ਸਡ਼ਕ ਹਾਦਸਿਆਂ ਵਿੱਚ ਤਿੰਨ ਹਲਾਕ
ਪੱਤਰ ਪ੍ਰੇਰਕ
ਦੋਦਾ, 30 ਜੂਨ
ਇੱਥੇ ਬੀਤੀ ਦੇਰ ਸ਼ਾਮ ਮੁਕਤਸਰ-ਬਠਿੰਡਾ ਹਾਈਵੇਅ ਉਤੇ ਸੰਘਣੀ ਅਬਾਦੀ ਵਿਚ ਦੋਦਾ ਵਿੱਚ ਪਿਕਅੱਪ ਜੀਪ ਤੇ ਮੋਟਰਸਾਈਕਲ ਦੀ ਟੱਕਰ ਹੋ ਗਈ। ਜਿਸ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਟਮਾਟਰਾਂ ਦੀ ਭਰੀ ਪਿੱਕਅਪ ਜੀਪ ਪੀਬੀ 04 ਏਸੀ 5182 ਦੀ, ਪਲਟੀਨਾ ਮੋਟਰਸਾਇਕਲ ਪੀਬੀ 30 ਬੀ 9559 ਨਾਲ ਟੱਕਰ ਹੋ ਗਈ। ਇਸ ਦੌਰਾਨ ਮੋਟਰਸਾਇਕਲ ਚਾਲਕ ਕੇਵਲ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਦੋਦਾ ਜ਼ਖਮੀ ਹੋ ਗਿਆ। ਜਿਸ ਨੂੰ ਲੋਕਾਂ ਨੇ ਤੁਰੰਤ ਦੋਦਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ, ਜਿਥੇ ਡਾਕਟਰਾਂ ਵੱਲੋਂ ਮੁਢਲੀ ਸਹਾਇਤਾ ਉਪਰੰਤ ਸਿਵਲ ਹਸਪਤਾਲ ਮੁਕਤਸਰ ਰੈਫਰ ਕਰ ਦਿੱਤਾ। ਜਿਥੇ ਉਹ ਜ਼ਖ਼ਮਾਂ ਦੀ ਤਾਬ ਨਾਲ ਝੱਲਦਿਆਂ ਦਮ ਤੋੜ ਗਿਆ। ਜੀਪ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਏਐੱਸਆਈ ਅਮਰੀਕ ਸਿੰਘ ਸਮੇਤ ਪਹੁੰਚੀ ਟੀਮ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਹੈਰਾਨੀ ਦੀ ਗੱਲ ਇਹ ਹੈ ਕਿ ਹਾਦਸੇ ਵਾਲੀ ਪਿੱਕਅੱਪ ਰਾਤ ਨੂੰ ਹੀ ਖਾਲੀ ਹੋ ਗਈ।
ਸੜਕ ਹਾਦਸੇ ਵਿੱਚ ਦੋ ਜਖ਼ਮੀ ਏਲਨਾਬਾਦ (ਪੱਤਰ ਪ੍ਰੇਰਕ): ਪਿੰਡ ਕਿਸ਼ਨਪੁਰਾ ਨੇੜੇ ਹੋਏ ਸੜਕ ਹਾਦਸੇ ਵਿੱਚ ਅੱਜ ਦੋ ਜਣੇ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਨਾਗਰਿਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਨੌਹਰ ਰੋਡ ’ਤੇ ਪਿੰਡ ਕਿਸ਼ਨਪੁਰਾ ਨੇੜੇ ਥਾਰ ਅਤੇ ਸਵਿਫਟ ਡਿਜ਼ਾਇਰ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਜਿਸ ਕਾਰਨ ਔਰਤ ਅਤੇ ਵਿਅਕਤੀ ਜ਼ਖਮੀ ਹੋ ਗਏ। ਸਵਿਫਟ ਡਿਜ਼ਾਇਰ ਕਾਰ ਏਲਨਾਬਾਦ ਤੋਂ ਨੌਹਰ ਵੱਲ ਜਾ ਰਹੀ ਸੀ ਜਦੋਂ ਕਿ ਥਾਰ ਨੌਹਰ ਤੋਂ ਏਲਨਾਬਾਦ ਵੱਲ ਆ ਰਹੀ ਸੀ। ਜਿਵੇਂ ਹੀ ਦੋਨੋਂ ਗੱਡੀਆਂ ਪਿੰਡ ਕਿਸ਼ਨਪੁਰਾ ਨੇੜੇ ਪਹੁੰਚੀਆਂ ਤਾਂ ਦੋਵਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਕਾਰਨ ਗੱਡੀਆਂ ਨੁਕਸਾਨੀਆਂ ਗਈਆ ਪਰ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ।
ਕਾਰ ਦਰੱਖ਼ਤ ਨਾਲ ਟਕਰਾਈ, ਇੱਕ ਹਲਾਕ, ਚਾਰ ਜ਼ਖ਼ਮੀ
ਸ਼ਹਿਣਾ (ਪੱਤਰ ਪ੍ਰੇਰਕ): ਬਲਾਕ ਸ਼ਹਿਣਾ ਦੇ ਪਿੰਡ ਨਾਨਕਪੁਰਾ ਨੇੜੇ ਬੇਕਾਬੂ ਕਾਰ ਦਰਖ਼ਤ ਨਾਲ ਟਕਰਾ ਗਈ ਅਤੇ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦ ਕਿ ਚਾਰ ਜਖ਼ਮੀ ਹੋ ਗਏ। ਇਹ ਪੰਜੇ ਇੱਕ ਹੀ ਪਰਿਵਾਰ ਦੇ ਮੈਂਬਰ ਸਨ। ਗਿੱਲ ਪੱਤੀ ਮੌੜ ਦਾ ਰਣਜੀਤ ਸਿੰਘ ਪੁੱਤਰ ਸਾਧੂ ਸਿੰਘ, ਪਤਨੀ ਰਮਨਦੀਪ ਕੌਰ, ਦੋ ਪੁੱਤਰੀਆਂ ਅਵਨੀਤ ਕੌਰ ਅਤੇ ਰੁਪਿੰਦਰ ਕੌਰ ਨਾਲ ਕਾਰ ਵਿੱਚ ਸਵਾਰ ਹੋ ਕੇ ਕਿਸੇ ਰਿਸ਼ਤੇਦਾਰੀ ਵਿੱਚ ਜਾ ਰਹੇ ਸਨ। ਕਾਰ ਨੂੰ ਰਿਸ਼ਤੇਦਾਰੀ ਵਿੱਚੋਂ ਹੀ ਕੋਈ ਲੜਕਾ ਚਲਾ ਰਿਹਾ ਸੀ। ਪਿੰਡ ਨਾਨਕਪੁਰਾ ਨੇੜੇ ਕਾਰ ਬੇਕਾਬੂ ਹੋ ਗਈ ਅਤੇ ਦਰਖ਼ਤ ਨਾਲ ਟਕਰਾ ਗਈ। ਹਾਦਸੇ ਵਿੱਚ ਜਖ਼ਮੀ ਰਣਜੀਤ ਸਿੰਘ ਨੂੰ ਡੀਐੱਮਸੀ ਲਿਜਾਇਆ ਜਾ ਰਿਹਾ ਸੀ, ਉਸ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਬਾਕੀ ਚਾਰੇ ਜਾਣੇ ਗੰਭੀਰ ਜ਼ਖ਼ਮੀ ਹਨ।
ਲਾਵਾਰਸ ਪਸ਼ੂ ਕਾਰਨ ਵਾਪਰਿਆ ਹਾਦਸਾ, ਔਰਤ ਦੀ ਮੌਤ
