For the best experience, open
https://m.punjabitribuneonline.com
on your mobile browser.
Advertisement

ਖੁੱਲ੍ਹੀ ਜੇਲ੍ਹ ਵਿੱਚ ਤਿੰਨ ਵਰ੍ਹੇ

11:42 AM Dec 31, 2023 IST
ਖੁੱਲ੍ਹੀ ਜੇਲ੍ਹ ਵਿੱਚ ਤਿੰਨ ਵਰ੍ਹੇ
ਡਾ. ਸੁਰਿੰਦਰ ਗਿੱਲ
Advertisement
ਡਾ. ਸੁਰਿੰਦਰ ਗਿੱਲ

ਕਹਿਣ ਨੂੰ ਤਾਂ ਉਹ ਦਿਨ ਮੇਰੀ ਭਰ ਜਵਾਨੀ ਦੇ ਦਿਨ ਸੀ, ਪਰ ਜਵਾਨ ਅਵਸਥਾ ਵਾਲੀ ਗੱਲ ਕੋਈ ਨਹੀਂ ਸੀ। ਮੈਂ ਆਰਟਸ ਕਰਾਫਟਸ ਅਧਿਆਪਕ ਦਾ ਡਿਪਲੋਮਾ ਕੀਤਾ ਹੋਇਆ ਸੀ ਅਤੇ ਪੰਜਾਬ ਸਰਕਾਰ ਵੱਲੋਂ ਮੇਰੀ ਨਿਯੁਕਤੀ ਮੇਰੇ ਆਪਣੇ ਪਿੰਡ ਰੂੰਮੀ ਜ਼ਿਲ੍ਹਾ ਲੁਧਿਆਣਾ ਤੋਂ ਦੂਰ ਸਰਕਾਰੀ ਮਿਡਲ ਸਕੂਲ ਤਲਵੰਡੀ ਚੌਧਰੀਆਂ ਜ਼ਿਲ੍ਹਾ ਕਪੂਰਥਲਾ ਵਿੱਚ ਕੀਤੀ ਗਈ ਸੀ।
ਪਹਿਲੀ ਜੂਨ 1962 ਦੇ ਭਾਗਾਂ ਭਰੇ ਦਿਨ ਮੈਂ ਤਲਵੰਡੀ ਚੌਧਰੀਆਂ ਦੇ ਮਿਡਲ ਸਕੂਲ ਵਿੱਚ ਪ੍ਰਵੇਸ਼ ਕੀਤਾ। ਪਹਿਲੇ ਕੁਝ ਦਿਨ ਜਲੰਧਰ ਜਾਂ ਕਪੂਰਥਲਾ ਤੋਂ ਸਕੂਲ ਜਾਂਦਾ ਆਉਂਦਾ ਰਿਹਾ, ਪਰ ਫਿਰ ਪਿੰਡ ਵਿੱਚ ਹੀ ਇੱਕ ਘਰ ਮੈਨੂੰ ਕਿਰਾਏ ’ਤੇ ਮਿਲ ਗਿਆ ਤੇ ਮੈਂ ਉੱਥੇ ਹੀ ਰਹਿਣ ਲੱਗਿਆ।
