ਇਹ ਜੰਗ ਦਾ ਸਮਾਂ ਨਹੀਂ: ਮੋਦੀ
* ‘ਮਸਲਿਆਂ ਦਾ ਹੱਲ ਜੰਗ ਦੇ ਮੈਦਾਨ ’ਚ ਨਹੀਂ ਕੱਢਿਆ ਜਾ ਸਕਦਾ’
* ਦੋਵੇਂ ਆਗੂਆਂ ਨੇ ਸ਼ਾਂਤੀ ਤੇ ਸਥਿਰਤਾ ਦੀ ਫੌਰੀ ਬਹਾਲੀ ਲਈ ਗੱਲਬਾਤ ਤੇ ਕੂਟਨੀਤੀ ਉਪਰ ਦਿੱਤਾ ਜ਼ੋਰ
ਵਿਏਨਾ, 10 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟਰੀਆ ਦੇ ਚਾਂਸਲਰ ਕਾਰਲ ਨੇਹਮਰ ਵਿਚਕਾਰ ‘ਸਾਰਥਕ ਚਰਚਾ’ ਹੋਈ ਹੈ। ਇਸ ਦੌਰਾਨ ਦੋਵੇਂ ਆਗੂਆਂ ਵਿਚਾਲੇ ਯੂਕਰੇਨ ਜੰਗ ਅਤੇ ਪੱਛਮੀ ਏਸ਼ੀਆ ਦੇ ਹਾਲਾਤ ਸਮੇਤ ਦੁਨੀਆ ਦੇ ਹੋਰ ਮਸਲਿਆਂ ਬਾਰੇ ਵੀ ਖੁੱਲ੍ਹ ਕੇ ਗੱਲਬਾਤ ਹੋਈ। ਮੋਦੀ ਨੇ ਦੁਹਰਾਇਆ ਕਿ ‘ਇਹ ਜੰਗ ਦਾ ਸਮਾਂ ਨਹੀਂ ਹੈ।’ ਰੂਸ ਦੇ ਦੌਰੇ ਮਗਰੋਂ ਮੰਗਲਵਾਰ ਰਾਤ ਵਿਏਨਾ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਹਮਰ ਨਾਲ ਮੁਲਾਕਾਤ ਕੀਤੀ।
ਪਿਛਲੇ 40 ਸਾਲਾਂ ’ਚ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਦਾ ਇਹ ਆਸਟਰੀਆ ਦਾ ਪਹਿਲਾ ਦੌਰਾ ਹੈ। ਸਾਲ 1983 ’ਚ ਇੰਦਰਾ ਗਾਂਧੀ ਨੇ ਆਸਟਰੀਆ ਦਾ ਦੌਰਾ ਕੀਤਾ ਸੀ। ਮੋਦੀ ਨੇ ਕਿਹਾ ਕਿ ਭਾਰਤ ਅਤੇ ਆਸਟਰੀਆ ਨੇ ਆਪਸੀ ਸਹਿਯੋਗ ਹੋਰ ਮਜ਼ਬੂਤ ਕਰਨ ਲਈ ਨਵੀਆਂ ਸੰਭਾਵਨਾਵਾਂ ਦੀ ਪਛਾਣ ਕੀਤੀ ਹੈ ਅਤੇ ਅਗਲੇ ਦਹਾਕੇ ਦਾ ਖਾਕਾ ਤਿਆਰ ਕੀਤਾ ਹੈ। ਗੱਲਬਾਤ ਮਗਰੋਂ ਨੇਹਮਰ ਨਾਲ ਸਾਂਝੇ ਪ੍ਰੈੱਸ ਬਿਆਨ ’ਚ ਮੋਦੀ ਨੇ ਕਿਹਾ, ‘‘ਮੈਂ ਚਾਂਸਲਰ ਨੇਹਮਰ ਨਾਲ ਮਿਲ ਕੇ ਦੁਨੀਆ ’ਚ ਚੱਲ ਰਹੇ ਸੰਘਰਸ਼ਾਂ ਬਾਰੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਹੈ। ਇਹ ਭਾਵੇਂ ਯੂਕਰੇਨ ਜੰਗ ਹੋਵੇ ਜਾਂ ਪੱਛਮੀ ਏਸ਼ੀਆ ਦੇ ਹਾਲਾਤ ਹੋਣ। ਮੈਂ ਪਹਿਲਾਂ ਵੀ ਆਖਿਆ ਹੈ ਕਿ ਇਹ ਜੰਗ ਦਾ ਸਮਾਂ ਨਹੀਂ ਹੈ। ਮਸਲਿਆਂ ਦਾ ਹੱਲ ਜੰਗ ਦੇ ਮੈਦਾਨ ’ਚ ਨਹੀਂ ਕੱਢਿਆ ਜਾ ਸਕਦਾ ਹੈ। ਕਿਤੇ ਵੀ ਬੇਕਸੂਰਾਂ ਦੀਆਂ ਜਾਨਾਂ ਜਾਣ, ਇਹ ਮਨਜ਼ੂਰ ਨਹੀਂ ਹੈ।’’
ਉਨ੍ਹਾਂ ਕਿਹਾ ਕਿ ਭਾਰਤ ਅਤੇ ਆਸਟਰੀਆ ਸ਼ਾਂਤੀ ਤੇ ਸਥਿਰਤਾ ਦੀ ਫੌਰੀ ਬਹਾਲੀ ਲਈ ਗੱਲਬਾਤ ਤੇ ਕੂਟਨੀਤੀ ਉਪਰ ਜ਼ੋਰ ਦਿੰਦੇ ਹਨ। ‘ਦੋਵੇਂ ਮੁਲਕ ਇਸ ਟੀਚੇ ਨੂੰ ਹਾਸਲ ਕਰਨ ਲਈ ਹਰਸੰਭਵ ਸਹਿਯੋਗ ਦੇਣ ਲਈ ਤਿਆਰ ਹਨ।’ ਉਨ੍ਹਾਂ ਚੇਤੇ ਕੀਤਾ ਕਿ ਇਤਿਹਾਸਕ ਵਿਏਨਾ ਕਾਂਗਰਸ ਇਸੇ ਹਾਲ ’ਚ ਹੋਈ ਸੀ ਜਿਥੇ ਉਹ ਅੱਜ ਖੜ੍ਹੇ ਹਨ ਅਤੇ ਇਸੇ ਕਾਨਫਰੰਸ ਨੇ ਯੂਰਪ ’ਚ ਸ਼ਾਂਤੀ ਅਤੇ ਸਥਿਰਤਾ ਲਈ ਸੇਧ ਦਿੱਤੀ ਸੀ। ਉਨ੍ਹਾਂ ਕਿਹਾ ਕਿ ਭਾਰਤ ਅਤੇ ਆਸਟਰੀਆ ਅਤਿਵਾਦ ਦੀ ਸਖ਼ਤ ਨਿੰਦਾ ਕਰਦੇ ਹਨ ਅਤੇ ਇਸ ਗੱਲ ’ਤੇ ਰਾਜ਼ੀ ਹਨ ਕਿ ਇਹ ਕਿਸੇ ਵੀ ਰੂਪ ’ਚ ਮਨਜ਼ੂਰ ਨਹੀਂ ਹੈ। ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਵਜੋਂ ਤੀਜੇ ਕਾਰਜਕਾਲ ਦੀ ਸ਼ੁਰੂਆਤ ’ਚ ਹੀ ਆਸਟਰੀਆ ਦਾ ਦੌਰਾ ਕਰਨ ਦਾ ਮੌਕਾ ਮਿਲਿਆ ਹੈ। ‘ਮੇਰੀ ਇਹ ਯਾਤਰਾ ਇਤਿਹਾਸਕ ਅਤੇ ਵਿਸ਼ੇਸ਼ ਹੈ। ਆਪਸੀ ਵਿਸ਼ਵਾਸ ਅਤੇ ਸਾਂਝੇ ਹਿੱਤ ਦੋਵੇਂ ਮੁਲਕਾਂ ਦੇ ਸਬੰਧਾਂ ਨੂੰ ਮਜ਼ਬੂਤ ਬਣਾਉਂਦੇ ਹਨ। ਅਸੀਂ ਸੰਯੁਕਤ ਰਾਸ਼ਟਰ ਅਤੇ ਕੌਮਾਂਤਰੀ ਅਦਾਰਿਆਂ ’ਚ ਸੁਧਾਰ ਲਈ ਰਾਜ਼ੀ ਹੋਏ ਹਾਂ ਤਾਂ ਜੋ ਉਨ੍ਹਾਂ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾ ਸਕੇ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਅਤੇ ਚਾਂਸਲਰ ਨੇਹਮਰ ਵਿਚਾਲੇ ਵਧੀਆ ਗੱਲਬਾਤ ਹੋਈ ਹੈ। ‘ਦੋਹਾਂ ਨੇ ਸਹਿਯੋਗ ਹੋਰ ਮਜ਼ਬੂਤ ਬਣਾਉਣ ਲਈ ਨਵੀਆਂ ਸੰਭਾਵਨਾਵਾਂ ਲੱਭੀਆਂ ਹਨ। ਅਸੀਂ ਸਬੰਧਾਂ ਨੂੰ ਰਣਨੀਤਕ ਸੇਧ ਦੇਣ ਦਾ ਵੀ ਫ਼ੈਸਲਾ ਲਿਆ ਹੈ। ਆਉਂਦੇ ਦਹਾਕੇ ਦਾ ਖਾਕਾ ਆਰਥਿਕ ਸਹਿਯੋਗ ਅਤੇ ਨਿਵੇਸ਼ ਤੱਕ ਹੀ ਸੀਮਤ ਨਹੀਂ ਹੋਵੇਗਾ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਨਰਮੰਦ ਵਿਅਕਤੀਆਂ ਦੇ ਆਦਾਨ-ਪ੍ਰਦਾਨ ਅਤੇ ਪਰਵਾਸੀਆਂ ਬਾਰੇ ਭਾਈਵਾਲੀ ਸਬੰਧੀ ਸਮਝੌਤੇ ਲਈ ਦੋਵੇਂ ਮੁਲਕ ਪਹਿਲਾਂ ਹੀ ਰਾਜ਼ੀ ਹੋ ਚੁੱਕੇ ਹਨ। -ਪੀਟੀਆਈ
ਦੁਵੱਲੇ ਸਬੰਧਾਂ ਬਾਰੇ ਵੀ ਹੋਇਆ ਵਿਚਾਰ ਵਟਾਂਦਰਾ
ਵਿਏਨਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟਰੀਆ ਦੇ ਚਾਂਸਲਰ ਕਾਰਲ ਨੇਹਮਰ ਨੇ ਦੁਵੱਲੀ ਭਾਈਵਾਲੀ ਦਾ ਪੂਰੀ ਸਮਰੱਥਾ ਨਾਲ ਲਾਹਾ ਲੈਣ ਦੇ ਢੰਗ-ਤਰੀਕਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਮੋਦੀ ਨੂੰ ਇਥੇ ਫੈਡਰਲ ਚਾਂਸਲਰੀ ’ਚ ਗੱਲਬਾਤ ਤੋਂ ਪਹਿਲਾਂ ਗਾਰਡ ਆਫ਼ ਆਨਰ ਵੀ ਦਿੱਤਾ ਗਿਆ। ਉਨ੍ਹਾਂ ਮਹਿਮਾਨਾਂ ਲਈ ਰੱਖੀ ਗਈ ਕਿਤਾਬ ’ਚ ਦਸਤਖ਼ਤ ਵੀ ਕੀਤੇ। ਮੀਟਿੰਗ ਤੋਂ ਪਹਿਲਾਂ ਮੋਦੀ ਨੇ ਕਿਹਾ ਕਿ ਭਾਰਤ-ਆਸਟਰੀਆ ਦੋਸਤੀ ਮਜ਼ਬੂਤ ਹੈ ਅਤੇ ਆਉਂਦੇ ਸਮੇਂ ’ਚ ਇਹ ਹੋਰ ਗੂੜ੍ਹੀ ਹੋਵੇਗੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਵਿਏਨਾ ’ਚ ਦੋਵੇਂ ਆਗੂਆਂ ਦੀਆਂ ਤਸਵੀਰਾਂ ਨਾਲ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਭਾਰਤ-ਆਸਟਰੀਆ ਭਾਈਵਾਲੀ ’ਚ ਇਕ ਅਹਿਮ ਮੀਲ ਪੱਥਰ! ਆਸਟਰੀਆ ਦੇ ਚਾਂਸਲਰ ਕਾਰਲ ਨੇਹਮਰ ਨੇ ਇਕ ਨਿੱਜੀ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਮੋਦੀ ਦੀ ਮੇਜ਼ਬਾਨੀ ਕੀਤੀ। ਦੋਵੇਂ ਆਗੂਆਂ ਵਿਚਾਲੇ ਇਹ ਪਹਿਲੀ ਮੁਲਾਕਾਤ ਹੈ। ਦੁਵੱਲੀ ਭਾਈਵਾਲੀ ਦੀ ਪੂਰੀ ਸਮਰੱਥਾ ਦਾ ਲਾਹਾ ਲੈਣ ਬਾਰੇ ਅੱਗੇ ਚਰਚਾ ਹੋਵੇਗੀ।’’ ਜੈਸਵਾਲ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ’ਚੋਂ ਇਕ ’ਚ ਮੋਦੀ ਆਸਟਰੀਆ ਦੇ ਚਾਂਸਲਰ ਨੂੰ ਗੱਲਵਕੜੀ ਪਾਉਂਦੇ ਦਿਖਾਈ ਦੇ ਰਹੇ ਹਨ ਜਦਕਿ ਦੂਜੀ ਤਸਵੀਰ ’ਚ ਨੇਹਮਰ ਪ੍ਰਧਾਨ ਮੰਤਰੀ ਨਾਲ ਸੈਲਫੀ ਲੈਂਦੇ ਦਿਖ ਰਹੇ ਹਨ। ਨੇਹਮਰ ਨੇ ‘ਐਕਸ’ ’ਤੇ ਆਪਣੀ ਤੇ ਮੋਦੀ ਦੀ ਇਕ ਤਸਵੀਰ ਪੋਸਟ ਕੀਤੀ ਤੇ ਕਿਹਾ, ‘‘ਆਸਟਰੀਆ ਤੇ ਭਾਰਤ ਦੋਸਤ ਤੇ ਭਾਈਵਾਲ ਹਨ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਆਲਮੀ ਭਲਾਈ ਲਈ ਰਲ ਕੇ ਕੰਮ ਕਰਨਗੇ।’’ ਮੋਦੀ ਨੇ ‘ਐਕਸ’ ’ਤੇ ਇਕ ਹੋਰ ਪੋਸਟ ’ਚ ਕਿਹਾ, ‘‘ਚਾਂਸਲਰ ਕਾਰਲ ਨੇਹਮਰ ਵਿਏਨਾ ’ਚ ਤੁਹਾਨੂੰ ਮਿਲ ਕੇ ਖੁਸ਼ੀ ਹੋਈ। ਭਾਰਤ-ਆਸਟਰੀਆ ਦੀ ਦੋਸਤੀ ਮਜ਼ਬੂਤ ਹੈ ਅਤੇ ਇਹ ਆਉਣ ਵਾਲੇ ਸਮੇਂ ’ਚ ਹੋਰ ਮਜ਼ਬੂਤ ਹੋਵੇਗੀ।’’ ਆਸਟਰੀਆ ਦੇ ਕਲਾਕਾਰਾਂ ਨੇ ਵੰਦੇ ਮਾਤਰਮ ਦੀ ਪੇਸ਼ਕਾਰੀ ਨਾਲ ਮੋਦੀ ਦਾ ਸਵਾਗਤ ਕੀਤਾ। -ਪੀਟੀਆਈ
ਰੂਸ ਨਾਲ ਸਬੰਧਾਂ ਨੂੰ ਲੈ ਕੇ ਫਿਕਰਾਂ ਦੇ ਬਾਵਜੂਦ ਰਣਨੀਤਕ ਭਾਈਵਾਲ ਬਣਿਆ ਰਹੇਗਾ ਭਾਰਤ: ਅਮਰੀਕਾ
ਵਾਸ਼ਿੰਗਟਨ: ਬਾਇਡਨ ਪ੍ਰਸ਼ਾਸਨ ਨੇ ਕਿਹਾ ਕਿ ਰੂਸ ਨਾਲ ਸਬੰਧਾਂ ਨੂੰ ਲੈ ਕੇ ਫਿਕਰਾਂ ਦੇ ਬਾਵਜੂਦ ਭਾਰਤ, ਵਾਸ਼ਿੰਗਟਨ ਦਾ ਰਣਨੀਤਕ ਭਾਈਵਾਲ ਬਣਿਆ ਰਹੇਗਾ। ਯੂਕਰੇਨ ’ਚ ਜਾਰੀ ਜੰਗ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਸ ਦੌਰੇ ਅਤੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਗੱਲਬਾਤ ’ਤੇ ਪੱਛਮੀ ਮੁਲਕਾਂ ਦੀ ਨਜ਼ਰ ਸੀ ਜਿਸ ਮਗਰੋਂ ਅਮਰੀਕਾ ਦਾ ਇਹ ਬਿਆਨ ਆਇਆ ਹੈ। ਪੈਂਟਾਗਨ, ਵ੍ਹਾਈਟ ਹਾਊਸ ਅਤੇ ਵਿਦੇਸ਼ ਵਿਭਾਗ ਦੇ ਤਰਜਮਾਨਾਂ ਨੇ ਰੂਸ ਨਾਲ ਭਾਰਤ ਦੇ ਸਬੰਧਾਂ ਅਤੇ ਮੋਦੀ ਦੇ ਮਾਸਕੋ ਦੌਰੇ ਸਬੰਧੀ ਸਵਾਲਾਂ ’ਤੇ ਵੱਖੋ-ਵੱਖਰਾ ਪ੍ਰਤੀਕਰਮ ਦਿੱਤਾ। ਪੈਂਟਾਗਨ ਦੇ ਪ੍ਰੈੱਸ ਸਕੱਤਰ ਮੇਜਰ ਜਨਰਲ ਪੈਟ ਰਾਈਡਰ ਨੇ ਵਾਸ਼ਿੰਗਟਨ ’ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਭਾਰਤ ਅਤੇ ਰੂਸ ਵਿਚਕਾਰ ਲੰਬੇ ਸਮੇਂ ਤੋਂ ਸਬੰਧ ਹਨ। ਅਮਰੀਕਾ ਦੇ ਨਜ਼ਰੀਏ ਨਾਲ ਭਾਰਤ ਇਕ ਰਣਨੀਤਕ ਭਾਈਵਾਲ ਹੈ। ਰੂਸ ਨਾਲ ਉਸ ਦੇ ਰਿਸ਼ਤਿਆਂ ਨੂੰ ਲੈ ਕੇ ਅਸੀਂ ਮੁਕੰਮਲ ਅਤੇ ਸਪੱਸ਼ਟ ਗੱਲਬਾਤ ਜਾਰੀ ਰਖ ਰਹੇ ਹਾਂ। ਇਹ ਇਸ ਹਫ਼ਤੇ ਹੋਣ ਵਾਲੇ ਨਾਟੋ ਸਿਖਰ ਸੰਮੇਲਨ ਨਾਲ ਸਬੰਧਤ ਹੈ ਜਿਸ ਕਾਰਨ ਤੁਹਾਡੇ ਵਾਂਗ ਪੂਰੀ ਦੁਨੀਆ ਦਾ ਧਿਆਨ ਵੀ ਇਸ ’ਤੇ ਕੇਂਦਰਤ ਹੈ।’’ ਅਮਰੀਕੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮੈਥਿਊ ਮਿਲਰ ਨੇ ਕਿਹਾ ਕਿ ਅਮਰੀਕਾ, ਰੂਸ ਨਾਲ ਭਾਰਤ ਦੇ ਸਬੰਧਾਂ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਬਾਰੇ ਬਿਲਕੁਲ ਸਪੱਸ਼ਟ ਰਿਹਾ ਹੈ। ‘ਅਸੀਂ ਆਪਣੇ ਫਿਕਰ ਨਿੱਜੀ ਤੌਰ ’ਤੇ ਸਿੱਧੇ ਭਾਰਤ ਸਰਕਾਰ ਅੱਗੇ ਜ਼ਾਹਿਰ ਕੀਤੇ ਹਨ। ਇਸ ’ਚ ਕੋਈ ਬਦਲਾਅ ਨਹੀਂ ਆਇਆ ਹੈ।’ ਵ੍ਹਾਈਟ ਹਾਊਸ ਪ੍ਰੈੱੱਸ ਸਕੱਤਰ ਕੈਰਿਨ ਜੀਨ-ਪਿਅਰੇ ਨੇ ਕਿਹਾ ਕਿ ਪਹਿਲਾਂ ਵੀ ਇਹ ਗੱਲ ਹੋ ਚੁੱਕੀ ਹੈ ਅਤੇ ਭਾਰਤ ਰਣਨੀਤਕ ਭਾਈਵਾਲ ਰਿਹਾ ਹੈ ਜਿਸ ਦੇ ਰੂਸ ਨਾਲ ਸਬੰਧਾਂ ਦੇ ਬਾਵਜੂਦ ਅਮਰੀਕਾ ਉਸ ਨਾਲ ਖੁੱਲ੍ਹ ਕੇ ਗੱਲਬਾਤ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵੀ ਯੂਕਰੇਨ ਦਾ ਜਦੋਂ ਮਾਮਲਾ ਆਉਂਦਾ ਹੈ ਤਾਂ ਉਹ ਸ਼ਾਂਤੀ ਦੀ ਹਮਾਇਤ ਕਰਦਾ ਹੈ। ‘ਇਸ ਕਾਰਨ ਅਸੀਂ ਆਪਣੇ ਭਾਈਵਾਲਾਂ ਅਤੇ ਭਾਰਤ ਤੋਂ ਤਵੱਕੋ ਰਖਦੇ ਹਾਂ ਕਿ ਉਹ ਰੂਸੀ ਰਾਸ਼ਟਰਪਤੀ ਪੂਤਿਨ ਨੂੰ ਆਖਣਗੇ ਕਿ ਯੂਕਰੇਨ ’ਚ ਜੰਗ ਖ਼ਤਮ ਕੀਤੀ ਜਾਵੇ। ਪੂਤਿਨ ਨੇ ਹੀ ਜੰਗ ਸ਼ੁਰੂ ਕੀਤੀ ਹੈ ਅਤੇ ਉਹ ਹੀ ਜੰਗ ਖ਼ਤਮ ਕਰ ਸਕਦੇ ਹਨ।’ ਰਾਈਡਰ ਨੇ ਕਿਹਾ ਕਿ ਪੂਤਿਨ ਇਹ ਦਰਸਾਉਣ ਦੀ ਕੋਸ਼ਿਸ਼ ਕਰ ਸਕਦੇ ਹਨ ਕਿ ਮੋਦੀ ਦੇ ਦੌਰੇ ਨਾਲ ਰੂਸ ਦੁਨੀਆ ਨਾਲੋਂ ਅਲੱਗ-ਥਲੱਗ ਨਹੀਂ ਹੋਇਆ ਹੈ। -ਪੀਟੀਆਈ