵਾਨ ਮੋਟਰਸਾਈਕਲ ’ਤੇ ਤਾਜਪੁਰ ਚੌਕ ਤੋਂ ਪਿੰਡ ਜਾ ਰਹੇ ਸਨ। ਤਿੰਨੋਂ ਆਪਣੇ ਦੋਸਤ ਦੇ ਘਰ ਹੋਲੀ ਖੇਡਣ ਗਏ ਸਨ ਅਤੇ ਵਾਪਸ ਜਾ ਰਹੇ ਸਨ। ਜਦੋਂ ਉਹ ਦਸਮੇਸ਼ ਡੇਅਰੀ ਨੇੜੇ ਪਹੁੰਚੇ ਤਾਂ ਨਗਰ ਨਿਗਮ ਦੇ ਤੇਜ਼ ਰਫ਼ਤਾਰ ਕੂੜੇ ਦੇ ਟਿੱਪਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਤੇ ਇਨ੍ਹਾਂ ਨੌਜਵਾਨਾਂ ਨੂੰ ਦਰੜ ਕੇ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਗਈ ਹੈ। ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।