ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਅਤਿਵਾਦੀ ਹਲਾਕ
ਸ੍ਰੀਨਗਰ, 29 ਅਗਸਤ
ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਨੇੜੇ ਘੁਸਪੈਠ ਨੂੰ ਨਾਕਾਮ ਕਰਦਿਆਂ ਤਿੰਨ ਅਤਿਵਾਦੀਆਂ ਨੂੰ ਮਾਰ ਦਿੱਤਾ। ਸੈਨਾ ਦੀ ਸ੍ਰੀਨਗਰ ਸਥਿਤ ਚਿਨਾਰ ਕੋਰ ਨੇ ‘ਐਕਸ’ ਉੱਤੇ ਲਿਖਿਆ, ‘(ਤੰਗਧਾਰ ਅਪਰੇਸ਼ਨ ਵਿੱਚ) ਇੱਕ ਅਤਿਵਾਦੀ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਕੁਪਵਾੜਾ ਦੇ ਮਾਛਿਲ ਖੇਤਰ ਵਿੱਚ ਘੁਸਪੈਠ ਵਿਰੁੱਧ ਜਾਰੀ ਮੁਹਿੰਮ ਵਿੱਚ ਦੋ ਅਤਿਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਦੋ ਏਕੇ ਰਾਈਫਲ, ਪਿਸਤੌਲ, ਚਾਰ ਹੱਥਗੋਲੇ ਅਤੇ ਯੁੱਧ ਨਾਲ ਸਬੰਧਤ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ।’ ਸੈਨਾ ਨੇ ਕਿਹਾ ਕਿ ਦੋਵਾਂ ਥਾਵਾਂ ’ਤੇ ਤਲਾਸ਼ੀ ਮੁਹਿੰਮ ਜਾਰੀ ਹੈ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਕੁਪਵਾੜਾ ਪੁਲੀਸ ਵੱਲੋਂ ਦਿੱਤੀ ਗਈ ਵਿਸ਼ੇਸ਼ ਜਾਣਕਾਰੀ ਦੇ ਆਧਾਰ ’ਤੇ 28 ਅਗਸਤ ਨੂੰ ਦੋਵੇਂ ਮੁਹਿੰਮ ਸ਼ੁਰੂ ਕੀਤੀਆਂ ਗਈਆਂ ਸੀ। ਅਧਿਕਾਰੀਆਂ ਨੇ ਕਿਹਾ, ‘ਮੰਗਲਵਾਰ ਨੂੰ ਮਾਛਿਲ ਸੈਕਟਰ ਦੇ ਕੁਮਕੜੀ ਅਤੇ ਕਰਨਾਹ ਸੈਕਟਰ ਵਿੱਚ ਇੱਕੋ ਸਮੇਂ ਘੁਸਪੈਠ ਦੀਆਂ ਕੋਸ਼ਿਸ਼ਾਂ ਬਾਰੇ ਦੋ ਵਿਸ਼ੇਸ਼ ਸੂਚਨਾਵਾਂ ਪ੍ਰਾਪਤ ਹੋਈਆਂ। ਸਬੰਧਤ ਸੈਨਾ ਇਕਾਈਆਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਜੰਮੂ ਕਸ਼ਮੀਰ ਪੁਲੀਸ ਅਤੇ ਫ਼ੌਜ ਦੀ ਸਾਂਝੀ ਟੀਮ ਨੂੰ ਤਾਇਨਾਤ ਕੀਤਾ ਗਿਆ।’ ਉਨ੍ਹਾਂ ਕਿਹਾ ਕਿ ਕੁਮਕੜੀ ਵਿੱਚ ਬੁੱਧਵਾਰ ਸ਼ਾਮ ਕਰੀਬ 7:30 ਵਜੇ ਸ਼ੱਕੀ ਗਤੀਵਿਧੀਆਂ ਦੇਖੀਆਂ ਗਈਆਂ, ਜਿਸ ਮਗਰੋਂ ਗੋਲੀਬਾਰੀ ਸ਼ੁਰੂ ਹੋ ਗਈ। ਮੁਕਾਬਲਾ ਅੱਜ ਸਵੇਰ ਤੱਕ ਚੱਲਿਆ। ਇਸੇ ਤਰ੍ਹਾਂ ਇੱਕ ਹੋਰ ਮੁਹਿੰਮ ਦੌਰਾਨ ਬੁੱਧਵਾਰ ਰਾਤ ਕਰੀਬ ਨੌਂ ਵਜੇ ਕਰਨਾਹ ਸੈਕਟਰ ਵਿੱਚ ਸ਼ੱਕੀ ਗਤੀਵਿਧੀਆਂ ਦਾ ਪਤਾ ਲੱਗਿਆ, ਜਿਸ ਮਗਰੋਂ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਕਾਰ ਗੋਲੀਬਾਰੀ ਹੋਈ। ਅਧਿਕਾਰੀਆਂ ਨੇ ਕਿਹਾ,‘ਸਵੇਰੇ ਦੋਵਾਂ ਥਾਵਾਂ ਦੀ ਤਲਾਸ਼ੀ ਲੈਣ ’ਤੇ ਕੁਮਕੜੀ ਵਿੱਚ ਦੋ ਲਾਸ਼ਾਂ ਅਤੇ ਕਰਨਾਹ ਵਿੱਚ ਇੱਕ ਲਾਸ਼ ਦੇਖੀ ਗਈ।’’ -ਪੀਟੀਆਈ
ਰਾਜੌਰੀ ਜ਼ਿਲ੍ਹੇ ਵਿੱਚ ਤਲਾਸ਼ੀ ਮੁਹਿੰਮ ਮੁਕਾਬਲੇ ’ਚ ਬਦਲੀ
ਰਾਜੌਰੀ/ਜੰਮੂ:
ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਬੀਤੀ ਰਾਤ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਮੁਕਾਬਲਾ ਸ਼ੁਰੂ ਹੋਇਆ। ਪੁਲੀਸ ਦੇ ਬੁਲਾਰੇ ਨੇ ਕਿਹਾ, ‘ਸੁਰੱਖਿਆ ਬਲਾਂ ਨੇ ਅਤਿਵਾਦੀ ਗਤੀਵਿਧੀਆਂ ਮਗਰੋਂ ਬੁੱਧਵਾਰ ਰਾਤ 9:30 ਵਜੇ ਰਾਜੌਰੀ ਜ਼ਿਲ੍ਹੇ ਦੇ ਖੇਰੀ ਮੋਹਰਾ ਲਾਠੀ ਅਤੇ ਦਾਂਥਲ ਪਿੰਡਾਂ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ।’ ਬੁਲਾਰੇ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਕਰੀਬ ਪੌਣੇ ਬਾਰਾਂ ਵਜੇ ਅਤਿਵਾਦੀਆਂ ਦਾ ਪਤਾ ਲੱਗਿਆ। ਇਸ ਮਗਰੋਂ ਖੇਰੀ ਮੋਹਰਾ ਖੇਤਰ ਦੇ ਨੇੜੇ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਗੋਲੀਬਾਰੀ ਸ਼ੁਰੂ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਘੇਰਾਬੰਦੀ ਵਾਲੇ ਇਲਾਕੇ ਵਿੱਚ ਦੋ ਤੋਂ ਤਿੰਨ ਅਤਿਵਾਦੀ ਲੁਕੇ ਹੋਏ ਹਨ। ਉਨ੍ਹਾਂ ਦੱਸਿਆ ਕਿ ਘੇਰਾਬੰਦੀ ਮਜ਼ਬੂਤ ਕਰਨ ਲਈ ਵਾਧੂ ਸੁਰੱਖਿਆ ਬਲਾਂ ਨੂੰ ਇਲਾਕੇ ਵਿੱਚ ਭੇਜਿਆ ਗਿਆ ਹੈ। -ਪੀਟੀਆਈ