ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੈਂਗਸਟਰ ਭੂਪੀ ਰਾਣਾ ਨੂੰ ਮਾਰਨ ਆਏ ਲਾਰੈਂਸ ਬਿਸ਼ਨੋਈ ਗਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ

06:30 AM Feb 29, 2024 IST
ਚੰਡੀਗੜ੍ਹ ਪੁਲੀਸ ਦੇ ਐੱਸਪੀ ਕੇਤਨ ਬਾਂਸਲ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ। -ਫੋਟੋ: ਰਵੀ ਕੁਮਾਰ

ਆਤਿਸ਼ ਗੁਪਤਾ
ਚੰਡੀਗੜ੍ਹ, 28 ਫਰਵਰੀ
ਚੰਡੀਗੜ੍ਹ ਪੁਲੀਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਦਿੱਲੀ ਪੁਲੀਸ ਦੇ ਕਾਊਂਟਰ ਇੰਟੈਲੀਜੇਂਸ ਸਪੈਸ਼ਲ ਸੈੱਲ ਦੇ ਸਹਿਯੋਗ ਨਾਲ ਚੰਡੀਗੜ੍ਹ ਵਿੱਚ ਗੈਂਗਸਟਰ ਭੂਪੀ ਰਾਣਾ ਦੀ ਹੱਤਿਆ ਕਰਨ ਦੀ ਫਿਰਾਕ ’ਚ ਫਿਰਦੇ ਲਾਰੈਂਸ ਬਿਸ਼ਨੋਈ ਗੈਂਗ ਦੇ ਤਿੰਨ ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਦੋ ਪਿਸਤੌਲ ਤੇ ਛੇ ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਸੰਨੀ (27), ਉਮੰਗ (25) ਵਾਸੀਆਨ ਰੋਹਤਕ ਅਤੇ ਕੈਲਾਸ਼ ਚੌਹਾਨ (23) ਵਾਸੀ ਫਰੀਦਾਬਾਦ ਸ਼ਾਮਲ ਹਨ।
ਚੰਡੀਗੜ੍ਹ ਪੁਲੀਸ ਦੇ ਐੱਸਪੀ ਕੇਤਨ ਬਾਂਸਲ ਨੇ ਦੱਸਿਆ ਕਿ ਚੰਡੀਗੜ੍ਹ ਪੁਲੀਸ ਨੇ ਸੈਕਟਰ-43 ਵਿੱਚ ਜ਼ਿਲ੍ਹਾ ਅਦਾਲਤ ਕੰਪਲੈਕਸ ਨੇੜੇ ਲਾਏ ਨਾਕੇ ਦੌਰਾਨ ਐਕਟਿਵਾ ਸਵਾਰ ਤਿੰਨ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਦੋ ਪਿਸਤੌਲ ਤੇ 6 ਕਾਰਤੂਸ ਬਰਾਮਦ ਹੋਏ। ਪੁਲੀਸ ਨੇ ਤਿੰਨਾਂ ਨੂੰ ਕਾਬੂ ਕਰਕੇ ਪੁੱਛਗਿਛ ਕੀਤੀ ਤਾਂ ਸਾਹਮਣੇ ਆਇਆ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹਨ ਅਤੇ ਚੰਡੀਗੜ੍ਹ ਵਿੱਚ ਗੈਂਗਸਟਰ ਭੂਪੀ ਰਾਣਾ ਦੀ ਹੱਤਿਆ ਕਰਨ ਲਈ ਆਏ ਹਨ। ਇਸ ਸਬੰਧੀ ਉਹ ਰਣਨੀਤੀ ਤਿਆਰ ਕਰ ਰਹੇ ਹਨ। ਪੁਲੀਸ ਅਨੁਸਾਰ ਤਿੰਨੋਂ ਮੁਲਜ਼ਮ ਚੰਡੀਗੜ੍ਹ ਵਿੱਚ 10 ਫਰਵਰੀ ਤੋਂ ਰਹਿ ਰਹੇ ਸਨ। ਉਨ੍ਹਾਂ ਵੱਲੋਂ ਚੰਡੀਗੜ੍ਹ, ਪੰਚਕੂਲਾ ਤੇ ਮੁਹਾਲੀ ਅਦਾਲਤ ਵਿੱਚ ਰੈਕੀ ਕੀਤੀ ਗਈ ਅਤੇ ਉਹ ਵਕੀਲ ਦੇ ਭੇਸ਼ ਵਿੱਚ ਭੂਪੀ ਰਾਣਾ ਦੀ ਹੱਤਿਆ ਕਰਨ ਦੀ ਸਾਜ਼ਿਸ਼ ਰੱਚ ਰਹੇ ਸਨ, ਜਿਨ੍ਹਾਂ ਨੂੰ ਚੰਡੀਗੜ੍ਹ ਪੁਲੀਸ ਨੇ ਦੋ ਪਿਸਤੌਲਾਂ ਤੇ ਇਕ ਕਾਰਤੂਸ ਸਣੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਏਲਾਂਤੇ ਮਾਲ ਤੋਂ ਵਕੀਲਾਂ ਦੀਆਂ ਵਰਦੀਆਂ ਖਰੀਦੀਆਂ ਸਨ। ਉਨ੍ਹਾਂ ਇਕ ਪੁਰਸ਼ ਅਤੇ ਇਕ ਔਰਤ ਦੀ ਡਰੈੱਸ ਖਰੀਦੀ ਸੀ।

