For the best experience, open
https://m.punjabitribuneonline.com
on your mobile browser.
Advertisement

ਸਰਕਾਰ ਆਧੁਨਿਕ ਤੇ ਖੋਜ-ਮੁਖੀ ਉੱਚ ਸਿੱਖਿਆ ਪ੍ਰਣਾਲੀ ਲਈ ਯਤਨਸ਼ੀਲ: ਮੋਦੀ

07:28 AM Jun 20, 2024 IST
ਸਰਕਾਰ ਆਧੁਨਿਕ ਤੇ ਖੋਜ ਮੁਖੀ ਉੱਚ ਸਿੱਖਿਆ ਪ੍ਰਣਾਲੀ ਲਈ ਯਤਨਸ਼ੀਲ  ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਨੁਕਤਾ ਸਾਂਝਾ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਰਾਜਗੀਰ (ਬਿਹਾਰ), 19 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਕੇਂਦਰ ਸਰਕਾਰ ਆਧੁਨਿਕ, ਖੋਜ-ਮੁਖੀ ਉੱਚ ਸਿੱਖਿਆ ਪ੍ਰਣਾਲੀ ਦੀ ਦਿਸ਼ਾ ਵੱਲ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਦਾ ਮਿਸ਼ਨ ਹੈ ਕਿ ਭਾਰਤ ਦੀ ਪਛਾਣ ਮੁੜ ਤੋਂ ਦੁਨੀਆ ਦੇ ਸਭ ਤੋਂ ਪ੍ਰਮੁੱਖ ਗਿਆਨ ਕੇਂਦਰ ਵਜੋਂ ਬਣੇ।ਮੋਦੀ ਨੇ ਇਥੇ ਨਾਲੰਦਾ ਯੂਨੀਵਰਸਿਟੀ ਦੇ ਨਵੇਂ ਕੈਂਪਸ ਦਾ ਉਦਘਾਟਨ ਕਰਦਿਆਂ ਵਿਦਿਆਰਥੀਆਂ ਨੂੰ ਹਮੇਸ਼ਾ ਹਰ ਗੱਲ ਜਾਣਨ ਅਤੇ ਹਿੰਮਤੀ ਰਹਿਣ ਦਾ ਸੱਦਾ ਦਿੱਤਾ।

Advertisement

ਇਸ ਪ੍ਰਾਚੀਨ ਯੂਨੀਵਰਸਿਟੀ ਨੂੰ ਧਾੜਵੀਆਂ ਨੇ 12ਵੀਂ ਸਦੀ ’ਚ ਢਾਹ ਦਿੱਤਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਲੰਦਾ ਉਸ ਤੱਥ ਦੀ ਗਵਾਹੀ ਭਰਦੀ ਹੈ ਕਿ ‘ਗਿਆਨ ਨੂੰ ਅੱਗ ਦੇ ਭਾਂਬੜ ਸਾੜ ਨਹੀਂ ਸਕਦੇ ਹਨ।’ ਉਨ੍ਹਾਂ ਕਿਹਾ ਕਿ 2047 ਤੱਕ ਭਾਰਤ ਵਿਕਸਤ ਮੁਲਕ ਬਣ ਕੇ ਦੁਨੀਆ ’ਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਇਤਿਹਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਰੇ ਵਿਕਸਤ ਮੁਲਕ ਸਿੱਖਿਆ ਦੇ ਖੇਤਰ ’ਚ ਆਪਣਾ ਨਾਮ ਬਣਾ ਕੇ ਆਰਥਿਕ ਅਤੇ ਸੱਭਿਆਚਾਰ ਦੇ ਮੁਹਾਜ਼ ’ਤੇ ਮੋਹਰੀ ਬਣੇ। ਉਨ੍ਹਾਂ ਦੋ ਦਿਨ ਬਾਅਦ ਆਉਣ ਵਾਲੇ ਕੌਮਾਂਤਰੀ ਯੋਗ ਦਿਵਸ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਭਾਰਤ ਆਲਮੀ ਪੱਧਰ ’ਤੇ ਵੀ ਸੱਭਿਆਚਾਰਕ ਅਦਲਾ-ਬਦਲੀ ’ਚ ਦਿਲਚਸਪੀ ਦਿਖਾ ਰਿਹਾ ਹੈ।

ਮੋਦੀ ਨੇ ਕਿਹਾ, ‘‘ਇਹ ਮੇਰਾ ਮਿਸ਼ਨ ਹੈ ਕਿ ਭਾਰਤ ਮੁੜ ਤੋਂ ਦੁਨੀਆ ਦਾ ਸਭ ਤੋਂ ਪ੍ਰਮੁੱਖ ਗਿਆਨ ਦਾ ਕੇਂਦਰ ਬਣੇ। ਸਰਕਾਰ ਵੱਲੋਂ ਬੱਚਿਆਂ ’ਚ ਛੋਟੀ ਉਮਰ ਤੋਂ ਹੀ ਕੁਝ ਨਵਾਂ ਕਰਨ ਦੀ ਭਾਵਨਾ ਵਿਕਸਤ ਕੀਤੀ ਜਾ ਰਹੀ ਹੈ। ਇਕ ਕਰੋੜ ਤੋਂ ਜ਼ਿਆਦਾ ਬੱਚੇ ‘ਅਟਲ ਟਿੰਕਰਿੰਗ ਲੈਬਜ਼’ ਵਿਚ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰ ਰਹੇ ਹਨ। ਚੰਦਰਯਾਨ ਅਤੇ ਗਗਨਯਾਨ ਮਿਸ਼ਨਾਂ ਕਾਰਨ ਉਨ੍ਹਾਂ ਦੀ ਵਿਗਿਆਨ ’ਚ ਦਿਲਚਸਪੀ ਵਧੀ ਹੈ।’’ -ਪੀਟੀਆਈ

ਬਿਹਾਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਕਿਉਂ ਨਹੀਂ: ਕਾਂਗਰਸ

ਨਵੀਂ ਦਿੱਲੀ: ਬਿਹਾਰ ਦੇ ਦੌਰੇ ’ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਵਰ੍ਹਦਿਆਂ ਕਾਂਗਰਸ ਨੇ ਸਵਾਲ ਕੀਤਾ ਕਿ ਸੂਬੇ ਨੂੰ ਵਿਸ਼ੇਸ਼ ਦਰਜਾ ਕਿਉਂ ਨਹੀਂ ਦਿੱਤਾ ਜਾ ਰਿਹਾ ਹੈ। ਵਿਰੋਧੀ ਧਿਰ ਨੇ ਪਟਨਾ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਦਾ ਦਰਜਾ ਨਾ ਦੇਣ ’ਤੇ ਵੀ ਸਵਾਲ ਖੜ੍ਹੇ ਕੀਤੇ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਬਿਹਾਰ ਨੂੰ ਵਿਸ਼ੇਸ਼ ਦਰਜਾ ਦੇਣ ਦਾ ਵਾਅਦਾ ਕੀਤਾ ਸੀ ਅਤੇ ਹੁਣ ਉਹ ਇਹ ਪੂਰਾ ਕਿਉਂ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ‘ਇਕ-ਤਿਹਾਈ’ ਪ੍ਰਧਾਨ ਮੰਤਰੀ ਬਿਹਾਰ ਦੇ ਲੋਕਾਂ ਨੂੰ ਕਿਵੇਂ ਭੁੱਲ ਗਿਆ। -ਪੀਟੀਆਈ

ਪ੍ਰਧਾਨ ਮੰਤਰੀ ਮੋਦੀ ਦਾ ਦੋ ਰੋਜ਼ਾ ਜੰਮੂ ਕਸ਼ਮੀਰ ਦੌਰਾ ਅੱਜ ਤੋਂ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕ ਤੋਂ ਜੰਮੂ-ਕਸ਼ਮੀਰ ਦਾ ਦੌਰਾ ਕਰਨਗੇ ਅਤੇ 10ਵੇਂ ਕੌਮਾਂਤਰੀ ਯੋਗ ਦਿਵਸ ਦੇ ਮੁੱਖ ਸਮਾਗਮ ਸਮੇਤ ਕੁਝ ਹੋਰ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਨੇ ਅੱਜ ਇੱਕ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ 20 ਤੇ 21 ਜੂਨ ਨੂੰ ਜੰਮੂ ਕਸ਼ਮੀਰ ਦਾ ਦੌਰਾ ਕਰਨਗੇ ਅਤੇ ਇਸ ਦੌਰਾਨ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ। ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਮਗਰੋਂ ਮੋਦੀ ਦਾ ਜੰਮੂ-ਕਸ਼ਮੀਰ ਦਾ ਇਹ ਪਹਿਲਾ ਦੌਰਾ ਹੈ। ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਹਾਲ ਹੀ ਵਿੱਚ ਕੁਝ ਅਤਿਵਾਦੀ ਘਟਨਾਵਾਂ ਵਾਪਰੀਆਂ ਹਨ। ਪ੍ਰਧਾਨ ਮੰਤਰੀ 20 ਜੂਨ ਸ਼ਾਮ ਨੂੰ ਲਗਪਗ ਛੇ ਵਜੇ ਸ੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਕਾਨਫਰੰਸ ਸੈਂਟਰ (ਐੱਸਕੇਆਈਸੀਸੀ) ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ। ਉਹ ਇੱਥੇ ਹੀ 21 ਜੂਨ ਨੂੰ ਸਵੇਰੇ ਲਗਪਗ ਸਾਢੇ ਛੇ ਵਜੇ ਦਸਵੇਂ ਕੌਮਾਂਤਰੀ ਯੋਗ ਦਿਵਸ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਮੋਦੀ 2015 ਤੋਂ ਵੱਖ-ਵੱਖ ਥਾਵਾਂ ’ਤੇ ਕੌਮਾਂਤਰੀ ਯੋਗ ਦਿਵਸ ਦੀ ਅਗਵਾਈ ਕਰਦੇ ਆ ਰਹੇ ਹਨ। -ਪੀਟੀਆਈ

Advertisement
Tags :
Author Image

joginder kumar

View all posts

Advertisement
Advertisement
×