For the best experience, open
https://m.punjabitribuneonline.com
on your mobile browser.
Advertisement

ਇਹ ਕੇਹੀ ਰੁੱਤ ਆਈ...

05:17 AM Dec 11, 2024 IST
ਇਹ ਕੇਹੀ ਰੁੱਤ ਆਈ
Advertisement

ਗੁਰਦੀਪ ਢੁੱਡੀ

Advertisement

ਸਰਕਾਰੀ ਨੌਕਰੀ ਤੋਂ ਸੇਵਾ ਮੁਕਤੀ ਨੂੰ ਸੱਤ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਬੜਾ ਕੁਝ ਚੇਤਿਆਂ ’ਚ ਵਸਿਆ ਹੋਇਆ ਹੈ... ਇਕ ਗੱਲ ਯਾਦ ਆ ਗਈ ਹੈ। ਸਬਬ ਇਹ ਬਣਿਆ ਕਿ ਫ਼ਰੀਦਕੋਟ ਜ਼ਿਲ੍ਹੇ ਦੇ ਜੈਤੋ ਵਿਧਾਨ ਸਭਾ ਹਲਕੇ ਵਿੱਚ ਇਕ ਸਕੂਲ ਵਿੱਚ ਵਿਧਾਇਕ ਦਾ ‘ਮਾਮੂਲੀ ਅਧਿਆਪਕਾਵਾਂ’ ਨੇ ਗੇਟ ’ਤੇ ਸਵਾਗਤ ਕਰਨ ਦੀ ਥਾਂ ਪੜ੍ਹਾਉਂਦੇ ਰਹਿਣ, ਵਿਦਿਆਰਥੀਆਂ ਦੇ ਪੱਖ ਵਿੱਚ ਆਪਣਾ ਸਮਾਂ ਦੇਣ ਨੂੰ ਤਰਜੀਹ ਦਿੱਤੀ; ਇਸੇ ਗੱਲ ’ਤੇ ਹੀ ਵਿਧਾਇਕ ਦਾ ਪਾਰਾ ਸੱਤਵੇਂ ਅਸਮਾਨ ’ਤੇ ਚੜ੍ਹ ਗਿਆ। ਉਹਨੇ ਵਿਧਾਨ ਸਭਾ ਦੇ ਸਪੀਕਰ ਨੂੰ ਸ਼ਿਕਾਇਤ ਕੀਤੀ ਤੇ ਢਿੱਲ ਸਪੀਕਰ ਨੇ ਵੀ ਨਹੀਂ ਕੀਤੀ। ਉਨ੍ਹਾਂ ‘ਵਿਧਾਇਕ ਦਾ ਨਿਰਾਦਰ’ ਕਰਨ ਵਾਲੀਆਂ ਅਧਿਆਪਕਾਵਾਂ ਨੂੰ ਪੱਖ ਪੇਸ਼ ਕਰਨ ਲਈ ਚੰਡੀਗੜ੍ਹ ਵਿਧਾਨ ਸਭਾ ਸਕੱਤਰੇਤ ਤਲਬ ਕਰ ਲਿਆ। ਇਸ ਗੱਲ ਨੇ ਮੈਨੂੰ ਕੰਬਣੀ ਛੇੜ ਦਿੱਤੀ।
