For the best experience, open
https://m.punjabitribuneonline.com
on your mobile browser.
Advertisement

ਜਿਨ੍ਹਾਂ 60 ਸਾਲ ਕੁਝ ਨਹੀਂ ਕੀਤਾ, ਮੈਨੂੰ ਰੋਕਣ ਲਈ ਇਕੱਠੇ ਹੋਏ: ਮੋਦੀ

07:23 AM May 23, 2024 IST
ਜਿਨ੍ਹਾਂ 60 ਸਾਲ ਕੁਝ ਨਹੀਂ ਕੀਤਾ  ਮੈਨੂੰ ਰੋਕਣ ਲਈ ਇਕੱਠੇ ਹੋਏ  ਮੋਦੀ
ਬਸਤੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕਰਦੇ ਹੋਏ ਭਾਜਪਾ ਆਗੂ। -ਫੋਟੋ: ਪੀਟੀਆਈ
Advertisement

ਸ਼੍ਰਾਵਸਤੀ/ਬਸਤੀ, 22 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਰੋਧੀ ਧਿਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਨ੍ਹਾਂ 60 ਸਾਲਾਂ ਵਿੱਚ ਕੁਝ ਨਹੀਂ ਕੀਤਾ ਤੇ ਹੁਣ ਮੋਦੀ ਤੇ ਉਸ ਦੇ ਕੰਮਾਂ ਨੂੰ ਰੋਕਣ ਲਈ ਇਕਜੁੱਟ ਹੋ ਗਏ ਹਨ। ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਸ਼੍ਰਾਵਸਤੀ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਉਹ ਲੋਕ ਜਿਨ੍ਹਾਂ 60 ਸਾਲ ਤੱਕ ਕੁਝ ਨਹੀਂ ਕੀਤਾ, ਹੁਣ ਮੋਦੀ ਦੇ ਉਸ ਦੇ ਕੰਮਾਂ ਨੂੰ ਰੋਕਣ ਲਈ ਇਕੱਠੇ ਹੋ ਗਏ ਹਨ। ਯੂਪੀ ਵਿੱਚ ਦੋ ਲੜਕਿਆਂ ਦੀ ਫਲਾਪ ਫਿਲਮ ਦੁਬਾਰਾ ਰਿਲੀਜ਼ ਹੋ ਰਹੀ ਹੈ। ‘ਦੋ ਸ਼ਹਿਜ਼ਾਦੇ’ ਮੋਦੀ ਵੱਲੋਂ ਕੀਤੇ ਕੰਮ ਖਤਮ ਕਰ ਦੇਣਗੇ।’ ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਸਪਾ ਤੇ ਕਾਂਗਰਸ ਮੋਦੀ ਵੱਲੋਂ ਬਣਾਏ ਲੋਕਾਂ ਦੇ ਘਰ ਵਾਪਸ ਲੈ ਲੈਣਗੇ, ਦੋਵੇਂ ਪਾਰਟੀਆਂ ਲੋਕਾਂ ਦੇ ਜਨ ਧਨ ਖਾਤੇ ਬੰਦ ਕਰ ਦੇਣਗੀਆਂ, ਉਸ ’ਚੋਂ ਪੈਸੇ ਕਢਵਾ ਲੈਣਗੀਆਂ, ਬਿਜਲੀ ਕੁਨੈਕਸ਼ਨ ਕੱਟ ਦੇਣਗੀਆਂ ਤੇ ਇੱਥੋਂ ਤੱਕ ਉਨ੍ਹਾਂ ਦੀਆਂ ਟੂਟੀਆਂ ਵੀ ਲੈ ਜਾਣਗੀਆਂ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਸੀਏਏ ਨੂੰ ਰੱਦ ਦੇਵੇਗੀ ਅਤੇ ਧਾਰਾ 370 ਬਹਾਲ ਕਰ ਦੇਵੇਗੀ।
ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਯੂਪੀ ਦੇ ਬਸਤੀ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਤੇ ਸਮਾਜਵਾਦੀ ਪਾਰਟੀ ਨੂੰ ‘ਪਾਕਿਸਤਾਨ ਦੇ ਹਮਾਇਤੀ’ ਕਰਾਰ ਦਿੱਤਾ ਤੇ ਦੋਸ਼ ਲਾਇਆ ਕਿ ਇਹ ਪਾਰਟੀਆਂ ਪਰਮਾਣੂ ਸ਼ਕਤੀ ਦੇ ਨਾਂ ’ਤੇ ਦੇਸ਼ ਨੂੰ ਡਰਾ ਰਹੀਆਂ ਹਨ। ਪਾਕਿਸਤਾਨ ਬਾਰੇ ਮੋਦੀ ਨੇ ਕਿਹਾ, ‘ਅਤਿਵਾਦ ਨੂੰ ਪਾਲਣ ਵਾਲਾ ਜੋ ਕਦੇ ਸਾਨੂੰ ਲਲਕਾਰਦਾ ਸੀ ਅੱਜ ਇਸ ਸਥਿਤੀ ਵਿੱਚ ਹੈ ਕਿ ਉਸ ਦੇ ਲੋਕਾਂ ਨੂੰ ਅਨਾਜ ਲਈ ਵੀ ਮੁਸ਼ਕਲ ਹੋ ਰਹੀ ਹੈ। ਪਾਕਿਸਤਾਨ ਖਤਮ ਹੋ ਗਿਆ ਹੈ ਪਰ ਉਸ ਦੇ ਹਮਾਇਤੀ ਸਪਾ ਤੇ ਕਾਂਗਰਸ ਦੇਸ਼ ਨੂੰ ਡਰਾਉਣ ’ਚ ਲੱਗੇ ਹੋਏ ਹਨ।’ ਉਨ੍ਹਾਂ ਕਿਹਾ, ‘ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਤੋਂ ਡਰਨ ਦੀ ਲੋੜ ਹੈ ਕਿਉਂਕਿ ਉਸ ਕੋਲ ਪਰਮਾਣੂ ਬੰਬ ਹੈ। ਕੀ ਉਹ ਨਹੀਂ ਜਾਣਦੇ ਕਿ 56 ਇੰਚ (ਦਾ ਸੀਨਾ) ਕੀ ਹੁੰਦਾ ਹੈ? ਇਹ ਕਾਂਗਰਸ ਦੀ ਕਮਜ਼ੋਰ ਸਰਕਾਰ ਨਹੀਂ ਬਲਕਿ ਮੋਦੀ ਦੀ ਮਜ਼ਬੂਤ ਸਰਕਾਰ ਹੈ।’ ਅਖਿਲੇਸ਼ ਯਾਦਵ ਦੇ ਇੰਡੀਆ ਬਲਾਕ ਵੱਲੋਂ ਯੂਪੀ ਦੀਆਂ 79 ਸੀਟਾਂ ਜਿੱਤਣ ਦੇ ਦਾਅਵੇ ਬਾਰੇ ਕਿਹਾ, ‘ਯੂਪੀ ਦੇ ਲੋਕ 4 ਜੂਨ ਨੂੰ ਸਪਾ ਤੇ ਕਾਂਗਰਸ ਨੂੰ ਨੀਂਦ ’ਚੋਂ ਜਗਾ ਦੇਣਗੇ। ਉਹ ਫਿਰ ਹਾਰ ਲਈ ਈਵੀਐੱਮ ਨੂੰ ਦੋਸ਼ ਦੇਣਗੇ।’ -ਪੀਟੀਆਈ

