ਕਾਮਨਵੈਲਥ ਖੇਡਾਂ ’ਚ ਤਗ਼ਮਾ ਜੇਤੂ ਮੁੱਕੇਬਾਜ਼ ’ਤੇ ਹਮਲਾ ਕਰਨ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 19 ਜੁਲਾਈ
ਕਾਮਨਵੈਲਥ ਖੇਡਾਂ ਵਿਚ ਕਾਂਸੀ ਦਾ ਤਗ਼ਮਾ ਜੇਤੂ ਮੁੱਕੇਬਾਜ਼ ਅਮਨਦੀਪ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਲੋੜੀਂਦੇ ਤਿੰਨ ਹੋਰ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਦੋ ਜਣਿਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਕੁੱਲ ਛੇ ਜਣਿਆਂ ’ਚੋ ਪੰਜ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਅਤੇ ਇੱਕ ਅਜੇ ਵੀ ਫ਼ਰਾਰ ਹੈ। ਜ਼ਿਲ੍ਹਾ ਪੁਲੀਸ ਮੁਖੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ 23 ਮਈ ਨੂੰ ਅਮਨਦੀਪ ਸਿੰਘ ਬਨਾਸਰ ਬਾਗ ਬਾਕਸਿੰਗ ਰਿੰਗ ਵਿਚ ਪ੍ਰੈਕਟਿਸ ਕਰਨ ਜਾ ਰਿਹਾ ਸੀ ਤਾਂ ਹਨੀ ਸੈਲੂਨ ਕੋਲ ਪਲਵਿੰਦਰ ਸਿੰਘ ਉਰਫ਼ ਮਨੀ, ਹਰਦਿੱਤਪੁਰੀ ਵਾਸੀ ਹਰੀਪੁਰਾ ਬਸਤੀ ਸੰਗਰੂਰ, ਗਗਨਦੀਪ ਉਰਫ਼ ਦੀਪੀ ਵਾਸੀ ਪ੍ਰੀਤ ਨਗਰ ਸੰਗਰੂਰ ਅਤੇ ਨਰਿੰਦਰਪਾਲ ਉਰਫ਼ ਭੋਲਾ ਵਾਸੀ ਖੇੜੀ ਨੇ ਉਸ ’ਤੇ ਹਮਲਾ ਕਰ ਦਿੱਤਾ। ਥਾਣਾ ਸਿਟੀ ਪੁਲੀਸ ਵੱਲੋਂ ਕੇਸ ਦਰਜ ਕਰਕੇ ਗੁਰਦਿੱਤਪੁਰੀ ਅਤੇ ਕ੍ਰਿਸ਼ਨਪੁਰੀ ਵਾਸੀ ਹਰੀਪੁਰਾ ਬਸਤੀ ਸੰਗਰੂਰ ਨੂੰ ਕੇਸ ਵਿਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਪੁਲੀਸ ਵਲੋਂ ਹਰਦਿੱਤਾਪੁਰੀ, ਪਲਵਿੰਦਰ ਸਿੰਘ ਉਰਫ਼ ਮਨੀ ਅਤੇ ਗਗਨਦੀਪ ਸਿੰਘ ਉਰਫ਼ ਦੀਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਨਿ੍ਹਾਂ ਕੋਲੋਂ ਵਾਰਦਾਤ ਸਮੇਂ ਵਰਤੀ ਕਾਰ, ਲੋਹੇ ਦਾ ਪਾਈਪ ਅਤੇ ਇੱਕ ਲੋਹੇ ਦਾ ਹਥੌੜਾ ਬਰਾਮਦ ਕੀਤਾ ਗਿਆ ਹੈ। ਪੁਲੀਸ ਅਨੁਸਾਰ ਨਰਿੰਦਰਪਾਲ ਉਰਫ਼ ਭੋਲਾ ਅਜੇ ਫ਼ਰਾਰ ਹੈ। ਇਸ ਮੌਕੇ ਐੱਸਪੀ ਪਲਵਿੰਦਰ ਸਿੰਘ ਚੀਮਾ, ਥਾਣਾ ਸਿਟੀ ਇੰਚਾਰਜ ਮਾਲਵਿੰਦਰ ਸਿੰਘ ਅਤੇ ਸੀਆਈਏ ਇੰਚਾਰਜ ਅਮਰੀਕ ਸਿੰਘ ਵੀ ਮੌਜੂਦ ਸਨ।