For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਵਿੱਚ 24 ਘੰਟੇ ਦੁਕਾਨਾਂ ਖੋਲ੍ਹਣ ਦੇ ਫ਼ੈਸਲੇ ਨੂੰ ਮੱਠਾ ਹੁੰਗਾਰਾ

06:31 AM Jul 05, 2024 IST
ਚੰਡੀਗੜ੍ਹ ਵਿੱਚ 24 ਘੰਟੇ ਦੁਕਾਨਾਂ ਖੋਲ੍ਹਣ ਦੇ ਫ਼ੈਸਲੇ ਨੂੰ ਮੱਠਾ ਹੁੰਗਾਰਾ
ਚੰਡੀਗੜ੍ਹ ਦੇ ਸੈਕਟਰ-17 ਵਿੱਚ ਵੀਰਵਾਰ ਨੂੰ ਰਾਤ ਸਮੇਂ ਬੰਦ ਪਈ ਮਾਰਕੀਟ। -ਫੋਟੋ: ਨਿਤਿਨ ਮਿੱਤਲ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 4 ਜੁਲਾਈ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਵਪਾਰੀਆਂ ਦੇ ਕਾਰੋਬਾਰ ਨੂੰ ਹੁਲਾਰਾ ਦੇਣ ਲਈ ਅਤੇ ਲੋਕਾਂ ਨੂੰ ਹਰ ਸਮੇਂ ਲੜੀਂਦੇ ਸਾਮਾਨ ਦੀ ਖਰੀਦੋ-ਫਰੋਖਤ ਕਰਨ ਦੀ ਸਹੂਲਤ ਮੁਹੱਈਆ ਕਰਨ ਵਾਸਤੇ 24 ਘੰਟੇ ਦੁਕਾਨਾਂ ਖੋਲ੍ਹਣ ਦੇ ਆਦੇਸ਼ ਦਿੱਤੇ ਗਏ ਹਨ ਪਰ ਸਿਟੀ ਬਿਊਟੀਫੁਲ ਵਿੱਚ 24 ਘੰਟੇ ਦੁਕਾਨਾਂ ਖੋਲ੍ਹਣ ਦੇ ਫੈਸਲੇ ਨੂੰ ਮੱਠਾ ਹੁੰਗਾਰਾ ਮਿਲ ਰਿਹਾ ਹੈ। ਪ੍ਰਸ਼ਾਸਨ ਨੇ 25 ਜੂਨ ਨੂੰ 24 ਘੰਟੇ ਦੁਕਾਨਾਂ ਖੋਲ੍ਹ ਸਕਣ ਦੇ ਆਦੇਸ਼ ਜਾਰੀ ਕਰ ਦਿੱਤੇ ਸਨ, ਪਰ ਅੱਜ 10 ਦਿਨ ਬੀਤਣ ਦੇ ਬਾਵਜੂਦ ਕੋਈ ਵੀ ਦੁਕਾਨਦਾਰ ਇਸ ਸਬੰਧੀ ਅੱਗੇ ਨਹੀਂ ਆਇਆ ਹੈ।
ਯੂਟੀ ਪ੍ਰਸ਼ਾਸਨ ਵੱਲੋਂ ਜਾਰੀ ਆਦੇਸ਼ ਅਨੁਸਾਰ ਸ਼ਹਿਰ ਵਿੱਚ 24 ਘੰਟੇ ਦੁਕਾਨਾਂ ਖੋਲ੍ਹਣ ਦੇ ਚਾਹਵਾਨ ਦੁਕਾਨਦਾਰਾਂ ਨੂੰ ਕਿਰਤ ਵਿਭਾਗ ਕੋਲ ਨਿਯਮਾਂ ਦੀ ਪੂਰਤੀ ਸਬੰਧੀ ਲਿਖਤ ਤੌਰ ’ਤੇ ਸੂਚਿਤ ਕਰਨਾ ਸੀ। ਕਿਰਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਹਾਲੇ ਤੱਕ ਸ਼ਹਿਰ ਵਿੱਚ 24 ਘੰਟੇ ਦੁਕਾਨ ਖੋਲ੍ਹਣ ਲਈ ਕਿਸੇ ਵੀ ਦੁਕਾਨਦਾਰ ਵੱਲੋਂ ਸੂਚਿਤ ਨਹੀਂ ਕੀਤਾ ਗਿਆ ਹੈ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 24 ਘੰਟੇ ਦੁਕਾਨ ਖੋਲ੍ਹਣ ਲਈ ਕੁਝ ਨਿਯਮ ਤੈਅ ਕੀਤੇ ਗਏ ਹਨ, ਜਿਨ੍ਹਾਂ ਨੂੰ ਪੂਰਾ ਕਰਨ ਅਤੇ ਰਾਤ ਦੇ ਸਮੇਂ ਲਈ ਸਟਾਫ਼ ਰੱਖਣ ਵਿੱਚ ਦੁਕਾਨਦਾਰਾਂ ਨੂੰ ਕੁਝ ਸਮਾਂ ਲੱਗ ਸਕਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਵਿੱਚੋਂ ਦੁਕਾਨਦਾਰ 24 ਘੰਟੇ ਦੁਕਾਨਾਂ ਖੋਲ੍ਹਣ ਲਈ ਅੱਗੇ ਆਉਣਗੇ। ਉੱਧਰ, ਚੰਡੀਗੜ੍ਹ ਵਪਾਰ ਮੰਡਲ ਦੇ ਜਨਰਲ ਸਕੱਤਰ ਸੰਜੀਵ ਚੱਢਾ ਨੇ ਕਿਹਾ ਕਿ 24 ਘੰਟੇ ਦੁਕਾਨਾਂ ਖੋਲ੍ਹਣ ਦਾ ਫੈਸਲਾ ਚੰਡੀਗੜ੍ਹ ਵਿੱਚ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੇ ਫੈਸਲੇ ਲੈਣ ਤੋਂ ਪਹਿਲਾਂ ਵਪਾਰੀਆਂ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ਵਪਾਰੀਆਂ ਦਾ ਭਲਾ ਕਰਨਾ ਚਾਹੁੰਦਾ ਹੈ ਤਾਂ ਉਹ ਪਹਿਲਾਂ ਵਪਾਰੀਆਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਪੂਰੀਆਂ ਕਰੇ। ਗੌਰਤਲਬ ਹੈ ਕਿ ਯੂਟੀ ਪ੍ਰਸ਼ਾਸਨ ਨੇ 25 ਜੂਨ ਨੂੰ 24 ਘੰਟੇ ਦੁਕਾਨਾਂ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਸੀ। ਪ੍ਰਸ਼ਾਸਨ ਨੇ 24 ਘੰਟੇ ਦੁਕਾਨਾਂ ਖੋਲ੍ਹਣ ਦੇ ਚਾਹਵਾਨਾਂ ਨੂੰ ਮੁਲਾਜ਼ਮਾਂ ਤੇ ਗਾਹਕਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ, ਸੀਸੀਟੀਵੀ ਕੈਮਰੇ ਲਗਾਉਣ ਦੀ ਹਦਾਇਤ ਕੀਤੀ ਸੀ। ਮੁਲਾਜ਼ਮਾਂ ਕੋਲੋਂ ਅੱਠ ਤੋਂ 10 ਘੰਟੇ ਤੱਕ ਹੀ ਕੰਮ ਲੈਣ ਦੇ ਨਿਰਦੇਸ਼ ਦਿੱਤੇ ਗਏ ਸਨ।

