ਮੁੰਬਈ ’ਚ ਤਿੰਨ ਕੌਮਾਂਤਰੀ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਨਵੀਂ ਦਿੱਲੀ/ਮੁੰਬਈ:
ਮੁੰਬਈ ਤੋਂ ਉਡਾਣ ਭਰਨ ਵਾਲੀਆਂ ਤਿੰਨ ਕੌਮਾਂਤਰੀ ਉਡਾਣਾਂ ਨੂੰ ਅੱਜ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਨ੍ਹਾਂ ਵਿਚੋਂ ਨਿਊ ਯਾਰਕ ਜਾ ਰਹੀ ਏਅਰ ਇੰਡੀਆ ਦੀ ਉਡਾਣ ਜਿੱਥੇ ਨਵੀਂ ਦਿੱਲੀ ਡਾਈਵਰਟ ਕਰਨ ਪਈ, ਉਥੇ ਇੰਡੀਗੋ ਦੀਆਂ ਦੋ ਹੋਰ ਉਡਾਣਾਂ ਕਈ ਘੰਟਿਆਂ ਲਈ ਪੱਛੜ ਗਈਆਂ। ਉਂਝ ਪੁਲੀਸ ਨੂੰ ਕਿਸੇ ਵੀ ਜਹਾਜ਼ ਵਿਚੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ। ਏਅਰ ਇੰਡੀਆ ਨੇ ਇਕ ਬਿਆਨ ਵਿਚ ਵਿਚੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ। ਏਅਰ ਇੰਡੀਆ ਨੇ ਇਕ ਬਿਆਨ ਵਿਚ ਕਿਹਾ, ‘ਉਡਾਣ ਏਆਈ 119 ਜੋਂ ਮੁੰਬਈ ਤੋਂ ਨਿਊ ਯਾਰਕ (ਜੇਐੱਫਕੇ) ਜਾ ਰਹੀ ਸੀ, ਨੂੰ ਸੁਰੱਖਿਆ ਅਲਰਟ ਮਿਲਣ ਮਗਰੋਂ ਸਰਕਾਰ ਦੀ ਸੁਰੱਖਿਆ ਰੈਗੂਲੇਟਰੀ ਕਮੇਟੀ ਦੀਆਂ ਹਦਾਇਤਾਂ ਉੱਤੇ ਦਿੱਲੀ ਡਾਈਵਰਟ ਕਰ ਦਿੱਤਾ ਗਿਆ।’ ਬਿਆਨ ਮੁਤਾਬਕ ਜਹਾਜ਼ ਵਿਚ ਕੁੱਲ 258 ਵਿਅਕਤੀ ਸਵਾਰ ਸਨ, ਜਿਨ੍ਹਾਂ ਵਿਚ 19 ਅਮਲੇ ਦੇ ਮੈਂਬਰ ਵੀ ਸ਼ਾਮਲ ਹਨ। ਸਾਰੇ ਯਾਤਰੀਆਂ ਨੂੰ ਜਹਾਜ਼ ਵਿਚੋਂ ਉਤਾਰ ਕੇ ਸੁਰੱਖਿਆ ਪ੍ਰੋਸੀਜ਼ਰ ਦੀ ਨਵੇਂ ਸਿਰੇ ਤੋਂ ਪਾਲਣਾ ਕੀਤੀ ਗਈ। ਏਅਰਲਾਈਨ ਨੇ ਕਿਹਾ ਕਿ ਉਡਾਣ ਦੀ ਸਮਾਂ ਸੂਚੀ ਬਦਲ ਦਿੱਤੀ ਹੈ ਤੇ ਇਹ ਹੁਣ ਮੰਗਲਵਾਰ ਸਵੇਰੇ ਦਿੱਲੀ ਤੋਂ ਨਿਊ ਯਾਰਕ ਲਈ ਉਡਾਣ ਭਰੇਗੀ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਬੰਬ ਦੀ ਧਮਕੀ ਐਕਸ ’ਤੇ ਇਕ ਪੋਸਟ ਰਾਹੀਂ ਮਿਲੀ ਸੀ। ਸ਼ਹਿਰੀ ਹਵਾਬਾਜ਼ੀ ਬਾਰੇ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਦਿੱਲੀ ਹਵਾਈ ਅੱਡੇ ’ਤੇ ਜਾ ਕੇ ਖੁ਼ਦ ਹਾਲਾਤ ਦਾ ਜਾਇਜ਼ਾ ਲਿਆ। ਉਧਰ ਇੰਡੀਗੋ ਦੀਆਂ ਦੋ ਫਲਾਈਟਾਂ, ਜਿਨ੍ਹਾਂ ਵਿਚੋਂ ਇਕ ਮਸਕਟ ਤੇ ਦੂਜੀ ਜੇਦਾਹ ਜਾ ਰਹੀ ਸੀ, ਨੂੰ ਵੀ ਉਡਾਣ ਭਰਨ ਤੋਂ ਪਹਿਲਾਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। -ਪੀਟੀਆਈ