ਤਲਵੰਡੀ ਚੌਧਰੀਆਂ ਕਪੂਰਥਲਾ ਤੋਂ ਕੋਈ ਸਤਾਰਾ ਅਠਾਰਾਂ ਮੀਲ ਅਤੇ ਸੁਲਤਾਨਪੁਰ ਲੋਧੀ ਤੋਂ ਛੇ ਸੱਤ ਮੀਲ ਦੀ ਵਿੱਥ ’ਤੇ ਵਸਦਾ ਪਿੰਡ ਹੈ। ਪਿੰਡ ਦੇ ਪੈਰਾਂ ਵਿੱਚ ਕੁਝ ਖੇਤਾਂ ਦੀ ਵਿੱਥ ’ਤੇ ਬਿਆਸ ਦਰਿਆ ਵਗਦਾ ਹੈ। ਬਿਆਸ ਦਰਿਆ ਕਿਨਾਰੇ ਹੜ੍ਹਾਂ ਦੀ ਰੋਕਥਾਮ ਵਾਸਤੇ ਧੁੱਸੀ ਬੁੰਨ੍ਹ ਮਾਰਿਆ ਗਿਆ ਹੈ ਅਤੇ ਬਿਆਸ ਦੇ ਪਰਲੇ ਪਾਰ ਅੰਮ੍ਰਿਤਸਰ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਹੈ।
ਆਪਣੇ ਘਰੋਂ ਤੁਰਨ ਵੇਲੇ ਮੈਂ ਆਪਣਾ ਸੰਖੇਪ ਜਿਹਾ ਸਾਮਾਨ ਇੱਕ ਅਟੈਚੀ ਵਿੱਚ ਕੁਝ ਕਿਤਾਬਾਂ, ਕੱਪੜੇ, ਇੱਕ ਬਿਸਤਰਾ ਤੇ ਇੱਕ ਪੀਪਾ ਚੁੱਕਿਆ ਅਤੇ ਤਲਵੰਡੀ ਚੌਧਰੀਆਂ ਪਹੁੰਚ ਗਿਆ। ਪੀਪੇ ਵਿੱਚ ਸਟੋਵ ਅਤੇ ਕੁਝ ਭਾਂਡੇ ਸਨ।
ਮੇਰੇ ਇਸ ਪਹਿਲੇ ਨਵੇਂ ਘਰ ਵਿੱਚ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ। ਪਾਣੀ ਦੀ ਬਾਲਟੀ ਲੈਣ ਵਾਸਤੇ ਬਾਹਰ ਚੌਕ ਵਿੱਚ ਲੱਗੇ ਨਲਕੇ ’ਤੇ ਜਾਂ ਸਾਹਮਣੇ ਘਰ ਜਾਣਾ ਪੈਂਦਾ ਸੀ।
ਸਾਹਮਣੇ ਘਰ ਵਿੱਚ ਵੀ ਕਿਸੇ ਹੋਰ ਜ਼ਿਲ੍ਹੇ ਤੋਂ ਆਇਆ ਇੱਕ ਠੇਕੇਦਾਰ ਤੇ ਉਸ ਦਾ ਪਰਿਵਾਰ ਰਹਿ ਰਿਹਾ ਸੀ। ਉਸ ਦਾ ‘ਠੇਕਾ ਸ਼ਰਾਬ ਦੇਸੀ’ ਬਾਹਰ ਪਿੰਡ ਦੇ ਬੱਸ ਅੱਡੇ ਵਿਖੇ ਸੀ। ਇੱਕ ਨਿੱਕੇ ਜਿਹੇ ਖੋਖੇ ਵਿੱਚ ਕੁਝ ਬੋਤਲਾਂ ਰੱਖ ਕੇ ਬੈਠ ਜਾਂਦਾ। ਕੁਝ ਬੋਤਲਾਂ ਘਰ ਵਿੱਚ ਵੀ ਸਾਂਭ ਰੱਖਦਾ। ਰਾਤ ਬਰਾਤੇ ਪੱਕੇ ਗਾਹਕ ਉਹਦੇ ਘਰੋਂ ਹੀ ਬੋਤਲਾਂ ਲੈ ਜਾਂਦੇ। ਮੇਰਾ ਉਹ ਘਰ ਕੋਈ ਦਸ ਫੁੱਟ ਚੌੜਾ ਤੇ ਪੰਜਾਹ ਫੁੱਟ ਲੰਮਾ ਸੀ। ਬੀਹੀ (ਜਾਂ ਸੜਕ) ਤੋਂ ਬੂਹੇ ’ਚ ਪ੍ਰਵੇਸ਼ ਕਰਦਿਆਂ ਇੱਕ ਨਿੱਕਾ ਕਮਰਾ, ਅੱਗੇ ਨਿੱਕਾ ਜਿਹਾ ਵਿਹੜਾ ਅਤੇ ਫਿਰ ਇੱਕ ਲੰਮਾ ਹਨੇਰਾ ਕਮਰਾ।
ਮੇਰਾ ਬਹੁਤਾ ਸਮਾਂ ਬਾਹਰਲੇ ਨਿੱਕੇ ਕਮਰੇ (ਜਿਸ ਨੂੰ ਮੈਂ ਆਪਣੀ ਬੈਠਕ ਜਾਂ ਡਰਾਇੰਗ ਰੂਮ ਕਹਿੰਦਾ ਸੀ) ਵਿੱਚ ਹੀ ਲੰਘਦਾ। ਪਿਛਲੇ ਕਮਰੇ ਵਿੱਚ ਤਾਂ ਮੈਂ ਸੌਣ ਸਮੇਂ ਹੀ ਜਾਂਦਾ। ਉਹ ਵੀ ਸਿਆਲਾਂ ਵਿੱਚ। ਖਾਣੇ ਦਾ ਪ੍ਰਬੰਧ ਵੀ ਆਪ ਹੀ ਕਰਦਾ ਪੈਂਦਾ ਸੀ, ਪਰ ਕੁਝ ਮਹੀਨਿਆਂ ਪਿੱਛੋਂ ਅੱਡੇ ’ਚ ਚਾਹ ਦੀ ਦੁਕਾਨ ਕਰਦੇ ਪੰਡਤ ਦੌਲਤ ਰਾਮ ਨਾਲ ਕੁਝ ਸਾਂਝ ਪੈ ਗਈ ਅਤੇ ਉਸ ਦੇ ਘਰੋਂ ਖਾਣਾ ਬਣ ਕੇ ਮੇਰੇ ਘਰ ਆ ਜਾਂਦਾ। ਪੰਡਿਤ ਦੌਲਤ ਰਾਮ ਦੀ ਪਤਨੀ ਜਾਂ ਉਸ ਦਾ ਪੁੱਤਰ ਦੇ ਜਾਂਦੇ। ਸਵੇਰ ਦਾ ਨਾਸ਼ਤਾ ਮੈਂ ਆਪ ਤਿਆਰ ਕਰ ਲੈਂਦਾ ਅਤੇ ਸਕੂਲ ਚਲਾ ਜਾਂਦਾ।
ਉਸ ਸਮੇਂ ਤੱਕ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਅਜੇ ਬਿਜਲੀ ਨਹੀਂ ਸੀ ਆਈ। ਕਵੀ ਨੰਦ ਲਾਲ ਨੂਰਪਰੀ ਦਾ ਗੀਤ ਹੀ ਰਿਕਾਰਡਾਂ ਵਿੱਚ ਲਾਊਡ ਸਪੀਕਰਾਂ ’ਤੇ ਵਜਦਾ ਸੀ ‘ਭਾਖੜੇ ਤੋਂ ਆਉਂਦੀ ਮਟਿਆਰ ਨੱਚਦੀ’। ਤਲਵੰਡੀ ਚੌਧਰੀਆਂ ਪਿੰਡ ਵਿੱਚ ਵੀ ਦੀਵੇ ਹੀ ਜਗਦੇ। ਇੱਥੇ ਆਉਣ ਤੋਂ ਪਹਿਲਾਂ ਮੈਂ ਐਫ਼ਏ ਅਰਥਾਤ ਇੰਟਰ ਮੀਡੀਅਟ ਦੇ ਇਮਤਿਹਾਨ ਦੇ ਚੁੱਕਾ ਸਾਂ ਜਿਸ ਦਾ ਨਤੀਜਾ ਇੱਥੇ ਆ ਕੇ ਪ੍ਰਾਪਤ ਹੋਇਆ। ਹੁਣ ਮੈਂ ਬੀ.