ਸੱਤ ਹਵਾਈ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਨਵੀਂ ਦਿੱਲੀ, 15 ਅਕਤੂਬਰ
ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਅੱਜ ਅਮਰੀਕਾ ਜਾ ਰਹੇ ਹਵਾਈ ਜਹਾਜ਼ ਸਣੇ ਸੱਤ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਵੱਖ-ਵੱਖ ਹਵਾਈ ਅੱਡਿਆਂ ’ਤੇ ਵਿਸ਼ੇਸ਼ ਅਤਿਵਾਦ ਵਿਰੋਧੀ ਮਸ਼ਕਾਂ ਕੀਤੀਆਂ। ਮੁੰਬਈ ਤੋਂ ਉਡਾਣ ਭਰਨ ਵਾਲੇ ਤਿੰਨ ਕੌਮਾਂਤਰੀ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਤੋਂ ਇਕ ਦਿਨ ਬਾਅਦ ਅੱਜ ਮਾਈਕ੍ਰੋਬਲੌਗਿੰਗ ਪਲੈਟਫਾਰਮ ‘ਐਕਸ’ ਰਾਹੀਂ ਇਹ ਧਮਕੀਆਂ ਮਿਲੀਆਂ। ਧਮਕੀ ਵਾਲੇ ਇਹ ਸੁਨੇਹੇ ਸੋਮਵਾਰ ਨੂੰ ਪੋਸਟ ਕੀਤੇ ਗਏ ਸਨ। ਇਸੇ ਤਰ੍ਹਾਂ ਅੱਜ ਸੱਤ ਹੋਰ ਹਵਾਈ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ। ਸੂਤਰਾਂ ਨੇ ਕਿਹਾ ਕਿ ਅੱਜ ‘ਐਕਸ’ ਹੈਂਡਲ ’ਤੇ ਸੱਤ ਹਵਾਈ ਜਹਾਜ਼ਾਂ ਨੂੰ ਉਡਾਉਣ ਦੀਆਂ ਧਮਕੀਆਂ ਜਾਰੀ ਕੀਤੀਆਂ ਗਈਆਂ। ਇਨ੍ਹਾਂ ਉਡਾਣਾਂ ਵਿੱਚ ਅੰਮ੍ਰਿਤਸਰ-ਦੇਹਰਾਦੂਨ-ਦਿੱਲੀ ਲਈ ਅਲਾਇੰਸ ਏਅਰ ਦੀ ਉਡਾਣ (9ਆਈ 650), ਜੈਪੁਰ ਤੋਂ ਅਯੁੱਧਿਆ ਹੋ ਕੇ ਬੰਗਲੂਰੂ ਜਾਣ ਵਾਲਾ ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ (ਆਈਐਕਸ765), ਦਰਭੰਗਾ ਤੋਂ ਮੁਬੰਈ ਜਾਣ ਵਾਲ ਸਪਾਈਸਜੈੱਟ ਦਾ ਜਹਾਜ਼ (ਐੱਸਜੀ116), ਬਾਗਡੋਗਰਾ ਤੋਂ ਬੰਗਲੂਰੂ ਜਾਣ ਵਾਲਾ ਅਕਾਸਾ ਏਅਰਲਾਈਨਜ਼ ਦਾ ਜਹਾਜ਼ (ਕਿਊਪੀ 1373), ਦਿੱਲੀ ਤੋਂ ਸ਼ਿਕਾਗੋ ਜਾਣ ਵਾਲਾ ਏਅਰ ਇੰਡੀਆ ਦਾ ਜਹਾਜ਼ (ਏਆਈ 127), ਦਮਾਮ (ਸਾਊਦੀ ਅਰਬ) ਤੋਂ ਲਖਨਊ ਆਉਣ ਵਾਲੀ ਇੰਡੀਗੋ ਦੀ ਉਡਾਣ (6ਈ 98) ਅਤੇ ਮਦੁਰਾਈ ਤੋਂ ਸਿੰਗਾਪੁਰ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ (ਆਈਐਕਸ 684) ਸ਼ਾਮਲ ਸਨ। ਏਅਰ ਇੰਡੀਆ ਐਕਸਪ੍ਰੈੱਸ ਹਵਾਈ ਜਹਾਜ਼ ਦੀ ਅਯੁੱਧਿਆ ਹਵਾਈ ਅੱਡੇ ’ਤੇ ਸੁਰੱਖਿਆ ਚੈਕਿੰਗ ਕੀਤੀ ਗਈ। ਉਡਾਣ ਟਰੈਕਿੰਗ ਵੈੱਬਸਾਈਟਾਂ ਮੁਤਾਬਕ, ਸਪਾਈਸਜੈੱਟ ਤੇ ਅਕਾਸਾ ਏਅਰਲਾਈਨਜ਼ ਦੇ ਜਹਾਜ਼ ਸੁਰੱਖਿਅਤ ਉਤਾਰ ਲਏ ਗਏ। ਇਸ ਤੋਂ ਇਲਾਵਾ ਦਿੱਲੀ ਤੋਂ ਸ਼ਿਕਾਗੋ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਨੂੰ ਸੁਰੱਖਿਆ ਚੈੱਕ ਲਈ ਕੈਨੇਡਾ ਵੱਲ ਮੋੜ ਦਿੱਤਾ ਗਿਆ। ਇਸ ਤਰ੍ਹਾਂ ਦਮਾਮ ਤੋਂ ਲਖਨਊ ਆ ਰਹੀ ਉਡਾਣ ਨੂੰ ਜੈਪੁਰ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ। -ਪੀਟੀਆਈ
ਧਮਕੀਆਂ ਦੇੇਣ ਵਾਲਿਆਂ ਖ਼ਿਲਾਫ਼ ਜਾਂਚ ਸ਼ੁਰੂ
ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ (ਬੀਸੀਏਐੱਸ) ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਨ੍ਹਾਂ ਧਮਕੀਆਂ ਪਿਛਲੇ ਵਿਅਕਤੀ ਜਾਂ ਲੋਕਾਂ ਦਾ ਪਤਾ ਲਾਉਣ ਲਈ ਸਾਈਬਰ ਸੁਰੱਖਿਆ ਏਜੰਸੀਆਂ ਅਤੇ ਪੁਲੀਸ ਦੀ ਮਦਦ ਲਈ ਜਾ ਰਹੀ ਹੈ। ਮੁੰਬਈ ਪੁਲੀਸ ਨੇ ਕੇਸ ਦਰਜ ਕਰਕੇ ਇੱਕ ਨਾਬਾਲਗ, ਉਸ ਦੇ ਪਿਤਾ ਅਤੇ ਇੱਕ ਹੋਰ ਵਿਅਕਤੀ ਨੂੰ ਫਰਜ਼ੀ ਕਾਲਾਂ ਕਰਨ ਦੇ ਦੋਸ਼ ਹੇਠ ਪੁੱਛਗਿੱਛ ਲਈ ਸੱਦਿਆ ਹੈ।