ਬਠਿੰਡਾ ਵਿੱਚ ਕੌਮੀ ਮਾਰਗ ’ਤੇ ਲੁੱਟਾਂ-ਖੋਹਾਂ ਕਰਨ ਵਾਲੇ ਤਿੰਨ ਮੁਲਜ਼ਮ ਕਾਬੂ
ਸ਼ਗਨ ਕਟਾਰੀਆ
ਬਠਿੰਡਾ, 10 ਜੁਲਾਈ
ਬਠਿੰਡਾ ਪੁਲੀਸ ਨੇ ਕੌਮੀ ਮਾਰਗ ’ਤੇ ਕਥਿਤ ਲੁੱਟਾਂ-ਖੋਹਾਂ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਬਠਿੰਡਾ (ਦਿਹਾਤੀ) ਮਨਜੀਤ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਦੇ ਜੱਸੀ ਬਾਗ ਵਾਲੀ ਅਤੇ ਰੁਲਦੂ ਸਿੰਘ ਵਾਲਾ ਪਿੰਡਾਂ ਦਰਮਿਆਨ ਲੁਟੇਰਿਆਂ ਵੱਲੋਂ ਮੁੱਖ ਜੀਟੀ ਰੋਡ ’ਤੇ ਇੱਕ ਕੰਟੇਨਰ ਨੂੰ ਰੋਕਿਆ ਗਿਆ। ਮੁਲਜ਼ਮਾਂ ਨੇ ਲਿਫ਼ਟ ਲੈਣ ਦੇ ਬਹਾਨੇ ਕੰਟੇਨਰ ਚਾਲਕ ਗੁਰਵਿੰਦਰ ਸਿੰਘ ਉਰਫ਼ ਸਾਭਾ ਵਾਸੀ ਮਨਿਆਲ ਜ਼ਿਲ੍ਹਾ ਤਰਨ ਤਾਰਨ ਤੋਂ ਉਸ ਦੇ ਪਰਸ ਵਿੱਚੋਂ ਏਟੀਐਮ ਕਾਰਡ, ਆਧਾਰ ਕਾਰਡ, 1500 ਰੁਪਏ ਨਗਦ, ਮੋਬਾਈਲ ਫ਼ੋਨ, ਗੱਡੀ ਦੇ ਕਾਗਜ਼ਾਤ ਵਾਲੀ ਫਾਇਲ, ਬੈਂਕ ਦਾ ਚੈੱਕ ਅਤੇ ਗੱਡੀ ਦਾ ਡੈੱਕ ਜਬਰੀ ਖੋਹ ਲਿਆ ਅਤੇ ਚਲੇ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੀਤੇ ਦਿਨ ਲੁਟੇਰਿਆਂ ਖ਼ਿਲਾਫ਼ ਇਸ ਸਬੰਧੀ ਥਾਣਾ ਸੰਗਤ ਵਿੱਚ ਕੇਸ ਰਜਿਸਟਰਡ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁੁਖਬਰੀ ਦੇ ਆਧਾਰ ’ਤੇ ਅੱਜ ਮੁਲਜ਼ਮਾਂ ਨੂੰ ਰਿਫ਼ਾਇਨਰੀ ਰੋਡ ’ਤੇ ਜੱਸੀ ਬਾਗ ਵਾਲੀ ਪਿੰਡ ਦੀ ਹੱਦ ’ਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਨਵਦੀਪ ਸਿੰਘ ਉਰਫ ਦੀਪਾ ਪਿੰਡ ਅਜਨੌਦ ਜ਼ਿਲ੍ਹਾ ਲੁਧਿਆਣਾ, ਜਗਸੀਰ ਸਿੰਘ ਉਰਫ ਗਨੀ ਵਾਸੀ ਬਸਤੀ ਨੰਬਰ 6 ਬੀੜ ਤਲਾਬ ਬਠਿੰਡਾ ਅਤੇ ਧਰਮਿੰਦਰ ਸਿੰਘ ਉਰਫ ਸੋਨੂ ਵਾਸੀ ਬਠਿੰਡਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਖੋਹੇ ਗਏ ਸਾਮਾਨ ਦੀ ਵੀ ਇਨ੍ਹਾਂ ਤੋਂ ਬਰਾਮਦਗੀ ਕੀਤੀ ਗਈ ਹੈ।