ਗੱਦਾ ਫੈਕਟਰੀ ’ਚ ਅੱਗ ਲੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ
ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 18 ਸਤੰਬਰ
ਬਠਿੰਡਾ-ਡੱਬਵਾਲੀ ਰੋਡ ’ਤੇ ਸਥਿਤ ਪਿੰਡ ਗਹਿਰੀ ਬੁੱਟਰ ਨੇੜੇ ਹੈਰੀਟੇਜ ਇੰਡਸਟਰੀ ਗੱਦਾ ਫੈਕਟਰੀ ਵਿੱਚ ਲੰਘੀ ਰਾਤ ਅਚਾਨਕ ਧਮਾਕੇ ਕਾਰਨ ਅੱਗ ਲੱਗ ਗਈ। ਇਸ ਅੱਗ ਵਿੱਚ ਬੁਰੀ ਤਰ੍ਹਾਂ ਝੁਲਸਣ ਕਰ ਕੇ ਪਿੰਡ ਸ਼ੇਰਗੜ੍ਹ ਦੇ ਤਿੰਨ ਨੌਜਵਾਨ ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂ ਕਿ ਉੱਥੇ ਕੰਮ ਕਰਦੇ ਦਰਜਨ ਦੇ ਕਰੀਬ ਹੋਰ ਮਜ਼ਦੂਰਾਂ ਨੇ ਭੱਜ ਕੇ ਕਾਫੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ।
ਪਿੰਡ ਵਾਸੀਆਂ ਨੇ ਦੱਸਿਆ ਕਿ ਫੈਕਟਰੀ ’ਚ ਹੋਏ ਧਮਾਕੇ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ ਅਤੇ ਅੱਗ ਨੇ ਜਲਦੀ ਹੀ ਫੈਕਟਰੀ ਦੀਆਂ ਦੋ ਸ਼ੈੱਡਾਂ ਵਿੱਚ ਚੱਲ ਰਹੀਆਂ ਯੂਨਿਆਂ ਨੂੰ ਲਪੇਟ ’ਚ ਲੈ ਲਿਆ। ਇਸ ਦੌਰਾਨ ਇੱਥੇ ਕੰਮ ਕਰਦੇ ਤਿੰਨ ਨੌਜਵਾਨ ਮਜ਼ਦੂਰਾਂ ਨੂੰ ਭੱਜਣ ਦਾ ਸਮਾਂ ਵੀ ਨਹੀਂ ਮਿਲਿਆ ਅਤੇ ਬੁਰੀ ਤਰ੍ਹਾਂ ਝੁਲਸਣ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪਿੰਡ ਸ਼ੇਰਗੜ੍ਹ ਦੇ ਨਰਿੰਦਰ ਸਿੰਘ (19), ਵਿਜੈ ਕੁਮਾਰ (20) ਅਤੇ ਲਖਵੀਰ ਸਿੰਘ (20) ਵਜੋਂ ਹੋਈ ਹੈ।
ਅੱਗ ’ਤੇ ਕਾਬੂ ਪਾਉਣ ਲਈ ਨਗਰ ਨਿਗਮ ਅਤੇ ਬਠਿੰਡਾ ਸ਼ਹਿਰ ਤੋਂ ਇਲਾਵਾ ਤਲਵੰਡੀ ਸਾਬੋ, ਤੇਲ ਸੋਧਕ ਕਾਰਖਾਨਾ ਰਾਮਾਂ, ਗਿੱਦੜਬਾਹਾ ਅਤੇ ਭੁੱਚੋ ਮੰਡੀ ਤੋਂ ਫਾਇਰ ਬ੍ਰਿਗੇਡ ਦੀਆਂ ਕਰੀਬ ਇਕ ਦਰਜਨ ਗੱਡੀਆਂ ਘਟਨਾ ਸਥਾਨ ’ਤੇ ਪਹੁੰਚੀਆਂ ਅਤੇ ਕਾਫੀ ਜੱਦੋ-ਜਹਿਦ ਤੋਂ ਬਾਅਦ ਸਵੇਰ ਹੋਣ ਤੱਕ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਇਸ ਦੌਰਾਨ ਫੈਕਟਰੀ ਅੰਦਰ ਖੜ੍ਹੇ ਤਿੰਨ ਟਰੱਕ ਅਤੇ ਹੋਰਨਾਂ ਗੁਦਾਮਾਂ ’ਚ ਰੱਖਿਆ ਸਾਮਾਨ ਨੁਕਸਾਨੇ ਜਾਣ ਤੋਂ ਬੱਚ ਗਿਆ ਪਰ ਫੈਕਟਰੀ ਅੰਦਰ ਖੜ੍ਹਾ ਇਕ ਟਰੱਕ ਅਤੇ ਦੋ ਇਮਾਰਤਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ।
ਇਸ ਮੌਕੇ ਐੱਸਡੀਐੱਮ ਬਠਿੰਡਾ ਅਨਾਇਤ ਗੁਪਤਾ, ਐੱਸਐੱਸਪੀ ਅਮਨੀਤ ਕੌਂਡਲ, ਡੀਐੱਸਪੀ ਦਿਹਾਤੀ ਹਿਨਾ ਗੁਪਤਾ, ਥਾਣਾ ਸੰਗਤ ਦੇ ਮੁਖੀ ਪਰਮ ਪਾਰਸ ਚਹਿਲ, ਥਾਣਾ ਨੰਦਗੜ੍ਹ ਦੇ ਮੁਖੀ ਸੰਦੀਪ ਸਿੰਘ ਭਾਟੀ ਪੁਲੀਸ ਬਲ ਸਣੇ ਮੌਕੇ ’ਤੇ ਪਹੁੰਚ ਗਏ। ਥਾਣਾ ਸੰਗਤ ਦੇ ਮੁਖੀ ਪਰਮ ਪਾਰਸ ਸਿੰਘ ਚਹਿਲ ਨੇ ਦੱਸਿਆ ਕਿ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੀੜਤ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਬੀਕੇਯੂ ਏਕਤਾ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਸਭਾ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਫੈਕਟਰੀ ਦੇ ਗੇਟ ਮੂਹਰੇ ਟੈਂਟ ਲਗਾ ਕੇ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ।