ਡਾ. ਮਨਮੋਹਨ ਸਿੰਘ ਨਾਲ ਜੁੜੀਆਂ ਗੱਲਾਂ
ਡਾ. ਸ.ਸ. ਛੀਨਾ
ਸੰਨ 1967 ਵਿੱਚ ਮੈਂ ਐਮ.ਏ. ਅਰਥ ਸ਼ਾਸਤਰ ਵਿੱਚ ਪੜ੍ਹਦਾ ਸਾਂ। ਉਸ ਵਕਤ ਅੰਮ੍ਰਿਤਸਰ ਦੇ ਕਾਲਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਜੁੜੇ ਹੋਏ ਸਨ। ਭਾਵੇਂ ਮੈਂ ਖਾਲਸਾ ਕਾਲਜ ਦਾ ਵਿਦਿਆਰਥੀ ਸਾਂ, ਪਰ ਸਾਨੂੰ ਤਿੰਨਾਂ ਹੀ ਕਾਲਜਾਂ ਖਾਲਸਾ ਕਾਲਜ, ਹਿੰਦੂ ਕਾਲਜ ਅਤੇ ਡੀ.ਏ.ਵੀ. ਕਾਲਜਾਂ ਵਿੱਚ ਹਫ਼ਤੇ ਦੇ ਵੱਖ-ਵੱਖ ਦਿਨ ਪੜ੍ਹਨ ਜਾਣਾ ਪੈਂਦਾ ਸੀ। ਤਿੰਨਾਂ ਕਾਲਜਾਂ ਦੇ ਵਿਦਿਆਰਥੀ, ਤਿੰਨਾਂ ਹੀ ਕਾਲਜਾਂ ਦੇ ਪ੍ਰੋਫੈਸਰਾਂ ਦੇ ਵਿਦਿਆਰਥੀ ਸਨ। ਹਿੰਦੂ ਕਾਲਜ ਦੇ ਪ੍ਰੋਫੈਸਰ ਕਾਲੀਆ ਸਾਡੇ ਅਧਿਆਪਕ ਸਨ ਅਤੇ ਉਨ੍ਹਾਂ ਨੇ ਡਾ. ਮਨਮੋਹਨ ਸਿੰਘ ਨੂੰ ਵੀ ਹਿੰਦੂ ਕਾਲਜ ਵਿੱਚ ਪੜ੍ਹਾਇਆ ਸੀ। ਉਸ ਵਕਤ ਡਾ. ਮਨਮੋਹਨ ਸਿੰਘ ਦਿੱਲੀ ਸਕੂਲ ਆਫ ਇਕਨੌਮਿਕਸ ਵਿੱਚ ਪੜ੍ਹਾਉਂਦੇ ਸਨ। ਮੈਂ ਉਸ ਤੋਂ ਪਹਿਲਾਂ ਕਦੇ ਮਨਮੋਹਨ ਸਿੰਘ ਦਾ ਨਾਂ ਹੀ ਨਹੀਂ ਸੀ ਸੁਣਿਆ, ਪਰ ਪ੍ਰੋਫੈਸਰ ਕਾਲੀਆ ਆਪਣੇ ਭਾਸ਼ਣਾਂ ਵਿੱਚ ਆਮ ਹੀ ਉਨ੍ਹਾਂ ਦਾ ਜ਼ਿਕਰ ਕਰਦੇ ਹੁੰਦੇ ਸਨ ਕਿ ਭਾਵੇਂ ਮਨਮੋਹਨ ਸਿੰਘ ਮੇਰੇ ਕੋਲ ਬੀ.ਏ. ਤੱਕ ਹੀ ਪੜ੍ਹੇ ਸਨ ਪਰ ਮੈਂ ਅੱਜ ਹੀ ਪੇਸ਼ੀਨਗੋਈ ਕਰ ਦਿੰਦਾ ਹਾਂ ਕਿ ਮੇਰਾ ਵਿਦਿਆਰਥੀ ਕਿਸੇ ਦਿਨ ਚਮਕੇਗਾ ਅਤੇ ਆਪਣਾ ਉੱਚਾ ਨਾਂ ਬਣਾਏਗਾ।
