ਰਾਸ਼ਟਰਪਤੀ ਵੱਲੋਂ ਪੰਜਾਬ ਦੇ ਤਿੰਨ ਅਧਿਆਪਕਾਂ ਦਾ ਸਨਮਾਨ
ਨਵੀਂ ਦਿੱਲੀ/ਚੰਡੀਗੜ੍ਹ/ਬਠਿੰਡਾ (ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ): ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਅੱਜ ਅਧਿਆਪਕ ਦਿਵਸ ਮੌਕੇ 75 ਅਧਿਆਪਕਾਂ ਦਾ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਕੌਮੀ ਅਧਿਆਪਕ ਐਵਾਰਡ ਨਾਲ ਸਨਮਾਨ ਕੀਤਾ ਗਿਆ। ਇਨ੍ਹਾਂ ਵਿਚੋਂ 50 ਸਕੂਲਾਂ ਦੇ ਅਧਿਆਪਕ, 13 ਉਚ ਸਿੱਖਿਆ ਵਿਭਾਗ ਤੇ 12 ਮਨਿਸਟਰੀ ਆਫ ਸਕਿੱਲ ਡਿਵੈਲਪਮੈਂਟ ਐਂਡ ਐਂਟਰਪਰਨਿਓਰਸ਼ਿਪ ਦੇ ਅਧਿਆਪਕ ਹਨ। ਇਨ੍ਹਾਂ ਵਿਚੋਂ ਪੰਜਾਬ ਦੇ ਤਿੰਨ ਅਧਿਆਪਕਾਂ ਨੂੰ ਇਸ ਵਾਰ ਕੌਮੀ ਅਧਿਆਪਕ ਐਵਾਰਡ ਨਾਲ ਸਨਮਾਨਿਆ ਗਿਆ ਹੈ। ਇਨ੍ਹਾਂ ਵਿਚੋਂ ਅੰਮ੍ਰਿਤਪਾਲ ਸਿੰਘ ਤੇ ਭੁਪਿੰਦਰ ਗੋਗੀਆ ਨੂੰ ਕੌਮੀ ਸਕੂਲੀ ਐਵਾਰਡ ਜਦਕਿ ਡਾ.ਆਸ਼ੀਸ਼ ਬਾਲਦੀ ਨੂੰ ਉਚ ਸਿੱਖਿਆ ਦਾ ਕੌਮੀ ਅਧਿਆਪਕ ਐਵਾਰਡ ਦਿੱਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਛਪਾਰ, ਪੱਖੋਵਾਲ, ਲੁਧਿਆਣਾ ਵਿਚ ਕੰਪਿਊਟਰ ਅਧਿਆਪਕ ਹੈ। ਉਸ ਨੇ ਕੰਪਿਊਟਰ ਵਿਗਿਆਨ ’ਤੇ ਚਾਰ ਪੁਸਤਕਾਂ ਲਿਖੀਆਂ। ਦੂਜੇ ਪਾਸੇ ਭੁਪਿੰਦਰ ਕੌਰ ਗੋਗੀਆ ਸਤ ਪਾਲ ਮਿੱਤਲ ਸਕੂਲ ਲੁਧਿਆਣਾ ਦੀ ਪ੍ਰਿੰਸੀਪਲ ਹੈ। ਉਨ੍ਹਾਂ 1991 ਵਿੱਚ ਅਧਿਆਪਕ ਵਜੋਂ ਕਰੀਅਰ ਸ਼ੁਰੂ ਕੀਤਾ ਸੀ। ਇਨ੍ਹਾਂ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਪ੍ਰੋਫੈਸਰ ਆਸ਼ੀਸ਼ ਬਾਲਦੀ ਨੇ ਵੀ ਉਚ ਸਿੱਖਿਆ ਵਿਚ ਕਈ ਮਾਅਰਕੇ ਮਾਰੇ ਹਨ। ਗੌਰਤਲਬ ਹੈ ਕਿ ਇਸ ਸਾਲ ਉੱਚ ਸਿੱਖਿਆ ਦੇ ਸਿਰਫ 13 ਅਧਿਆਪਕਾਂ ਦੀ ਕੌਮੀ ਐਵਾਰਡ ਲਈ ਚੋਣ ਕੀਤੀ ਗਈ ਹੈ।