ਏ. ਦੀਆਂ ਪੁਸਤਕਾਂ ਖ਼ਰੀਦ ਲਈਆਂ ਅਤੇ ਅਧਿਅਨ ਸ਼ੁਰੂ ਕਰ ਦਿੱਤਾ।
ਰਾਤ ਦਾ ਖਾਣਾ ਖਾ ਕੇ ਬਾਹਰ ਸੜਕ ਵੱਲ ਸੈਰ ਕਰਨ ਜਾਂਦਾ ਅਤੇ ਵਾਪਸ ਘਰ ਆ ਕੇ ਪੜ੍ਹਨ ਲੱਗ ਜਾਂਦਾ।
ਬਾਹਰ ਬੱਸ ਅੱਡੇ ਉਤਲੇ ਠੇਕੇ ਤੋਂ ਦੇਸੀ ਦਾਰੂ ਪੀ ਕੇ ਪਿੰਡ ਦੇ ਕੁਝ ਲੋਕਾਂ ਦੇ ਟੋਲੇ ਗਈ ਰਾਤ ਤੱਕ ਝੂੰਮਦੇ, ਥਿੜਕਦੇ ਅਤੇ ਰੌਲਾ ਪਾਉਂਦੇ ਆਪਣੇ ਘਰਾਂ ਵੱਲ ਤੁਰੇ ਜਾਂਦੇ ਸੁਣਾਈ ਦਿੰਦੇ।
ਮੈਂ ਬੀਹੀ ਜਾਂ ਗਲੀ ਵੱਲ ਖੁੱਲ੍ਹਦੇ ਕਮਰੇ ਵਿੱਚ ਬਾਹਰਲੀ ਬਾਰੀ ਖੋਲ੍ਹ ਕੇ ਬੈਠਾ ਪੜ੍ਹਦਾ ਰਹਿੰਦਾ। ਰਾਤ ਸਮੇਂ ਪੜ੍ਹਨ ਵਾਸਤੇ ਵੀ ਮਿੱਟੀ ਦੇ ਤੇਲ ਵਾਲਾ ਲੈਂਪ ਹੀ ਕੰਮ ਆਉਂਦਾ ਸੀ।
ਤਲਵੰਡੀ ਵਿੱਚ ਉਸ ਸਮੇਂ ਪੰਜ ਕੁ ਭਾਂਤ ਦੇ ਲੋਕ ਰਹਿੰਦੇ ਸਨ। ਸਿਆਲਕੋਟੀਏ ਤੇ ਲਹੌਰੀਏ ਜੱਟ, ਰਾਮਗੜ੍ਹੀਆ ਬਰਾਦਰੀ, ਕਾਮੇ ਅਤੇ ਖੱਤਰੀ (ਹਿੰਦੂ)। ਪਿੰਡ ਵਿੱਚੋਂ ਹਿਜਰਤ ਕਰ ਕੇ ਜਾਂ ਉੱਜੜ ਕੇ ਪਕਿਸਤਾਨ ਚਲੇ ਗਏ ਮੁਸਲਮਾਨ ਚੌਧਰੀਆਂ (ਜਿਨ੍ਹਾਂ ਕਰਦੇ ਪਿੰਡ ਦਾ ਨਾਮ ਤਲਵੰਡੀ ਚੌਧਰੀਆਂ ਪਿਆ) ਦੇ ਕਿਲ੍ਹਾਨੁਮਾ ਘਰਾਂ ਨੂੰ ‘ਮੁਹੱਲਾ’ ਕਿਹਾ ਜਾਂਦਾ ਸੀ। ਮੁਹੱਲਾ ਵਿੱਚ ਆ ਵਸੇ ਬਹੁਤੇ ਲੋਕ ਸਿਆਲਕੋਟ ਤੋਂ ਉੱਜੜ ਕੇ ਆਏ ਸਨ। ਉਂਜ ਵੰਡ ਪਿੱਛੋਂ ਮੱਚੀ ਲੁੱਟ ਮਾਰ ਵਿੱਚ ਇਹ ਮੁਹੱਲਾ ਖੰਡਰ ਰੂਪ ਹੋ ਗਏ ਸਨ।