Advertisement

ਗੈਂਗਸਟਰ ਲੱਕੀ ਪਟਿਆਲ ਨੇ ਢਾਬੇ ਦੇ ਮਾਲਕ ਕੋਲੋਂ ਮੰਗੀ ਸੀ ਇਕ ਕਰੋੜ ਦੀ ਫਿਰੌਤੀ

ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਇੱਥੋਂ ਦੇ ਸੈਕਟਰ-79 ਸਥਿਤ ਇਕ ਢਾਬੇ ਉੱਤੇ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਸੋਹਾਣਾ ਥਾਣੇ ਵਿੱਚ ਢਾਬੇ ਦੇ ਮੈਨੇਜਰ ਦੇਵ ਸਿੰਘ ਰਾਵਤ ਵਾਸੀ ਪਿੰਡ ਸੋਲੋਆ, ਗੜ੍ਹਵਾਲ (ਉੱਤਰਾਖੰਡ) ਦੇ ਬਿਆਨਾਂ ’ਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਧਰ, ਮੁਹਾਲੀ ਪੁਲੀਸ ਅਤੇ ਢਾਬੇ ਦੇ ਮਾਲਕ ਦੇ ਦੱਸਣ ਅਨੁਸਾਰ ਇਸ ਘਟਨਾਕ੍ਰਮ ਨਾਲ ਗੀਤਕਾਰ ਬੰਟੀ ਬੈਂਸ (ਸਿੱਧੂ ਮੂਸੇਵਾਲਾ ਦਾ ਸਾਬਕਾ ਮੈਨੇਜਰ) ਦਾ ਕੋਈ ਲੈਣਾ-ਦੇਣਾ ਨਹੀਂ ਹੈ। ਦੋ ਤਿੰਨ ਪਹਿਲਾਂ ਹੀ ਗੈਂਗਸਟਰ ਲੱਕੀ ਪਟਿਆਲ ਨੇ ਢਾਬੇ ਦੇ ਮਾਲਕ ਪਰਮਿੰਦਰ ਸਿੰਘ ਨੂੰ ਵੱਟਸਐਪ ਨੰਬਰ ’ਤੇ ਫੋਨ ਕਰਕੇ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ ਪ੍ਰੰਤੂ ਢਾਬੇ ਦੇ ਮਾਲਕ ਨੇ ਫਿਰੌਤੀ ਦੇਣ ਤੋਂ ਸਾਫ਼ ਮਨਾ ਕਰ ਦਿੱਤਾ ਸੀ, ਜਿਸ ਕਾਰਨ ਲੱਕੀ ਪਟਿਆਲ ਦੇ ਕਰਿੰਦਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ।

