ਨਸ਼ਾ ਤਸਕਰ ਗਰੋਹ ਦੇ ਤਿੰਨ ਮੈਂਬਰ ਕਾਬੂ
ਕੇ ਪੀ ਸਿੰਘ
ਗੁਰਦਾਸਪੁਰ, 1 ਦਸੰਬਰ
ਇੱਥੋਂ ਦੀ ਪੁਲੀਸ ਅਤੇ ਸਪੈਸ਼ਲ ਬ੍ਰਾਂਚ ਦੀ ਟੀਮ ਨੇ ਇੱਕ ਅੰਤਰਰਾਜੀ ਨਸ਼ਾ ਤਸਕਰ ਗਰੋਹ ਦਾ ਪਰਦਾਫਾਸ਼ ਕਰਦਿਆਂ ਗਰੋਹ ਦੇ ਤਿੰਨ ਮੈਂਬਰਾਂ ਨੂੰ 19 ਲੱਖ 80 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ, 288 ਗ੍ਰਾਮ ਹੈਰੋਇਨ, ਇੱਕ ਪਿਸਤੌਲ 32 ਬੋਰ, ਤਿੰਨ ਜ਼ਿੰਦਾ ਕਾਰਤੂਸ ਸਣੇ ਕਾਬੂ ਕੀਤਾ ਹੈ। ਇਸ ਮਾਮਲੇ ਵਿੱਚ ਦੋ ਹੋਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਗਰੋਹ ਦਾ ਸਰਗਨਾ ਸੋਨੂੰ ਨਾਮਕ ਨੌਜਵਾਨ ਕੈਨੇਡਾ ਤੋਂ ਇਹ ਗਰੋਹ ਚਲਾ ਰਿਹਾ ਸੀ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐੱਸਪੀ ਬਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਨੈਸ਼ਨਲ ਹਾਈਵੇਅ ’ਤੇ ਸ਼ੂਗਰ ਮਿੱਲ ਪਨਿਆੜ ਨੇੜੇ ਨਾਕਾਬੰਦੀ ਦੌਰਾਨ ਪਠਾਨਕੋਟ ਵੱਲੋਂ ਆਉਂਦੀ ਇੱਕ ਕਾਰ ਵਿੱਚ ਸਵਾਰ ਤਿੰਨ ਨੌਜਵਾਨਾਂ ਨੂੰ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ। ਇਨ੍ਹਾਂ ਦੀ ਪਛਾਣ ਅਮਨਦੀਪ ਸਿੰਘ, ਅਵਨੀਤ ਸਿੰਘ ਅਤੇ ਦਵਿੰਦਰ ਕੁਮਾਰ ਉਰਫ਼ ਰਾਹੁਲ ਕੁਮਾਰ ਸਾਰੇ ਵਾਸੀ ਜ਼ਿਲ੍ਹਾ ਜੰਮੂ ਵਜੋਂ ਹੋਈ। ਇਨ੍ਹਾਂ ਕੋਲੋਂ ਅਸਲਾ, ਨਗਦੀ ਤੇ ਨਸ਼ੀਲੇ ਪਦਾਰਥ ਬਰਾਮਦ ਹੋਏ।