ਰਾਤ ਪੈਂਦਿਆਂ ਹੀ ਪਿੰਡ ਵਿੱਚ ਚੁੱਪ ਵਰਤ ਜਾਂਦੀ, ਪਰ ਅੱਡੇ ਵੱਲੋਂ ਠੇਕੇ ਅਤੇ ਕੁਝ ਹੋਰ ਹੱਟੀਆਂ ਨੇੜੇ ਆਵਾਜਾਈ ਨਿਰੰਤਰ ਜਾਰੀ ਰਹਿੰਦੀ। ‘ਠੱਕ-ਠੱਕ ਛੱਕ-ਛੱਕ...। ਮੇਰੇ ਕਮਰੇ ਦੇ ਸਾਹਮਣੇ ਵਾਲੇ ਘਰ ਦਾ ਦਰਵਾਜ਼ਾ ਖੜਕਦਾ ਤੇ ਉੱਚੀ ਆਵਾਜ਼ ਸੁਣਦੀ, ‘‘ਠੇਕੇਦਾਰਾਂ..., ਠੇਕੇਦਾਰਾ...! ਮਾਲ ਲੈਣੈ।’’
ਠੇਕੇਦਾਰ ਦਰਵਾਜ਼ਾ ਨਹੀਂ ਸਗੋਂ ਬੀਹੀ ਵੱਲ ਖੁੱਲ੍ਹਦੀ ਬਾਰੀ ਖੋਲ੍ਹਦਾ। ਉਹ ਪਹਿਲਾਂ ਰੁਪਏ ਫੜ੍ਹਦਾ ਤੇ ਫੇਰ ਬੋਤਲਾਂ ਬਾਹਰ ਵੱਲ ਫੜਾਉਂਦਾ।
ਇੱਕ ਦਿਨ ਅੱਡੇ ਵੱਲੋਂ ਆ ਰਹੇ ਨਸ਼ੇ ’ਚ ਧੁੱਤ ਜਵਾਨਾਂ ’ਚੋਂ ਇੱਕ ਮੇਰੇ ਘਰ ਵਿੱਚ ਲੈਂਪ ਦਾ ਚਾਨਣ ਵੇਖ ਕੇ ਬੋਲਿਆ, ‘‘ਆਹ ਬੱਤੀ ਕੀਹਨੇ ਜਗਾਈ ਆ...? ਐਸ ਵੇਲੇ ਕੌਣ ਜਾਗਦਾ...?’’
‘‘ਇੱਥੇ ਮਾਹਟਰ (ਮਾਸਟਰ) ਰਹਿੰਦੈ...।’’ ਇੱਕ ਨੇ ਦੱਸਿਆ।
‘‘ਤੇ ਬੱਤੀ ਕਿਉਂ ਜਗਾਈ ਆ...?’’
‘‘ਕੁਸ਼ ਪੜ੍ਹਦਾ ਹੋਊ...।’’ ‘‘ਪੜ੍ਹਨਾ ਕੀ ਆਂ... ਜਣਦਿਆਂ ਦਾ ਸਿਰ? ਘਰਦੀ ਨੂੰ ਚਿੱਠੀ ਲਿਖਦਾ ਹੋਊ...। ਮਾਸਟਰ ਲੱਗ ਗਿਆ... ਹੁਣ ਹੋਰ ਪੜ੍ਹ ਕੇ ਡੀ.ਸੀ ਲੱਗਣਾ?’’
