ਕੌਮੀ ਸਕੂਲ ਖੇਡਾਂ ਲਈ ਤਿੰਨ ਵਿਦਿਆਰਥੀਆਂ ਦੀ ਚੋਣ
ਪੱਤਰ ਪ੍ਰੇਰਕ
ਪਠਾਨਕੋਟ, 15 ਦਸੰਬਰ
ਪ੍ਰਤਾਪ ਵਰਲਡ ਸਕੂਲ, ਪਠਾਨਕੋਟ ਦੇ ਤਿੰਨ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਚੋਣ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ (ਐਸਜੀਐਫ) ਵੱਲੋਂ 68ਵੇਂ ਸਕੂਲ ਨੈਸ਼ਨਲ ਗੇਮਜ਼ ਵਿੱਚ ਪੰਜਾਬ ਦਾ ਪ੍ਰਤੀਨਿਧ ਕਰਨ ਲਈ ਹੋਈ ਹੈ। ਇਹ ਸਮਾਗਮ ਮੱਧ ਪ੍ਰਦੇਸ਼ ਦੇ ਦੇਵਾਸ ਵਿੱਚ ਹੋਵੇਗਾ। ਚੁਣੇ ਗਏ ਵਿਦਿਆਰਥੀਆਂ ਵਿੱਚ ਮਹਿਰੀਨ ਕੌਰ (ਅੰਡਰ-17 ਲੜਕੀਆਂ), ਸਨਾ ਕੁਰੈਸ਼ੀ (ਅੰਡਰ-19 ਲੜਕੀਆਂ) ਅਤੇ ਅਨਹਦ ਸਿੰਘ (ਅੰਡਰ-19 ਲੜਕੇ) ਸ਼ਾਮਲ ਹਨ। ਸਕੂਲ ਦੇ ਡਾਇਰੈਕਟਰ ਸਨੀ ਮਹਾਜਨ ਨੇ ਆਸ ਪ੍ਰਗਟ ਕੀਤੀ ਕਿ ਇਹ ਵਿਦਿਆਰਥੀ ਪੰਜਾਬ ਅਤੇ ਪ੍ਰਤਾਪ ਵਰਲਡ ਸਕੂਲ ਦਾ ਨਾਂ ਰਾਸ਼ਟਰੀ ਪੱਧਰ ’ਤੇ ਰੋਸ਼ਨ ਕਰਨਗੇ। ਸਕੂਲ ਦੀ ਡਾਇਰੈਕਟਰ ਓਸ਼ਿਨ ਮਹਾਜਨ ਨੇ ਵੀ ਇਨ੍ਹਾਂ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਪ੍ਰਿੰਸੀਪਲ ਸ਼ੁਭਰਾ ਰਾਣੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਯੁਵਾ ਖਿਡਾਰੀ ਪੂਰੇ ਵਿਦਿਆਲੇ ਲਈ ਪ੍ਰੇਰਨਾ ਦਾ ਸਰੋਤ ਹਨ। ਉਨ੍ਹਾਂ ਦੀ ਮਿਹਨਤ ਅਤੇ ਲਗਨ ਨੇ ਉਨ੍ਹਾਂ ਨੂੰ ਇਹ ਮੌਕਾ ਦਿਵਾਇਆ ਹੈ ਅਤੇ ਉਹ ਉਨ੍ਹਾਂ ਦੀ ਇਸ ਸਫਲਤਾ ਤੇ ਬੇਹੱਦ ਮਾਣ ਮਹਿਸੂਸ ਕਰ ਰਹੇ ਹਨ।