ਕਾਦੀਆਂ ਪੁਲੀਸ ਵੱਲੋਂ ਚੋਰੀ ਦੇ 10 ਪਿਸਤੌਲਾਂ ਸਣੇ ਪੰਜ ਮੁਲਜ਼ਮ ਕਾਬੂ
04:41 PM Nov 17, 2024 IST
Advertisement
ਮਕਬੂਲ ਅਹਿਮਦ
ਕਾਦੀਆਂ, 17 ਨਵੰਬਰ
ਸਥਾਨਕ ਪੁਲੀਸ ਨੇ ਚੋਰੀ ਕੀਤੀਆਂ 10 ਪਿਸਤੌਲਾਂ ਬਰਾਮਦ ਕਰ ਕੇ ਇਸ ਮਾਮਲੇ ਵਿੱਚ ਸ਼ਾਮਲ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਕਾਦੀਆਂ ਦੇ ਡੀਐੱਸਪੀ ਹਰਕ੍ਰਿਸ਼ਨ ਸਿੰਘ ਅਤੇ ਕਾਦੀਆਂ ਥਾਣੇ ਦੇ ਮੁਖੀ ਪਰਮਿੰਦਰ ਸਿੰਘ ਸਿੱਧੂ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਰਮਨ ਕੁਮਾਰ ਪੁੱਤਰ ਦਰਸ਼ਨ ਲਾਲ ਵਾਸੀ ਪ੍ਰੇਮ ਨਗਰ, ਦਾਰਾ ਸਲਾਮ ਬਟਾਲਾ ਨੇ 6 ਨਵੰਬਰ ਨੂੰ ਦਰਖ਼ਾਸਤ ਦਿੱਤੀ ਸੀ ਕਿ ਉਸ ਦੇ ਉੱਤਮ ਗੰਨ ਹਾਊਸ ਕਾਦੀਆਂ ਵਿੱਚੋਂ 32 ਬੋਰ ਦੇ ਦੋ ਲਾਇਸੈਂਸੀ ਪਿਸਤੌਲ ਚੋਰੀ ਹੋ ਗਏ ਹਨ। ਐੱਸਐੱਸਪੀ ਬਟਾਲਾ ਸੁਹੇਲ ਕਾਸਿਮ ਮੀਰ ਦੇ ਨਿਰਦੇਸ਼ਾਂ ’ਤੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਉੱਤਮ ਗੰਨ ਹਾਊਸ ਦੇ ਨੌਕਰ ਆਕਾਸ਼ ਮਸੀਹ ਵਾਸੀ ਪਿੰਡ ਖ਼ਤੀਬ ਅਤੇ ਜਗਤਾਰ ਸਿੰਘ ਉਰਫ਼ ਕਰਨ, ਲਖਵਿੰਦਰ ਸਿੰਘ ਵਾਸੀ ਮੂਲਿਆਂਵਾਲ ਵਿਰੁੱਧ ਕੇਸ ਦਰਜ ਕੀਤਾ ਗਿਆ। 7 ਨਵੰਬਰ 2024 ਨੂੰ ਜਗਤਾਰ ਸਿੰਘ ਉਰਫ਼ ਕਰਨ ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਕੀਤੇ ਗਏ 32 ਬੋਰ ਦੇ ਦੋ ਪਿਸਤੌਲ ਬਰਾਮਦ ਕਰ ਲਏ। ਇਹ ਪਿਸਤੌਲ ਸੁਖਚੈਨ ਸਿੰਘ ਉਰਫ਼ ਸੁੱਖਾ ਵਾਸੀ ਮੂਲਿਆਂਵਾਲ ਦੇ ਘਰੋਂ ਬਰਾਮਦ ਕੀਤੇ ਗਏ। ਸੁਖਚੈਨ ਸਿੰਘ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰਦਿਆਂ ਧਾਰਾ 317(2) ਬੀਐੱਨਐੱਸ ਦਾ ਵਾਧਾ ਕੀਤਾ ਗਿਆ। ਪੁਲੀਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉੱਤਮ ਗੰਨ ਹਾਊਸ ’ਚੋਂ ਦੋ ਨਹੀਂ ਸਗੋਂ 11 ਪਿਸਤੌਲ ਚੋਰੀ ਹੋਏ ਸਨ। ਇਸ ’ਤੇ ਸਹਿਜਪ੍ਰੀਤ ਸਿੰਘ ਉਰਫ਼ ਸਹਿਜ ਵਾਸੀ ਰਿਆਲੀ ਕਲਾਂ ਅਤੇ ਵਿਜੇ ਕੁਮਾਰ ਉਰਫ਼ ਕਾਲੂ ਵਾਸੀ ਮੂਲਿਆਂਵਾਲ ਨੂੰ ਵੀ ਬਤੌਰ ਕਥਿਤ ਦੋਸ਼ੀ ਨਾਮਜ਼ਦ ਕੀਤਾ ਗਿਆ। 14 ਨਵੰਬਰ ਨੂੰ ਵਿਜੇ ਕੁਮਾਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ ਚੋਰੀ ਕੀਤੇ 32 ਬੋਰ ਦੇ ਚਾਰ ਪਿਸਤੌਲ ਬਰਾਮਦ ਕਰ ਲਏ ਗਏ। 15 ਨਵੰਬਰ ਨੂੰ ਸਹਿਜਪ੍ਰੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ ਦੋ ਪਿਸਤੌਲ ਬਰਾਮਦ ਕੀਤੇ ਗਏ। 16 ਨਵੰਬਰ ਨੂੰ ਆਕਾਸ਼ ਮਸੀਹ ਜਿਸ ਨੇ ਉੱਤਮ ਗੰਨ ਹਾਊਸ ਦੇ ਸਾਰੇ ਪਿਸਤੌਲ ਚੋਰੀ ਕੀਤੇ ਸਨ, ਦੇ ਇੰਕਸ਼ਾਫ਼ ’ਤੇ 32 ਬੋਰ ਦੇ ਦੋ ਹੋਰ ਪਿਸਤੌਲ ਬਰਾਮਦ ਕਰ ਲਏ ਗਏ। ਡੀਐੱਸਪੀ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਹੁਣ ਤੱਕ 11 ਪਿਸਤੌਲਾਂ ਵਿੱਚੋਂ 10 ਬਰਾਮਦ ਕੀਤੇ ਜਾ ਚੁੱਕੇ ਹਨ ਜਦਕਿ ਇੱਕ ਪਿਸਤੌਲ ਬਰਾਮਦ ਕਰਨਾ ਬਾਕੀ ਹੈ ਅਤੇ ਉਹ ਵੀ ਜਲਦੀ ਬਰਾਮਦ ਕਰ ਲਿਆ ਜਾਵੇਗਾ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦਾ ਕਿਸੇ ਗੈਂਗਸਟਰ ਨਾਲ ਸਬੰਧ ਹੋਣ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਮੁਲਜ਼ਮ ਆਪਣਾ ਖ਼ੁਦ ਦਾ ਗਰੋਹ ਬਣਾਉਣ ਦੀ ਸੋਚ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਕੁੱਲ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਕੁੱਝ ’ਤੇ ਪਹਿਲਾਂ ਵੀ ਅਪਰਾਧਿਕ ਕੇਸ ਦਰਜ ਹਨ। ਪੁਲੀਸ ਨੂੰ ਆਸ ਹੈ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਤੋਂ ਹੋਰ ਖੁਲਾਸੇ ਹੋ ਸਕਦੇ ਹਨ।
Advertisement
Advertisement