ਤਿੰਨ ਹਥਿਆਰਬੰਦ ਨਕਾਬਪੋਸ਼ਾਂ ਨੇ ਘਰ ਵਿੱਚ ਵੜ ਕੇ 33 ਲੱਖ ਲੁੱਟੇ
ਖੇਤਰੀ ਪ੍ਰਤੀਨਿਧ/ਪੱਤਰ ਪ੍ਰੇਰਕ
ਪਟਿਆਲਾ/ਪਾਤੜਾਂ 4 ਫਰਵਰੀ
ਕਸਬਾ ਘੱਗਾ ਵਿੱਚ ਬੀਤੀ ਰਾਤ ਨਕਾਬਪੋਸ਼ ਲੁਟੇਰਿਆਂ ਨੇ ਇੱਕ ਘਰ ਵਿੱਚ ਵੜ ਕੇ ਹਥਿਆਰਾਂ ਦੀ ਨੋਕ ’ਤੇ ਪਰਿਵਾਰਕ ਮੈਂਬਰਾਂ ਨੂੰ ਬੰਦੀ ਬਣਾ ਲਿਆ ਅਤੇ 33 ਲੱਖ ਰੁਪਏ ਲੁੱਟ ਲਏ। ਘਟਨਾ ਬਾਰੇ ਜਾਣਕਾਰੀ ਮਿਲਣ ਮਗਰੋਂ ਪੁਲੀਸ ਤੇ ਫੋਰੈਂਸਿਕ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ।
ਅੱਜ ਪਟਿਆਲਾ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਜਾਂਚ ਟੀਮ ਬਣਾਈ ਗਈ ਹੈ ਤੇ ਟੀਮ ਵੱਲੋਂ ਪੜਤਾਲ ਆਰੰਭ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਦਾ ਮੁਖੀ ਸੰਜੀਵ ਕੁਮਾਰ ਘਰ ਦੇ ਥੱਲੇ ਵਾਲੇ ਹਿੱਸੇ ਵਿੱਚ ਕਰਿਆਨੇ ਦੀ ਦੁਕਾਨ ਕਰਦਾ ਹੈ ਤੇ ਉੱਪਰ ਸਾਰਾ ਪਰਿਵਾਰ ਰਹਿੰਦਾ ਹੈ। ਅੱਜ ਤੜਕੇ ਕਰੀਬ 2.30 ਵਜੇ ਉਨ੍ਹਾਂ ਦੇ ਕਮਰੇ ਦੀ ਖਿੜਕੀ ਵਿੱਚ ਕਿਸੇ ਨੇ ਕੋਈ ਚੀਜ਼ ਮਾਰੀ। ਖੜਕਾ ਸੁਣ ਕੇ ਜਦੋਂ ਸੰਜੀਵ ਕੁਮਾਰ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਖੜ੍ਹੇ ਤਿੰਨ ਨਕਾਬਪੋਸ਼ ਜਬਰੀ ਅੰਦਰ ਵੜ ਆਏ। ਉਨ੍ਹਾਂ ਕੋਲ ਹਥਿਆਰ ਸਨ ਤੇ ਸਾਰੇ ਪਰਿਵਾਰ ਨੂੰ ਉਨ੍ਹਾਂ ਬੰਦੀ ਬਣਾ ਲਿਆ। ਲੁਟੇਰਿਆਂ ਨੇ ਜਬਰੀ ਚਾਬੀ ਲੈ ਕੇ ਅਲਮਾਰੀ ਵਿੱਚ ਪਏ 33 ਲੱਖ ਰੁਪਏ ਕੱਢ ਲਏ। ਲੁਟੇਰੇ ਜਾਂਦੇ ਹੋਏ ਸੰਜੀਵ ਤੇ ਉਸ ਦੀ ਪਤਨੀ ਨੂੰ ਬੰਨ੍ਹ ਕੇ ਚਲੇ ਗਏ। ਸੰਜੀਵ ਨੇ ਦੱਸਿਆ ਕਿ ਉਸ ਦੇ ਭਤੀਜੇ ਦਾ ਐਕਸੀਡੈਂਟ ਹੋਣ ਕਾਰਨ ਇੱਕ ਸਾਲ ਤੋਂ ਇਲਾਜ ਚੱਲ ਰਿਹਾ ਹੈ, ਜਿਸ ਦਾ ਦਿੱਲੀ ਤੋਂ ਇਲਾਜ ਕਰਵਾਉਣ ਲਈ ਉਸ ਨੇ ਰਿਸ਼ਤੇਦਾਰਾਂ ਕੋਲੋਂ ਮੰਗ ਕੇ ਇਹ ਰਕਮ ਜੋੜੀ ਸੀ। ਪਾਤੜਾਂ ਦੇ ਡੀਐੱਸਪੀ ਦਲਜੀਤ ਵਿਰਕ ਮੌਕੇ ’ਤੇ ਪਹੁੰਚੇ। ਪਰਿਵਾਰ ਨਾਲ ਵਾਪਰੀ ਇਸ ਘਟਨਾ ਦੇ ਰੋਸ ਵਜੋਂ ਅੱਜ ਘੱਗਾ ਦੇ ਦੁਕਾਨਦਾਰਾਂ ਨੇ ਸਾਰਾ ਦਿਨ ਦੁਕਾਨਾਂ ਬੰਦ ਰੱਖੀਆਂ।