50 ਹਵਾਈ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ
ਨਵੀਂ ਦਿੱਲੀ, 22 ਅਕਤੂਬਰ
ਭਾਰਤ ਦੀਆਂ 50 ਘਰੇਲੂ ਤੇ ਕੌਮਾਂਤਰੀ ਹਵਾਈ ਉਡਾਣਾਂ ਨੂੰ ਅੱਜ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਸੋਮਵਾਰ ਰਾਤ ਤੋਂ ਹੁਣ ਤਕ 80 ਦੇ ਕਰੀਬ ਹਵਾਈ ਉਡਾਣਾਂ ਨੂੰ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ। ਸੂਤਰਾਂ ਨੇ ਦੱਸਿਆ ਕਿ ਅੱਜ ਏਅਰ ਇੰਡੀਆ ਅਤੇ ਇੰਡੀਗੋ ਦੀਆਂ 13-13 ਉਡਾਣਾਂ, ਅਕਾਸਾ ਏਅਰ ਦੀਆਂ 12 ਤੋਂ ਵੱਧ ਉਡਾਣਾਂ ਅਤੇ ਵਿਸਤਾਰਾ ਦੀਆਂ 11 ਉਡਾਣਾਂ ਨੂੰ ਧਮਕੀਆਂ ਮਿਲੀਆਂ ਹਨ, ਜਦਕਿ ਸੋਮਵਾਰ ਰਾਤ ਨੂੰ ਏਅਰ ਇੰਡੀਆ, ਇੰਡੀਗੋ ਤੇ ਵਿਸਤਾਰਾ ਦੀਆਂ 10-10 ਉਡਾਣਾਂ ਨੂੰ ਧਮਕੀਆਂ ਮਿਲੀਆਂ ਸਨ। ਇਸ ਤੋਂ ਇਲਾਵਾ ਜੇਦਾਹ ਜਾਣ ਵਾਲੀਆਂ ਇੰਡੀਗੋ ਦੀਆਂ ਤਿੰਨ ਉਡਾਣਾਂ ਨੂੰ ਸਾਊਦੀ ਅਰਬ ਅਤੇ ਕਤਰ ਦੇ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ ਸੀ। ਦੱਸਣਾ ਬਣਦਾ ਹੈ ਕਿ ਇੱਕ ਹਫ਼ਤੇ ਤੋਂ ਘੱਟ ਸਮੇਂ ਵਿੱਚ 170 ਤੋਂ ਵੱਧ ਭਾਰਤੀ ਹਵਾਈ ਉਡਾਣਾਂ ਨੂੰ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ। ਅਕਾਸਾ ਏਅਰ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦੀਆਂ ਕੁਝ ਹਵਾਈ ਉਡਾਣਾਂ ਨੂੰ ਸੁਰੱਖਿਆ ਚਿਤਾਵਨੀਆਂ ਮਿਲੀਆਂ ਹਨ ਅਤੇ ਉਨ੍ਹਾਂ ਦੀ ਏਅਰਲਾਈਨ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸੁਰੱਖਿਆ ਪ੍ਰਕਿਰਿਆਵਾਂ ਦੀ ਪਾਲਣਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਧਮਕੀਆਂ ਮਿਲਣ ਮਗਰੋਂ ਹਵਾਈ ਜਹਾਜ਼ਾਂ ਦੀ ਜਾਂਚ ਕੀਤੀ ਗਈ ਪਰ ਕੋਈ ਸ਼ੱਕੀ ਵਸਤੂ ਨਾ ਮਿਲੀ। -ਪੀਟੀਆਈ
ਦਿੱਲੀ ਪੁਲੀਸ ਵੱਲੋਂ ਅੱਠ ਐੱਫਆਈਆਰ ਦਰਜ
ਨਵੀਂ ਦਿੱਲੀ:
ਇੱਥੋਂ ਦੀ ਪੁਲੀਸ ਨੇ ਪਿਛਲੇ ਅੱਠ ਦਿਨਾਂ ਵਿੱਚ 90 ਤੋਂ ਵੱਧ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇ ਮੱਦੇਨਜ਼ਰ ਅੱਠ ਐਫਆਈਆਰ ਦਰਜ ਕੀਤੀਆਂ ਹਨ। ਸੀਨੀਅਰ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਕੀਆਂ ਐਕਸ ਜ਼ਰੀਏ ਦਿੱਤੀਆਂ ਗਈਆਂ ਸਨ ਤੇ ਧਮਕੀਆਂ ਦੇਣ ਵਾਲੇ ਖਾਤੇ ਮੁਅੱਤਲ ਕਰ ਦਿੱਤੇ ਗਏ ਹਨ। -ਪੀਟੀਆਈ