ਰਾਜੌਰੀ ਗਾਰਡਨ ਗੁਰਦੁਆਰੇ ਵਿੱਚ ਤਿੰਨ-ਰੋਜ਼ਾ ਕੈਂਪ
ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜੁਲਾਈ
ਪੱਛਮੀ ਦਿੱਲੀ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿਖੇ ਗੁਰਬਾਣੀ ਰਾਹੀਂ ਬਿਮਾਰੀਆਂ ਦੇ ਇਲਾਜ ਸਬੰਧੀ 3 ਰੋਜ਼ਾ ਕੈਂਪ ਲਗਾਇਆ ਗਿਆ। ਇਸ ਵਿੱਚ ਗੁਰਬਾਣੀ ਦਾ ਜਾਪ, ਪਾਠ ਅਤੇ ਅਰਦਾਸ ਕੀਤੀ ਗਈ। ਇਸ ਕੈਂਪ ਵਿੱਚ ਜਿੱਥੇ ਦੂਰ-ਦੁਰਾਡੇ ਤੋਂ ਸੰਗਤ ਨੇ ਹਿੱਸਾ ਲਿਆ, ਉੱਥੇ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਕੈਂਪ ਵਿੱਚ ਸ਼ਮੂਲੀਅਤ ਕੀਤੀ। ਇਹ ਕੈਂਪ ਗੁਰਦੁਆਰਾ ਰਾਜੌਰੀ ਗਾਰਡਨ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਨਜੀਤ ਸਿੰਘ, ਜਨਰਲ ਸਕੱਤਰ ਮਨਜੀਤ ਸਿੰਘ ਖੰਨਾ ਅਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਕੋ-ਚੇਅਰਮੈਨ ਸਤਨਾਮ ਸਿੰਘ ਬਜਾਜ ਦੀ ਅਗਵਾਈ ਹੇਠ ਲਾਇਆ ਗਿਆ। ਇਸ ਕੈਂਪ ਦਾ ਹਿੱਸਾ ਬਣੇ ਲੋਕਾਂ ਨੇ ਦੱਸਿਆ ਕਿ ਇੱਥੇ ਆਉਣ ਨਾਲ ਉਨ੍ਹਾਂ ਦੀਆਂ ਗੰਭੀਰ ਬਿਮਾਰੀਆਂ ਵੀ ਠੀਕ ਹੋ ਗਈਆਂ ਹਨ।
ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਗੁਰਬਾਣੀ ਪੜ੍ਹਨ ਅਤੇ ਸੁਣਨ ਨਾਲ ਹਰ ਤਰ੍ਹਾਂ ਦੇ ਰੋਗਾਂ ਦਾ ਨਾਸ਼ ਹੋ ਜਾਂਦਾ ਹੈ ਪਰ ਜਦੋਂ ਗੁਰਬਾਣੀ ਨੂੰ ਸਾਰੀ ਸੰਗਤ ਨਾਲ ਬੈਠ ਕੇ ਪੜ੍ਹਿਆ ਜਾਂਦਾ ਹੈ ਤਾਂ ਇਸ ਦਾ ਪ੍ਰਭਾਵ ਵਧੇਰੇ ਹੁੰਦਾ ਹੈ। ਉਨ੍ਹਾਂ ਗੁਰਦੁਆਰਾ ਰਾਜੌਰੀ ਗਾਰਡਨ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਨਜੀਤ ਸਿੰਘ, ਸਤਨਾਮ ਸਿੰਘ ਬਜਾਜ ਸਮੇਤ ਸਮੁੱਚੀ ਕਮੇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਰੋਗ ਰੋਕੂ ਕੈਂਪ ਲਗਾਇਆ। ਇਸ ਮੌਕੇ ਹਰਦਿਆਲ ਸਿੰਘ ਸੇਵਾਮੁਕਤ ਆਈਏਐੱਸ, ਗੁਰਮੀਤ ਸਿੰਘ ਲੁਧਿਆਣਾ, ਬੀਬੀ ਰੁਪਿੰਦਰ ਕੌਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਸੰਗਤਾਂ ਨੂੰ ਗੁਰਬਾਣੀ ਸ਼ਬਦ ਦਾ ਗਿਆਨ ਦਿੱਤਾ ਗਿਆ।