1969 ਵਿੱਚ ਮੈਂ ਐਮ.ਏ. ਕਰ ਕੇ ਖਾਲਸਾ ਕਾਲਜ ਵਿੱਚ ਹੀ ਇਕਨੌਮਿਕਸ ਪੜ੍ਹਾਉਣ ਲੱਗ ਪਿਆ। ਮੇਰੀ ਵਾਕਫ਼ੀ ਇੱਕ ਸਿੱਖ ਸਰਦਾਰ ਗੁਰਦਿਆਲ ਸਿੰਘ ਸਿੰਧੀ ਸਾਹਿਬ ਨਾਲ ਹੋਈ। ਉਹ ਸਿੰਧ ਤੋਂ ਪਰਵਾਸੀ ਬਣ ਕੇ ਅੰਮ੍ਰਿਤਸਰ ਆਏ ਸਨ ਅਤੇ ਵੱਡੀਆਂ ਜ਼ਮੀਨਾਂ ਦੇ ਮਾਲਕ ਸਨ। ਉਹ ਡਾ. ਮਨਮੋਹਨ ਸਿੰਘ ਦੇ ਜਮਾਤੀ ਰਹੇ ਸਨ। ਮੈਂ ਅਕਸਰ ਉਨ੍ਹਾਂ ਨੂੰ ਮਿਲਦਾ ਰਹਿੰਦਾ ਸਾਂ। ਉਨ੍ਹਾਂ ਕੋਲ ਆਮ ਹੀ ਅਰਥ ਸ਼ਾਸਤਰ ਦੀਆਂ ਕਿਤਾਬਾਂ ਪਈਆਂ ਰਹਿੰਦੀਆਂ ਸਨ। ਜੁਲਾਈ 1972 ਨੂੰ ਮੈਂ ਦਿੱਲੀ ਜਾਣਾ ਸੀ ਅਤੇ ਉੱਥੇ ਇੱਕ ਹਫ਼ਤਾ ਰਹਿਣਾ ਸੀ। ਮੈਂ ਸਿੰਧੀ ਸਾਹਿਬ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੈਨੂੰ ਦੋ ਪੁਸਤਕਾਂ ਦਿੱਤੀਆਂ ਅਤੇ ਡਾ. ਮਨਮੋਹਨ ਸਿੰਘ ਦਾ ਪਤਾ ਲਿਖ ਕੇ ਦਿੱਤਾ ਕਿ ਮੈਂ ਉਨ੍ਹਾਂ ਨੂੰ ਕਿਸੇ ਵਿਹਲੇ ਦਿਨ ਦੇ ਆਵਾਂ। ਉਸ ਵਕਤ ਡਾ. ਮਨਮੋਹਨ ਸਿੰਘ ਕੇਂਦਰ ਸਰਕਾਰ ਦੇ ਵਿੱਤ ਮੰਤਰਾਲੇ ਵਿੱਚ ਆਰਥਿਕ ਸਲਾਹਕਾਰ ਸਨ। ਮੈਂ ਉਨ੍ਹਾਂ ਦੇ ਪਤੇ ’ਤੇ ਐਤਵਾਰ ਨੂੰ ਚਲਾ ਗਿਆ। ਘਰ ਦੇ ਗੇਟ ’ਤੇ ਇੱਕ ਵਿਅਕਤੀ ਆਇਆ ਅਤੇ ਮੈਂ ਉਸ ਨੂੰ ਉਹ ਦੋਵੇਂ ਪੁਸਤਕਾਂ ਦੇ ਦਿੱਤੀਆਂ, ਪਰ ਉਸ ਨੇ ਮੈਨੂੰ ਬਰਾਂਡੇ ਵਿੱਚ ਪਈਆਂ ਲੱਕੜ ਦੀਆਂ ਕੁਰਸੀਆਂ ’ਤੇ ਬੈਠਣ ਲਈ ਕਿਹਾ। ਕੁਝ ਦੇਰ ਬਾਅਦ ਡਾ. ਸਾਹਿਬ ਬਾਹਰ ਆਏ ਅਤੇ ਮੈ ਉਨ੍ਹਾਂ ਨੂੰ ਸਿੰਧੀ ਸਾਹਿਬ ਵੱਲੋਂ ਭੇਜੀਆਂ ਕਿਤਾਬਾਂ ਦੇ ਦਿੱਤੀਆਂ। ਉਹ ਕਿਤਾਬਾਂ ਫੋਲਣ ਲੱਗ ਪਏ ਅਤੇ ਨਾਲ ਹੀ ਸਿੰਧੀ ਸਾਹਿਬ ਦਾ ਹਾਲ-ਚਾਲ ