ਹੈਰੋਇਨ ਤੇ ਡਰੱਗ ਮਨੀ ਸਮੇਤ ਤਿੰਨ ਤਸਕਰ ਗ੍ਰਿਫ਼ਤਾਰ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 22 ਅਕਤੂਬਰ
ਇੱਥੇ ਥਾਣਾ ਸ਼ਹਿਰੀ ਦੀ ਪੁਲੀਸ ਨੇ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਲੋਕਾਂ ਖਿਲਾਫ਼ ਆਰੰਭੀ ਮੁਹਿੰਮ ਤਹਿਤ ਤਿੰਨ ਤਸਕਰਾਂ ਨੂੰ ਸਮੇਤ ਹੈਰੋਇਨ ਦੀ ਖੇਪ ਅਤੇ ਨਸ਼ਾ ਵੇਚ ਕੇ ਕਮਾਏ ਪੈਸਿਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਸਬ-ਇੰਸਪੈਕਟਰ ਅੰਗਰੇਜ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਕਿ ਉਹ ਸ਼ੱਕੀ ਲੋਕਾਂ ਦੀ ਪਹਿਚਾਣ ਹਿੱਤ ਸ਼ਹੀਦ ਰਸ਼ਪਾਲ ਸਿੰਘ ਨਗਰ ਨੇੜੇ ਮੁੱਖ ਮਾਰਗ ਵਾਲੇ ਪੁੱਲ ਹੇਠ ਮੌਜੂਦ ਸਨ ਕਿ ਉੱਥੇ ਪੁਲੀਸ ਨੂੰ ਇੱਕ ਆਦਮੀ ਅਤੇ ਔਰਤ ਖੜ੍ਹੇ ਦਿਖਾਈ ਦਿੱਤੇ। ਜਦੋਂ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਤੋਂ ਪੁੱਛ-ਗਿੱਛ ਕਰਨ ਚਾਰੀ ਤਾਂ ਉਹ ਉਨ੍ਹਾਂ ਨੂੰ ਦੇਖਕੇ ਖਿਸਕਣ ਲੱਗੇ। ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਜਦੋਂ ਉਨ੍ਹਾਂ ਦਾ ਨਾਮ ਪਤਾ ਪੁੱਛਿਆ ਗਿਆ ਤਾਂ ਗੁਲਸ਼ਨ ਸਿੰਘ ਉਰਫ ਗੋਸ਼ਾ ਅਤੇ ਸਾਥਣ ਦਾ ਨਾਮ ਵੀਰਪਾਲ ਕੌਰ ਦੱਸਦਿਆਂ ਆਖਿਆ ਕਿ ਉਹ ਦੋਵੇਂ ਪਤੀ ਪਤਨੀ ਹਨ।
ਪੁਲੀਸ ਮੁਲਾਜ਼ਮਾਂ ਨੇ ਗੁਲਸ਼ਨ ਸਿੰਘ ਦੇ ਹੱਥ ’ਚ ਫੜਿਆ ਲਿਫਾਫਾ ਚੈੱਕ ਕੀਤਾ ਤਾਂ ਅਲੱਗ-ਅਲੱਗ ਦੋ ਰੰਗਾਂ ਦੀਆਂ ਛੋਟੀਆਂ-ਛੋਟੀਆਂ ਲਿਫਾਫੀਆਂ ਮਿਲੀਆਂ ਜਿਨ੍ਹਾਂ ਦੀ ਗਿਣਤੀ 305 ਸੀ। ਜਦੋਂ ਉਨ੍ਹਾਂ ਨੂੰ ਚੈੱਕ ਕੀਤਾ ਤਾਂ ਉਹ 65 ਗ੍ਰਾਮ ਹੈਰੋਇਨ ਸੀ। ਜਦੋਂ ਗੁਲਸ਼ਨ ਦੀ ਪਤਨੀ ਕੋਲ ਮੌਜੂਦ ਇੱਕ ਲਿਫਾਫਾ ਦੇਖਿਆ ਤਾਂ ਉਸ ਵਿੱਚੋਂ 30 ਹਜ਼ਾਰ 50 ਰੁਪਏ ਬਰਾਮਦ ਹੋਏ। ਹਿਰਾਸਤ’ਚ ਲਏ ਤਸਕਰ ਜੋੜੇ ਨੇ ਮੁੱਢਲੀ ਪੁੱਛ-ਗਿੱਛ ਦੌਰਾਨ ਖੁਲਾਸਾ ਕੀਤਾ ਕਿ ਇਹ ਹੈਰੋਇਨ ਉਨ੍ਹਾਂ ਨੇ ਸੰਦੀਪ ਕੁਮਾਰ ਉਰਫ ਮੋਨੂ ਵਾਸੀ ਨਿੰਮ ਵਾਲੀ ਗਲੀ ਅਨਾਰਕਲੀ ਬਾਜ਼ਾਰ (ਜਗਰਾਉਂ) ਤੋਂ ਖਰੀਦੀ ਹੈ। ਪੁਲੀਸ ਪਾਰਟੀ ਨੇ ਛਾਪਾ ਮਾਰ ਕੇ ਤੀਸਰੇ ਤਸਕਰ ਸੰਦੀਪ ਕੁਮਾਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਅਤੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਸਬ-ਇੰਸਪੈਕਟਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਤਿੰਨਾਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਤੇ ਤਿੰਨਾਂ ਦਾ ਰਿਮਾਂਡ ਲੈ ਕੇ ਡੂੰਘਾਈ ਨਾਲ ਪੁੱਛ-ਗਿੱਛ ਕਰਨ ਲਈ ਕਾਗਜ਼ੀ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ।
ਅੱਧਾ ਕਿਲੋ ਅਫ਼ੀਮ ਸਮੇਤ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਂਚ ਅਧਿਕਾਰੀ ਨਵਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਭਾਈ ਰਣਧੀਰ ਸਿੰਘ ਨਗਰ ਕੱਟ ਸਾਹਮਣੇ ਵੇਰਕਾ ਮਿਲਕ ਪਲਾਂਟ ਮੌਜੂਦ ਸੀ ਤਾਂ ਪਰਮਵੀਰ ਸਿੰਘ ਵਾਸੀ ਭਾਈ ਰਣਧੀਰ ਸਿੰਘ ਨਗਰ ਨੂੰ ਆਪਣੀ ਕਰੇਟਾ ਕਾਰ ’ਤੇ ਸਵਾਰ ਹੋ ਕੇ ਨੇੜੇ ਲਕਸ਼ਮੀ ਨਰਾਇਣ ਮੰਦਿਰ ਭਾਈ ਰਣਧੀਰ ਸਿੰਘ ਨਗਰ ਸੀ-ਬਲਾਕ ਪਾਸ ਖੜ੍ਹ ਕੇ ਆਪਣੇ ਗਾਹਕਾਂ ਦੀ ਉਡੀਕ ਕਰਦਿਆਂ ਕਾਬੂ ਕਰਕੇ ਉਨ੍ਹਾਂ ਪਾਸੋਂ 500 ਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ। -ਨਿੱਜੀ ਪੱਤਰ ਪ੍ਰੇਰਕ