ਜਿਹੜੇ ਚੋਣਾਂ ਨਹੀਂ ਜਿੱਤ ਸਕਦੇ ਉਹ ਰਾਜ ਸਭਾ ’ਚ ਆ ਗਏ ਨੇ: ਮੋਦੀ
ਜੈਪੁਰ, 21 ਅਪਰੈਲ
ਕਾਂਗਰਸ ਆਗੂ ਸੋਨੀਆ ਗਾਂਧੀ ’ਤੇ ਅਸਿੱਧੇ ਸ਼ਬਦਾਂ ’ਚ ਹਮਲਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿਹੜੇ ਚੋਣਾਂ ਨਹੀਂ ਜਿੱਤ ਸਕਦੇ ਹਨ ਅਤੇ ਮੈਦਾਨ ਛੱਡ ਕੇ ਭੱਜ ਗਏ ਹਨ, ਉਹ ਰਾਜਸਥਾਨ ਤੋਂ ਰਾਜ ਸਭਾ ’ਚ ਪਹੁੰਚ ਗਏ ਹਨ। ਰਾਜਸਥਾਨ ਦੇ ਜਲੌਰ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਦੇਸ਼ ਦੇ ਲੋਕ ਕਾਂਗਰਸ ਨੂੰ ਉਸ ਦੇ ‘ਗੁਨਾਹਾਂ’ ਦੀ ਸਜ਼ਾ ਦੇ ਰਹੇ ਹਨ ਅਤੇ ਜਿਸ ਪਾਰਟੀ ਨੇ ਕਦੇ 400 ਤੋਂ ਵਧ ਸੀਟਾਂ ਜਿੱਤੀਆਂ ਸਨ, ਉਸ ਨੂੰ ਹੁਣ 300 ਸੀਟਾਂ ’ਤੇ ਉਮੀਦਵਾਰ ਹੀ ਨਹੀਂ ਲੱਭ ਰਹੇ ਹਨ। ‘ਵੋਟਿੰਗ ਦੇ ਪਹਿਲੇ ਗੇੜ ’ਚ ਅੱਧੇ ਰਾਜਸਥਾਨ ਨੇ ਕਾਂਰਗਸ ਨੂੰ ਸਜ਼ਾ ਦੇ ਦਿੱਤੀ ਹੈ। ਦੇਸ਼ ਭਗਤੀ ਦੇ ਜਜ਼ਬੇ ਵਾਲੇ ਰਾਜਸਥਾਨ ਦੇ ਲੋਕ ਜਾਣਦੇ ਹਨ ਕਿ ਕਾਂਗਰਸ ਕਦੇ ਵੀ ਭਾਰਤ ਨੂੰ ਮਜ਼ਬੂਤ ਨਹੀਂ ਬਣਾ ਸਕਦੀ ਹੈ। ਲੋਕ 2014 ਤੋਂ ਪਹਿਲਾਂ ਵਾਲੇ ਹਾਲਾਤ ਨਹੀਂ ਚਾਹੁੰਦੇ ਹਨ।’ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਭਾਈ-ਭਤੀਜਾਵਾਦ ਅਤੇ ਭ੍ਰਿਸ਼ਟਾਚਾਰ ਦੀ ਸਿਉਂਕ ਫੈਲਾ ਕੇ ਦੇਸ਼ ਨੂੰ ਖੋਖਲਾ ਕਰ ਦਿੱਤਾ ਹੈ। ਨੌਜਵਾਨ ਤਾਂ ਇਸ ਕਦਰ ਨਾਰਾਜ਼ ਹਨ ਕਿ ਉਹ ਕਾਂਗਰਸ ਦਾ ਮੂੰਹ ਤੱਕ ਨਹੀਂ ਦੇਖਣਾ ਚਾਹੁੰਦੇ। ‘ਉਨ੍ਹਾਂ ਮੌਕਾਪ੍ਰਸਤ ਇੰਡੀ ਗੱਠਜੋੜ ਬਣਾਇਆ ਹੈ ਜੋ ਅਜਿਹੀ ਪਤੰਗ ਹੈ, ਜਿਸ ਦੀ ਉੱਡਣ ਤੋਂ ਪਹਿਲਾਂ ਹੀ ਡੋਰ ਕੱਟੀ ਗਈ ਹੈ। ਕਈ ਸੂਬਿਆਂ ਖਾਸ ਕਰਕੇ 25 ਫ਼ੀਸਦੀ ਸੀਟਾਂ ’ਤੇ ਤਾਂ ਗੱਠਜੋੜ ਦੇ ਭਾਈਵਾਲ ਆਪਸ ’ਚ ਹੀ ਲੜ ਰਹੇ ਹਨ। ਚੋਣਾਂ ਤੋਂ ਪਹਿਲਾਂ ਹੀ ਉਹ ਆਪਸ ’ਚ ਲੜ ਰਹੇ ਹਨ ਤਾਂ ਫਿਰ ਤੁਸੀਂ ਸੋਚੋ ਕਿ ਚੋਣਾਂ ਤੋਂ ਬਾਅਦ ਉਹ ਲੁੱਟ ਮਚਾਉਣ ਲਈ ਹੋਰ ਕਿੰਨੇ ਜ਼ੋਰ ਨਾਲ ਲੜਨਗੇ। ਕੀ ਅਸੀਂ ਅਜਿਹੇ ਲੋਕਾਂ ਨੂੰ ਪੂਰਾ ਮੁਲਕ ਸੌਂਪ ਸਕਦੇ ਹਾਂ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਯੂਪੀਏ ਸਰਕਾਰ ਸਮੇਂ ਪ੍ਰਧਾਨ ਮੰਤਰੀ ਦੀ ਨਹੀਂ ਸੁਣਦਾ ਸੀ। ਉਸ ਸਮੇਂ ਸਰਕਾਰ ਰਿਮੋਟ ਕੰਟਰੋਲ ਰਾਹੀਂ ਚੱਲ ਰਹੀ ਸੀ। ਉਨ੍ਹਾਂ ਦੀ ਪਾਰਟੀ ਦੇ ਹੀ ਇਕ ਆਗੂ ਨੇ ਮੀਡੀਆ ਨੂੰ ਸੱਦ ਕੇ ਕੈਬਨਿਟ ਵੱਲੋਂ ਪਾਸ ਆਰਡੀਨੈਂਸ ਨੂੰ ਪਾੜ ਕੇ ਸੁੱਟ ਦਿੱਤਾ ਸੀ। ਉਨ੍ਹਾਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ ਅਤੇ ਕਿਹਾ ਕਿ 70 ਸਾਲ ਤੋਂ ਉਪਰ ਦੇ ਹਰੇਕ ਬਜ਼ੁਰਗ ਦੇ ਇਲਾਜ ਲਈ 5 ਲੱਖ ਰੁਪਏ ਦਾ ਖ਼ਰਚਾ ਸਰਕਾਰ ਸਹਿਣ ਕਰੇਗੀ। -ਪੀਟੀਆਈ
ਲੋਕ ਪੱਖੀ ਯੋਜਨਾਵਾਂ ਵਾਪਸ ਲੈਣ ਲਈ ਭਾਜਪਾ ਸਰਕਾਰ ਦੀ ਨਿਖੇਧੀ
ਨਵੀਂ ਦਿੱਲੀ: ਕਾਂਗਰਸ ਨੇ ਰਾਜਸਥਾਨ ’ਚ ਭਾਜਪਾ ਸਰਕਾਰ ਵੱਲੋਂ ਲੋਕ ਪੱਖੀ ਯੋਜਨਾਵਾਂ ਵਾਪਸ ਲੈਣ ਦੀ ਨਿਖੇਧੀ ਕੀਤੀ ਹੈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਜਲੌਰ ਅਤੇ ਬਾਂਸਵਾੜਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਤੋਂ ਪਹਿਲਾਂ ਕਈ ਸਵਾਲ ਦਾਗ਼ੇ। ਉਨ੍ਹਾਂ ‘ਐਕਸ’ ’ਤੇ ਕਿਹਾ ਕਿ ਭਾਜਪਾ ਸਰਕਾਰ ਕਾਂਗਰਸ ਦੀਆਂ ਲੋਕ ਪੱਖੀ ਯੋਜਨਾਵਾਂ ਵਾਪਸ ਕਿਉਂ ਲੈ ਰਹੀ ਹੈ। ਕੀ ਪ੍ਰਧਾਨ ਮੰਤਰੀ ਰਾਜਸਥਾਨ ਦੇ ਪਿੰਡਾਂ ਦੇ ਲੋਕਾਂ ਨਾਲੋਂ ਆਪਣੇ ਕਾਰੋਬਾਰੀ ਦੋਸਤਾਂ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਈਸਟਰਨ ਰਾਜਸਥਾਨ ਕੈਨਾਲ ਪ੍ਰਾਜੈਕਟ ਨੂੰ ਅਜੇ ਤੱਕ ਕੌਮੀ ਪ੍ਰਾਜੈਕਟ ਵਜੋਂ ਮਾਨਤਾ ਕਿਉਂ ਨਹੀਂ ਦਿੱਤੀ ਗਈ ਹੈ। ਜੈਰਾਮ ਰਮੇਸ਼ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਰਾਜਸਥਾਨ ’ਚ ਕਈ ਕਾਨੂੰਨ ਪਾਸ ਕੀਤੇ ਗਏ ਸਨ ਜਿਨ੍ਹਾਂ ਨਾਲ ਹਜ਼ਾਰਾਂ ਲੋਕਾਂ ਦੇ ਜੀਵਨ ’ਚ ਸੁਧਾਰ ਹੋਇਆ ਸੀ ਪਰ ਹੁਣ ਉਨ੍ਹਾਂ ਨੂੰ ਵਾਪਸ ਲਿਆ ਜਾ ਰਿਹਾ ਹੈ। -ਪੀਟੀਆਈ