ਸਡ਼ਕ ਹਾਦਸੇ ’ਚ ਤਿੰਨ ਹਲਾਕ; ਦੋ ਜ਼ਖ਼ਮੀ
ਪੱਤਰ ਪ੍ਰੇਰਕ
ਬੰਗਾ, 2 ਜੁਲਾਈ
ਇਥੇ ਅੱਜ ਸਵੇਰੇ ਵਾਪਰੇ ਸਡ਼ਕ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖ਼ਮੀ ਹੋ ਗਏ। ਮਿਤ੍ਰਕਾਂ ਦੀ ਪਛਾਣ ਭੁਪਿੰਦਰ ਸਿੰਘ ਪੁੱਤਰ ਹਰਬੰਸ ਸਿੰਘ, ਸੋਨੂੰ ਬਾਲਾ ਪਤਨੀ ਜਗਦੀਪ ਪੁੰਨ ਗ੍ਰੀਨ ਐਵੀਨਿਊ ਵਾਸੀ ਬੰਗਾ ਅਤੇ ਅਮਰ ਨਾਥ ਪੁੱਤਰ ਜਗਤਾਰ ਰਾਮ ਵਾਸੀ ਪਿੰਡ ਗੋਸਲ ਵਜੋਂ ਹੋਈ ਹੈ। ਇਸ ਦੇ ਨਾਲ ਭੁਪਿੰਦਰ ਸਿੰਘ ਦੀ ਪੋਤੀ ਅੰਕਿਤਾ ਪੁੱਤਰੀ ਜਗਦੀਪ ਪੁੰਨ ਗ੍ਰੀਨ ਐਵੀਨਿਊ ਬੰਗਾ ਅਤੇ ਅਵਤਾਰ ਚੰਦ ਨਿਵਾਸੀ ਵਾਸੀ ਦੁਸਾਂਝ ਖੁਰਦ ਜ਼ਖ਼ਮੀ ਹੋਏ ਹਨ।
ਇਹ ਹਾਦਸਾ ਇੱਥੋਂ ਦੇ ਰਾਧਾ ਸੁਆਮੀ ਸਤਿਸੰਗ ਘਰ ਅੱਗੇ ਨਵਾਂ ਸ਼ਹਿਰ ਰੋਡ ’ਤੇ ਵਾਪਰਿਆ ਜਦੋਂ ਉਕਤ ਮੈਂਬਰ ਸਤਿਸੰਗ ਸੁਣ ਕੇ ਬਾਹਰ ਨਿਕਲੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਕਾਰ (ਸੀਐਚ 04 ਈ 3788) ਦਾ ਸਤੁੰਲਨ ਵਿਗਡ਼ ਜਾਣ ਕਾਰਨ ਵਾਪਰਿਆ। ਸਥਾਨਕ ਪੁਲੀਸ ਵਲੋਂ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੌਕੇ ’ਤੇ ਉਪ ਪੁਲੀਸ ਕਪਤਾਨ ਸਰਵਨ ਸਿੰਘ ਬੱਲ ਨੇ ਦੱਸਿਆ ਕਿ ਹਾਦਸੇ ਦੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਸਾਰੇ ਸਤਿਸੰਗ ਦੀ ਸਮਾਪਤੀ ਤੋਂ ਬਾਅਦ ਆਪੋ ਆਪਣੇ ਸਾਧਨਾਂ ਸਾਈਕਲ, ਸਕੂਟਰ ਤੇ ਮੋਟਰਸਾਈਕਲਾਂ ਸਮੇਤ ਸੜਕ ਪਾਰ ਕਰਨ ਲਈ ਖੜ੍ਹੇ ਸਨ ਕਿ ਉਕਤ ਕਾਰ ਉਹਨਾਂ ਨੂੰ ਦਰੜ ਗਈ।
ਬੱਸ ਨੇ ਮੋਟਰਸਾਈਕਲ ਸਵਾਰ ਨੂੰ ਦਰੜਿਆ
ਚੇਤਨਪੁਰਾ (ਪੱਤਰ ਪ੍ਰੇਰਕ): ਅੰਮ੍ਰਿਤਸਰ ਤੋਂ ਫਤਿਹਗੜ੍ਹ ਚੂੜੀਆਂ ਰੋਡ ਵਾਇਆ ਸੰਗਤਪੁਰਾ ਸੜਕ ਦੀ ਖਸਤਾ ਹਾਲਤ ਕਾਰਨ ਮੱਝੂਪੁਰਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ (40) ਪੁੱਤਰ ਦਰਸ਼ਨ ਸਿੰਘ ਵਾਸੀ ਹਰਦਰਵਾਲ ਜਿਲ੍ਹਾ ਗੁਰਦਾਸਪੁਰ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ ਕਿ ਮੱਝੂਪੁਰਾ ਨੇੜੇ ਇਕ ਪਾਸੇ ਪਸ਼ੂ ਸੜਕ ’ਤੇ ਜਾ ਰਹੇ ਸਨ ਤੇ ਦੂਜੇ ਪਾਸੇ ਤੋ ਆ ਰਹੀ ਪ੍ਰਾਈਵੇਟ ਕੰਪਨੀ ਦੀ ਬੱਸ ਨੰ. ਪੀਬੀ 06-9933 ਜੋ ਅੰਮ੍ਰਿਤਸਰ ਵਾਲੇ ਪਾਸੇ ਤੋ ਆ ਰਹੀ ਸੀ। ਪਸ਼ੂ ਦੇ ਅੱਗੇ ਆਉਣ ਕਾਰਨ ਵਿਅਕਤੀ ਦਾ ਮੋਟਰਸਾਈਕਲ ਬੱਸ ਦੇ ਸਾਹਮਣੇ ਡਿੱਗ ਪਿਆ ਤੇ ਉਕਤ ਨੌਜਵਾਨ ਬੁਰੀ ਤਰ੍ਹਾ ਕੁਚਲਿਆ ਗਿਆ, ਜਿਸ ਦੀ ਮੌਕੇ ’ਤੇ ਮੌਤ ਹੋ ਗਈ। ਇਲਾਕਾ ਵਾਸੀਆਂ ਨੇ ਸੜਕ ਬਣਾਉਣ ਲਈ ਹੋ ਰਹੀ ਦੇਰੀ ਲਈ ਪ੍ਰਸ਼ਾਸਨ ਨੂੰ ਇਸ ਮੌਤ ਦਾ ਜਿ਼ੰਮੇਵਾਰ ਠਹਿਰਾਇਆ ਅਤੇ ਗੁੱਜਰਾ ਦੇ ਪਸ਼ੂਆਂ ਨੂੰ ਵੀ ਵੱਡੀਆ ਸੜਕਾ ਤੇ ਜਾਣ ਤੋ ਰੋਕਣ ਦੀ ਅਪੀਲ ਕੀਤੀ। ਓਧਰ, ਝੰਡੇਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕਿ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।