ਸੌ ਤੋਂ ਵੱਧ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ
ਨਵੀਂ ਦਿੱਲੀ/ਮੁੰਬਈ, 29 ਅਕਤੂਬਰ
ਇੱਥੋਂ ਦੀਆਂ ਸੌ ਤੋਂ ਵੱਧ ਘਰੇਲੂ ਤੇ ਕੌਮਾਂਤਰੀ ਹਵਾਈ ਉਡਾਣਾਂ ਨੂੰ ਅੱਜ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਇਹ ਧਮਕੀਆਂ ਮਿਲਣ ਮਗਰੋਂ ਦੇਸ਼ ਭਰ ਦੇ ਹਵਾਈ ਅੱਡਿਆਂ ਤੇ ਹਵਾਈ ਉਡਾਣਾਂ ਦੀ ਜਾਂਚ ਕੀਤੀ ਗਈ ਤੇ ਯਾਤਰੀਆਂ ਦੀ ਸੁਰੱਖਿਆ ਦੇ ਬਣਦੇ ਇੰਤਜ਼ਾਮ ਕੀਤੇ ਗਏ। ਜ਼ਿਕਰਯੋਗ ਹੈ ਕਿ ਪਿਛਲੇ 16 ਦਿਨਾਂ ਵਿੱਚ 510 ਤੋਂ ਵੱਧ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਨੂੰ ਧਮਕੀਆਂ ਮਿਲੀਆਂ ਹਨ, ਜੋ ਬਾਅਦ ਵਿੱਚ ਝੂਠੀਆਂ ਸਾਬਤ ਹੋਈਆਂ ਹਨ। ਅੱਜ ਏਅਰ ਇੰਡੀਆ ਦੀਆਂ ਲਗਪਗ 36, ਇੰਡੀਗੋ ਦੀਆਂ 35 ਤੇ ਵਿਸਤਾਰਾ ਦੀਆਂ 32 ਉਡਾਣਾਂ ਨੂੰ ਧਮਕੀਆਂ ਮਿਲੀਆਂ ਹਨ। ਧਮਕੀਆਂ ਮਿਲਣ ਮਗਰੋਂ ਨਿਰਧਾਰਤ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਸੁਚੇਤ ਕੀਤਾ ਗਿਆ। ਇਸ ਦੌਰਾਨ ਮੁੰਬਈ ਪੁਲੀਸ ਨੇ ਤਿੰਨ ਏਅਰਲਾਈਨਾਂ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਅਣਪਛਾਤੇ ਖਿਲਾਫ ਮਾਮਲਾ ਦਰਜ ਕੀਤਾ ਹੈ। ਉਧਰ ਨਾਗਪੁਰ ਪੁਲੀਸ ਨੇ ਹਵਾਈ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇਣ ਵਾਲੇ ਦੀ ਪਛਾਣ ਕਰ ਲਈ ਹੈ। ਪੁਲੀਸ ਨੇ ਦੱਸਿਆ ਕਿ ਧਮਕੀਆਂ ਦੇਣ ਵਾਲੇ ਦੀ ਪਛਾਣ ਗੋਂਡੀਆ ਦੇ 35 ਸਾਲਾ ਜਗਦੀਸ਼ ਉਈਕੇ ਵਜੋਂ ਹੋਈ ਹੈ। ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। -ਪੀਟੀਆਈ