ਗੱਲ ਇਹ ਕਿ ਮੇਰੇ ਸਕੂਲ ਦੇ ਸਵਾ ਸੈਂਕੜੇ ਕਰਮਚਾਰੀਆਂ ਵਿੱਚੋਂ ਮੁੱਠੀ ਕੁ ਭਰ ਨੂੰ ਮੇਰੇ ਕੰਮ ਦੀ ਤੋਰ ਅਤੇ ਭਾਵਨਾ ਪਸੰਦ ਨਾ ਹੋਣ ਕਾਰਨ ਉਨ੍ਹਾਂ ਨੂੰ ਮੇਰੀਆਂ ਸ਼ਿਕਾਇਤਾਂ ਕਰਨੀਆਂ ਪਈਆਂ ਸਨ। ਇਨ੍ਹਾਂ ਸ਼ਿਕਾਇਤਾਂ ਵਿੱਚੋਂ ਇਕ ਦੀ ਪੜਤਾਲ ਜ਼ਿਲ੍ਹੇ ਵਿੱਚ ਤਾਇਨਾਤ ਆਈਏਐੱਸ ਅਫਸਰ ਕਰਨ ਵਾਸਤੇ ਆਏ। ਉਹ ਬਿਨਾਂ ਦੱਸਿਆਂ ਹੀ ਸਕੂਲ ਵਿੱਚ ਆਏ। ਸਵੇਰ ਦਾ ਸਮਾਂ ਸੀ। ਇਸ ਸਮੇਂ ਸਵੇਰ ਦੀ ਸਭਾ ਹੁੰਦੀ ਹੈ ਅਤੇ ਇਸ ਵਿੱਚ ਛੇਵੀਂ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀ ਅਤੇ ਸਾਰੇ ਹੀ ਅਧਿਆਪਕ ਸ਼ਾਮਲ ਹੁੰਦੇ ਸਨ। ਇਹ ਸਮਾਂ ਮੇਰੇ ਵਾਸਤੇ ਸਕੂਲ ਦੇ ਸਮੇਂ ਵਿੱਚੋਂ ਸਭ ਤੋਂ ਮਹੱਤਵਪੂਰਨ ਹੁੰਦਾ ਸੀ; ਵਾਹ ਲੱਗਦੀ ਮੈਂ ਸਭਾ ਵਿੱਚ ਜਾਣੋਂ ਕਦੇ ਖੁੰਝਦਾ ਨਹੀਂ ਸਾਂ। ਸਵੇਰ ਦੀ ਸਭਾ ਚੱਲ ਰਹੀ ਸੀ ਅਤੇ ਇਕ ਪੁਲੀਸ ਕਰਮਚਾਰੀ ਨੇ ਮੇਰੇ ਕੋਲ ਆ ਕੇ ਕਿਹਾ, “ਮਾਸਟਰ ਜੀ, ਕਮਿਸ਼ਨਰ ਸਾਹਿਬ ਆਏ ਹਨ, ਥੋਨੂੰ ਬੁਲਾਉਂਦੇ ਹਨ।” ਪੁਲੀਸ ਕਰਮਚਾਰੀ ਨੇ ਵਰਦੀ ਪਹਿਨੀ ਹੋਈ ਸੀ ਅਤੇ ਉਹ ਇਸ ਦਾ ਵਿਖਾਵਾ ਵੀ ਕਰ ਰਿਹਾ ਸੀ। ਕਤਰੀ ਹੋਈ ਦਾੜ੍ਹੀ ਅਤੇ ਉਤਾਂਹ ਨੂੰ ਉਠਾਈਆਂ ਹੋਈਆਂ ਮੁੱਛਾਂ ਉਸ ਨੂੰ ਰੋਹਬਦਾਰ ਦਰਸਾਉਣ ਵਿੱਚ ਵਰਦੀ ਨਾਲੋਂ ਵੀ ਜਿ਼ਆਦਾ ਰੋਲ ਅਦਾ ਕਰ ਰਹੀਆਂ ਸਨ। ਵਾਰ-ਵਾਰ ਉਸ ਦਾ ਹੱਥ ਮੁੱਛਾਂ ਅਤੇ ਰਿਵਾਲਵਰ ਤੇ ਗਿਣਤੀਆਂ ਮਿਣਤੀਆਂ ਕਰਦਾ ਦੇਖਿਆ ਸੀ। ਉਸ ਨੇ ਆਪਣੀ ਆਵਾਜ਼ ਨੂੰ ਇਲਾਹੀ ਫ਼ਰਮਾਨ ਸਮਝਣ ਵਿੱਚ ਕੋਈ ਕਸਰ ਨਹੀਂ ਛੱਡੀ ਸੀ। ਇਹ ਗੱਲ ਉਸ ਦੀਆਂ ਡੋਰੇਦਾਰ ਅੱਖਾਂ ਵਿੱਚੋਂ ਵੀ ਪੜ੍ਹੀ ਜਾ ਸਕਦੀ ਸੀ।