Advertisement

ਪ੍ਰਸ਼ਾਸਨ ਦਾ ਫੈਸਲਾ ਕਾਰਪੋਰੇਟ ਪੱਖੀ: ਬਲਵਿੰਦਰ ਸਿੰਘ ਉੱਤਮ

ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਸੈਕਟਰ-46 ਦੇ ਪ੍ਰਧਾਨ ਬਲਵਿੰਦਰ ਸਿੰਘ ਉੱਤਮ ਨੇ ਕਿਹਾ ਕਿ ਚੰਡੀਗੜ੍ਹ ਵਿੱਚ 24 ਘੰਟੇ ਦੁਕਾਨਾਂ ਖੋਲ੍ਹਣ ਦਾ ਫੈਸਲਾ ਛੋਟੇ ਦੁਕਾਨਦਾਰਾਂ ਦੇ ਹਿੱਤ ਵਿੱਚ ਨਹੀਂ ਹੈ ਬਲਕਿ ਕਾਰਪੋਰੇਟ ਪੱਖੀ ਫੈਸਲਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਨਿੱਤ ਕਾਰੋਬਾਰ ਘੱਟਦਾ ਜਾ ਰਿਹਾ ਹੈ, ਅਜਿਹੇ ਹਾਲਾਤ ਵਿੱਚ ਦੁਕਾਨਦਾਰ ਕੋਲ ਦਿਨ ਸਮੇਂ ਗਾਹਕ ਨਹੀਂ ਆ ਰਹੇ ਹਨ ਤਾਂ ਰਾਤ ਸਮੇਂ ਦੁਕਾਨਾਂ ਖੋਲ੍ਹਣ ਦਾ ਕੋਈ ਲਾਭ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਤ ਸਮੇਂ ਦੁਕਾਨ ਖੋਲ੍ਹਣ ਲਈ ਮੁਲਾਜ਼ਮ ਰੱਖਣਾ ਅਤੇ ਸੀਸੀਟੀਵੀ ਕੈਮਰੇ ਲਗਾਉਣ ਸਣੇ ਹੋਰ ਪ੍ਰਬੰਧ ਵੀ ਕਰਨੇ ਪੈਣਗੇ, ਜਿਸ ਦਾ ਬੋਝ ਦੁਕਾਨਦਾਰ ’ਤੇ ਹੀ ਪਵੇਗਾ। ਇਸ ਲਈ ਸ਼ਹਿਰ ਦੇ ਛੋਟੇ ਦੁਕਾਨਦਾਰ 24 ਘੰਟੇ ਦੁਕਾਨਾਂ ਖੋਲ੍ਹਣ ਦੇ ਹਿੱਤ ਵਿੱਚ ਨਹੀਂ ਹਨ।

Advertisement
Author Image

joginder kumar

View all posts

Advertisement
Advertisement
×