ਕਿਸਾਨ ਅੰਦੋਲਨ ਦੌਰਾਨ ‘ਟਵਿੱਟਰ’ ਬੰਦ ਕਰਨ ਲਈ ਧਮਕਾਇਆ
ਨਵੀਂ ਦਿੱਲੀ, 13 ਜੂਨ
ਮੁੱਖ ਅੰਸ਼
- ਸਰਕਾਰ ਦੀ ਨੁਕਤਾਚੀਨੀ ਵਾਲੇ ਟਵੀਟ ਹਟਾਉਣ ਲਈ ਦਬਾਅ ਬਣਾਇਆ
- ਟਵਿੱਟਰ ਮੁਲਾਜ਼ਮਾਂ ਦੇ ਘਰਾਂ ਉੱਤੇ ਛਾਪੇ ਮਾਰਨ ਦਾ ਡਰ ਵੀ ਦਿਖਾਇਆ
- ਯੂਟਿਊਬ ਦੇ ਨਿਊਜ਼ ਸ਼ੋਅ ‘ਬ੍ਰੇਕਿੰਗ ਪੁਆਇੰਟ’ ਨੂੰ ਦਿੱਤੀ ਇਕ ਇੰਟਰਵਿਊ ਵਿੱਚ ਕੀਤਾ ਖੁਲਾਸਾ
ਟਵਿੱਟਰ ਦੇ ਸਹਿ-ਬਾਨੀ ਜੈਕ ਡੋਰਸੀ ਨੇ ਸੰਗੀਨ ਦੋਸ਼ ਲਾਉਂਦਿਆਂ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਕਈ ਟਵਿੱਟਰ ਖਾਤੇ ਬੰਦ ਕਰਨ ਲਈ ਉਸ ‘ਤੇ ਦਬਾਅ ਬਣਾਇਆ ਸੀ। ਡੋਰਸੀ ਦਾ ਦਾਅਵਾ ਹੈ ਕਿ ਸਰਕਾਰ ਨੇ ਟਵਿੱਟਰ ਨੂੰ ਬੰਦ ਕਰਨ ਤੇ ਮੁਲਾਜ਼ਮਾਂ ਦੇ ਘਰਾਂ ‘ਤੇ ਛਾਪੇ ਮਾਰਨ ਦੀ ਧਮਕੀ ਵੀ ਦਿੱਤੀ ਸੀ। ਸਾਲ 2021 ਵਿਚ ਟਵਿੱਟਰ ਦੇ ਸੀਈਓ ਦਾ ਅਹੁਦਾ ਛੱਡਣ ਵਾਲੇ ਡੋਰਸੀ ਨੇ ਯੂਟਿਊਬ ਦੇ ਨਿਊਜ਼ ਸ਼ੋਅ ‘ਬ੍ਰੇਕਿੰਗ ਪੁਆਇੰਟ’ ਨੂੰ ਦਿੱਤੀ ਇਕ ਇੰਟਰਵਿਊ ਦੌਰਾਨ ਇਹ ਦਾਅਵੇ ਕੀਤੇ ਹਨ।
ਡੋਰਸੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਕੰਪਨੀ ਬੰਦ ਕਰਨ ਤੇ ਮੁਲਾਜ਼ਮਾਂ ‘ਤੇ ਛਾਪੇ ਮਾਰਨ ਦੀ ਧਮਕੀ ਦਿੰਦਿਆਂ ‘ਦਬਾਅ’ ਬਣਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਸਾਫ਼ ਕਰ ਦਿੱਤਾ ਕਿ ਕਿਸਾਨਾਂ ਵੱਲੋਂ ਸਾਲ 2020 ਤੇ 2021 ਦੌਰਾਨ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਵਿੱਢੇ ਅੰਦੋਲਨ ਨੂੰ ਲੈ ਕੇ ਸਰਕਾਰ ਦੀ ਨੁਕਤਾਚੀਨੀ ਵਾਲੀਆਂ ਪੋਸਟਾਂ ਨੂੰ ਨਾ ਹਟਾਇਆ ਗਿਆ ਤੇ ਸਬੰਧਤ ਟਵਿੱਟਰ ਖਾਤਿਆਂ ‘ਤੇ ਰੋਕ ਨਾ ਲਾਈ ਤਾਂ ਗਈ ਉਹ ਸਿੱਟੇ ਭੁਗਤਣ ਲਈ ਤਿਆਰ ਰਹਿਣ।
ਇਸੇ ਦੌਰਾਨ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਜੈਕ ਡੋਰਸੀ ਦੇ ਦਾਅਵਿਆਂ ਨੂੰ ‘ਸਰਾਸਰ ਝੂਠ’ ਦੱਸ ਕੇ ਰੱਦ ਕਰ ਦਿੱਤਾ ਹੈ। ਚੰਦਰਸ਼ੇਖਰ ਨੇ ਟਵੀਟ ਕੀਤਾ ਕਿ ਡੋਰਸੀ ਦੇ ਟਵਿੱਟਰ ਪ੍ਰਬੰਧ ਨੂੰ ”ਭਾਰਤੀ ਕਾਨੂੰਨ ਦੀ ਪ੍ਰਭੂਸੱਤਾ ਸਵੀਕਾਰ ਕਰਨ ਵਿੱਚ ਵੱਡੀ ਸਮੱਸਿਆ ਸੀ।” ਮੰਤਰੀ ਨੇ ਕਿਹਾ, ”ਨਾ ਕੋਈ ਜੇਲ੍ਹ ਗਿਆ ਤੇ ਨਾ ਹੀ ਟਵਿੱਟਰ ‘ਬੰਦ’ ਹੋਇਆ। ਅਸਲ ਵਿੱਚ ਇਹ ਜੈਕ ਵੱਲੋਂ ਬੋਲਿਆ ਗਿਆ ਸਰਾਸਰ ਝੂਠ ਹੈ, ਜੋ ਸ਼ਾਇਦ ਟਵਿੱਟਰ ਦੇ ਇਤਿਹਾਸ ਵਿਚ ਸਭ ਤੋਂ ਸ਼ੱਕੀ ਕਾਰਜਕਾਲ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਹੈ।” ਚੰਦਰਸ਼ੇਖਰ ਨੇ ਕਿਹਾ, ”ਤੱਥ ਤੇ ਸਚਾਈ- ਡੋਰਸੀ ਤੇ ਉਸ ਦੇ ਟੀਮ ਦੇ ਕਾਰਜਕਾਲ ਦੌਰਾਨ ਟਵਿੱਟਰ ਵੱਲੋਂ ਲਗਾਤਾਰ ਭਾਰਤੀ ਕਾਨੂੰਨ ਦੀ ਉਲੰਘਣਾ ਕੀਤੀ ਗਈ। ਸਾਲ 2020 ਤੋਂ 2022 ਦੌਰਾਨ ਉਨ੍ਹਾਂ ਲਗਾਤਾਰ ਕਾਨੂੰਨ ਦੀ ਅਵੱਗਿਆ ਕੀਤੀ ਤੇ ਜੂਨ 2022 ਵਿੱਚ ਅਖੀਰ ਨੂੰ ਉਹ ਕਾਨੂੰਨ ਦੀ ਪਾਲਣਾ ਲਈ ਮੰਨੇ। ਉਹ ਇੰਜ ਵਰਤਾਅ ਕਰਦੇ ਸਨ ਜਿਵੇਂ ਭਾਰਤ ਦਾ ਕਾਨੂੰਨ ਉਨ੍ਹਾਂ ‘ਤੇ ਲਾਗੂ ਨਹੀਂ ਹੁੰਦਾ।” ਉਨ੍ਹਾਂ ਕਿਹਾ ਕਿ ਜਨਵਰੀ 2021 ਵਿੱਚ ਪ੍ਰਦਰਸ਼ਨਾਂ ਦੌਰਾਨ ਬਹੁਤ ਜਾਰੀ ਗ਼ਲਤ ਜਾਣਕਾਰੀ ਸੀ ਤੇ ਕਈ ਥਾਵਾਂ ਤੋਂ ਨਸਲਕੁਸ਼ੀ ਦੀਆਂ ਵੀ ਰਿਪੋਰਟਾਂ ਸਨ, ਜੋ ਯਕੀਨੀ ਤੌਰ ‘ਤੇ ਪੂਰੀ ਤਰ੍ਹਾਂ ਫ਼ਰਜ਼ੀ ਸਨ। ਚੰਦਰਸ਼ੇਖਰ ਨੇ ਇਨ੍ਹਾਂ (ਰਿਪੋਰਟਾਂ) ਬਾਰੇ ਬਹੁਤੀ ਤਫ਼ਸੀਲ ਦੇਣ ਤੋਂ ਇਨਕਾਰ ਕਰਦਿਆਂ ਕਿਹਾ, ”ਗ਼ਲਤ ਜਾਣਕਾਰੀ ਪਲੈਟਫਾਰਮ ਤੋਂ ਹਟਾਉਣੀ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਸੀ ਕਿਉਂਕਿ ਅਜਿਹੀ ਜਾਣਕਾਰੀ ਜੋ ਫ਼ਰਜ਼ੀ ਖ਼ਬਰਾਂ ‘ਤੇ ਅਧਾਰਿਤ ਹੈ, ਹਾਲਾਤ ਭੜਕਾਉਣ ਦੇ ਸਮਰੱਥ ਸੀ।” ਉਨ੍ਹਾਂ ਕਿਹਾ, ”ਜੈਕ ਦੇ ਕਾਰਜਕਾਲ ਦੌਰਾਨ ਟਵਿੱਟਰ ਦੇ ਵਤੀਰੇ ਵਿੱਚ ਵੱਡਾ ਫ਼ਰਕ ਸੀ। ਉਨ੍ਹਾਂ ਨੂੰ ਭਾਰਤ ਵਿੱਚ ਆਪਣੇ ਪਲੈਟਫਾਰਮ ਤੋਂ ਗੁੰਮਰਾਹਕੁਨ ਜਾਣਕਾਰੀ ਹਟਾਉਣ ‘ਚ ਸਮੱਸਿਆ ਸੀ, ਹਾਲਾਂਕਿ ਜਦੋਂ ਅਮਰੀਕਾ ਵਿੱਚ ਮਿਲਦੇ ਜੁਲਦੇ ਵਿਰੋਧ ਪ੍ਰਦਰਸ਼ਨ ਹੋਏ ਤਾਂ ਉਨ੍ਹਾਂ ਖੁ਼ਦ ਸਬੰਧਤ ਪੋਸਟਾਂ ਨੂੰ ਹਟਾਇਆ।” ਉਨ੍ਹਾਂ ਕਿਹਾ ਕਿ ਜੈਕ ਦੇ ਕਾਰਜਕਾਲ ਦੌਰਾਨ ਟਵਿੱਟਰ ਦੀ ਮਨਮਾਨੀ ਤੇ ਪੱਖਪਾਤੀ ਰਵੱਈਏ ਤੇ ਤਾਕਤ ਦੀ ਦੁਰਵਰਤੋਂ ਦੇ ਕਾਫ਼ੀ ਸਬੂਤ ਜਨਤਕ ਤੌਰ ‘ਤੇ ਮੌਜੂਦ ਹਨ। -ਪੀਟੀਆਈ
‘ਜਮਹੂਰੀਅਤ ਨੂੰ ਕਮਜ਼ੋਰ’ ਕਰਨ ਦੇ ਦਾਅਵਿਆਂ ਦੀ ਪੁਸ਼ਟੀ ਹੋਈ: ਕਾਂਗਰਸ
ਨਵੀਂ ਦਿੱਲੀ: ਮੁੱਖ ਵਿਰੋਧੀ ਧਿਰ ਕਾਂਗਰਸ ਨੇ ਟਵਿੱਟਰ ਦੇ ਸਾਬਕਾ ਸੀਈਓ ਜੈਕ ਡੋਰਸੀ ਵੱਲੋਂ ਕੀਤੇ ਦਾਅਵਿਆਂ ਦੇ ਹਵਾਲੇ ਨਾਲ ਅੱਜ ਕਿਹਾ ਕਿ ਮੋਦੀ ਸਰਕਾਰ ਸੋਸ਼ਲ ਮੀਡੀਆ ਤੇ ਪੱਤਰਕਾਰਾਂ ਨੂੰ ‘ਡਰਾਉਣਾ-ਧਮਕਾਉਣਾ’ ਬੰਦ ਕਰੇ। ਕਾਂਗਰਸ ਨੇ ਕਿਹਾ ਕਿ ਕੇਂਦਰ ਸਰਕਾਰ ਡੋਰਸੀ ਦੇ ਦੋਸ਼ਾਂ ਬਾਰੇ ਸਥਿਤੀ ਸਪਸ਼ਟ ਕਰੇ। ਪਾਰਟੀ ਨੇ ਕਿਹਾ ਕਿ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਕੇ ‘ਜਮਹੂਰੀਅਤ ਨੂੰ ਕਮਜ਼ੋਰ’ ਕਰਨ ਦਾ ਇਸ ਤੋਂ ਵੱਡਾ ਸਬੂਤ ਨਹੀਂ ਹੋ ਸਕਦਾ। ਸਰਕਾਰ ਦੇ ‘ਦਬਾਅ’ ਕਰਕੇ ਹੀ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਟਵਿੱਟਰ ਖਾਤੇ ਨੂੰ ਛੇ ਮਹੀਨਿਆਂ ਲਈ ਬੈਨ ਕੀਤਾ ਗਿਆ ਤੇ ਡੋਰਸੀ ਦੇ ਦਾਅਵਿਆਂ ਨੇ ਇਸ ਸੱਚ ਤੋਂ ਪਰਦਾ ਚੁੱਕ ਦਿੱਤਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਭਾਜਪਾ-ਆਰਐੱਸਐੱਸ ਦੇ ਸਿਆਸੀ ਵੰਸ਼ਜ, ਜੋ ਆਜ਼ਾਦੀ ਦੀ ਲੜਾਈ ਵਿੱਚ ਬਰਤਾਨਵੀ ਸ਼ਾਸਕਾਂ ਦੇ ਹੱਕ ਵਿੱਚ ਭੁਗਤੇ ਤੇ ਭਾਰਤੀਆਂ ਖਿਲਾਫ਼ ਖੜ੍ਹੇ ਹੋਏ, ਨੂੰ ਟਵਿੱਟਰ ਦੇ ਸਾਬਕਾ ਸੀਈਓ ਦੀਆਂ ਟਿੱਪਣੀਆਂ ਨੂੰ ਲੈ ਕੇ ਰਾਸ਼ਟਰਵਾਦੀ ਬਣਨ ਦਾ ਢੌਂਗ ਨਹੀਂ ਕਰਨਾ ਚਾਹੀਦਾ। ਖੜਗੇ ਨੇ ਹਿੰਦੀ ਵਿੱਚ ਕੀਤੇ ਟਵੀਟ ‘ਚ ਕਿਹਾ, ”ਭਾਜਪਾ ਦੇਸ਼ ਨੂੰ ਨਮੋਸ਼ੀ ਦਿਵਾਉਣ ‘ਚ ਹਮੇਸ਼ਾ ਮੋਹਰੀ ਰਹੀ ਹੈ…ਅਸੀਂ ਦੇਸ਼ ਵਿਚੋਂ ਜਮਹੂਰੀਅਤ ਖ਼ਤਮ ਕਰਨ ਦੀ ਭਾਜਪਾ ਦੀ ਸਾਜ਼ਿਸ਼ ਤੋੋਂ ਪਰਦਾ ਚੁੱਕਦੇ ਰਹਾਂਗੇ।” ਖੜਗੇ ਨੇ ਕਿਹਾ, ”ਭਾਜਪਾ ਨੇ ਬਰਤਾਨਵੀ ਸ਼ਾਸਕਾਂ ਦੀ ਤਾਨਾਸ਼ਾਹੀ ਵਾਲੀ ਟੂਲਕਿੱਟ ਨੂੰ ਅਪਣਾਇਆ। ਮੋਦੀ ਸਰਕਾਰ ਨੇ ਕਿਸਾਨ ਅੰਦੋਲਨ ਨੂੰ ਕੁਚਲਣ ਲਈ ਕੀ ਨਹੀਂ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਖੁ਼ਦ ਸਾਡੇ ‘ਅੰਨਦਾਤਾ’ ਕਿਸਾਨਾਂ ਨੂੰ ‘ਅੰਦੋਲਨਜੀਵੀ’ ਤੱਕ ਕਿਹਾ। ਯੂਪੀ ਦੇ ਮੁੱਖ ਮੰਤਰੀ ਨੇ ਕਿਸਾਨਾਂ ‘ਤੇ ਵਿਦੇਸ਼ਾਂ ਤੋਂ ਫੰਡ ਲੈਣ ਦਾ ਦੋਸ਼ ਲਾਇਆ। ਭਾਜਪਾ ਮੰਤਰੀਆਂ ਤੇ ਆਗੂਆਂ ਨੇ ਕਿਸਾਨਾਂ ਨੂੰ ਨਕਸਲੀ, ਅਤਿਵਾਦੀ ਤੇ ਦੇਸ਼ਧ੍ਰੋਹੀ ਤੱਕ ਦੱਸਿਆ।” ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ 750 ਕਿਸਾਨਾਂ ਦੀ ਜਾਨ ਗਈ, ਪਰ ਨਾ ਤਾਂ ਇਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਨਾ ਹੀ ਕੋਈ ਮੁਆਵਜ਼ਾ ਐਲਾਨਿਆ ਗਿਆ। ਇਥੋਂ ਤੱਕ ਕਿ ਸੰਸਦ ਵਿੱਚ ਇਕ ਮਿੰਟ ਦਾ ਮੌਨ ਤੱਕ ਨਹੀਂ ਰੱਖਿਆ ਗਿਆ। ਕਾਂਗਰਸ ਪ੍ਰਧਾਨ ਨੇ ਕਿਹਾ ਕਿ 1.48 ਲੱਖ ਕਿਸਾਨਾਂ ਨੂੰ ਅੰਦੋਲਨ ਦੌਰਾਨ ਦਰਜ ਕੇਸ ਲੜਨ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਕਿਹਾ, ”ਜੇਕਰ ਇਹ ਸਭ ਕੁਝ ਹੋਇਆ ਹੈ, ਫਿਰ ਕਿਸਾਨ ਅੰਦੋਲਨ ਦੇ ਆਗੂਆਂ ਤੇ ਪੱਤਰਕਾਰਾਂ ਨੂੰ ਡਰਾਉਣਾ ਧਮਕਾਉਣਾ ਮੋਦੀ ਸਰਕਾਰ ਲਈ ਕੋਈ ਵੱਡੀ ਗੱਲ ਨਹੀਂ ਹੈ।”
ਉਧਰ ਪਾਰਟੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ”ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਸੋਸ਼ਲ ਮੀਡੀਆ ਤੇ ਮੀਡੀਆ ਨੂੰ ਡਰਾਉਣਾ, ਧਮਕਾਉਣਾ ਤੇ ਵਰਗਲਾਉਣਾ ਬੰਦ ਕਰੇ। ਵਿਰੋਧੀ ਸੁਰਾਂ ਨੂੰ ਲਗਾਤਾਰ ਦਬਾਇਆ ਜਾ ਰਿਹੈ।” ਸ੍ਰੀਨੇਤ ਨੇ ਕਿਹਾ ਕਿ ਜੈਕ ਡੋਰਸੀ ਦੇ ਦਾਅਵੇ ਨੇ ਮੁੜ ਸਾਬਤ ਕਰ ਦਿੱਤਾ ਹੈ ਕਿ ਮੌਜੂਦਾ ਸਰਕਾਰ ਦੇਸ਼ ਦੇ ਲੋਕਤੰਤਰ ਨੂੰ ਕਮਜ਼ੋਰ ਕਰ ਰਹੀ ਹੈ। ਸ੍ਰੀਨੇਤ ਨੇ ਕਿਹਾ, ”ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਰੇ ਹੋੲੇ ਹਨ ਕਿਉਂਕਿ ਉਨ੍ਹਾਂ ਦੀ ਦਿੱਖ ਨੂੰ ਬਣਾਉਣ ਲਈ ਕਰੋੜਾਂ ਰੁਪਏ ਖਰਚ ਹੋਏ ਹਨ ਅਤੇ ਜਦੋਂ ਅਜਿਹੇ ਸੱਚ ਸਾਹਮਣੇ ਆਉਂਦੇ ਹਨ ਤਾਂ ਉਹ ਦਿੱਖ ਨਸ਼ਟ ਹੋ ਜਾਂਦੀ ਹੈ।” ਪਾਰਟੀ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਕਿਹਾ, ”ਮੋਦੀ ਸਰਕਾਰ ਨੇ ਟਵਿੱਟਰ ‘ਤੇ ਦਬਾਅ ਬਣਾਇਆ ਕਿ ਉਹ ਕਿਸਾਨਾਂ ਤੇ ਕਿਸਾਨ ਅੰਦੋਲਨ ਨਾਲ ਜੁੜੇ ਟਵਿੱਟਰ ਖਾਤਿਆਂ ਨੂੰ ਬੰਦ ਕਰੇ, ਸਰਕਾਰ ਦੀ ਨੁਕਤਾਚੀਨੀ ਕਰਨ ਵਾਲੇ ਪੱਤਰਕਾਰਾਂ ਦੇ ਟਵਿੱਟਰ ਖਾਤਿਆਂ ਨੂੰ ਬੰਦ ਕਰਨ, ਨਹੀਂ ਤਾਂ ਫਿਰ ਟਵਿੱਟਰ ਤੇ ਇਸ ਦੇ ਮੁਲਾਜ਼ਮਾਂ ਦੇ ਘਰਾਂ ‘ਤੇ ਛਾਪੇ ਮਾਰੇ ਜਾਣਗੇ।” ਇਕ ਹੋਰ ਪਾਰਟੀ ਆਗੂ ਜੈਰਾਮ ਰਮੇਸ਼ ਨੇ ਕਿਹਾ, ”ਕਿਸਾਨ ਅੰਦੋਲਨ ਦੌਰਾਨ ਬੁਜ਼ਦਿਲ ਭਾਜਪਾ ਸਰਕਾਰ ਨੇ ਟਵਿੱਟਰ ਨੂੰ ਬੰਦ ਕਰਨ ਤੇ ਇਸ ਦੇ ਮੁਲਾਜ਼ਮਾਂ ਦੇ ਘਰਾਂ ‘ਤੇ ਛਾਪੇ ਮਾਰਨ ਦੀ ਧਮਕੀ ਦਿੱਤੀ।”
ਉਧਰ ਰਾਜ ਸਭ ਮੈਂਬਰ ਤੇ ਸ਼ਿਵ ਸੈਨਾ (ਯੂਬੀਟੀ) ਆਗੂ ਪ੍ਰਿਯੰਕਾ ਚਤੁਰਵੇਦੀ ਨੇ ਚੰਦਰਸ਼ੇਖਰ ਦੇ ਉਪਰੋਕਤ ਟਵੀਟ ਦੇ ਜਵਾਬ ਵਿੱਚ ਕਿਹਾ ਕਿ ਟਵਿੱਟਰ ਨੇ ਇਕੋ ਕਾਨੂੰਨ ਤੋੜਿਆ ਕਿ ‘ਭਾਜਪਾ ਨੂੰ ਨਫ਼ਰਤੀ ਤਕਰੀਰ ਤੇ ਮੂੰਹ-ਜ਼ੋਰ ਏਜੰਡੇ ਦੀ ਇਜਾਜ਼ਤ ਨਹੀਂ ਦਿੱਤੀ।’ ਚਤੁਰਵੇਦੀ ਨੇ ਕਿਹਾ ਕਿ ਟਵਿੱਟਰ ਦੇ ਮੌਜੂਦਾ ਮਾਲਕ ਐਲਨ ਮਸਕ ਨੇ ਆਨ-ਰਿਕਾਰਡ ਦਾਅਵਾ ਕੀਤਾ ਹੈ ਕਿ ਭਾਰਤ ਸਰਕਾਰ ਨੇ ਉਸ ਦੀ ਸੋਚ/ਵਿਚਾਰਧਾਰਾ ਨਾਲ ਮੇਲ ਨਾ ਖਾਂਦੇ ਖਾਤਿਆਂ ਨੂੰ ਬੰਦ ਕਰਨ ਜਾਂ ਫਿਰ ਵਿਸ਼ਾ-ਵਸਤੂ ਨੂੰ ਹਟਾਉਣ ਬਾਰੇ ਕਈ ਦਰਖਾਸਤਾਂ ਦਿੱਤੀਆਂ ਹਨ। ਸ਼ਿਵ ਸੈਨਾ ਆਗੂ ਨੇ ਕਿਹਾ, ”ਭਾਜਪਾ ਤੇ ਸਰਕਾਰ ਨੇੇ ਕਿਸਾਨ ਅੰਦੋਲਨ ਨੂੰ ਮਧੋਲਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਅੰਦੋਲਨ ਨੂੰ ਬਦਨਾਮ ਕੀਤਾ। ਉਨ੍ਹਾਂ ਕਿਸਾਨਾਂ ਨੂੰ ਦਹਿਸ਼ਤਗਰਦ ਤੇ ਦੇਸ਼ ਵਿਰੋਧੀ ਤੱਕ ਦੱਸਿਆ। ਕਿਸਾਨਾਂ ‘ਤੇ ਲਾਠੀਚਾਰਜ ਕੀਤਾ, ਕਿਸਾਨਾਂ ਨੂੰ ਮਰਨ ਦਿੱਤਾ। ਉਨ੍ਹਾਂ ਨੂੰ ਸੰਸਦ ਵਿੱਚ ਵਿਰੋਧੀ ਧਿਰ ਨੂੰ ਖਾਮੋਸ਼ ਕਰਨ ਦੀ ਕੋਸ਼ਿਸ਼ ਕੀਤੀ। ਕਿਸਾਨਾਂ ਦੀ ਹਮਾਇਤ ਕਰਨ ਵਾਲਿਆਂ ਦੀ ਆਵਾਜ਼ ਬੰਦ ਕਰਨ ਲਈ ਸੋਸ਼ਲ ਮੀਡੀਆ ਪਲੈਟਫਾਰਮਾਂ ਦੀ ਬਾਂਹ ਤੱਕ ਮਰੋੜੀ…ਪਰ ਆਪਣੀ ਤਾਕਤ ਦੇ ਬਾਵਜੂਦ, ਕਿਸਾਨਾਂ ਨੇ ਹੰਕਾਰ ਨੂੰ ਨੀਵਾਂ ਕੀਤਾ ਅਤੇ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ। ਭਾਰਤੀ ਲੋਕਤੰਤਰ ਜਾਂ ਮੋਦੀਸ਼ਾਹੀ ਦਾ ਰਾਜ?”
ਛੋਟੇ ਬੱਚਿਆਂ ਨੂੰ ਵੀ ਪਤਾ ਸੀ ਕਿ ਟਵਿੱਟਰ ਖਾਤੇ ਬੰਦ ਕੀਤੇ ਜਾਣਗੇ: ਟਿਕੈਤ
ਕੁਰੂਕਸ਼ੇਤਰ: ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਅੰਦੋਲਨ ਨੂੰ ਪ੍ਰਮੁੱਖਤਾ ਨਾਲ ਉਭਾਰਨ ਵਾਲੇ ਕਈ ਟਵਿੱਟਰ ਖਾਤਿਆਂ ਨੂੰ ਸਰਕਾਰ ਵੱਲੋਂ ਬਲਾਕ ਕੀਤਾ ਗਿਆ। ਕਿਸਾਨ ਆਗੂ ਨੇ ਕਿਹਾ ਕਿ ਛੋਟੇ ਬੱਚਿਆਂ ਨੂੰ ਵੀ ਪਤਾ ਸੀ ਕਿ ਜੇਕਰ ਕਿਸਾਨ ਅੰਦੋਲਨ ਨੂੰ ਉਭਾਰਿਆ ਗਿਆ ਤਾਂ ਟਵਿੱਟਰ ਖਾਤੇ ਬੰਦ ਕੀਤੇ ਜਾਣਗੇ। ਟਿਕੈਤ ਨੇ ਕਿਹਾ ਕਿ ਇਨ੍ਹਾਂ ਵਿਚੋਂ ਕਈ ਖਾਤੇ ਅਜੇ ਵੀ ‘ਬੰਦ’ ਪੲੇ ਹਨ। ਦਿੱਲੀ ਦੀਆਂ ਬਰੂਹਾਂ ‘ਤੇ ਕਰੀਬ ਇਕ ਸਾਲ ਤੱਕ ਚੱਲੇ ਕਿਸਾਨ ਅੰਦੋਲਨ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਿਸਾਨ ਆਗੂਆਂ ‘ਚੋਂ ਇਕ ਟਿਕੈਤ ਨੇ ਕਿਹਾ ਕਿ ਟਵਿੱਟਰ ‘ਤੇ ਸਰਕਾਰ ਦਾ ਦਬਾਅ ਸੀ ਤੇ ਸਰਕਾਰ ਕਿਸਾਨ ਅੰਦੋਲਨ ਨੂੰ ਉਭਾਰਨ ਵਾਲੇ ਖਾਤਿਆਂ ਨੂੰ ਬੰਦ ਕਰਨ ਦੀ ਗੁਜ਼ਾਰਿਸ਼ ਕਰ ਰਹੀ ਸੀ, ਤਾਂ ਕਿ ਇਹ ਵੱਧ ਤੋਂ ਵੱਧ ਲੋਕਾਂ ਤੱਕ ਨਾ ਪਹੁੰਚਣ ਤੇ ਘੱਟ ਤੋਂ ਘੱਟ ਲੋਕ ਇਨ੍ਹਾਂ ਟਵੀਟਾਂ ਨੂੰ ਵੇਖਣ। ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਟਿਕੈਤ ਨੇ ਪੱਤਰਕਾਰਾਂ ਵੱਲੋਂ ਟਵਿੱਟਰ ਦੇ ਸਾਬਕਾ ਸੀਈਓ ਜੈਕ ਡੋਰਸੀ ਦੇ ਦਾਅਵਿਆਂ ਬਾਰੇ ਪੁੱਛੇ ਸਵਾਲ ਦੇ ਜਵਾਬ ‘ਚ ਕਿਹਾ ਕਿ ਕਿਸਾਨਾਂ ਦੀ ਰਸਾਈ ਦੇ ਘੇਰੇ ਨੂੰ ਸੀਮਤ ਕਰਨ ਲਈ ਸਰਕਾਰ ਵੱਲੋਂ ‘ਦਬਾਅ’ ਪਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਭਾਜਪਾ ਆਪਣੇ ਹੁਕਮਾਂ ਦੀ ਅਦੂਲੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰ ਸਕਦੀ। ਦੱਸ ਦੇਈਏ ਕਿ ਟਿਕੈਤ ਇਸੇ ਵੇਲੇ ਕੁਰੂਕਸ਼ੇਤਰ ਦੇ ਪਿੱਪਲੀ ਵਿਚ ਕਿਸਾਨਾਂ ਵੱਲੋਂ ਸੂਰਜਮੁਖੀ ਦੀ ਫਸਲ ਦੀ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦ ਦੀ ਮੰਗ ਨੂੰ ਲੈ ਕੇ ਕੌਮੀ ਸ਼ਾਹਰਾਹ ‘ਤੇ ਲਾਏ ਧਰਨੇ ਵਿੱਚ ਮੌਜੂਦ ਹਨ। -ਪੀਟੀਆਈ
ਡੋਰਸੀ ਝੂਠ ਬੋਲ ਕੇ ਆਪਣੀਆਂ ਗਲਤੀਆਂ ’ਤੇ ਪਰਦੇ ਪਾ ਰਿਹੈ: ਅਨੁਰਾਗ ਠਾਕੁਰ
ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਸ਼ਿਮਲਾ ਵਿੱਚ ਕਿਹਾ ਕਿ ਟਵਿੱਟਰ ਦੇ ਸਹਿ-ਬਾਨੀ ਜੈਕ ਡੋਰਸੀ ਵੱਲੋਂ ਲਾਏ ‘ਝੂਠੇ’ ਦੋਸ਼ ਪਿਛਲੀਆਂ ਗ਼ਲਤੀਆਂ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਹੈ। ਠਾਕੁਰ ਨੇ ਕਿਹਾ ਕਿ ਟਵਿੱਟਰ ਦੇ ਅੰਦਰੂਨੀ ਚਿੱਠੀ-ਪੱਤਰ ਤੋਂ ਵੀ ਸਾਬਤ ਹੋ ਗਿਆ ਹੈ ਕਿ ਪਲੈਟਫਾਰਮ ਦੀ ‘ਦੁਰਵਰਤੋਂ ਹੋਈ ਅਤੇ ਪੱਖਪਾਤ ਤੇ ਛੇੜਛਾੜ ਵੀ ਕੀਤੀ ਗਈ।” ਠਾਕੁਰ ਨੇ ਕਿਹਾ ਕਿ ਚੋਣਾਂ ਮੌਕੇ ਜਮਹੂਰੀ ਅਮਲ ਨੂੰ ਵਿਗਾੜਨ ਤੇ ਤਣਾਅ ਪੈਦਾ ਕਰਨ ਲਈ ਕਈ ‘ਵਿਦੇਸ਼ੀ ਤਾਕਤਾਂ’ ਸਰਗਰਮ ਹੋ ਜਾਂਦੀਆਂ ਹਨ, ਪਰ ਅਜਿਹੀਆਂ ਕੋਸ਼ਿਸ਼ਾਂ ਨੂੰ ਬੀਤੇ ਵਿੱਚ ਵੀ ਨਾਕਾਮ ਕੀਤਾ ਗਿਆ ਹੈ ਤੇ ਭਵਿੱਖ ਵਿੱਚ ਵੀ ਇਨ੍ਹਾਂ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਦੌਰਾਨ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਜੈਕ ਡੋਰਸੀ ਵੱਲੋਂ ਲਾੲੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਾਂਗਰਸ ਕੰਪਨੀ ਤੋਂ ‘ਲਾਂਭੇ’ ਕੀਤੇ ਸੀਈਓ ਦੇ ਨਾਂ ‘ਤੇ ਸਿਆਸਤ ਕਰ ਰਹੀ ਹੈ।
ਮੋਦੀ ਦੀ ਅਮਰੀਕਾ ਫੇਰੀ ਤੋਂ ਪਹਿਲਾਂ ਡੋਰਸੀ ਦਾ ਖੁਲਾਸਾ ਸੰਜੋਗ ਨਹੀਂ!