ਅਬੋਹਰ (ਪੱਤਰ ਪ੍ਰੇਰਕ): ਇੱਥੇ ਵੀਰਵਾਰ ਰਾਤ ਨੂੰ ਸ੍ਰੀਗੰਗਾਨਗਰ ਰੋਡ ਪਿੰਡ ਦੌਲਤਪੁਰਾ ਕੋਲ ਲਾਵਾਰਸ ਪਸ਼ੂ ਕਾਰਨ ਔਰਤ ਦੀ ਮੌਤ ਹੋ ਗਈ। ਸ੍ਰੀ ਗੰਗਾਨਗਰ ਦੀ ਰਹਿਣ ਵਾਲੀ ਸੁਮਿੱਤਰਾ ਦੇਵੀ (50) ਆਪਣੇ ਪਤੀ ਗਣੇਸ਼ ਕੁਮਾਰ ਦੇ ਨਾਲ ਮੋਟਰਸਾਈਕਲ ’ਤੇ ਨਵੀ ਆਬਾਦੀ ਗਲੀ ਨੰਬਰ 3 ’ਚ ਆਪਣੇ ਭਰਾ ਜਮਨਾ ਦਾਸ ਦੇ ਘਰ ਆਈ ਸੀ। ਭਰਾ ਦੇ ਘਰ ਪੋਤਰਾ ਹੋਣ ਦੀ ਖੁਸ਼ੀ ਬਾਬੇ ਕੋਲ ਜਾਣਾ ਸੀ। ਰਾਤ ਕਰੀਬ 8 ਵਜੇ ਦੋਵੇਂ ਪਤੀ-ਪਤਨੀ ਮੋਟਰਸਾਈਕਲ ’ਤੇ ਵਾਪਸ ਸ੍ਰੀਗੰਗਾਨਗਰ ਜਾ ਰਹੇ ਸਨ ਕਿ ਪਿੰਡ ਦੌਲਤਪੁਰਾ ਨੇੜੇ ਹਨੇਰਾ ਹੋਣ ਕਾਰਨ ਮੋਟਰਸਾਈਕਲ ਸੜਕ ’ਤੇ ਬੈਠੇ ਪਸ਼ੂ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਸੁਮਿੱਤਰਾ ਦੇਵੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਗਣੇਸ਼ ਕੁਮਾਰ ਨੂੰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਨਵੀਂ ਅਨਾਜ ਮੰਡੀ ਵਿੱਚੋਂ ਲਾਸ਼ ਮਿਲੀ
ਅਬੋਹਰ (ਪੱਤਰ ਪ੍ਰੇਰਕ): ਇਥੋਂ ਦੀ ਨਵੀਂ ਅਨਾਜ ਮੰਡੀ ’ਚ ਇਕ ਵਿਅਕਤੀ ਦੀ ਸ਼ੱਕੀ ਹਾਲਤ ’ਚ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਪੀਡਬਲਿਊਡੀ ਵਿਭਾਗ ਦੇ ਸੀਨੀਅਰ ਸਹਾਇਕ ਪ੍ਰਵੀਨ ਕੁਮਾਰ ਮੁੰਜਾਲ ਵਾਸੀ ਨਾਨਕ ਗਲੀ ਨੰਬਰ 7 ਵਜੋਂ ਹੋਈ ਹੈ। ਪ੍ਰਵੀਨ ਕੁਮਾਰ ਵੀਰਵਾਰ ਰਾਤ ਤੋਂ ਘਰੋਂ ਲਾਪਤਾ ਸੀ। ਸ਼ੁੱਕਰਵਾਰ ਤੜਕੇ ਉਸ ਦੀ ਲਾਸ਼ ਨਵੀਂ ਅਨਾਜ ਮੰਡੀ ’ਚੋਂ ਮਿਲੀ। ਦੱਸਿਆ ਜਾਂਦਾ ਹੈ ਕਿ ਉਹ ਸਕੂਟੀ ’ਤੇ ਸਵਾਰ ਹੋ ਕੇ ਆਇਆ ਸੀ ਅਤੇ ਜਿਵੇਂ ਹੀ ਉਹ ਉਥੇ ਆਇਆ ਤਾਂ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਪੁਲੀਸ ਦਾ ਕਹਿਣਾ ਹੈ ਕਿ ਫਿਲਹਾਲ ਮਾਮਲਾ ਸ਼ੱਕੀ ਨਜ਼ਰ ਆ ਰਿਹਾ ਹੈ, ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।