ਮੀਂਹ ਦੇ ਬਾਵਜੂਦ ਦਿੱਲੀ ਦੀ ਹਵਾ ‘ਗੰਭੀਰ’ ਸ਼੍ਰੇਣੀ ਵਿੱਚ
ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਦਸੰਬਰ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਸੋਮਵਾਰ ਸਵੇਰੇ ਦਿੱਲੀ-ਐੱਨਸੀਆਰ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਈ ਪਰ ਕੌਮੀ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿੱਚ ਰਹੀ। ਇਸ ਕਾਰਨ ਔਸਤ ਏਅਰ ਕੁਆਲਿਟੀ ਇੰਡੈਕਸ 402 ਦੇ ਨਾਲ ਸਵੇਰੇ 8 ਵਜੇ ਤੱਕ ‘ਗੰਭੀਰ’ ਵਜੋਂ ਸ਼੍ਰੇਣੀਬੱਧ ਕੀਤਾ ਗਿਆ। ਵਿਭਾਗ ਤੋਂ ਮਿਲੇ ਅੰਕੜਿਆਂ ਅਨੁਸਾਰ ਅਲੀਪੁਰ ਵਿੱਚ ਏਕਿਊਆਈ 437 (ਗੰਭੀਰ), ਆਨੰਦ ਵਿਹਾਰ ਨੂੰ 443 (ਗੰਭੀਰ), ਅਸ਼ੋਕ ਵਿਹਾਰ ਨੂੰ 460 (ਗੰਭੀਰ), ਅਤੇ ਆਈਜੀਆਈ ਹਵਾਈ ਅੱਡਾ (ਟੀ3) ਵਿੱਚ 357 (ਖਰਾਬ) ਸੀ। ਬੋਰਡ ਦੇ ਡੇਟਾ ਮੁਤਾਬਕ ਕੌਮੀ ਰਾਜਧਾਨੀ ਵਿੱਚ ਏਕਿਊਆਈ ਪੱਧਰ ਨੂੰ ‘ਬਹੁਤ ਮਾੜੇ’ ਤੋਂ ‘ਗੰਭੀਰ’ ਸ਼੍ਰੇਣੀ ’ਚ ਸੀ। ਜਦੋਂ ਕਿ ਦਸੰਬਰ ਦੇ ਪਹਿਲੇ ਅੱਧ ਦੌਰਾਨ ‘ਦਰਮਿਆਨੀ’ ਹਵਾ ਗੁਣਵੱਤਾ ਸ਼੍ਰੇਣੀ ਦੇ ਤਹਿਤ ਛੇ ਦਿਨਾਂ ਵਿੱਚ ਪ੍ਰਦੂਸ਼ਣ ਤੋਂ ਕੁੱਝ ਰਾਹਤ ਸੀ। ਹਾਲਾਂ ਕਿ ਨਵੰਬਰ ਵਿੱਚ ਲਗਾਤਾਰ ‘ਮਾੜੀ’ ਜਾਂ ਬਦਤਰ ਹਵਾ ਦੀ ਗੁਣਵੱਤਾ ਦਰਜ ਕੀਤੀ ਗਈ। ਦਿੱਲੀ ਵਿੱਚ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਦਾ ਪੜਾਅ ਚਾਰ ਜਾਰੀ ਹੈ, ਜਿਸ ਵਿੱਚ ਹਵਾ ਪ੍ਰਦੂਸ਼ਣ ਦਾ ਮੁਕਾਬਲਾ ਕਰਨ ਲਈ ਕਈ ਤਰ੍ਹਾਂ ਦੇ ਸਖ਼ਤ ਉਪਾਅ ਮੌਜੂਦ ਹਨ, ਜਿਵੇਂ ਕਿ ਉਸਾਰੀ ਗਤੀਵਿਧੀਆਂ ’ਤੇ ਪਾਬੰਦੀ ਲਗਾਉਣਾ ਅਤੇ ਗੈਰ-ਜ਼ਰੂਰੀ ਪ੍ਰਦੂਸ਼ਣ ਕਰਨ ਵਾਲੇ ਟਰੱਕਾਂ ਦੇ ਦਾਖ਼ਲੇ ’ਤੇ ਪਾਬੰਦੀ ਲਗਾਉਣਾ ਹੈ।
ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 8 ਡਿਗਰੀ ਸੈਲਸੀਅਸ ਤੱਕ ਸੀ। ਨਮੀ ਦਾ ਪੱਧਰ 68 ਪ੍ਰਤੀਸ਼ਤ ਅਤੇ 97 ਪ੍ਰਤੀਸ਼ਤ ਦੇ ਵਿਚਕਾਰ ਸੀ। 24 ਅਤੇ 25 ਦਸੰਬਰ 2024 ਨੂੰ ਸੰਘਣੀ ਧੁੰਦ ਦੀ ਭਵਿੱਖਬਾਣੀ ਕੀਤੀ ਗਈ ਹੈ, ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਤੱਕ ਪਹੁੰਚਣ ਅਤੇ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਤੱਕ ਡਿੱਗ ਜਾਵੇਗਾ। ਆਈਐੱਮਡੀ ਨੇ ਧੁੰਦ ਦਾ ਅਲਰਟ ਜਾਰੀ ਕੀਤਾ ਹੈ।