ਨਵੀਂ ਦਿੱਲੀ (ਟਨਸ): ਟਵਿੱਟਰ ਦੇ ਸਹਿ ਬਾਨੀ ਤੇ ਸਾਬਕਾ ਸੀਈਓ ਜੈਕ ਡੋਰਸੀ ਦੀ ਇਹ ਇੰਟਰਵਿਊ, ਜਿਸ ਵਿੱਚ ਉਨ੍ਹਾਂ ਤਿੰਨ ਮੁਲਕਾਂ- ਭਾਰਤ, ਨਾਇਜੀਰੀਆ ਤੇ ਤੁਰਕੀ ਦੇ ਨਾਂ ਲਏ ਹਨ, ਅਜਿਹੇ ਮੌਕੇ ਸਾਹਮਣੇ ਆਈ ਹੈ ਜਦੋਂ ਤਿੰਨੋਂ ਮੁਲਕ ਖੁ਼ਦਮੁਖਤਾਰ ਵਿਦੇਸ਼ ਨੀਤੀ ਘੜਨ ਲਈ ਪੇਸ਼ਬੰਦੀਆਂ ਕਰ ਰਹੇ ਹਨ। ਇਨ੍ਹਾਂ ਤਿੰਨ ਮੁਲਕਾਂ ਵਿਚੋਂ ਕਿਸੇ ਨੇ ਵੀ ਰੂਸ ਵੱਲੋਂ ਯੂਕਰੇਨ ਖਿਲਾਫ਼ ਛੇੜੀ ਜੰਗ ਦੀ ਨਿਖੇਧੀ ਨਹੀਂ ਕੀਤੀ ਤੇ ਨਾ ਹੀ ਮਾਸਕੋ ਨਾਲ ਕਾਰੋਬਾਰ ਬੰਦ ਕੀਤਾ ਹੈ। ਡੋਰਸੀ ਨੇ ਟਵਿੱਟਰ ਨੂੰ ਬੰਦ ਕਰਨ ਦੀਆਂ ਧਮਕੀਆਂ ਬਾਰੇ ਖੁਲਾਸਾ ਉਸੇ ਵੇੇਲੇ ਕੀਤਾ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ ਦਿਨਾਂ ਵਿੱਚ ਅਮਰੀਕਾ ਦੌਰੇ ‘ਤੇ ਜਾਣਾ ਹੈ। ਜਦੋਂਕਿ ਡੋਰਸੀ ਦੀ ਇੰਟਰਵਿਊ ਲੈਣ ਵਾਲੀ ਜੋੜੀ ਦੇ ਨੇੜਲੇ ਸਾਥੀਆਂ ਵੱਲੋਂ ਗੁਜਰਾਤ ਦੰਗਿਆਂ ਬਾਰੇ ਬੀਬੀਸੀ ਦਸਤਾਵੇਜ਼ੀ ‘ਦਿ ਮੋਦੀ ਕੁਅਸਚਨ…’ ਦੀ ਸਕਰੀਨਿੰਗ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਬੀਬੀਸੀ ਦਸਤਾਵੇਜ਼ੀ ਹਰ ਉਸ ਮੁਲਕ ਵਿਚ ਦਿਖਾਈ ਜਾਂਦੀ ਹੈ, ਜਿੱਥੇ ਪ੍ਰਧਾਨ ਮੰਤਰੀ ਮੋਦੀ ਸਰਕਾਰੀ ਦੌਰੇ ‘ਤੇ ਜਾਂਦੇ ਹਨ।