ਦਿੱਲੀ ਦੇ 40 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਕੁਲਵਿੰਦਰ ਕੌਰ ਦਿਓਲ
ਨਵੀਂ ਦਿੱਲੀ, 9 ਦਸੰਬਰ
ਦਿੱਲੀ ਦੇ ਲਗਪਗ 40 ਸਕੂਲਾਂ ਨੂੰ ਸੋਮਵਾਰ ਸਵੇਰੇ ਬੰਬ ਦੀ ਧਮਕੀ ਵਾਲੀ ਮੇਲ ਮਿਲੀ, ਜਿਸ ਵਿੱਚ ਭੇਜਣ ਵਾਲੇ ਨੇ 30,000 ਡਾਲਰ ਦੀ ਮੰਗ ਕੀਤੀ ਹੈ। ਹਾਲਾਂਕਿ ਸਕੂਲਾਂ ਦੀ ਦੌਰਾਨ ਫਿਲਹਾਲ ਕੁਝ ਵੀ ਸ਼ੱਕੀ ਨਹੀਂ ਮਿਲਿਆ, ਜਿਨ੍ਹਾਂ ਸਕੂਲਾਂ ਨੂੰ ਇਹ ਧਮਕੀਆਂ ਮਿਲੀਆਂ ਹਨ, ਉਨ੍ਹਾਂ ਵਿੱਚ ਵਸੰਤ ਕੁੰਜ ਤੇ ਆਰਕੇ ਪੁਰਮ ਦਾ ਡੀਪੀਐੱਸ, ਪੱਛਮ ਵਿਹਾਰ ਦਾ ਜੀਡੀ ਗੋਇਨਕਾ ਸਕੂਲ, ਚਾਣਿੱਕਿਆਪੁਰੀ ’ਚ ਦਿ ਬ੍ਰਿਟਿਸ਼ ਸਕੂੁਲ, ਅਰਬਿੰਦੋ ਮਾਰਗ ’ਤੇ ਦਿ ਮਦਰਜ਼ ਇਟਰਨੈਸ਼ਨਲ, ਮੰਡੀ ਹਾਊਸ ਦਾ ਮਾਡਰਨ ਸਕੂਲ, ਸਫ਼ਦਰਗੰਜ ਦਾ ਦਿੱਲੀ ਪੁਲੀਸ ਪਬਲਿਕ ਸਕੂਲ, ਡੀਪੀਐੱਸ ਈਸਟ ਆਫ ਕੈਲਾਸ਼ ਤੇ ਸਲਵਾਨ ਪਬਲਿਕ ਸਕੂਲ ਸ਼ਾਮਲ ਹਨ। ਦੂਨ ਪਬਲਿਕ ਸਕੂਲ, ਅਤੇ ਪੀਤਮਪੁਰਾ ਵਿੱਚ ਬ੍ਰਿਲਿਅੰਟਸ ਕਾਨਵੈਂਟ ਸ਼ਾਮਲ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਧਮਕੀ ਮਿਲਣ ਮਗਰੋਂ ਬਹੁਤੇ ਸਕੂਲਾਂ ਨੇ ਆਪਣੀਆਂ ਕਲਾਸਾਂ ਮੁਅੱਤਲ ਕਰ ਦਿੱਤੀਆਂ ਤੇ ਵਿਦਿਆਰਥੀਆਂ ਨੂੰ ਘਰ ਵਾਪਸ ਭੇਜ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਸੀ, ਉਨ੍ਹਾਂ ਦੀ ਤਲਾਸ਼ੀ ਦੌਰਾਨ ਫਿਲਹਾਲ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਡੀਸਪੀ (ਦੱਖਣ-ਪੱਛਮ) ਸੁਰੇਂਦਰ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਦੇ ਜ਼ਿਲ੍ਹੇ ’ਚ ਚਾਰ ਸਕੂਲਾਂ ਨੂੰ ਧਮਕੀ ਵਾਲੀ ਈਮੇਲ ਮਿਲੀ ਸੀ ਪਰ ਤਲਾਸ਼ੀ ਦੌਰਾਨ ਉਥੋਂ ਕੁਝ ਵੀ ਸ਼ੱਕੀ ਚੀਜ਼ ਨਹੀਂ ਮਿਲੀ।
ਦਿੱਲੀ ਨੂੰ ਸੁਰੱਖਿਆ ਮੁਹੱਈਆ ਕਰਵਾਉਣ ’ਚ ਕੇਂਦਰ ਨਾਕਾਮ: ਆਤਿਸ਼ੀ
ਸਕੂਲਾਂ ’ਚ ਬੰਬ ਦੀ ਧਮਕੀ ਦੇ ਮਾਮਲੇ ’ਤੇ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਿੱਲੀ ’ਚ ਸੁਰੱਖਿਆ ਪ੍ਰਦਾਨ ਕਰਨ ਦੇ ਆਪਣੇ ਕੰਮ ’ਚ ਅਸਫਲ ਰਹੀ ਹੈ। ਉਨ੍ਹਾਂ ਐਕਸ ’ਤੇ ਕਿਹਾ, ‘‘ਦਿੱਲੀ ਵਿੱਚ ਫਿਰੌਤੀ, ਕਤਲ, ਗੋਲੀਬਾਰੀ ਦੀਆਂ ਰੋਜ਼ਾਨਾ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਕੇਜਰੀਵਾਲ ਵੱਲੋਂ ਕੇਂਦਰ ਦੀ ਨਿਖੇਧੀ
ਬੰਬ ਦੀ ਧਮਕੀ ਨੂੰ ਲੈ ਕੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਆਲੋਚਨਾ ਕੀਤੀ ਹੈ। ਅਰਵਿੰਦ0 ਕੇਜਰੀਵਾਲ ਨੇ ਐਕਸ ’ਤੇ ਪੋਸਟ ਕੀਤਾ, ‘‘ਦਿੱਲੀ ਦੇ ਲੋਕਾਂ ਨੇ ਦਿੱਲੀ ’ਚ ਕਾਨੂੰਨ ਵਿਵਸਥਾ ਦੀ ਇੰਨੀ ਮਾੜੀ ਹਾਲਤ ਪਹਿਲਾਂ ਕਦੇ ਨਹੀਂ ਦੇਖੀ ਹੈ। ਅਮਿਤ ਸ਼ਾਹ ਨੂੰ ਆਉਣਾ ਚਾਹੀਦਾ ਹੈ ਤੇ ਦਿੱਲੀ ਦੇ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਹੈ।’’