ਚੱਪੜਚਿੜੀ ਨੇੜੇ ਪੁਲੀਸ ਮੁਕਾਬਲੇ ’ਚ ਕੌਸ਼ਲ ਗਰੋਹ ਦਾ ਮੈਂਬਰ ਕਾਬੂ

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 28 ਫਰਵਰੀ
ਇੱਥੋਂ ਦੇ ਇਤਿਹਾਸਕ ਨਗਰ ਚੱਪੜਚਿੜੀ ਨੇੜੇ ਅੱਜ ਦੇਰ ਸ਼ਾਮ ਹੋਏ ਪੁਲੀਸ ਮੁਕਾਬਲੇ ਵਿੱਚ ਇੱਕ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਬਨਵਾਰੀ ਲਾਲ ਵਾਸੀ ਆਗਰਾ (ਉੱਤਰ ਪ੍ਰਦੇਸ਼) ਵਜੋ ਹੋਈ ਹੈ ਜਦੋਂਕਿ ਉਸ ਦਾ ਇੱਕ ਸਾਥੀ ਹਨੇਰੇ ਦਾ ਫਾਇਦਾ ਉਠਾ ਕੇ ਮੌਕੇ ਤੋਂ ਭੱਜਣ ਵਿੱਚ ਸਫਲ ਹੋ ਗਿਆ। ਇਸ ਕਾਰਵਾਈ ਨੂੰ ਡੀਐੱਸਪੀ (ਸਪੈਸ਼ਲ ਸੈੱਲ) ਗੁਰਸ਼ੇਰ ਸਿੰਘ ਸੰਧੂ ਦੀ ਅਗਵਾਈ ਹੇਠਲੀ ਟੀਮ ਨੇ ਅੰਜਾਮ ਦਿੱਤਾ। ਸੂਚਨਾ ਮਿਲਦੇ ਹੀ ਮੁਹਾਲੀ ਦੇ ਐੱਸਐੱਸਪੀ ਸੰਦੀਪ ਗਰਗ ਅਤੇ ਐੱਸਪੀ (ਡੀ) ਜਯੋਤੀ ਯਾਦਵ ਵੀ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲੀਸ ਨੇ ਮੌਕੇ ਤੋਂ ਇੱਕ ਪਿਸਤੌਲ ਅਤੇ ਮੈਗਜ਼ੀਨ ਵੀ ਬਰਾਮਦ ਕੀਤੀ ਹੈ।
ਐੱਸਐੱਸਪੀ ਸੰਦੀਪ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੁਹਾਲੀ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਇੱਕ ਪੰਜਾਬੀ ਗਾਇਕ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਸੂਚਨਾ ਮਿਲਦੇ ਹੀ ਪੁਲੀਸ ਅਲਰਟ ਹੋ ਗਈ ਅਤੇ ਇਲਾਕੇ ਵਿੱਚ ਵਿਸ਼ੇਸ਼ ਨਾਕੇ ਲਗਾ ਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲੀਸ ਨੇ ਚੱਪੜਚਿੜੀ ਨੇੜੇ ਇੱਕ ਬਿਨਾਂ ਨੰਬਰ ਵਾਲਾ ਸ਼ੱਕੀ ਮੋਟਰਸਾਈਕਲ ਆਉਂਦਾ ਦੇਖਿਆ। ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਨੌਜਵਾਨਾਂ ਨੇ ਮੋਟਰਸਾਈਕਲ ਦੀ ਰਫ਼ਤਾਰ ਤੇਜ਼ ਕਰਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਪੁਲੀਸ ਮੁਲਾਜ਼ਮਾਂ ਨੇ ਅੱਗੇ ਹੋ ਕੇ ਵਾਹਨ ਰੋਕਣ ਦਾ ਯਤਨ ਕੀਤਾ ਤਾਂ ਉਨ੍ਹਾਂ ਨੇ ਪੁਲੀਸ ’ਤੇ ਫਾਇਰਿੰਗ ਕਰ ਦਿੱਤੀ। ਜਦੋਂ ਆਪਣੇ ਬਚਾਅ ਲਈ ਪੁਲੀਸ ਨੇ ਗੋਲੀ ਚਲਾਈ ਤਾਂ ਇੱਕ ਗੋਲੀ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਦੀ ਲੱਤ ਵਿੱਚ ਜਾ ਵੱਜੀ, ਜਿਸ ਕਾਰਨ ਉਹ ਮੋਟਰ ਸਾਈਕਲ ਸਣੇ ਸੜਕ ’ਤੇ ਢੇਰ ਹੋ ਗਿਆ ਜਦੋਂਕਿ ਉਸ ਦਾ ਦੂਜਾ ਸਾਥੀ ਹਨੇਰੇ ਦਾ ਫਾਇਦਾ ਉਠਾ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਐੱਸਪੀ (ਡੀ) ਜਯੋਤੀ ਯਾਦਵ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮੁਲਜ਼ਮ ਦੀ ਪਛਾਣ ਬਨਵਾਰੀ ਲਾਲ ਵਾਸੀ ਆਗਰਾ ਵਜੋਂ ਹੋਈ ਹੈ ਜੋ ਕਿ ਕੌਸ਼ਲ ਗਰੋਹ ਦਾ ਸਰਗਰਮ ਮੈਂਬਰ ਹੈ।

Advertisement

Advertisement