ਛੱਤ ਡਿੱਗਣ ਕਾਰਨ ਤਿੰਨ ਬੱਚੇ ਗੰਭੀਰ ਜ਼ਖਮੀ
ਪੱਤਰ ਪ੍ਰੇਰਕ
ਸਮਾਣਾ, 30 ਅਗਸਤ
ਪਿਛਲੇ ਦਿਨੀ ਰੁਕ- ਰੁਕ ਕੇ ਪਈ ਬਰਸਾਤ ਕਾਰਨ ਪਿੰਡ ਖੇੜੀ ਮੱਲਾਂ ਵਿੱਚ ਇੱਕ ਮਕਾਨ ਦੀ ਛੱਤ ਅਚਾਨਕ ਡਿੱਗਣ ਕਾਰਨ ਕਮਰੇ ’ਚ ਸੁੱਤੇ ਪਏ ਤਿੰਨ ਛੋਟੇ ਬੱਚੇ ਮਲਬੇ ਹੇਠ ਦਬ ਕੇ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਗੁਆਂਢੀਆਂ ਨੇ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ। ਇਸ ਹਾਦਸੇ ਕਾਰਨ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਇਸ ਪਰਿਵਾਰ ਦਾ ਆਰਥਿਕ ਨੁਕਸਾਨ ਕਾਫੀ ਹੋ ਗਿਆ ਹੈ। ਪਿੰਡ ਖੇੜੀ ਮੱਲਾਂ ਦੇ ਪੀੜਤ ਲਾਡੀ ਨੇ ਦੱਸਿਆ ਕਿ ਉਹ ਵੀਰਵਾਰ ਨੂੰ ਸਵੇਰ ਸਮੇਂ ਜਦੋਂ ਸੁੱਤੇ ਪਏ ਸਨ ਤਾਂ ਅਚਾਨਕ ਉਨ੍ਹਾਂ ਉੱਪਰ ਛੱਤ ਡਿੱਗ ਪਈ। ਸੁੱਤੇ ਪਏ ਤਿੰਨੋਂ ਬੱਚੇ ਮਲਬੇ ਹੇਠ ਦੱਬ ਗਏ। ਉਨ੍ਹਾਂ ਦੱਸਿਆ ਕਿ ਉਨਾਂ ਦੀ ਪਤਨੀ ਗੁਰਦੁਆਰੇ ਗਈ ਹੋਈ ਸੀ ਤੇ ਉਹ ਬਾਹਰ ਵਿਹੜੇ ਵਿੱਚ ਸੀ।
ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਲੋੜਵੰਦ ਪਰਿਵਾਰ ਬਾਲਿਆਂ ਦੀਆਂ ਛੱਤਾਂ ਹੇਠ ਜੀਵਨ ਬਸਰ ਕਰ ਰਹੇ ਹਨ। ਜਿਨ੍ਹਾਂ ਦਾ ਕੇਂਦਰ ਸਰਕਾਰ ਵੱਲੋਂ ਕੱਚੇ ਮਕਾਨਾਂ ਨੂੰ ਪੱਕੇ ਕਰਨ ਲਈ ਸਰਵੇਖਣ ਵੀ ਕਈ ਵਾਰ ਹੋ ਚੁੱਕਿਆ ਹੈ ਪਰ ਉਨ੍ਹਾਂ ਦੇ ਪਿੰਡ ’ਚ ਦੋ ਵਿਅਰਤੀਆਂ ਨੂੰ ਹੀ ਇਸ ਸਕੀਮ ਦਾ ਲਾਭ ਮਿਲਿਆ ਹੈ। ਉਨ੍ਹਾਂ ਦੱਸਿਆ ਰਿ ਉਨ੍ਹਾਂ ਦੇ 80 ਗਜ ਦੇ ਮਕਾਨ ਦਾ ਅਜੇ ਤੱਕ ਕਦੇ ਵੀ ਸਰਵੇਖਣ ਵੀ ਨਹੀਂ ਹੋਇਆ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਆਰਥਿਕ ਤੌਰ ’ਤੇ ਮਦਦ ਕੀਤੀ ਜਾਵੇ। ਇਸ ਸਬੰਧੀ ਮਨਰੇਗਾ ਸਕੱਤਰ ਪ੍ਰਭਜੋਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਆਰਥਿਕ ਸਰਵੇਖਣ ਆਪਣੇ ਅਸੂਲਾਂ ਅਨੁਸਾਰ ਕਰਵਾਇਆ ਜਾਂਦਾ ਹੈ, ਜੋ ਵੀ ਲੋਕ ਉਸ ਮੁਤਾਬਕ ਯੋਗ ਪਾਏ ਜਾਂਦੇ ਹਨ ਉਨ੍ਹਾਂ ਦੀ ਰਿਪੋਰਟ ਅੱਗੇ ਸਰਕਾਰ ਨੂੰ ਭੇਜੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਖੇੜੀ ਮੱਲਾਂ ਪਿੰਡ ਦਾ ਜੋ ਹੁਣ ਤਾਜ਼ਾ ਸਰਵੇਖਣ ਹੋਇਆ ਹੈ, ਉਸ ਵਿੱਚ ਅੱਠ ਘਰਾਂ ਦੀ ਲਿਸਟ ਮਿਲੀ ਹੈ, ਜਿਸ ਵਿੱਚ ਪੀੜਤ ਵਿਅਕਤੀ ਲਾਡੀ ਦਾ ਕੋਈ ਨਾਮ ਨਹੀਂ ਹੈ। ਐੱਸਡੀਐੱਮ ਪਟਿਆਲਾ ਅਰਵਿੰਦ ਕੁਮਾਰ ਨੇ ਦੱਸਿਆ ਕਿ ਉਹ ਪੀੜਤ ਪਰਿਵਾਰ ਦੀ ਆਰਥਿਕ ਮਦਦ ਲਈ ਪੰਜਾਬ ਸਰਕਾਰ ਨੂੰ ਰਿਪੋਰਟ ਭੇਜਣਗੇ।