For the best experience, open
https://m.punjabitribuneonline.com
on your mobile browser.
Advertisement

ਕਾਹਨੂੰਵਾਨ ਖੇਤਰ ਦੇ ਪਿੰਡਾਂ ਵਿੱਚ ਤਿੰਨ-ਤਿੰਨ ਫੁੱਟ ਪਾਣੀ

10:08 AM Aug 20, 2023 IST
ਕਾਹਨੂੰਵਾਨ ਖੇਤਰ ਦੇ ਪਿੰਡਾਂ ਵਿੱਚ ਤਿੰਨ ਤਿੰਨ ਫੁੱਟ ਪਾਣੀ
ਬੇਟ ਖੇਤਰ ਦੇ ਪਿੰਡਾਂ ਵਿੱਚ ਪਾਣੀ ਚੜ੍ਹਨ ਦੀ ਜਾਣਕਾਰੀ ਦਿੰਦੇ ਹੋਏ ਭੈਣੀ ਖਾਦਰ ਦੇ ਲੋਕ।
Advertisement

ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 19 ਅਗਸਤ
ਧੁੱਸੀ ਬੰਨ੍ਹ ਵਿੱਚ ਜਗਤਪੁਰ ਟਾਂਡੇ ਵਿੱਚ ਅੱਧਾ ਪਾੜ ਪੂਰ ਲਿਆ ਗਿਆ ਹੈ ਪਰ ਬੇਟ ਦੇ ਆਖਰੀ ਪਿੰਡਾਂ ਵਿਚ ਹੜ੍ਹ ਦਾ ਪਾਣੀ ਬੀਤੀ ਰਾਤ ਪੁੱਜਿਆ ਜਿਸ ਕਾਰਨ ਬੇਟ ਖੇਤਰ ਦੇ ਪਿੰਡਾਂ ਵਿੱਚ ਸਹਿਮ ਫੈਲ ਗਿਆ। ਪਿੰਡ ਭੈਣੀ ਖਾਦਰ, ਕੋਟ ਖਾਂ ਮੁਹੰਮਦ, ਫੇਰੋਚੇਚੀ, ਰਾਜਪੁਰਾ, ਫੱਤੂ ਬਰਕਤ ਅਤੇ ਨੂੰਨ ਬਰਕਤ ਵਿੱਚ ਹੜ੍ਹ ਦਾ ਪਾਣੀ ਅੱਜ ਸਵੇਰ ਤੱਕ 3 ਤੋਂ 5 ਫੁੱਟ ਤੱਕ ਚੜ੍ਹ ਗਿਆ ਜਿਸ ਕਾਰਨ ਆਮ ਲੋਕਾਂ ਦੀਆਂ ਦਿੱਕਤਾਂ ਕਾਫ਼ੀ ਵਧ ਗਈਆਂ ਹਨ। ਇਥੇ ਪਾਣੀ ਆਉਣ ਕਾਰਨ ਖੇਤਾਂ ਵਿੱਚ ਘਰ ਬਣਾ ਕੇ ਰਹਿਣ ਵਾਲੇ ਲੋਕਾਂ ਨੇ ਜ਼ਰੂਰੀ ਸਾਮਾਨ ਅਤੇ ਮਾਲ ਡੰਗਰ ਲੈ ਕੇ ਸੁਰੱਖਿਅਤ ਥਾਵਾਂ ਵੱਲ ਚਾਲੇ ਪਾ ਦਿੱਤੇ ਹਨ। ਬੇਸ਼ੱਕ ਪਿੱਛੇ ਤੋਂ ਪਾਣੀ ਦਾ ਪੱਧਰ ਬਹੁਤ ਘਟ ਗਿਆ ਹੈ ਪਰ ਧੁੱਸੀ ਵਿੱਚ ਚਾਰ ਦਿਨ ਪਹਿਲਾਂ ਪਏ ਪਾੜ ਕਾਰਨ ਖੇਤਰ ਅੰਦਰ ਦਾਖਲ ਹੋਇਆ ਪਾਣੀ ਲਗਾਤਾਰ ਅੱਗੇ ਵਧ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਰਾਹਤ ਟੀਮਾਂ ਹੁਣ ਇਸ ਇਲਾਕੇ ਵਿੱਚ ਵੀ ਪਹੁੰਚ ਗਈਆਂ ਹਨ ਅਤੇ ਉਹ ਪੀੜਤ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਦੇਣ ਵਿੱਚ ਜੁਟੀਆਂ ਹੋਈਆਂ ਹਨ। ਇਸ ਮੌਕੇ ਕੁਲਵੰਤ ਸਿੰਘ ਭੈਣੀ ਖਾਦਰ ਨੇ ਦੱਸਿਆ ਕਿ ਬਾਕੀ ਪਿੰਡਾਂ ਦੇ ਮੁਕਾਬਲੇ ਉਨ੍ਹਾਂ ਦੇ ਪਿੰਡ ਵਿੱਚ ਪਾਣੀ ਦੀ ਮਾਰ ਜ਼ਿਆਦਾ ਪਈ ਹੈ। ਖ਼ਾਸ ਕਰ ਕੇ ਖੇਤਾਂ ਵਿੱਚ ਰਹਿੰਦੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ।

