ਸੜਕ ਹਾਦਸਿਆਂ ਵਿੱਚ ਬੱਚੀ ਸਣੇ ਤਿੰਨ ਹਲਾਕ
ਪੱਤਰ ਪ੍ਰੇਰਕ
ਡੇਰਾਬੱਸੀ, 14 ਸਤੰਬਰ
ਸ਼ਹਿਰ ਵਿੱਚ ਦੋ ਸੜਕ ਹਾਦਸਿਆਂ ਵਿੱਚ ਪੰਜ ਸਾਲਾ ਦੀ ਬੱਚੀ ਸਣੇ ਦੋ ਜਣਿਆਂ ਦੀ ਮੌਤ ਹੋ ਗਈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਮੁਬਾਰਕਪੁਰ ਚੌਂਕੀ ਇੰਚਾਰਜ ਰਣਬੀਰ ਸਿੰਘ ਨੇ ਦੱਸਿਆ ਕਿ ਪਿੰਡ ਕਕਰਾਲੀ ਵਿਖੇ ਪੰਜ ਸਾਲਾ ਦੀ ਲੜਕੀ ਸੜਕ ਪਾਰ ਕਰ ਰਹੀ ਸੀ। ਇਸ ਦੌਰਾਨ ਮੁਬਾਰਕਪੁਰ ਵਾਲੇ ਪਾਸੇ ਤੋਂ ਇਕ ਅਣਪਛਾਤੇ ਕਾਰ ਚਾਲਕ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਦੀ ਹਸਪਤਾਲ ’ਚ ਇਲਾਜ ਮੌਤ ਹੋ ਗਈ। ਹਾਦਸੇ ਤੋਂ ਬਾਅਦ ਦੋਸ਼ੀ ਕਾਰ ਚਾਲਕ ਵਾਹਨ ਸਣੇ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਪੰਜ ਸਾਲਾ ਦੀ ਰਿਤੀਕਾ ਪੁੱਤਰੀ ਦਸਾਈ ਪਾਸਵਾਨ ਵਾਸੀ ਪਿੰਡ ਕਕਰਾਲੀ ਦੇ ਰੂਪ ਵਿੱਚ ਹੋਈ ਹੈ। ਪੁਲੀਸ ਨੇ ਮ੍ਰਿਤਕਾ ਦੇ ਪਿਓ ਦੀ ਸ਼ਿਕਾਇਤ ’ਤੇ ਫ਼ਰਾਰ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਦੂਜੇ ਹਾਦਸਾ ਬਾਰੇ ਜਾਣਕਾਰੀ ਦਿੰਦਿਆਂ ਪ੍ਰੀਤਮ ਕੁਮਾਰ ਹਾਲ ਵਾਸੀ ਨੇੜੇ ਮੋਰਨੀ ਵਾਲਾ ਖੂਹ ਨੇ ਦੱਸਿਆ ਕਿ ਉਹ ਅਤੇ ਉਸ ਦੇ ਪਿਤਾ ਵੱਖਰੀ ਵੱਖਰੀ ਸਾਈਕਲ ’ਤੇ ਸਵਾਰ ਹੋ ਕੇ ਪਿੰਡ ਜਵਾਹਰਪੁਰ ਤੋਂ ਡੇਰਾਬੱਸੀ ਵਲ ਆ ਰਹੇ ਸੀ। ਇਸ ਦੌਰਾਨ ਅੰਬਾਲਾ ਵਾਲੇ ਪਾਸੇ ਤੋਂ ਆਏ ਇਕ ਅਣਪਛਾਤੇ ਵਾਹਨ ਨੇ ਉਸ ਦੇ ਅੱਗੇ ਸਾਈਕਲ ’ਤੇ ਜਾ ਰਹੇ ਉਸ ਦੇ ਪਿਤਾ ਸਾਹਿਬ ਰਾਮ ਵਾਸੀ ਮੋਰਨੀ ਵਾਲਾ ਖੂਹ ਡੇਰਾਬੱਸੀ ਦੀ ਸਾਈਕਲ ਨੂੰ ਫੇਟ ਮਾਰ ਦਿੱਤੀ। ਹਾਦਸੇ ਵਿੱਚ ਉਸਦੇ ਪਿਤਾ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਚੰਡੀਗੜ੍ਹ ਸੈਕਟਰ 32 ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਉਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਬਨੂੜ (ਪੱਤਰ ਪ੍ਰੇਰਕ): ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਮਾਰਗ ਉੱਤੇ ਅੱਜ ਸਵੇਰੇ ਦਸ ਕੁ ਵਜੇ ਦੇ ਕਰੀਬ ਪਿੰਡ ਬਾਸਮਾਂ ਨੇੜੇ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਮੋਟਰਸਾਈਕਲ ਟਕਰਾਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਲਾਭ ਸਿੰਘ (50) ਪੁੱਤਰ ਬਲਬੀਰ ਸਿੰਘ ਵਜੋਂ ਹੋਈ ਹੈ ਅਤੇ ਉਹ ਅੰਬਾਲਾ ਦਾ ਵਸਨੀਕ ਸੀ।
ਖਤਾਨਾਂ ਵਿੱਚ ਬੱਸ ਪਲਟੀ; 13 ਸਵਾਰੀਆਂ ਜ਼ਖ਼ਮੀ
ਨੂਰਪੁਰ ਬੇਦੀ (ਪੱਤਰ ਪ੍ਰੇਰਕ): ਨੂਰਪੁਰ ਬੇਦੀ-ਬਲਾਚੌਰ ਮੇਨ ਮਾਰਗ ਤੇ ਪੈਂਦੇ ਪਿੰਡ ਘਾਹੀਮਾਜਰਾ ਦੇ ਨਜ਼ਦੀਕ ਇੱਕ ਨਿੱਜੀ ਕੰਪਨੀ ਦੀ ਮਿਨੀ ਬੱਸ ਅਚਾਨਕ ਪਹਾੜੀ ਖੇਤਰ ਵਿੱਚ ਸਲਿੱਪ ਕਰਕੇ ਇੱਕ ਡੂੰਘੀ ਖਾਈ ਵਿੱਚ ਜਾ ਡਿੱਗੀ। ਇਹ ਬੱਸ ਡੇਢ ਦਰਜਨ ਦੇ ਕਰੀਬ ਸਵਾਰੀਆਂ ਸਨ ਜਿਨ੍ਹਾਂ ਵਿੱਚ 13 ਸਵਾਰੀਆਂ ਜ਼ਖਮੀ ਹੋ ਗਈਆਂ। ਜਿਨ੍ਹਾਂ ਵਿੱਚ 3 ਸਵਾਰੀਆਂ ਜਿਆਦਾ ਗੰਭੀਰ ਹੋਣ ਕਾਰਣ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ਭੇਜਿਆ ਗਿਆ ਜਦਕਿ ਬਾਕੀ ਫੱਟੜ ਸਰਕਾਰੀ ਹਸਪਤਾਲ ਸਿੰਘਪੁਰ ਜ਼ੇਰੇ ਇਲਾਜ ਹਨ। ਉਕਤ ਹਾਦਸੇ ਦਾ ਪਤਾ ਲੱਗਣ ਤੇ ਰੂਪਨਗਰ ਦੇ ਐਸਐਸਪੀ ਵਿਵੇਕਸ਼ੀਲ ਸੋਨੀ, ਐਸਡੀਐਮ ਸ਼੍ਰੀ ਆਨੰਦਪੁਰ ਸਾਹਿਬ ਮਨਦੀਪ ਸਿੰਘ, ਡੀਐਸਪੀ ਸ਼੍ਰੀ ਆਨੰਦਪੁਰ ਸਾਹਿਬ ਅਜੈ ਸਿੰਘ ੇ ਕਈ ਸਮਾਜ ਸੇਵੀ ਸੰਸਥਾਵਾਂ ਤੇ ਨੁਮਾਇੰਦਿਆਂ ਨੇ ਬਚਾਓ ਕਾਰਜ ਸ਼ੁਰੂ ਕਰ ਦਿੱਤੇ। ਇਸ ਮੌਕੇ ਐਸਐਸਪੀ ਰੂਪਨਗਰ ਸ਼੍ਰੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਸਾਹਮਣੇ ਤੋਂ ਆ ਰਹੀ ਇੱਕ ਟਰੈਕਟਰ ਟਰਾਲੀ ਨੂੰ ਬਚਾਉਂਦੇ ਸਮੇਂ ਉਕਤ ਬੱਸ ਡੂੰਘੀ ਖਾਈ ਵਿੱਚ ਪਲਟ ਗਈ। ਉਨ੍ਹਾਂ ਦੱਸਿਆ ਕਿ 3 ਗੰਭੀਰ ਜ਼ਖਮੀਆਂ ਨੂੰ ਸਿਵਲ ਹਸਪਤਾਲ ਰੂਪਨਗਰ ਰੈਫਰ ਕੀਤਾ ਗਿਆ।