ਸਾਰੇ ਧਰਮਾਂ ਦੇ ਤਿਉਹਾਰ ਮਿਲ-ਜੁਲ ਕੇ ਮਨਾਉਣੇ ਚਾਹੀਦੇ ਹਨ: ਪ੍ਰਤਾਪ ਬਾਜਵਾ
ਮਕਬੂਲ ਅਹਿਮਦ
ਕਾਦੀਆਂ, 25 ਦਸੰਬਰ
ਸੇਂਟ ਜੋਸਫ ਚਰਚ ਡੱਲਾ ਮੋੜ ਤੋਂ ਕ੍ਰਿਸਮਸ ਦੇ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਸਜਾਈ ਗਈ। ਇਹ ਸ਼ੋਭਾ ਯਾਤਰਾ ਫਾਦਰ ਅਲਬਿਨ ਸੇਂਟ ਜੋਸਫ, ਪ੍ਰਧਾਨ ਰੋਬਿਨ ਅਤੇ ਮੀਤ ਪ੍ਰਧਾਨ ਅਮਾਨਤ ਮਸੀਹ ਦੀ ਅਗਵਾਈ ਵਿੱਚ ਸਜਾਈ ਗਈ। ਇਹ ਸ਼ੋਭਾ ਯਾਤਰਾ ਡੱਲਾ ਮੋੜ ਚਰਚ ਤੋਂ ਸ਼ੁਰੂ ਹੋ ਕੇ ਮੁੱਖ ਬਾਜ਼ਾਰ ਕਾਦੀਆਂ ਬਹਿਸ਼ਤੀ ਮਕਬਰਾ ਰੋਡ ਅਤੇ ਕਾਹਲਵਾਂ ਤੋਂ ਹੁੰਦੇ ਹੋਏ ਜੋਸਫ ਸਕੂਲ ਕਾਦੀਆਂ ਵਿਖੇ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ਦਾ ਕ੍ਰਿਸਚਨ ਕਲੋਨੀ ਕਾਹਲਵਾਂ ਵਿਖੇ ਸਾਬਕਾ ਸਰਪੰਚ ਸੁਲੱਖਣ ਮਸੀਹ ਅਤੇ ਕ੍ਰਿਸਚਨ ਭਾਈਚਾਰੇ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਸ਼ੋਭਾ ਯਾਤਰਾ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹਲਕਾ ਵਿਧਾਇਕ ਕਾਦੀਆਂ ਵੱਲੋਂ ਸਮੂਹ ਕ੍ਰਿਸਚਨ ਭਾਈਚਾਰੇ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਇਹਨਾਂ ਤਿਉਹਾਰਾਂ ਨੂੰ ਮਿਲ ਜੁਲ ਕੇ ਮਨਾਉਣਾ ਚਾਹੀਦਾ ਹੈ। ਇਸ ਮੌਕੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਈਸਾਈ ਭਾਈਚਾਰੇ ਨੂੰ ਵਧਾਈ ਦਿੱਤੀ।
ਧਾਰੀਵਾਲ (ਪੱਤਰ ਪ੍ਰੇਰਕ):
ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਧਾਰੀਵਾਲ ਵਿਖੇ ਡਾਇਰੈਕਟਰ ਅਮਰਜੀਤ ਸਿੰਘ ਚਾਹਲ ਅਤੇ ਪ੍ਰਿੰਸੀਪਲ ਕਿਰਨ ਕੇਸਰ ਦੀ ਅਗਵਾਈ ਹੇਠ ਪ੍ਰਭੂ ਯਸ਼ੂ ਮਸੀਹ ਦੇ ਜਨਮ ਦਿਵਸ ਨੂੰ ਮੁੱਖ ਰੱਖਦੇ ਹੋਏ ਕ੍ਰਿਸਮਸ ਡੇਅ ਮਨਾਇਆ ਗਿਆ। ਸਮਾਗਮ ਦੇ ਸ਼ੁਰੂਆਤ ’ਚ ਸਕੂਲ ਦੇ ਹੈੱਡ ਬੁਆਏ ਅਨਮੋਲ ਸ਼ਰਮਾ ਨੇ ਪ੍ਰਾਰਥਨਾ ਕੀਤੀ ਅਤੇ ਯਸੂ ਮਸੀਹ ਦੇ ਜੀਵਨ ’ਤੇ ਆਧਾਰਿਤ ਭਾਸ਼ਣ ਕੀਤਾ। ਸਕੂਲ ਦੇ ਡਾਇਰੈਕਟਰ ਅਮਰਜੀਤ ਸਿੰਘ ਚਾਹਲ ਅਤੇ ਪ੍ਰਿੰਸੀਪਲ ਕਿਰਨ ਕੇਸਰ ਵਲੋਂ ਕ੍ਰਿਸਮਸ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਤੇ ਤਿਉਹਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ।
