ਪਾਣੀ ਨੂੰ ਤਰਸੇ ਲੋਕਾਂ ਨੇ ਬਾਲਟੀਆਂ ਲੈ ਕੇ ਕੀਤਾ ਚੱਕਾ ਜਾਮ
ਹਤਿੰਦਰ ਮਹਿਤਾ
ਜਲੰਧਰ, 7 ਜੂਨ
ਪਾਣੀ ਦੀ ਕਿੱਲਤ ਨਾਲ ਜੂਝ ਰਹੇ ਲੋਕਾਂ ਨੇ ਆਪਣੇ ਪਰਿਵਾਰਾਂ ਸਣੇ ਇਥੇ ਕੋਟ ਸਾਦਿਕ, ਕਾਲਾ ਸਿੰਘਾ ਰੋਡ ਨੇੜੇ ਸੜਕ ਜਾਮ ਕਰ ਦਿੱਤੀ। ਔਰਤਾਂ ਦਾ ਦੋਸ਼ ਹੈ ਕਿ ਇਲਾਕੇ ਵਿੱਚ ਪਿਛਲੇ 15 ਦਿਨਾਂ ਤੋਂ ਪਾਣੀ ਦੀ ਸਪਲਾਈ ਨਹੀਂ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਮਜਬੂਰਨ ਉਨ੍ਹਾਂ ਨੂੰ ਅੱਜ ਪ੍ਰਦਰਸ਼ਨ ਕਰਨਾ ਪਿਆ। ਅਤਿ ਦੀ ਗਰਮੀ ਵਿੱਚ ਕਾਲਾ ਸਿੰਘਾ ਰੋਡ ’ਤੇ ਬਜ਼ੁਰਗ ਔਰਤਾਂ ਸਣੇ ਕਈ ਲੋਕ ਸੜਕ ਵਿਚਕਾਰ ਬੈਠ ਕੇ ਪਾਣੀ ਦੀ ਸਪਲਾਈ ਦੇਣ ਦੀ ਮੰਗ ਕਰ ਰਹੇ ਸਨ। ਸੜਕ ਬੰਦ ਹੋਣ ਕਾਰਨ ਦੋਵੇਂ ਪਾਸੇ ਆਵਾਜਾਈ ਠੱਪ ਰਹੀ। ਔਰਤਾਂ ਹੱਥਾਂ ਵਿੱਚ ਬਾਲਟੀਆਂ ਲੈ ਕੇ ਧਰਨੇ ’ਤੇ ਬੈਠੀਆਂ ਹੋਈਆਂ ਸਨ। ਇਲਾਕਾ ਵਾਸੀਆਂ ਨੇ ਦੱਸਿਆ ਕਿ ਕਾਲਾ ਸਿੰਘਾ ਰੋਡ ’ਤੇ ਕਈ ਨਵੀਆਂ ਕਲੋਨੀਆਂ ਕੱਟੀਆਂ ਗਈਆਂ ਹਨ। ਉਨ੍ਹਾਂ ਨੂੰ ਪਾਣੀ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਸਾਰਾ ਮੁਹੱਲਾ ਪ੍ਰੇਸ਼ਾਨ ਹੈ। ਇਸ ਦੇ ਨਾਲ ਹੀ ਇਲਾਕੇ ਲਈ ਇੱਕ ਛੋਟੀਆਂ ਪਾਈਪਾਂ ਵਿਛਾਈਆਂ ਗਈਆਂ ਸਨ, ਜਿਸ ਕਾਰਨ ਪੂਰੇ ਇਲਾਕੇ ਵਿੱਚ ਪਾਣੀ ਨਹੀਂ ਪਹੁੰਚ ਰਿਹਾ। ਕਾਲਾ ਸਿੰਘਾ ਰੋਡ ਵਾਸੀ ਕਾਂਤਾਦੇਵੀ ਨੇ ਕਿਹਾ ਕਿ ਕੋਈ ਵੀ ਆਗੂ ਸਾਡੀ ਗੱਲ ਨਹੀਂ ਸੁਣ ਰਿਹਾ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਘਰਾਂ ਦੇ ਸਾਰੇ ਕੰਮ ਠੱਪ ਹਨ। ਜਦੋਂ ਪਾਣੀ ਆਉਂਦਾ ਹੈ ਤਾਂ ਗੰਦਾ ਆ ਜਾਂਦਾ ਹੈ, ਜਿਸ ਕਾਰਨ ਸਾਰਾ ਇਲਾਕਾ ਪ੍ਰੇਸ਼ਾਨ ਹੈ। ਔਰਤਾਂ ਨੇ ਕਿਹਾ ਕਿ ਬੱਚੇ ਬਿਮਾਰ ਹੋ ਰਹੇ ਹਨ। ਉਨ੍ਹਾਂ ਨਿਗਮ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦਾ ਮਸਲਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ ਨਹੀਂ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨ ਦੇਣਗੇ।