ਮੈਨੂੰ ਬੁਰਾ ਲੱਗਾ... ਚੜ੍ਹਦੀ ਉਮਰ। ਮੈਂ ਝੱਟ ਬਾਹਰ ਆਇਆ ਤੇ ਉੱਚੀ ਆਵਾਜ਼ ਉਸ ਨੂੰ ਕਿਹਾ, ‘‘ਵੱਡੇ ਭਾਈ! ਅਜੇ ਤੱਕ ਘਰ ਵਾਲੀ ਕੋਈ ਨੀ ਹੈ... ਤੇਰੀ ਜਾਣ ਪਛਾਣ ’ਚ ਕੋਈ ਹੈ ਤਾਂ ਦੱਸ?’’
ਉਹਦੇ ਨਾਲ ਦੇ ਉੱਚੀ-ਉੱਚੀ ਹੱਸੇ। ਸ਼ਰਾਬੀ ਟਿੱਪਣੀਕਾਰ ਨੂੰ ਮੇਰੇ ਹੁੰਗਾਰੇ ਦੀ ਆਸ ਨਹੀਂ ਸੀ। ਸ਼ਰਮਿੰਦਾ ਅੰਦਾਜ਼ ਵਿੱਚ ਧੀਮੀ ਆਵਾਜ਼ ’ਚ ਬੋਲਿਆ, ‘‘ਮੈਂ ਕੀ ਕਹਾਂ...? ਮੇਰਾ ਆਪਣਾ ਨੀ ਹੋਇਆ...।’’ ਮੈਂ ਅਗਲੇ ਦਿਨ ਸਕੂਲ ਵਿਖੇ ਆਪਣੇ ਸਾਥੀਆਂ ਨੂੰ ਉਪਰੋਕਤ ਵਾਰਤਾ ਦੱਸੀ। ਕੁਝ ਕੁ ਹੱਸੇ। ਇੱਕ ਬਜ਼ੁਰਗ ਸਾਥੀ ਬੋਲਿਆ, ‘‘ਸੁਰਿੰਦਰ! ਅਜਿਹੀ ਗ਼ਲਤੀ ਫੇਰ ਨਾ ਕਰੀਂ। ਉਸ ਵੇਲੇ ਜੇ ਉਹ ਮੂਰਖ ਤੇਰੇ ਗਲ ਪੈ ਜਾਂਦਾ ਜਾਂ ਹੱਥੋਪਾਈ ਕਰਦਾ... ਉਹਦਾ ਕੀ ਜਾਣਾ ਸੀ। ਸਾਰੇ ਪਿੰਡ ’ਚ ਤੇਰੀ ਚਰਚਾ ਹੋਣੀ ਸੀ।’’
ਉਨ੍ਹਾਂ ਦੀ ਚੰਗੀ ਨਸੀਹਤ ਤੋਂ ਮੈਨੂੰ ਆਪਣੀ ਗ਼ਲਤੀ ਦਾ ਅਨੁਭਵ ਹੋਇਆ।
ਅੱਜ ਕੋਈ ਪੰਜਾਹ ਵਰ੍ਹੇ ਗੁਜ਼ਰ ਜਾਣ ਪਿੱਛੋਂ ਮੈਂ ਸੋਚ ਰਿਹਾ ਹਾਂ ਕਿ ਉਸ ਪਿੰਡ ਵਿੱਚ ਲੰਘਾਏ ਤਿੰਨ ਵਰ੍ਹੇ ਸਕੂਲ ਵਿੱਚ ਅਧਿਆਪਨ ਦੇ ਨਹੀਂ ਸਗੋਂ ਬਿਨਾ ਕਿਸੇ ਅਪਰਾਧ ਦੇ ਖੁੱਲ੍ਹੀ ਜੇਲ੍ਹ ਵਿੱਚ ਕੱਟੀ ਕੈਦ ਵਰਗੇ ਦਿਨ ਸਨ।
ਸੰਪਰਕ: 99154-73505

Advertisement

Advertisement
Advertisement
Author Image

sanam grng

View all posts

Advertisement