ਮੁਕੇਰੀਆਂ (ਪੱਤਰ ਪ੍ਰੇਰਕ):
ਕੈਂਬਰਿਜ ਓਵਰਸੀਜ਼ ਸਕੂਲ ਵਿਖੇ ਕ੍ਰਿਸਮਿਸ ਦਿਵਸ ਅਤੇ ਰੈੱਡ ਡੇਅ ਮੌਕੇ ਸਕੂਲ ਪ੍ਰਿੰਸੀਪਲ ਮੋਨਿਕਾ ਠਾਕੁਰ ਦੀ ਪ੍ਰਧਾਨਗੀ ਹੇਠ ਸਮਾਗਮ ਕੀਤਾ ਗਿਆ। ਬੱਚਿਆਂ ਵਲੋਂ ਸੱਭਿਆਚਾਰਕ ਪੇਸ਼ਕਾਰੀਆਂ ਅਤੇ ਕ੍ਰਿਸਮਿਸ ਨਾਲ ਸਬੰਧਿਤ ਝਾਕੀਆਂ ਪੇਸ਼ ਕੀਤੀਆਂ ਗਈਆਂ ਤੇ ਸਮਾਗਮ ਬਾਰੇ ਦੱਸਿਆ।
ਚੇਤਨਪੁਰਾ (ਪੱਤਰ ਪ੍ਰੇਰਕ):
ਮਸੀਹ ਸਤਿਸੰਗ ਘਰ ਪਿੰਡ ਸੈਂਸਰਾ ਕਲਾਂ ਵਿਖੇ ਪਾਸਟਰ ਗੁਰਨਾਮ ਸਿੰਘ ਸਾਬੀ ਦੀ ਅਗਵਾਈ ਹੇਠ ਕ੍ਰਿਸਮਸ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਮਸੀਹੀ ਭਜਨ ਮੰਡਲੀਆਂ ਵੱਲੋਂ ਪ੍ਰਭੂ ਯਸ਼ੂ ਦੀ ਮਹਿਮਾ ਵਿੱਚ ਗੀਤ ਤੇ ਭਜਨ ਗਾਏ ਗਏ ਅਤੇ ਪਾਸਟਰ ਗੁਰਨਾਮ ਸਿੰਘ ਸਾਬੀ ਵੱਲੋਂ ਪਵਿੱਤਰ ਬਾਈਬਲ ਦੇ ਪ੍ਰਵਚਨਾਂ ਰਾਹੀਂ ਸਮੂਹ ਸੰਗਤਾਂ ਨੂੰ ਪ੍ਰਭੂ ਯਸ਼ੂ ਮਸੀਹ ਦੇ ਜਨਮ ਦਿਹਾੜੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਪੁਲੀਸ ਥਾਣਾ ਝੰਡੇਰ ਦੇ ਐਸ ਐਚ ਓ ਕਮਲਪ੍ਰੀਤ ਕੌਰ, ਸਰਪੰਚ ਧਨਵੰਤ ਸਿੰਘ ਧੰਨਾ, ਬਾਊ ਠੇਕੇਦਾਰ ਸੁਖਵਿੰਦਰ ਸਿੰਘ ਅਤੇ ਪੰਚਾਇਤ ਮੈਂਬਰ ਸੋਨਾ ਸਿੰਘ ਆਦਿ ਨੇ ਮਸੀਹ ਸਤਿਸੰਗ ਵਿੱਚ ਪਹੁੰਚ ਕੇ ਮਸੀਹ ਭਾਈਚਾਰੇ ਨੂੰ ਕ੍ਰਿਸਮਸ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਐਸ ਐਚ ਓ ਕਮਲਪ੍ਰੀਤ ਕੌਰ ਸਮੇਤ ਹੋਰ ਸ਼ਖਸ਼ੀਅਤਾਂ ਦਾ ਬੀਬੀ ਦਲਵੀਰ ਕੌਰ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਕ੍ਰਿਸਮਸ ਮੌਕੇ ਵਿਸ਼ਵ ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼
ਅੰਮ੍ਰਿਤਸਰ (ਟ੍ਰਿਬਿਉੂਨ ਨਿਉੂਜ਼ ਸਰਵਿਸ):
ਮਸੀਹ ਭਾਈਚਾਰੇ ਦੀ ਜਥੇਬੰਦੀ ਡਾਇਓਸਿਸ ਆਫ਼ ਅੰਮ੍ਰਿਤਸਰ (ਡੀਓਏ) ਅਤੇ ਚਰਚ ਆਫ਼ ਨਾਰਥ ਇੰਡੀਆ (ਸੀਐਨਆਈ) ਨੇ ਸ਼ਾਂਤੀ, ਪਿਆਰ ਅਤੇ ਸਦਭਾਵਨਾ ਦਾ ਸੰਦੇਸ਼ ਦਿੰਦੇ ਹੋਏ ਸੇਂਟ ਪਾਲ ਚਰਚ ਅਤੇ ਹੋਰ ਗਿਰਜਾਘਰਾਂ ਵਿਚ ਪ੍ਰਾਰਥਨਾ ਸਭਾਵਾਂ ਕਰਕੇ ਕ੍ਰਿਸਮਿਸ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ। ਚਰਚਾਂ ਵਿਚ ਦੀਪਮਾਲਾ ਵੀ ਕੀਤੀ ਗਈ।