ਐੱਸਏਐੱਫ ਦੇ ਜਵਾਨਾਂ ਨੂੰ ਲਿਜਾ ਰਹੀ ਬੱਸ ਤੇ ਕਾਰ ਦੀ ਟੱਕਰ ’ਚ ਤਿੰਨ ਹਲਾਕ
ਸਿਓਨੀ (ਮੱਧ ਪ੍ਰਦੇਸ਼), 6 ਅਪਰੈਲ
ਮੱਧ ਪ੍ਰਦੇਸ਼ ਦੇ ਸਿਵਨੀ ਜ਼ਿਲ੍ਹੇ ’ਚ ਵਿਸ਼ੇਸ਼ ਹਥਿਆਰਬੰਦ ਬਲ (ਐੱਸਏਐੱਫ) ਦੇ ਜਵਾਨਾਂ ਨੂੰ ਲਿਜਾ ਰਹੀ ਇਕ ਬੱਸ ਤੇ ਇੱਕ ਕਾਰ ਦੀ ਟੱਕਰ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 26 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਪੁਲੀਸ ਨੇ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਇਕ ਜਵਾਨ ਨੂੰ ਗੰਭੀਰ ਸੱਟਾਂ ਵੱਜੀਆਂ ਹਨ ਅਤੇ ਉਸ ਨੂੰ ਇਲਾਜ ਲਈ ਗੁਆਂਢੀ ਸੂਬੇ ਮਹਾਰਾਸ਼ਟਰ ਦੇ ਨਾਗਪੁਰ ਭੇਜਿਆ ਗਿਆ ਹੈ। ਇਹ ਹਾਦਸਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਤਕਰੀਬਨ 50 ਕਿਲੋਮੀਟਰ ਦੂਰ ਸਿਓਨੀ-ਮੰਡਲਾ ਰਾਜ ਮਾਰਗ ’ਤੇ ਧਨਗੜਾ ਪਿੰਡ ਨੇੜੇ ਲੰਘੀ ਦੇਰ ਰਾਤ ਤਕਰੀਬਨ ਇੱਕ ਵਜੇ ਵਾਪਰਿਆ। ਕੇਵਲਾਰੀ ਥਾਣੇ ਦੇ ਇੰਚਾਰਜ ਚੈਨ ਸਿੰਘ ਉਈਕੇ ਨੇ ਦੱਸਿਆ ਕਿ ਸੂਬਾ ਪੁਲੀਸ ਦੀ ਐੱਸਏਐੱਫ ਦੀ 35ਵੀਂ ਬਟਾਲੀਅਨ ਦੇ ਜਵਾਨਾਂ ਨੂੰ ਮੰਡਲਾ ਤੋਂ ਲਿਜਾ ਰਹੀ ਇੱਕ ਬੱਸ ਕਾਰ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਕਾਰ ਵਿੱਚ ਚਾਲਕ ਸਮੇਤ ਪੰਜ ਜਣੇ ਸਵਾਰ ਸਨ। ਇਸ ਹਾਦਸੇ ’ਚ ਕਾਰ ਸਵਾਰ ਕਨ੍ਹੱਈਆ ਜਸਵਾਨੀ (75), ਨਿਕਲੇਸ਼ ਜਸਵਾਨੀ (45) ਅਤੇ ਚਾਲਕ ਪੁਰਸ਼ੋਤਮ ਮਹੋਬੀਆ (37) ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਹ ਮ੍ਰਿਤਕ ਮੰਡਲਾ ਦੇ ਰਹਿਣ ਵਾਲੇ ਸਨ। ਇਸ ਹਾਦਸੇ ’ਚ ਜ਼ਖ਼ਮੀ ਹੋਏ ਦੋ ਹੋਰ ਕਾਰ ਸਵਾਰਾਂ ਦਾ ਇਲਾਜ ਕੇਵਲਾਰੀ ਦੇ ਸਰਕਾਰੀ ਹਸਪਤਾਲ ’ਚ ਕੀਤਾ ਜਾ ਰਿਹਾ ਹੈ। -ਪੀਟੀਆਈ