ਪਰਲਜ਼ ਕੰਪਨੀ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ਹੇਠ ਤਿੰਨ ਖ਼ਿਲਾਫ ਕੇਸ ਦਰਜ
ਮਨੋਜ ਸ਼ਰਮਾ
ਬਠਿੰਡਾ, 27 ਜੁਲਾਈ
ਪੰਜਾਬ ਸਰਕਾਰ ਵੱਲੋਂ ਪਰਲਜ਼ ਕੰਪਨੀ ਦੀਆਂ ਜਾਇਦਾਦਾਂ ਤੇ ਲਗਾਤਾਰ ਬਾਜ਼ ਅੱਖ ਰੱਖੀ ਜਾ ਰਹੀ ਹੈ। ਇਸੇ ਤਹਿਤ ਸਥਾਨਕ ਸ਼ਹਿਰ ਦੀ 100 ਫੁੱਟੀ ਰੋਡ ’ਤੇ ਸਥਿਤ ਪਰਲਜ਼ ਕੰਪਨੀ ਦੀ 200 ਗਜ਼ ਜਗ੍ਹਾ ’ਤੇ ਕੁੱਝ ਵਿਅਕਤੀਆਂ ਵੱਲੋਂ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ’ਤੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਇਨ੍ਹਾਂ ਖਿਲਾਫ਼ ਧਾਰਾ 420, 465, 467, 447, 511, 120B ਆਈਪੀਸੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਕੋਲੋਂ ਪੁੱਛ ਪੜਤਾਲ ਕਰਕੇ ਇਸ ਵਿੱਚ ਸ਼ਾਮਲ ਹੋਰ ਵਿਅਕਤੀਆਂ ਦਾ ਪਤਾ ਲਾਇਆ ਜਾ ਰਿਹਾ ਹੈ। ਇਹ ਵੀ ਧਿਆਨ ਵਿੱਚ ਆਇਆ ਹੈ ਕਿ ਪਰਲਜ਼ ਕੰਪਨੀ ਦੀ ਹੋਰ 200 ਗਜ਼ ਜਗ੍ਹਾ ’ਤੇ ਵੀ ਕਿਸੇ ਵੱਲੋਂ ਪਹਿਲਾਂ ਕਬਜ਼ਾ ਕੀਤਾ ਹੋਇਆ ਹੈ। ਉਸ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਡੀਸੀ ਨੇ ਕਿਹਾ ਕਿ ਜੇ ਭਵਿੱਖ ਚ ਕਿਸੇ ਨੇ ਵੀ ਪਰਲਜ਼ ਕੰਪਨੀ ਦੀਆਂ ਜਾਇਦਾਦਾਂ ’ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਨ੍ਹਾਂ ਕਿਹਾ ਕਿ ਪਰਲਜ਼ ਕੰਪਨੀ ਦੀਆਂ ਜਾਇਦਾਦਾਂ ਨੂੰ ਲੈ ਕੇ ਸੁਪਰੀਮ ਕੋਰਟ ਆਫ਼ ਇੰਡੀਆ ਵੱਲੋਂ ਕੀਤੇ ਹੁਕਮਾਂ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਤਹਿਤ ਪਰਲਜ਼ ਕੰਪਨੀ ਦੀਆਂ ਬਠਿੰਡਾ ਵਿੱਚ ਸਥਿਤ ਜਾਇਦਾਦਾਂ ਦੀ ਪਛਾਣ ਉਪਰੰਤ ਫਿਜ਼ੀਕਲ ਵੈਰੀਫਿਕੇਸ਼ਨ ਲਈ ਉਪ ਮੰਡਲ ਮੈਜਿਸਟਰੇਟ, ਤਹਿਸੀਲਦਾਰ ਅਤੇ ਸਬੰਧਤ ਉਪ ਕਪਤਾਨ ਪੁਲੀਸ ਦੀ ਇੱਕ ਕਮੇਟੀ ਵੀ ਬਣਾਈ ਗਈ ਹੈ।