“ਤੁਸੀਂ ਚੱਲੋ, ਮੈਂ ਸਵੇਰ ਦੀ ਸਭਾ ਦੀ ਸਮਾਪਤੀ ਮਗਰੋਂ ਆਉਂਦਾ ਹਾਂ। ਸਰ ਨੂੰ ਕਹੋ ਦਫ਼ਤਰ ਵਿੱਚ ਬੈਠਣ।” ਮੈਂ ਆਪਣਾ ਜਵਾਬ ਦੇ ਕੇ ਆਪਣੇ ਕੰਮ ਵਿੱਚ ਲੱਗ ਗਿਆ।
“ਸਰ, ਗੁਸਤਾਖ਼ੀ ਲਈ ਮੁਆਫ਼ੀ ਚਾਹੁੰਦਾ ਹਾਂ, ਸਭਾ ਛੱਡ ਕੇ ਮੇਰੇ ਆਉਣ ਨਾਲ ਅੱਜ ਦਾ ਦਿਨ ਅਜਾਈਂ ਜਾਣਾ ਸੀ। ਇਸ ਕਰ ਕੇ ਹੀ ਦੇਰ ਨਾਲ ਆਇਆ ਹਾਂ।” ਦਫ਼ਤਰ ਵਿੱਚ ਆ ਕੇ ਕੁਰਸੀ ’ਤੇ ਬੈਠੇ ਨੌਜਵਾਨ ਆਈਏਐੱਸ ਅਫਸਰ ਨੂੰ ਮੈਂ ਆਪਣਾ ਪੱਖ ਸਪੱਸ਼ਟ ਕਰਦਿਆਂ ਆਖਿਆ।
“ਕੋਈ ਗੱਲ ਨਹੀਂ। ਤੁਹਾਡੀ ਸ਼ਿਕਾਇਤ ਹੈ, ਮੈਂ ਪੜਤਾਲ ਕਰਨ ਆਇਆਂ।” ਆਪਣੀ ਗੱਲ ਸੰਖੇਪ ਵਿੱਚ ਸਮੇਟਦਿਆਂ ਅਫਸਰ ਨੇ ਆਪਣੇ ਸਟੈਨੋ ਨੂੰ ਸ਼ਿਕਾਇਤ ਦੀ ਕਾਪੀ ਮੈਨੂੰ ਦਿਖਾਉਣ ਲਈ ਆਖਿਆ।
ਜੈਤੋ ਵਾਲੀ ਘਟਨਾ ਉਪਰ ਦੱਸੀ ਘਟਨਾ ਨਾਲ ਪੂਰੀ ਤਰ੍ਹਾਂ ਜੁੜ ਗਈ। ਵਿਧਾਇਕ ਤਾਂ ਛੋਟੇ ਮੋਟੇ ਕੰਮ ਆਏ ਸਨ ਅਤੇ ਇਹ ਕੰਮ ਵੀ ਉਨ੍ਹਾਂ ਦੇ ਅਧਿਕਾਰ ਖੇਤਰ ਦਾ ਨਹੀਂ ਸੀ ਪਰ ਆਈਏਐੱਸ ਅਫਸਰ ਤਾਂ ਮੇਰੇ ਵਿਰੁੱਧ ਹੋਈ ਸ਼ਿਕਾਇਤ ਦੀ ਪੜਤਾਲ ਕਰਨ ਆਇਆ ਸੀ। ਆਪਣੇ ਹੁਕਮਾਂ ਦੀ ਮੇਰੇ ਵੱਲੋਂ ਪਾਲਣਾ ਨਾ ਕਰਨ ’ਤੇ ਅਧਿਕਾਰੀ ਪੜਤਾਲ ਵਿੱਚ ਕੋਈ ਵੀ ਦੋਸ਼ ਮੇਰੇ ਵਿਰੁੱਧ ਸਾਬਤ ਕਰਨ ਲਈ ਵਿੰਗ ਵਲ਼ ਪਾ ਕੇ ਲਿਖ ਸਕਦਾ ਸੀ। ਸੁਣਨ ਵਿੱਚ ਆਇਆ ਸੀ ਕਿ ਆਈਏਐੱਸ ਅਫਸਰ ਦੀਆਂ ਟਿੱਪਣੀਆਂ ਨੂੰ ਉੱਚ ਅਫਸਰ ਅਣਗੌਲਿਆਂ ਨਹੀਂ ਕਰਦੇ। ਉਨ੍ਹਾਂ ਦੇ ਲਿਖੇ ’ਤੇ ਮੇਰੇ ਵਿਰੁੱਧ ਵੱਡੀ ਕਾਰਵਾਈ ਵੀ ਅਮਲ ਵਿੱਚ ਆ ਸਕਦੀ ਸੀ ਪਰ ਉਸ ਅੰਡਰ-ਟ੍ਰੇਨਿੰਗ ਅਫਸਰ ਨੂੰ (ਅਜੇ) ਨਾ ਤਾਂ ਹਕੂਮਤ ਦਾ ਨਸ਼ਾ ਚੜ੍ਹਿਆ ਸੀ ਅਤੇ ਨਾ ਹੀ ਉਸ ਦੇ ਹੋਸ਼ ਗੁਆਚੇ ਸਨ; ਉਸ ਨੇ ਜਿੱਥੇ ਪੜਤਾਲ ਮੇਰੇ ਪੱਖ ਵਿੱਚ ਲਿਖੀ ਉੱਥੇ ‘ਪ੍ਰਿੰਸੀਪਲ ਆਪਣੇ ਕੰਮ ਨੂੰ ਤਨਦੇਹੀ ਨਾਲ ਕਰਦਾ ਹੈ ਅਤੇ ਕੰਮ ਕਰਦਿਆਂ ਸਾਧਾਰਨ ਗਲਤੀ ਹੋ ਜਾਣੀ ਸੁਭਾਵਿਕ ਹੈ। ਇਸ ਲਈ ਇਸ ਵਿਰੁੱਧ ਕੋਈ ਕਾਰਵਾਈ ਕੀਤੀ ਜਾਣੀ ਨਹੀਂ ਬਣਦੀ’ ਟਿੱਪਣੀ ਦਿੱਤੀ ਸੀ।
‘ਲੋਕਾਂ ਵੱਲੋਂ, ਲੋਕਾਂ ਵਾਸਤੇ ਅਤੇ ਲੋਕਾਂ ਪ੍ਰਤੀ ਜਵਾਬਦੇਹ ਮੰਨੇ ਜਾਂਦੇ ਸਾਡੇ ਨੁਮਾਇੰਦਿਆਂ ਨੂੰ ਤਾਂ ਲੋਕਾਂ ਦੇ ਹੱਕ ਵਿੱਚ ਹੀ ਕਦਮ ਉਠਾਉਣੇ ਚਾਹੀਦੇ ਹਨ ਅਤੇ ਚੰਗੇਰਾ ਕੰਮ ਕਰਨ ਵਾਲਿਆਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਪਰ ਅਫ਼ਸੋਸ! ਪਹਿਲਾਂ ਦੋਵੇਂ ਹੱਥ ਜੋੜ ਕੇ ਵੋਟਾਂ ਮੰਗਣ ਵਾਲੇ, ਹਮੇਸ਼ਾ ਲੋਕਾਂ ਦੀ ਸੇਵਾ ਵਿੱਚ ਰਹਿਣ ਵਾਲੇ, ਜਿੱਤ ਦਾ ਸਰਟੀਫਿਕੇਟ ਮਿਲਣ ਤੋਂ ਬਾਅਦ ਲੋਕਾਂ ਦੇ ਸੇਵਕ ਨਾ ਰਹਿ ਕੇ ਹਾਕਮਾਂ ਵਿੱਚ ਬਦਲ ਜਾਂਦੇ ਹਨ। ਫਿਰ ਸਾਡੇ ਵਰਗੇ ਲੋਕਾਂ ਦੇ ਬੁੱਲ੍ਹਾਂ ’ਤੇ ‘ਇਹ ਕੇਹੀ ਰੁੱਤ ਆਈ ਨੀ ਜਿੰਦੇ’ ਵਾਲਾ ਗੀਤ ਆ ਜਾਂਦਾ ਹੈ ਪਰ ਇਹ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਹੁਣ ਇਹ ਕਿਹੜੀ ਰੁੱਤ ਆ ਗਈ ਹੈ!
ਸੰਪਰਕ: 95010-20731

Advertisement

Advertisement
Author Image

joginder kumar

View all posts

Advertisement