Advertisement

ਮੋਦੀ ਨੇ ਯੂਪੀ ਦੀ ਚੀਨੀ ਸਨਅਤ ਨੂੰ ਨਜ਼ਰਅੰਦਾਜ਼ ਕੀਤਾ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਅੱਜ ਭਾਜਪਾ ’ਤੇ ਉੱਤਰ ਪ੍ਰਦੇਸ਼ ਦੀ ਚੀਨੀ ਸਨਅਤ ਦੀ ਮੰਦੀ ਹਾਲਤ ਅਤੇ ਗੰਨੇ ਦੇ ਭਾਅ ਵਧਾਉਣ ਲਈ ਕਿਸਾਨਾਂ ਦੀ ਮੰਗ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼੍ਰਾਵਸਤੀ ਤੇ ਬਸਤੀ ’ਚ ਕੀਤੀ ਗਈਆਂ ਚੋਣ ਰੈਲੀਆਂ ਦੇ ਮੱਦੇਨਜ਼ਰ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਉਨ੍ਹਾਂ ਨੂੰ ਸਵਾਲ ਕੀਤੇ। ਉਨ੍ਹਾਂ ਐਕਸ ’ਤੇ ਲਿਖਿਆ, ‘ਸ਼੍ਰਾਵਸਤੀ ’ਚ ਬੱਚਿਆਂ ਦੀ ਮਰਨ ਦਰ ਸਭ ਤੋਂ ਵੱਧ ਕਿਉਂ ਹੈ? ਬਸਤੀ ਦੇ 189 ਪ੍ਰਾਇਮਰੀ ਸਕੂਲ ਬੇਕਾਰ ਕਿਉਂ ਐਲਾਨੇ ਗਏ। ਭਾਜਪਾ ਨੇ ਬਸਤੀ ਦੇ ਗੰਨਾ ਕਾਸ਼ਤਕਾਰਾਂ ਤੇ ਸ਼ੂਗਰ ਮਿੱਲਾਂ ਨੂੰ ਨਜ਼ਰਅੰਦਾਜ਼ ਕਿਉਂ ਕੀਤਾ?’ ਉਨ੍ਹਾਂ ਯੂਪੀ ਵਿੱਚ ਸਿਹਤ ਸਹੂਲਤਾਂ ਦੀ ਮਾੜੀ ਹਾਲਤ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਮਗਰੋਂ ਸਾਰੀਆਂ ਖਾਲੀ ਅਸਾਮੀਆਂ ਭਰੀਆਂ ਜਾਣਗੀਆਂ ਅਤੇ ਦੇਸ਼ ਭਰ ਵਿੱਚ ਮੁੱਢਲੇ ਸਿਹਤ ਕੇਂਦਰ ਅਪਗਰੇਡ ਕੀਤੇ ਜਾਣਗੇ। -ਪੀਟੀਆਈ

Advertisement
Author Image

joginder kumar

View all posts

Advertisement
Advertisement
×