Advertisement

ਰਾਹਤ ਕਾਰਜਾਂ ਵਿੱਚ ਜੁਟੀਆਂ ਟੀਮਾਂ ਨੇ ਪਾਣੀ ’ਚ ਘਿਰੇ ਲੋਕਾਂ ਨੂੰ ਸੁਰੱਖਿਅਤ ਕੱਢਿਆ

ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਖੇਤਰ ਵਿੱਚ ਕਿਸ਼ਤੀ ਰਾਹੀਂ ਸੁਰੱਖਿਅਤ ਥਾਵਾਂ ’ਤੇ ਜਾਂਦੇ ਹੋਏ ਲੋਕ। -ਫੋਟੋ: ਮਲਕੀਅਤ ਸਿੰਘ

ਜਲੰਧਰ (ਨਿੱਜੀ ਪੱਤਰ ਪ੍ਰੇਰਕ): ਸਤਲੁਜ ਤੇ ਬਿਆਸ ਦਰਿਆਵਾਂ ਦੇ ਧੁੱਸੀ ਬੰਨ੍ਹ ਟੁੱਟਣ ਨਾਲ ਮੰਡ ਇਲਾਕੇ ’ਚ ਭਾਰੀ ਤਬਾਹੀ ਹੋਈ ਹੈ। ਇੱਥੇ ਪਾਣੀ ਦਾ ਦਬਾਅ ਵਧਣ ਕਾਰਨ ਮੰਡ ਇਲਾਕੇ ਦੇ ਸਾਰੇ ਪਿੰਡ ਪਾਣੀ ’ਚ ਘਿਰ ਗਏ ਹਨ। ਹਾਲਾਂਕਿ ਬਿਆਸ ਦਰਿਆ ਵਿੱਚ ਸਵੇਰ ਨਾਲੋਂ ਪਾਣੀ ਦਾ ਪੱਧਰ ਘਟ ਗਿਆ ਹੈ। ਸਵੇਰੇ ਹਰੀਕੇ ਪੱਤਣ ਦੇ ਗੇਟਾਂ ’ਚੋਂ ਤਿੰਨ ਲੱਖ ਕਿਊਸਿਕ ਦੇ ਕਰੀਬ ਪਾਣੀ ਵੱਗ ਰਿਹਾ ਸੀ ਜਦ ਕਿ ਸ਼ਾਮ ਨੂੰ ਘਟ ਕੇ ਇਹ 2 ਲੱਖ 24 ਹਾਜ਼ਾਰ ਕਿਊਸਿਕ ਰਹਿ ਗਿਆ। ਜਾਣਕਾਰੀ ਅਨੁਸਾਰ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਸੁਲਤਾਨਪੁਰ ਲੋਧੀ ਦੀ ਐਸਡੀਐਮ ਚੰਦਰਾਜਯੋਤੀ ਸਿੰਘ ਅਤੇ ਹੋਰਨਾਂ ਸਬੰਧਿਤ ਅਧਿਕਾਰੀਆਂ ਸਮੇਤ ਪਿੰਡ ਬਾਊਪੁਰ ਸਣੇ ਹੋਰ ਪਿੰਡਾਂ ਦਾ ਦੌਰਾ ਕੀਤਾ। ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਦੱਸਿਆ ਕਿ ਐੱਨਡੀਆਰਐੱਫ ਅਤੇ ਭਾਰਤੀ ਫੌਜ ਦੀਆਂ ਟੀਮਾਂ ਨੇ 80 ਦੇ ਕਰੀਬ ਲੋਕਾਂ ਨੂੰ ਪਿੰਡ ਬਾਊਪੁਰ ਅਤੇ ਨੇੜਲੇ ਡੇਰਿਆਂ ’ਚੋਂ ਕਿਸ਼ਤੀਆਂ ਰਾਹੀਂ ਸੁਰੱਖਿਆ ਬਾਹਰ ਕੱਢ ਲਿਆ। ਐੱਨਡੀਆਰਐੱਫ ਦੀ ਟੀਮ ਦੇ ਇੰਚਾਰਜ ਨੇ ਦੱਸਿਆ ਕਿ 24 ਮੈਂਬਰੀ ਟੀਮ 2 ਕਿਸ਼ਤੀਆਂ ਰਾਹੀਂ ਪਾਣੀ ’ਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੇ ਨਾਲ-ਨਾਲ ਲੋੜੀਂਦੀਆਂ ਵਸਤਾਂ ਡੇਰਿਆਂ ’ਚ ਬੈਠੇ ਲੋਕਾਂ ਤੱਕ ਪਹੁੰਚਾ ਰਹੀਆਂ ਹਨ। ਇਸੇ ਤਰ੍ਹਾਂ ਭਾਰਤੀ ਫੌਜ ਦੀ ਟੀਮ ਵੀ ਲਗਾਤਾਰ ਰਾਹਤ ਕਾਰਜਾਂ ਵਿਚ ਜੁਟੀ ਹੋਈ ਹੈ ਜਿਸ ਦੇ 60 ਮੈਂਬਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਆਉਣ ਲਈ ਡਟੇ ਹੋਏ ਹਨ। ਮੰਡ ਇਲਾਕੇ ਦੇ ਜਿਹੜੇ ਪਿੰਡਾਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ ਉਨ੍ਹਾਂ ਵਿੱਚ ਤਲਵੰਡੀ ਮੰਡ ਕੂਕਾਂ, ਮੰਡ ਰਾਏਪੁਰ ਅਰਾਈਆ, ਮੰਡ ਨੰਗਲ ਲੁਬਾਣਾ, ਮੰਡ ਹਬੀਬਵਾਲ, ਸੁਲਤਾਨਪੁਰ ਲੋਧੀ ਦੇ ਪਿੰਡ ਸੇਖਮਾਂਗਾ, ਭਰੋਆਣਾ, ਸਰੂਪਵਾਲ, ਟਿੱਬੀ ਤਕੀਆ, ਦਾਰੇਵਾਲ, ਮਨੂਮਾਛੀ ਸਮੇਤ ਦਰਜਨਾਂ ਹੋਰ ਪਿੰਡ ਹਨ। ਇਹ ਪਿੰਡ ਪਾਣੀ ’ਚ ਘਿਰੇ ਹੋਏ ਹਨ। ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ 100 ਏਕੜ ਵਿੱਚ ਝੋਨਾ ਤਬਾਹ ਹੋ ਗਿਆ ਹੈ। ਸੇਖਮਾਂਗਾ ਦੇ ਕਿਸਾਨ ਲਖਵਿੰਦਰ ਸਿੰਘ ਲੱਖਾ ਨੇ ਦੱਸਿਆ ਕਿ 125 ਏਕੜ ਉਸ ਦਾ ਆਪਣਾ ਝੋਨਾ ਸੀ ਤੇ 40 ਏਕੜ ਠੇਕੇ ’ਤੇ ਲੈਕੇ ਝੋਨਾ ਲਾਇਆ ਹੋਇਆ ਸੀ।

Advertisement

ਧੁੱਸੀ ਬੰਨ੍ਹ ’ਚ ਪਏ ਪਾੜ ਨੂੰ ਪੂਰਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ

ਗੁਰਦਾਸਪੁਰ (ਕੇ.ਪੀ ਸਿੰਘ) ਬੇਟ ਇਲਾਕੇ ਦੇ ਪਿੰਡ ਜਗਤ ਪੁਰ ਟਾਂਡਾ ਦੇ ਜਗਤਪੁਰਾ ਧੁੱਸੀ ਬੰਨ੍ਹ ’ਚ ਕਰੀਬ 250 ਫੁੱਟ ਪਏ ਪਾੜ ਨੂੰ ਪੂਰਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਇਸ ਪਾੜ ਨੂੰ ਪੂਰਨ ’ਚ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗ ਲੱਗੇ ਹੋਏ ਹਨ ਉੱਥੇ ਵੱਖ ਵੱਖ ਸੰਗਠਨ ਅਤੇ ਇਲਾਕੇ ਦੇ ਲੋਕ ਮੋਹਰੀ ਹੋ ਕੇ ਸਹਿਯੋਗ ਦੇ ਰਹੇ ਹਨ। ਦੂਸਰੇ ਪਾਸੇ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਘਟਣ ਨਾਲ ਇਲਾਕਾ ਵਾਸੀਆਂ ਨੇ ਕਾਫ਼ੀ ਰਾਹਤ ਮਹਿਸੂਸ ਕੀਤੀ ਹੈ ਅਤੇ ਪਿੰਡਾਂ ਵਿੱਚੋਂ ਵੀ ਪਾਣੀ ਕਾਫ਼ੀ ਉਤਰ ਚੁੱਕਾ ਹੈ। ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ 15 ਅਗਸਤ ਨੂੰ ਪਿੰਡ ਜਗਤ ਪੁਰ ਟਾਂਡਾ ਦੇ ਨਜ਼ਦੀਕ ਧੁੱਸੀ ਬੰਨ੍ਹ ਵਿੱਚ ਇਹ ਵੱਡਾ ਪਾੜ ਪਿਆ ਸੀ ਜੋ ਵੱਧ ਕੇ 250 ਫੁੱਟ ਦੇ ਕਰੀਬ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਸ ਦਿਨ ਤੋਂ ਹੀ ਬੰਨ੍ਹ ਦੇ ਇਸ ਪਾੜ ਨੂੰ ਭਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਵਿੱਚ ਸਭ ਤੋਂ ਵੱਡਾ ਸਹਿਯੋਗ ਇਲਾਕਾ ਵਾਸੀਆਂ ਵੱਲੋਂ ਦਿੱਤਾ ਜਾ ਰਿਹਾ ਹੈ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਧੁੱਸੀ ਬੰਨ੍ਹ ਦੇ ਪਾੜ ਨੂੰ ਭਰਨ ਦਾ ਕੰਮ ਦਿਨ-ਰਾਤ ਚੱਲ ਰਿਹਾ ਹੈ ਅਤੇ ਕਰੀਬ 160 ਫੁੱਟ ਪਾੜ ਨੂੰ ਭਰ ਲਿਆ ਗਿਆ ਹੈ । ਉਨ੍ਹਾਂ ਕਿਹਾ ਕਿ ਧੁੱਸੀ ਬੰਨ੍ਹ ਦੇ ਪਾੜ ਨੂੰ ਭਰਨ ਦਾ ਕੰਮ ਦੋਵੇਂ ਪਾਸਿਆਂ ਤੋਂ ਚੱਲ ਰਿਹਾ ਹੈ ਅਤੇ ਕਰੀਬ 90 ਫੁੱਟ ਪਾੜ ਹੀ ਭਰਨ ਵਾਲਾ ਬਾਕੀ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪਾੜ ਦਾ ਵਿਚਕਾਰਲਾ ਹਿੱਸਾ ਹੈ ਅਤੇ ਇੱਥੇ ਪਾੜ ਦੀ ਡੂੰਘਾਈ ਕਰੀਬ 30 ਫੁੱਟ ਦੇ ਆਸ-ਪਾਸ ਹੈ। ਉਨ੍ਹਾਂ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਦੀ ਪੂਰੀ ਕੋਸ਼ਿਸ਼ ਹੈ ਕਿ ਐਤਵਾਰ ਸਵੇਰ ਤੱਕ ਇਸ ਪਾੜ ਨੂੰ ਭਰ ਲਿਆ ਜਾਵੇ।

