ਸੀਆਰਪੀਐੱਫ ਦੇ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਨਵੀਂ ਦਿੱਲੀ, 22 ਅਕਤੂਬਰ
ਦਿੱਲੀ ਤੇ ਤਿਲੰਗਾਨਾ ਵਿਚ ਸੀਆਰਪੀਐੱਫ ਦੇ ਤਿੰਨ ਸਕੂਲਾਂ ਅਤੇ ਹੋਰ ਸ਼ਹਿਰਾਂ ਵਿੱਚ ਇਸ ਨੀਮ ਫ਼ੌਜੀ ਬਲ ਦੇ ਅਧਿਕਾਰ ਖੇਤਰਾਂ ਵਿੱਚ ਪੈਂਦੇ ਕੇਂਦਰੀ ਵਿਦਿਆਲਿਆਂ ਨੂੰ ਬੰਬ ਨਾਲ ਨਿਸ਼ਾਨਾ ਬਣਾਏ ਜਾਣ ਦੀ ਧਮਕੀ ਮਿਲੀ ਹੈ। ਸੀਆਰਪੀਐੱਫ ਨੂੰ ਮਿਲੀ ਧਮਕੀ ਵਾਲੀ ਈ-ਮੇਲ ਹੈ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਹਾਲਾਂਕਿ, ਬਾਅਦ ਵਿੱਚ ਇਹ ਧਮਕੀ ਫਰਜ਼ੀ ਸਾਬਤ ਹੋਈ। ਦਿੱਲੀ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਆਰਪੀਐੱਫ ਨੂੰ ਸੋਮਵਾਰ ਰਾਤ ਨੂੰ ਸ਼ੱਕੀ ਈ-ਮੇਲ ਮਿਲੀ, ਜਿਸ ਵਿਚ ਦਾਅਵਾ ਕੀਤਾ ਗਿਆ ਕਿ ਮੰਗਲਵਾਰ ਸਵੇਰੇ 11 ਵਜੇ ਤੱਕ ਤਿੰਨਾਂ ਥਾਵਾਂ ’ਤੇ ਬਾਰੂਦੀ ਸੁਰੰਗਾਂ ਫਟ ਸਕਦੀਆਂ ਹਨ। ਸੀਆਰਪੀਐੱਫ ਦੇ ਇਹ ਸਕੂਲ ਦਿੱਲੀ ਦੇ ਰੋਹਿਨੀ ਅਤੇ ਦਵਾਰਕਾ ਅਤੇ ਹੈਦਰਾਬਾਦ ਨੇੜੇ ਮੇਦਚਲ ਵਿੱਚ ਸਥਿਤ ਹਨ ਜਦਕਿ ਇਸ ਨੀਮ ਫ਼ੌਜੀ ਬਲ ਦੇ ਪੰਚਕੂਲਾ (ਹਰਿਆਣਾ) ਅਤੇ ਰਾਮਪੁਰ (ਉੱਤਰ ਪ੍ਰਦੇਸ਼) ਅਧਿਕਾਰ ਖੇਤਰ ਵਿੱਚ ਪੈਂਦੇ ਦੋ ਕੇਂਦਰੀ ਵਿਦਿਆਲਿਆਂ ਨੂੰ ਵੀ ਇਸੇ ਤਰ੍ਹਾਂ ਦੀ ਧਮਕੀ ਮਿਲੀ ਹੈ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਸਿੱਖਿਆ ਸੰਸਥਾਵਾਂ ਦੀ ਜਾਂਚ ਦੌਰਾਨ ਕੁੱਝ ਵੀ ਸ਼ੱਕੀ ਨਹੀਂ ਮਿਲਿਆ। ਸਕੂਲ ਸੁਰੱਖਿਅਤ ਹਨ ਅਤੇ ਆਮ ਦਿਨਾਂ ਵਾਂਗ ਚੱਲ ਰਹੇ ਹਨ। -ਪੀਟੀਆਈ
ਧਮਕੀ ਵਾਲੀ ਈਮੇਲ ਦੀ ਜਾਂਚ ਸ਼ੁਰੂ
ਦਿੱਲੀ ਪੁਲੀਸ ਦੇ ਅਧਿਕਾਰੀ ਨੇ ਦੱਸਿਆ ਕਿ ਸਾਈਬਰ ਸੈੱਲ ਨੇ ਰੋਹਿਣੀ ਵਿੱਚ ਸੀਆਰਪੀਐੱਫ ਪਬਲਿਕ ਸਕੂਲ ਦੀ ਚਾਰਦੀਵਾਰੀ ਦੇ ਬਾਹਰ ਹੋਏ ਧਮਾਕੇ ਤੋਂ ਇਕ ਦਿਨ ਬਾਅਦ ਮਿਲੀ ਧਮਕੀ ਵਾਲੀ ਈ-ਮੇਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਪੁਲੀਸ ਨੇ ਈ-ਮੇਲ ਸੇਵਾ ਦੇਣ ਵਾਲੀ ਕੰਪਨੀ ਨੂੰ ਪੱਤਰ ਲਿਖ ਕੇ ਈ-ਮੇਲ ਭੇਜਣ ਵਾਲੇ ਦੀ ਪਛਾਣ ਅਤੇ ਹੋਰ ਜਾਣਕਾਰੀ ਮੁਹੱਈਆ ਕਰਵਾਉਣ ਲਈ ਕਿਹਾ ਹੈ।