ਦੋ ਸੜਕ ਹਾਦਸਿਆਂ ਵਿੱਚ ਤਿੰਨ ਹਲਾਕ, ਇੱਕ ਜ਼ਖ਼ਮੀ
ਪੱਤਰ ਪ੍ਰੇਰਕ
ਤਰਨ ਤਾਰਨ, 1 ਜੂਨ
ਇੱਥੇ ਤਰਨ ਤਾਰਨ-ਖਡੂਰ ਸਾਹਿਬ ਸੜਕ ’ਤੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਮਾਂ ਤੇ ਉਸਦੇ ਲੜਕੇ ਦੀ ਮੌਤ ਹੋ ਗਈ ਜਦਕਿ ਦੂਜਾ ਪੁੱਤਰ ਗੰਭੀਰ ਜ਼ਖਮੀ ਹੋ ਗਿਆ| ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਚੌਕੀ ਖਡੂਰ ਸਾਹਿਬ ਦੇ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਦੋਲੇਵਾਲ ਵਾਸੀ ਸੁਖਵਿੰਦਰ ਕੌਰ (35) ਅਤੇ ਉਸਦਾ ਲੜਕਾ ਅੰਮ੍ਰਿਤਪਾਲ ਸਿੰਘ (16) ਸ਼ਾਮਲ ਹਨ| ਜ਼ਖਮੀ ਲੜਕੇ ਹਰਮਨ ਸਿੰਘ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਤੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ| ਮ੍ਰਿਤਕਾ ਦੇ ਰਿਸ਼ਤੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਕੌਰ ਆਪਣੇ ਲੜਕਿਆਂ ਸਮੇਤ ਪਿੰਡ ਕੰਗ ਮੋਟਰਸਾਈਕਲ ’ਤੇ ਜਾ ਰਹੀ ਸੀ ਕਿ ਉਨ੍ਹਾਂ ਦੇ ਮੋਟਰਸਾਈਕਲ ਨੂੰ ਘਸੀਟਪੁਰ ਨੇੜੇ ਸਾਹਮਣੇ ਤੋਂ ਆਉਂਦੇ ਇੱਕ ਛੋਟਾ ਹਾਥੀ (ਟਾਟਾ ਏਸ) ਨੇ ਟੱਕਰ ਮਾਰ ਦਿੱਤੀ| ਇਸ ਦੌਰਾਨ ਅੰਮ੍ਰਿਤਪਾਲ ਸਿੰਘ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਮਾਤਾ ਸੁਖਵਿੰਦਰ ਕੌਰ ਦੀ ਤਰਨ ਤਾਰਨ ਦੇ ਸਿਵਲ ਹਪਤਾਲ ’ਚ ਮੌਤ ਹੋ ਗਈ| ਛੋਟਾ ਹਾਥੀ ਦਾ ਡਰਾਈਵਰ ਮੌਕੇ ’ਤੇ ਗੱਡੀ ਛੱਡ ਕੇ ਫ਼ਰਾਰ ਹੋ ਗਿਆ| ਏਐੱਸਆਈ ਜਸਪਾਲ ਸਿੰਘ ਨੇ ਕੇਸ ਦਰਜ ਕੀਤਾ ਹੈ| ਇਸ ਤੋਂ ਇਲਾਵਾ ਤਰਨ ਤਾਰਨ-ਪੱਟੀ ਸੜਕ ’ਤੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਕਿਸ਼ਨ ਸਿੰਘ ਲੌਹੁਕਾ (47) ਦੀ ਮੌਤ ਹੋ ਗਈ| ਜਾਣਕਾਰੀ ਅਨੁਸਾਰ ਕਿਸ਼ਨ ਸਿੰਘ ਆਪਣੇ ਪਿੰਡ ਲੌਹੁਕਾ ਦੇ ਹੀ ਵਸਨੀਕ ਸੁਭਾਸ਼ ਕੁਮਾਰ ਨਾਲ ਉਸ ਦੇ ਮੋਟਰਸਾਈਕਲ ਪਿੱਛੇ ਬੈਠ ਕੇ ਆਪਣੇ ਪਿੰਡ ਪਰਤ ਰਿਹਾ ਸੀ ਕਿ ਤਰਨ ਤਾਰਨ-ਪੱਟੀ ਦੀ ਮੇਨ ਸੜਕ ’ਤੇ ਚੜ੍ਹਨ ਲੱਗਿਆਂ ਉਨ੍ਹਾਂ ਦੇ ਮੋਟਰਸਾਈਕਲ ਨੂੰ ਤਰਨ ਤਾਰਨ ਵਾਲੇ ਪਾਸਿਓਂ ਆ ਰਹੀ ਇੱਕ ਬੋਲੈਰੋ ਗੱਡੀ ਨੇ ਆਪਣੀ ਲਪੇਟ ਵਿੱਚ ਲੈ ਲਿਆ| ਕਿਸ਼ਨ ਸਿੰਘ ਦੇ ਸਿਰ ’ਚ ਗੰਭੀਰ ਸੱਟ ਵੱਜੀ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ| ਪੁਲੀਸ ਚੌਕੀ ਨੌਸ਼ਹਿਰਾ ਪੰਨੂੰਆਂ ਦੇ ਇੰਚਾਰਜ ਏਐੱਸਆਈ ਗੁਰਪਾਲ ਸਿੰਘ ਨੇ ਬਲੈਰੋ ਗੱਡੀ ਚਾਲਕ ਪਿੰਡ ਲੌਹੁਕਾ ਵਾਸੀ ਮੇਜਰ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ|