ਰਵਜੋਤ ਨੇ ਨਵ-ਨਿਯੁਕਤ ਡਾਕਟਰਾਂ ਨੂੰ ਨਿਯੁਕਤੀ ਪੱਤਰ ਸੌਂਪੇ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 26 ਨਵੰਬਰ
ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਰਾਜ ਸਰਕਾਰ ਵੱਲੋਂ ਨਿਯੁਕਤ ਕੀਤੇ 24 ਐੱਮ.ਬੀ.ਬੀ.ਐੱਸ ਡਾਕਟਰਾਂ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਹਾਊਸ ਸਰਜਨ ਵਜੋਂ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਵੀ ਮੌਜੂਦ ਸਨ।
ਇਸ ਮੌਕੇ ਡਾ. ਰਵਜੋਤ ਨੇ ਕਿਹਾ ਕਿ ਇਨ੍ਹਾਂ ਦੀ ਨਿਯੁਕਤੀ ਨਾਲ ਸਿਵਲ ਹਸਪਤਾਲ ਅਤੇ ਸਬ-ਡਿਵੀਜ਼ਨਾਂ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਹੋਰ ਵੀ ਬੇਹਤਰ ਢੰਗ ਨਾਲ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ 24 ਡਾਕਟਰਾਂ ਵਿੱਚੋਂ 8 ਸਿਵਲ ਹਸਪਤਾਲ ਹੁਸ਼ਿਆਰਪੁਰ, 4 ਸਬ-ਡਿਵੀਜ਼ਨ ਹਸਪਤਾਲ ਗੜ੍ਹਸ਼ੰਕਰ, 5 ਦਸੂਹਾ ਅਤੇ 2 ਮੁਕੇਰੀਆਂ ਵਿੱਚ ਤਾਇਨਾਤ ਹੋਣਗੇ।
ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਵੀ ਕ੍ਰਾਂਤੀਕਾਰੀ ਕਦਮ ਚੁੱਕੇ ਗਏ ਹਨ ਅਤੇ ਪਿਛਲੇ ਢਾਈ ਸਾਲਾਂ ਦੌਰਾਨ 50 ਹਜ਼ਾਰ ਦੇ ਕਰੀਬ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਵਿਚ ਭਰਤੀ ਕੀਤਾ ਗਿਆ ਹੈ। ਨਵੇਂ ਤਾਇਨਾਤ ਕੀਤੇ ਹਾਊਸ ਸਰਜਨਾਂ ਨੇ ਭਰੋਸਾ ਦਵਾਇਆ ਕਿ ਉਹ ਪੂਰੀ ਸਮਰਪਣ ਭਾਵਨਾ ਨਾਲ ਸਿਹਤ ਸੇਵਾਵਾਂ ਦੇਣਾ ਯਕੀਨੀ ਬਣਾਉਣਗੇ।
ਇਸ ਮੌਕੇ ਸਿਵਲ ਸਰਜਨ ਡਾ. ਪਵਨ ਸ਼ਗੋਤਰਾ, ਸਹਾਇਕ ਸਿਵਲ ਸਰਜਨ ਡਾ. ਕਮਲੇਸ਼, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਬੰਸ ਕੌਰ, ਡੀਆਈਓ ਸੀਮਾ ਗਰਗ, ਡੀਐੱਫਪੀਓ ਡਾ. ਅਨੀਤਾ, ਡੀਐੱਚਓ ਡਾ. ਜਤਿੰਦਰ ਭਾਟੀਆ, ਐੱਸਐੱਮਓ ਡਾ. ਸਵਾਤੀ ਅਤੇ ਡਾ. ਕੁਲਦੀਪ ਸਿੰਘ ਮੌਜੂਦ ਸਨ।