Bal Puraskar: ਰਾਸ਼ਟਰਪਤੀ ਮੁਰਮੂ ਵੱਲੋਂ 17 ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਪ੍ਰਦਾਨ
ਨਵੀਂ ਦਿੱਲੀ, 26 ਦਸੰਬਰ
ਰਾਸ਼ਟਰਪਤੀ ਦਰੋਪਦੀ ਮੁਰਮੂ (President Droupadi Murmu) ਨੇ ਵੀਰਵਾਰ ਨੂੰ 17 ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ (Pradhan Mantri Rashtriya Bal Puraskar) ਪ੍ਰਦਾਨ ਕੀਤੇ, ਜਿਨ੍ਹਾਂ ਨੇ ਲਾਸਾਨੀ ਹਿੰਮਤ ਤੇ ਦਲੇਰੀ ਦਿਖਾਈ ਅਤੇ ਕਲਾ, ਸੱਭਿਆਚਾਰ ਤੇ ਖੇਡਾਂ ਸਮੇਤ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਇਹ ਪੁਰਸਕਾਰ ਕਲਾ ਅਤੇ ਸੱਭਿਆਚਾਰ, ਬਹਾਦਰੀ, ਨਵੀਨਤਾ, ਵਿਗਿਆਨ ਅਤੇ ਤਕਨਾਲੋਜੀ, ਸਮਾਜ ਸੇਵਾ, ਖੇਡਾਂ ਅਤੇ ਵਾਤਾਵਰਨ ਸਮੇਤ ਸੱਤ ਵਰਗਾਂ ਵਿੱਚ ਬੇਮਿਸਾਲ ਪ੍ਰਾਪਤੀਆਂ ਲਈ ਦਿੱਤਾ ਜਾਂਦਾ ਹੈ।
ਇਸ ਕੌਕੇ 14 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਚੁਣੇ ਗਏ ਸੱਤ ਲੜਕਿਆਂ ਅਤੇ 10 ਲੜਕੀਆਂ ਨੂੰ ਸਨਮਾਨ ਵਜੋਂ ਇੱਕ ਮੈਡਲ, ਸਰਟੀਫਿਕੇਟ ਅਤੇ ਇੱਕ ਪ੍ਰਸੰਸਾ ਪੱਤਰ ਦਿੱਤਾ ਗਿਆ। ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਕਲਾ ਅਤੇ ਸੱਭਿਆਚਾਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੀ 14 ਸਾਲਾ ਦਿਵਿਆਂਗ ਲੇਖਿਕਾ ਕੇਆ ਹਤਕਰ, ਕਸ਼ਮੀਰ ਦਾ 12 ਸਾਲਾ ਸੂਫ਼ੀ ਗਾਇਕ ਅਯਾਨ ਸਜਾਦ, 'ਸੇਰੇਬ੍ਰਲ ਪਾਲਸੀ' (Cerebral palsy) ਨਾਮੀ ਬਿਮਾਰੀ ਤੋਂ ਪੀੜਤ 17 ਸਾਲਾ ਵਿਆਸ ਓਮ ਜਿਗਨੇਸ਼ ਸ਼ਾਮਲ ਹਨ। ਜਿਗਨੇਸ਼ ਨੂੰ ਇਹ ਸਨਮਾਨ ਸੰਸਕ੍ਰਿਤ ਸਾਹਿਤ ਵਿਚ ਉਸ ਦੇ ਯੋਗਦਾਨ ਲਈ ਦਿੱਤਾ ਗਿਆ ਹੈ।
ਬਹਾਦਰੀ ਸ਼੍ਰੇਣੀ ਵਿੱਚ ਨੌਂ ਸਾਲਾ ਸੌਰਵ ਕੁਮਾਰ ਨੂੰ ਤਿੰਨ ਲੜਕੀਆਂ ਨੂੰ ਡੁੱਬਣ ਤੋਂ ਬਚਾਉਣ ਲਈ ਸਨਮਾਨਿਤ ਕੀਤਾ ਗਿਆ ਜਦਕਿ 17 ਸਾਲਾ ਇਓਨਾ ਥਾਪਾ ਨੂੰ ਇੱਕ ਫਲੈਟ ਦੇ 36 ਨਿਵਾਸੀਆਂ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਸਨਮਾਨਿਆ ਗਿਆ। ਨਵੀਨਤਾ ਲਈ ਸਿੰਧੂਰਾ ਰਾਜਾ (15) ਅਤੇ ਸਾਈਬਰ ਸੁਰੱਖਿਆ ਉੱਦਮੀ ਰਿਸ਼ਿਕ ਕੁਮਾਰ (17) ਨੂੰ ਪੁਰਸਕਾਰ ਦਿੱਤੇ ਗਏ।
ਇਹ ਵੀ ਪੜ੍ਹੋ:
Punjab News – Bal Puraskar: ਰੂਪਨਗਰ ਦੀ ਸਾਨਵੀ ਸੂਦ ਨੂੰ ਮਿਲਿਆ ਕੌਮੀ ਬਾਲ ਪੁਰਸਕਾਰ
ਖੇਡ ਵਰਗ ਵਿੱਚ ਜੂਡੋ ਖਿਡਾਰੀ ਹੇਮਵਤੀ ਨਾਗ, ਸ਼ਤਰੰਜ ਖਿਡਾਰੀ ਅਨੀਸ਼ ਸਰਕਾਰ ਅਤੇ ਰੂਪਨਗਰ (ਪੰਜਾਬ) ਦੀ 10 ਸਾਲਾ ਪਰਬਤਾਰੋਹੀ ਸਾਨਵੀ ਸੂਦ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦਿੱਤਾ ਗਿਆ। ਰਾਸ਼ਟਰਪਤੀ ਮੁਰਮੂ ਨੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਇੱਕ ਪੀੜ੍ਹੀ ਨੂੰ ਉੱਤਮਤਾ ਹਾਸਲ ਕਰਨ ਅਤੇ ਸਮਾਜ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ।
ਇਸ ਮੌਕੇ ਰਾਸ਼ਟਰਪਤੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਨੂੰ ਵੀ ਉਨ੍ਹਾਂ ਦੀ ਬੇਮਿਸਾਲ ਕੁਰਬਾਨੀ ਲਈ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਨੂੰ 26 ਦਸੰਬਰ ਨੂੰ 'ਵੀਰ ਬਾਲ ਦਿਵਸ' ਵਜੋਂ ਮਨਾਇਆ ਜਾਂਦਾ ਹੈ ਅਤੇ ਇਸੇ ਸਬੰਧ ਵਿਚ ਅੱਜ ਇਹ ਪੁਰਸਕਾਰ ਪ੍ਰਦਾਨ ਕੀਤੇ ਗਏ।
ਰਾਸ਼ਟਰਪਤੀ ਮੁਰਮੂ ਨੇ ਕਿਹਾ, "ਧਰਮ ਅਤੇ ਸਵੈ-ਮਾਣ ਲਈ ਉਨ੍ਹਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਅਣਗਿਣਤ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ। ਇਸ ਦਿਨ ਰਾਸ਼ਟਰ ਉਨ੍ਹਾਂ ਦੀ ਬਹਾਦਰੀ ਅਤੇ ਦਲੇਰੀ ਅੱਗੇ ਸਤਿਕਾਰ ਵਜੋਂ ਆਪਣਾ ਸਿਰ ਝੁਕਾਉਂਦਾ ਹੈ।"
-ਪੀਟੀਆਈ