ਸਾਬਕਾ ਕੌਂਸਲ ਦੇ ਪੁੱਤਰ ਨੂੰ ਅਗਵਾ ਕਰਨ ਦੇ ਦੋਸ਼ ਹੇਠ ਤਿੰਨ ਨਾਮਜ਼ਦ
ਹਤਿੰਦਰ ਮਹਿਤਾ
ਜਲੰਧਰ, 24 ਜੂਨ
ਨਕੋਦਰ ਤੋਂ ਅਕਾਲੀ ਦਲ ਦੇ ਸਾਬਕਾ ਕੌਂਸਲਰ ਦੇ ਪੁੱਤਰ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਨਕੋਦਰ ਦੀ ਅਦਾਲਤ ਵਿੱਚ ਤਾਇਨਾਤ ਪੰਜਾਬ ਹੋਮਗਾਰਡ ਦੇ ਜਵਾਨ ਸਮੇਤ ਤਿੰਨ ਵਿਅਕਤੀਆਂ ਰੋਹਿਤ ਗਿੱਲ (ਹੋਮ ਗਾਰਡ), ਸਾਥੀ ਗੁਰਪ੍ਰੀਤ ਸਿੰਘ ਉਰਫ਼ ਗੋਪੀ ਅਤੇ ਜੈਕਬਸ ਵਾਸੀ ਜਲੰਧਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਸ੍ਰੀ ਗੁਰੂ ਤੇਗ ਬਹਾਦਰ ਨਗਰ ਨਕੋਦਰ ਦੇ ਵਸਨੀਕ ਭਗਵਾਨ ਸਿੰਘ ਪਰੂਥੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਨਗਰ ਨਿਗਮ ਨਕੋਦਰ ਤੋਂ ਅਕਾਲੀ ਦਲ ਦਾ ਸਾਬਕਾ ਕੌਂਸਲਰ ਹੈ। ਪਰੂਥੀ ਸਿਵਲ ਹਸਪਤਾਲ ਨਕੋਦਰ ਦੇ ਸਾਹਮਣੇ ਖਾਲਸਾ ਡੇਅਰੀ ਨਾਮ ਦੀ ਦੁਕਾਨ ਚਲਾਉਂਦਾ ਹੈ। ਉਸ ਦਾ ਲੜਕਾ ਨਵਜੋਤ ਸਿੰਘ ਪਰੂਥੀ ਉਰਫ ਮਨੀ ਬੀਤੇ ਸ਼ਨਿਚਰਵਾਰ ਸਵੇਰੇ ਕਰੀਬ ਸਾਢੇ 10 ਵਜੇ ਬਾਬਾ ਮੁਰਾਦਸ਼ਾਹ ਰੋਡ ’ਤੇ ਇਹ ਕਹਿ ਕੇ ਨਿਕਲਿਆ ਸੀ ਕਿ ਉਹ ਕਿਸੇ ਕੰਮ ਜਾ ਰਿਹਾ ਹੈ। ਸਵੇਰੇ ਕਰੀਬ 11:10 ਵਜੇ ਨਵਜੋਤ ਉਰਫ ਮਨੀ ਦੇ ਮੋਬਾਈਲ ਤੋਂ ਵਟਸਐਪ ਕਾਲ ਆਈ। ਕਾਲ ’ਤੇ ਕੋਈ ਅਣਪਛਾਤਾ ਵਿਅਕਤੀ ਬੋਲ ਰਿਹਾ ਸੀ। ਮੁਲਜ਼ਮ ਨੇ ਪਰੂਥੀ ਨੂੰ ਕਿਹਾ ਕਿ ਉਨ੍ਹਾਂ ਨੇ ਉਸ ਦੇੇ ਲੜਕੇ ਨੂੰ ਨਸ਼ਾ ਕਰਦੇ ਫੜਿਆ ਹੈ, ਉਹ ਆ ਕੇ ਉਨ੍ਹਾਂ ਨੂੰ ਮਿਲੇ। ਮੁਲਜ਼ਮਾਂ ਨੇ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਮੁਲਜ਼ਮ ਨੇ ਨਕੋਦਰ ਦੀ ਟੈਨ ਸਿਟੀ-2 ਕਲੋਨੀ ਵਿੱਚ ਮਿਲਣ ਲਈ ਬੁਲਾਇਆ ਸੀ। ਉਹ ਆਪਣੇ ਵੱਡੇ ਲੜਕੇ ਜਸਪ੍ਰੀਤ ਸਿੰਘ ਨੂੰ ਨਾਲ ਲੈ ਕੇ ਪੈਸੇ ਦੇਣਜਾਣ ਲੱਗਾ। ਕੁਝ ਸਮੇਂ ਬਾਅਦ ਦੋ ਨੌਜਵਾਨ ਬਿਨਾਂ ਨੰਬਰ ਪਲੇਟ ਦੇ ਡਿਸਕਵਰ ਮੋਟਰਸਾਈਕਲ ’ਤੇ ਆਏ, ਜੋ ਉਨ੍ਹਾਂ ਦੀ ਗੱਡੀ ਤੋਂ ਕਰੀਬ 50 ਮੀਟਰ ਦੀ ਦੂਰੀ ’ਤੇ ਰੁਕ ਗਏ, ਜਦੋਂ ਉਕਤ ਵਿਅਕਤੀ ਨੇ ਲੜਕੇ ਦੇ ਮੋਬਾਈਲ ਫ਼ੋਨ ਤੋਂ ਵਟਸਐਪ ਕਾਲ ਕੀਤੀ ਜਿਸ ਵਿੱਚ ਉਸ ਨੇ ਕਿਹਾ ਕਿ ਉਸ ਦੇ ਦੋਸਤ ਪਹੁੰਚ ਗਏ ਹਨ।
ਪੀੜਤ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਆ ਕੇ ਕਾਰ ’ਚ ਪੈਸੇ ਲਏ ਪਰ ਉਸ ਦਾ ਬੇਟਾ ਨਹੀਂ ਛੱਡਿਆ। ਇਸ ਤੋਂ ਬਾਅਦ ਪਰੂਥੀ ਨੇ ਆਪਣੇ ਬੇਟੇ ਨਵਜੋਤ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ। ਸ਼ਾਮ ਕਰੀਬ 7 ਵਜੇ ਉਹ ਉਸ ਦੇ ਲੜਕੇ ਨੂੰ ਪਿੰਡ ਆਲੋਵਾਲ ਦੇ ਗੇਟ ’ਤੇ ਛੱਡ ਗਏ। ਉਸ ਨੇ ਦੱਸਿਆ ਕਿ ਸਾਬਕਾ ਕੌਂਸਲਰ ਹੋਣ ਦੇ ਨਾਤੇ ਉਨ੍ਹਾਂ ਦੀ ਨਕੋਦਰ ’ਤੇ ਚੰਗੀ ਪਕੜ ਹੈ। ਪਰੂਥੀ ਦੇ ਬੇਟੇ ਨੇ ਦੱਸਿਆ ਕਿ ਉਸ ਨੂੰ ਰੋਹਿਤ ਗਿੱਲ ਨੇ ਸਾਥੀਆਂ ਸਮੇਤ ਫੜਿਆ ਸੀ। ਰੋਹਿਤ ਗਿੱਲ ਪੰਜਾਬ ਹੋਮ ਗਾਰਡ ਦਾ ਸਿਪਾਹੀ ਹੈ ਅਤੇ ਨਕੋਦਰ ਅਦਾਲਤ ਵਿੱਚ ਡਿਊਟੀ ਕਰਦਾ ਸੀ। ਰੋਹਿਤ ਦੇ ਨਾਲ ਉਸ ਦੇ ਦੋਸਤ ਗੁਰਪ੍ਰੀਤ ਗੋਪੀ ਅਤੇ ਜੈਕਬ ਵੀ ਸਨ। ਪੁਲੀਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ ਤੇ ਤਿੰਨਾਂ ਦੀ ਭਾਲ ਜਾਰੀ ਹੈ।