ਮਾਤਾ ਕ੍ਰਿਸ਼ਨ ਕੌਰ ਦੀ ਜ਼ਿੰਦਗੀ ਬਾਰੇ ਲੈਕਚਰ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਦਸੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਹਿਸਟਰੀ ਐਂਡ ਗੁਰਬਾਣੀ ਫੋਰਮ ਅਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਭਵਨ, ਗੁਰਦੁਆਰਾ ਰਕਾਬਗੰਜ ਨਵੀਂ ਦਿੱਲੀ ਵਿਖੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਦੇ ਮਹਿਲ ਮਾਤਾ ਕ੍ਰਿਸ਼ਨ ਕੌਰ ਜੀ ਦੇ ਜੀਵਨ ਇਤਿਹਾਸ ਸਬੰਧੀ ਲੈਕਚਰ ਕਰਵਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਤ੍ਰਿਪਤਾ ਵਾਹੀ, ਮੁੱਖ ਵਕਤਾ ਵਜੋਂ ਡਾ. ਹਰਬੰਸ ਕੌਰ ਸੱਗੂ (ਡਾਇਰੈਕਟਰ ਸਿੱਖ ਹਿਸਟਰੀ ਐਂਡ ਗੁਰਬਾਣੀ ਫੋਰਮ), ਅਤੇ ਪ੍ਰਧਾਨਗੀ ਪ੍ਰੋ. (ਡਾ.) ਮਨਜੀਤ ਸਿੰਘ ਨੇ ਕੀਤੀ। ‘ਇਤਿਹਾਸ ਵਿੱਚ ਸਿੱਖ ਬੀਬੀਆਂ’ ਲੜੀ ਹੇਠ ਹੋਏ ਇਸ 15ਵੇਂ ਲੈਕਚਰ ਦੀ ਅਰੰਭਤਾ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਦੇ ਵਿਦਿਆਰਥੀਆਂ ਦੁਆਰਾ ਗੁਰਬਾਣੀ ਸ਼ਬਦ ਨਾਲ ਹੋਈ। ਉਪਰੰਤ ਸਵਰਨ ਸਿੰਘ ‘ਸਵਰਨ’ ਨੇ ਫੋਰਮ ਵੱਲੋਂ ਅਰੰਭ ਕੀਤੀ ਗਈ ਲੜੀ ਇਤਿਹਾਸ ਵਿੱਚ ਸਿੱਖ ਬੀਬੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਹਰਬੰਸ ਕੌਰ ਸੱਗੂ ਨੇ ਦੱਸਿਆ ਕਿ ਜਿਸ ਵੇਲੇ ਸਮਾਜ ਵਿੱਚ ਔਰਤ ਨੂੰ ਕੋਈ ਸਤਿਕਾਰ ਨਹੀਂ ਸੀ ਦਿੱਤਾ ਜਾਂਦਾ, ਉਸ ਸਮੇਂ ਸਿੱਖ ਗੁਰੂ ਸਾਹਿਬਾਨ ਨੇ ਔਰਤ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦਿੱਤੇ।
ਉਨ੍ਹਾਂ ਅੱਗੇ ਦੱਸਿਆ ਕਿ ਸ੍ਰੀ ਗੁਰੂ ਹਰਿ ਰਾਏ ਸਾਹਿਬ ਦੇ ਮਹਿਲ ਮਾਤਾ ਕ੍ਰਿਸ਼ਨ ਕੌਰ ਜੀ ਨੇ ਜਿੱਥੇ ਗੁਰੂ ਪਤੀ ਸ੍ਰੀ ਗੁਰੂ ਹਰਿ ਰਾਏ ਸਾਹਿਬ ਦੇ ਸਾਰੇ ਕਾਰਜਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ, ਉੱਥੇ ਆਪਣੇ 5 ਸਾਲ ਦੇ ਪੁੱਤਰ ਗੁਰੂ ਹਰਿਕ੍ਰਿਸ਼ਨ ਦੇ ਗੁਰਗੱਦੀ ਸੰਭਾਲਣ ਸਮੇਂ ਸਿੱਖ ਵਿਰੋਧੀ ਤਾਕਤਾਂ ਦੇ ਪ੍ਰਭਾਵ ਤੋਂ ਗੁਰੂ ਘਰ ਨੂੰ ਬਚਾਈ ਰੱਖਿਆ। ਮਾਤਾ ਜੀ ਸੁਘੜ ਸਿਆਣੇ, ਸਿੱਖੀ ਨੂੰ ਸਮਰਪਿਤ ਸ਼ਰਧਾਵਾਨ, ਸਮਦਰਸ਼ੀ, ਗਿਆਨਵਾਨ ਪ੍ਰਚਾਰਕ ਸਨ। ਜੋ ਲੰਗਰ ਸੇਵਾ ਦੇ ਨਾਲ-ਨਾਲ ਗੁਰਬਾਣੀ ਪ੍ਰਚਾਰ ਕਰਦੇ ਸਨ। ਡਾ. ਤ੍ਰਿਪਤਾ ਵਾਹੀ ਨੇ ਕਿਹਾ ਕਿ ਇਤਿਹਾਸ ਨੂੰ ਸੰਭਾਲਣ ਅਤੇ ਪ੍ਰਚਾਰਨ ਲਈ ਅਜੇਹੇ ਲੈਕਚਰ ਕਰਵਾਉਣੇ ਬਹੁਤ ਜ਼ਰੂਰੀ ਹਨ ਕਿਉਂਕਿ ਇਹਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਪ੍ਰੋ. (ਡਾ.) ਮਨਜੀਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਮਾਤਾ ਕ੍ਰਿਸ਼ਨ ਕੌਰ ਜੀ ਦੇ ਆਦਰਸ਼ਕ ਜੀਵਨ ਤੋਂ ਸੇਧ ਲੈਣ ਦੀ ਲੋੜ ਉੱਤੇ ਜ਼ੋਰ ਦਿੱਤਾ। ਅੰਤ ’ਚ ਸੰਸਥਾ ਦੇ ਸੀਨੀਅਰ ਮੈਂਬਰ ਡਾ. ਹਰਪ੍ਰੀਤ ਕੌਰ (ਪ੍ਰਿੰਸੀਪਲ, ਮਾਤਾ ਸੁੰਦਰੀ ਕਾਲਜ ਫਾਰ ਵੁਮੈਨ ਦਿੱਲੀ) ਨੇ ਹਾਜ਼ਰ ਪਤਵੰਤਿਆਂ ਅਧਿਆਪਕਾਂ, ਵਿਦਿਆਰਥੀਆਂ ਅਤੇ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ।