For the best experience, open
https://m.punjabitribuneonline.com
on your mobile browser.
Advertisement

ਸੀਚੇਵਾਲ ਵੱਲੋਂ ਫਿਲਪੀਨ ਵਿੱਚ ਭਾਰਤੀ ਰਾਜਦੂਤ ਨਾਲ ਮੁਲਾਕਾਤ

07:53 PM May 06, 2025 IST
ਸੀਚੇਵਾਲ ਵੱਲੋਂ ਫਿਲਪੀਨ ਵਿੱਚ ਭਾਰਤੀ ਰਾਜਦੂਤ ਨਾਲ ਮੁਲਾਕਾਤ
ਭਾਰਤੀ ਰਾਜਦੂਤ ਹਰਸ਼ ਕੁਮਾਰ ਜੈਨ, ਸੰਤ ਸੀਚੇਵਾਲ ਨੂੰ ਸਿੱਖਾਂ ਨਾਲ ਸਬੰਧਤ ਕਿਤਾਬਾਂ ਭੇਟ ਕਰਦੇ ਹੋਏ।
Advertisement

ਹਤਿੰਦਰ ਮਹਿਤਾ
ਜਲੰਧਰ, 6 ਮਈ
ਫਿਲਪੀਨਜ਼ ਦੀ ਫੇਰੀ ’ਤੇ ਗਏ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮਨੀਲਾ ਵਿੱਚ ਭਾਰਤੀ ਰਾਜਦੂਤ ਹਰਸ਼ ਕੁਮਾਰ ਜੈਨ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਸੰਤ ਸੀਚੇਵਾਲ ਨੇ ਪਰਵਾਸੀ ਪੰਜਾਬੀਆਂ ਨੂੰ ਆਉਂਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਉਠਾਇਆ। ਉਨ੍ਹਾਂ ਇਸ ਦੌਰਾਨ ਸੀਬੂ ਟਾਪੂ ਵਿੱਚ ਭਾਰਤੀਆਂ ਅਤੇ ਖ਼ਾਸ ਕਰਕੇ ਸਿੱਖਾਂ ਨੂੰ ਹੈਲਮੇਟ ਪਾਉਣ ਲਈ ਮਜਬੂਰ ਕੀਤੇ ਜਾਣ ਦੇ ਮੁੱਦੇ ਨੂੰ ਗੰਭੀਰਤਾ ਨਾਲ ਉਠਾਇਆ।

Advertisement

ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਇਸ ਮੁਲਾਕਾਤ ਦੌਰਾਨ ਸੰਤ ਸੀਚੇਵਾਲ ਨੇ ਭਾਰਤੀ ਰਾਜਦੂਤ ਨੂੰ ਜਾਣੂ ਕਰਵਾਇਆ ਕਿ ਫਿਲਪੀਨਜ਼ ਦੇ ਸੀਬੂ ਟਾਪੂ ਵਿੱਚ ਵੱਸਦੇ ਸਿੱਖਾਂ ਪਰਿਵਾਰਾਂ ਨੇ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ ਸੀ ਕਿ ਸਿੱਖਾਂ ਨੂੰ ਮੋਟਰ ਸਾਈਕਲ ਚਲਾਉਣ ਦੌਰਾਨ ਹੈਲਮੇਟ ਪਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ।

Advertisement
Advertisement

ਸੰਤ ਸੀਚੇਵਾਲ ਨੇ ਦੱਸਿਆ ਕਿ ਪੱਗੜੀ ਸਿੱਖ ਦੀ ਆਨ-ਬਾਨ ਤੇ ਸ਼ਾਨ ਹੈ। ਉਨ੍ਹਾਂ ਭਾਰਤੀ ਰਾਜਦੂਤ ਨੂੰ ਕਿਹਾ ਕਿ ਉਹ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਢੁੱਕਵੇਂ ਕਦਮ ਚੁੱਕਣ। ਇਸ ਤੋਂ ਇਲਾਵਾ ਉਥੇ ਰਹਿੰਦੇ ਭਾਰਤੀਆਂ ਨੂੰ ਪਾਸਪੋਰਟ ਨਾਲ ਸਬੰਧਤ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੰਤ ਸੀਚੇਵਾਲ ਨੇ ਭਾਰਤੀ ਰਾਜਦੂਤ ਨਾਲ ਮੁਲਾਕਾਤ ਕਰਨ ਤੋਂ ਬਾਅਦ ਦੱਸਿਆ ਕਿ ਭਾਰਤੀ ਰਾਜਦੂਤ ਅਤੇ ਉਨ੍ਹਾਂ ਦੇ ਸਮੁੱਚੇ ਸਟਾਫ਼ ਨੇ ਉਨ੍ਹਾਂ ਵੱਲੋਂ ਦੱਸੀਆਂ ਗਈਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆਂ ਅਤੇ ਇਸ ਦੇ ਹੱਲ ਲਈ ਭਰੋਸਾ ਦਿੱਤਾ।

ਭਾਰਤੀ ਰਾਜਦੂਤ ਵੱਲੋਂ ਸੰਤ ਸੀਚੇਵਾਲ ਨੂੰ ਸਿੱਖਾਂ ਨਾਲ ਸਬੰਧਤ ਕਿਤਾਬ ਸਿੱਖਸ, ਇੰਡੀਆ ਤੇ ਫਿਲਪੀਨ ਸਬੰਧਾਂ ਬਾਰੇ ਕਿਤਾਬਾਂ ਭੇਟ ਕੀਤੀਆਂ ਗਈਆਂ। ਭਾਰਤੀ ਰਾਜਦੂਤ ਨੇ ਸੰਤ ਸੀਚੇਵਾਲ ਦੀ ਪ੍ਰਸ਼ੰਸਾ ਕੀਤੀ ਕਿ ਉਹ ਦੇਸ਼ ਦੀਆਂ ਨਦੀਆਂ ਤੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਅ ਰਹੇ ਹਨ। ਇਸ ਮੌਕੇ ਭਾਰਤੀ ਰਾਜਦੂਤ ਦੇ ਨਿੱਜੀ ਸਕੱਤਰ ਨਿਲੇਸ਼ ਕੁਮਾਰ ਰਾਏ, ਮਨਜਿੰਦਰ ਸਿੰਘ, ਹੈਪੀ ਮਨੀਲਾ, ਜੈਮਜ ਕੁਮਾਰ ਆਦਿ ਹਾਜ਼ਰ ਸਨ।

Advertisement
Author Image

Advertisement