ਵਿਦਿਆਰਥੀਆਂ ਨੇ ਯੂਥ ਫੈਸਟੀਵਲ ਦੇ ਤੀਜੇ ਦਿਨ ਵੀ ਬੰਨ੍ਹਿਆ ਰੰਗ
ਲਖਵਿੰਦਰ ਸਿੰਘ
ਮਲੋਟ, 7 ਨਵੰਬਰ
ਇਥੇ ਮਹਾਰਾਜਾ ਰਣਜੀਤ ਸਿੰਘ ਕਾਲਜ ਵਿੱਚ ਚੱਲ ਰਹੇ ਪੰਜ ਰੋਜ਼ਾ ਯੂਥ ਫੈਸਟੀਵਲ ਦੇ ਤੀਜੇ ਦਿਨ ਵੀ ਵਿਦਿਆਰਥੀਆਂ ਨੇ ਖੂਬ ਰੰਗ ਬੰਨ੍ਹਿਆ। ਅੱਜ ਸਮਾਗਮ ਦੌਰਾਨ ਵਿਜੇ ਲਕਸ਼ਮੀ ਭਾਦੂ, ਚੇਅਰਪਰਸਨ ਡੀਪੀਐਸਸੀ ਕਾਲਜ ਅਬੋਹਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਚੰਗੇ ਆਚਰਣ ਨੂੰ ਲੈ ਕੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਸ਼ਾਮ ਦੇ ਪ੍ਰੋਗਰਾਮ ਦੌਰਾਨ ਸੀਨੀਅਰ ‘ਆਪ’ ਆਗੂ ਜਗਦੇਵ ਸਿੰਘ ਬਾਂਮ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਓਐੱਸਡੀ ਗੁਰਚਰਨ ਸਿੰਘ ਅਤੇ ਗੋਰਾ ਸੰਧੂ ਆਦਿ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ। ਇਸ ਫੈਸਟੀਵਲ ਵਿੱਚ ਸ੍ਰੀ ਮੁਕਤਸਰ ਸਾਹਿਬ ਜ਼ੋਨ ਦੇ ਕੁੱਲ 29 ਕਾਲਜਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਕਾਲਜ ਵਿੱਚ ਹੀ ਇੱਕੋ ਵੇਲੇ ਵੱਖ-ਵੱਖ ਹਾਲਾਂ ਵਿੱਚ ਲੱਗੀਆਂ 4 ਸਟੇਜਾਂ, ਜਿਨ੍ਹਾਂ ’ਤੇ ਚੱਲ ਰਹੇ ਭੰਡਾਂ ਦੇ ਸਮਾਗਮ, ਲੋਕ ਗੀਤ ਦੇ ਮੁਕਾਬਲੇ ਅਤੇ ਪੁਰਾਤਨ ਵਿਰਸੇ ਨਾਲ ਜੁੜੀਆਂ ਚੀਜ਼ਾਂ ਪੀੜੀ, ਮੰਜਾ, ਛਿੱਕੂ, ਦਰੀਆਂ ਤੇ ਟੋਕਰੀਆਂ ਆਦਿ ਬੁਣਨ ਦੇ ਮੁਕਾਬਲੇ ਖਿੱਚ ਦਾ ਕੇਂਦਰ ਰਹੇ। ਫੈਸਟੀਵਲ ਦੌਰਾਨ ਕਾਲਜ ਪ੍ਰਬੰਧਕਾਂ ਵੱਲੋਂ ਕੀਤੇ ਗਏ ਸੁਚੱਜੇ ਪ੍ਰਬੰਧ ਵੀ ਚਰਚਾ ਦਾ ਵਿਸ਼ਾ ਬਣੇ। ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ, ਜਨਰਲ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ, ਸਕੱਤਰ ਪ੍ਰਿਤਪਾਲ ਸਿੰਘ ਗਿੱਲ, ਦਲਜਿੰਦਰ ਸਿੰਘ ਬਿੱਲਾ ਸੰਧੂ, ਹਰਦੀਪ ਸਿੰਘ ਦੀਪ ਕੌਲਿਆਂਵਾਲੀ ਡਾਇਰੈਕਟਰ ਅਤੇ ਪ੍ਰਿੰਸੀਪਲ ਰਜਿੰਦਰ ਸਿੰਘ ਸੇਖੋਂ ਆਦਿ ਵੱਲੋਂ ਆਏ ਹੋਏ ਸਮੂਹ ਮਹਿਮਾਨਾਂ, ਵਿਦਿਆਰਥੀਆਂ, ਮਾਪਿਆਂ ਅਤੇ ਵੱਖ-ਵੱਖ ਕਾਲਜਾਂ ਦੇ ਸਟਾਫ ਨੂੰ ਜੀ ਆਇਆਂ ਕਿਹਾ।