ਹੜ੍ਹ ਪੀੜਤਾਂ ਦੀ ਮਦਦ ਲਈ ਪੁਲੀਸ ਮੁਲਾਜ਼ਮ ਅੱਗੇ ਆਏ

ਦੀਨਾਨਗਰ ਵਿੱਚ ਧੁੱਸੀ ਬੰਨ੍ਹ ਦਾ ਪਾੜ ਪੂਰਨ ਲਈ ਮਦਦ ਕਰਦੇ ਹੋਏ ਪੁਲੀਸ ਮੁਲਾਜ਼ਮ।

ਦੀਨਾਨਗਰ (ਸਰਬਜੀਤ ਸਾਗਰ): ਪਿਛਲੇ ਕੁਝ ਦਿਨਾਂ ਤੋਂ ਹੜ੍ਹ ਦੀ ਮਾਰ ਝੱਲ ਰਹੇ ਹਲਕਾ ਦੀਨਾਨਗਰ ਦੇ ਲੋਕਾਂ ਦੀ ਮਦਦ ਲਈ ਹੁਣ ਪੰਜਾਬ ਪੁਲੀਸ ਦੇ ਮੁਲਾਜ਼ਮ ਵੀ ਅੱਗੇ ਆਏ ਹਨ ਅਤੇ ਉਨ੍ਹਾਂ ਵੱਲੋਂ ਦਿਨ ਵੇਲੇ ਸਰਕਾਰੀ ਡਿਊਟੀ ਕਰਨ ਤੋਂ ਬਾਅਦ ਰਾਤ ਨੂੰ ਇੱਕ ਸਮਾਜ ਸੇਵਕ ਵਾਂਗ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ। ਇਨ੍ਹਾਂ ਮੁਲਾਜ਼ਮਾਂ ਵਿੱਚ ਸ਼ਾਮਲ ਏਐਸਆਈ ਸਤੀਸ਼ ਕੁਮਾਰ ਅਤੇ ਏਐਸਆਈ ਨਰੇਸ਼ ਕੁਮਾਰ ਪਿੰਡ ਕਲੀਜਪੁਰ ਦੇ ਵਸਨੀਕ ਹਨ, ਜਿਨ੍ਹਾਂ ਨੂੰ ਬੀਤੀ ਰਾਤ ਆਪਣੇ ਕੁਝ ਸਾਥੀਆਂ ਨਾਲ ਜਗਤਪੁਰ ਟਾਂਡਾ ਵਿਖੇ ਧੁੱਸੀ ਬੰਨ੍ਹ ’ਚ ਪਏ ਪਾੜ ਨੂੰ ਭਰਦਿਆਂ ਦੇਖਿਆ ਗਿਆ। ਇਹ ਮੁਲਾਜ਼ਮ ਪਿੰਡ ਦੇ ਹੋਰਨਾਂ ਲੋਕਾਂ ਨਾਲ ਮਿਲ ਕੇ ਮਿੱਟੀ ਦੀਆਂ ਬੋਰੀਆਂ ਚੁੱਕ ਕੇ ਪਾੜ ਭਰਨ ਲਈ ਲਿਜਾ ਰਹੇ ਸਨ। ਬਾਅਦ ਵਿੱਚ ਇਨ੍ਹਾਂ ਵੱਲੋਂ ਆਪਣੇ ਇੱਕ ਕਾਰੋਬਾਰੀ ਸਾਥੀ ਵਿਕਰਾਂਤ ਖਜੂਰੀਆ ਨਾਲ ਮਿਲ ਕੇ ਆਪਣੀ ਜੇਬ ਵਿੱਚੋਂ ਧੁੱਸੀ ’ਤੇ ਬੈਠੇ ਜ਼ਰੂਰਤਮੰਦਾਂ ਨੂੰ ਮੱਖੀ-ਮੱਛਰ ਤੋਂ ਬਚਣ ਲਈ ਮੱਛਰਦਾਨੀਆਂ ਵੀ ਵੰਡੀਆਂ ਗਈਆਂ। ਵਿਕਰਾਂਤ ਖਜੂਰੀਆ ਵੱਲੋਂ ਤਾਂ ਆਪਣੀ ਨਿੱਜੀ ਜੇਸੀਬੀ ਤੇ ਟਿੱਪਰ ਲਗਾ ਕੇ ਦਲੇਰਪੁਰ ਖੇੜਾ ਅਤੇ ਚੇਚੀਆਂ ਛੋੜੀਆਂ ਪਿੰਡਾਂ ਨਾਲ ਲੱਗਦੀ ਧੁੱਸੀ ’ਤੇ ਮਿੱਟੀ ਪਾਣ ਦੀ ਸੇਵਾ ਕਰਕੇ ਧੁੱਸੀ ਨੂੰ ਟੁੱਟਣ ਤੋਂ ਵੀ ਬਚਾਇਆ ਗਿਆ। ਏਐਸਆਈ ਸਤੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ’ਤੇ ਕੋਈ ਅਹਿਸਾਨ ਨਹੀਂ ਕੀਤਾ ਬਲਕਿ ਇਹ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਮੁਸੀਬਤ ’ਚ ਫੱਸੀਆਂ ਮਨੁੱਖੀ ਜਾਨਾਂ ਦੀ ਮਦਦ ਕਰੀਏ। ਉਨ੍ਹਾਂ ਦੱਸਿਆ ਕਿ ਸਾਡੇ ਨਾਲ ਪੁਲਿਸ ਕਰਮੀ ਬਲਵੀਰ ਸਿੰਘ ਨੇ ਸੇਵਾ ਨਿਭਾਈ ਹੈ।

Advertisement
Author Image

Advertisement