Punjab News - Road Accident: ਮੁੰਡਨ ਲਈ ਮੰਦਰ ਲਿਜਾਏ ਜਾਣ ਤੋਂ ਐਨ ਪਹਿਲਾਂ ਤਿੰਨ ਸਾਲਾ ਬੱਚੇ ਨੂੰ SUV ਨੇ ਦਰੜਿਆ
ਹਤਿੰਦਰ ਮਹਿਤਾ
ਜਲੰਧਰ, 21 ਅਪਰੈਲ
ਕਿਸ਼ਨਪੁਰਾ ਤੋਂ ਮੁਸਲਿਮ ਕਲੋਨੀ ਰੋਡ ’ਤੇ ਸਥਿਤ ਵਾਲਮੀਕਿ ਮੁਹੱਲੇ ਨੇੜੇ ਸੋਮਵਾਰ ਸਵੇਰੇ ਇਕ ਸੜਕ ਹਾਦਸੇ ’ਚ ਤਿੰਨ ਸਾਲਾ ਤ੍ਰਿਪੁਲ ਹੰਸ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਚਾਲਕ ਨੇ ਪਹਿਲਾਂ ਇਕ ਕੁੱਤੇ ਨਾਲ ਟੱਕਰ ਮਾਰੀ ਅਤੇ ਫਿਰ ਤ੍ਰਿਪੁਲ ਵਿੱਚ ਗੱਡੀ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ ਰਾਮਾ ਮੰਡੀ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ।
ਇਹ ਦਰਦਨਾਕ ਹਾਦਸਾ ਉਦੋਂ ਵਾਪਰਿਆ ਜਦੋਂ ਪਰਿਵਾਰ ਵੱਲੋਂ ਤਿੰਨ ਸਾਲਾ ਤ੍ਰਿਪੁਲ ਨੂੰ ਮੁੰਡਨ ਲਈ ਮੰਦਰ ਲਿਜਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ। ਉਹ ਲੱਕੀ ਢਾਬੇ ਦੇ ਮਾਲਕ ਬਰਿੰਦਰ ਲੱਕੀ ਦਾ ਇਕਲੌਤਾ ਪੁੱਤਰ ਸੀ।
ਮ੍ਰਿਤਕ ਦੇ ਪਰਿਵਾਰ ਦੇ ਮੈਬਰਾਂ ਨੇ ਦੱਸਿਆ ਕਿ ਤਿ੍ਪੁਲ ਵਿਆਹ ਦੇ ਅੱਠ ਸਾਲਾਂ ਬਾਅਦ ਹੋਇਆ ਸੀ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਤ੍ਰਿਪੁਲ ਨੂੰ ਪਹਿਲਾਂ ਮੇਟਰੋ ਹਸਪਤਾਲ ਲੈਕੇ ਗਏ ਤੇ ਬਾਅਦ ਵਿਚ ਇਕ ਹੋਰ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇੱਕ ਰਿਸ਼ਤੇਦਾਰ ਸੋਮਨਾਥ ਨੇ ਕਿਹਾ, "ਮੁੰਡਾ ਮੇਰੇ ਨਾਲ ਖੜ੍ਹਾ ਸੀ ਜਦੋਂ ਗੱਡੀ ਦੂਜੇ ਪਾਸਿਓਂ ਤੇਜ਼ ਰਫ਼ਤਾਰ ਨਾਲ ਆਈ। ਮੈਂ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਡਰਾਈਵਰ ਤੇਜ਼ ਰਫ਼ਤਾਰ ਨਾਲ ਮੁੰਡੇ ਨੂੰ ਦਰੜਦਾ ਹੋਇਆ ਭੱਜ ਗਿਆ। ਗੱਡੀ ਦੋਮੋਰੀਆ ਪੁਲ ਵੱਲ ਮੁੜ ਗਈ। ਮੈਂ ਰਵਿਦਾਸ ਸਕੂਲ ਤੱਕ ਗੱਡੀ ਦਾ ਪਿੱਛਾ ਕੀਤਾ, ਪਰ ਉਸਨੂੰ ਰੋਕ ਨਹੀਂ ਸਕਿਆ।"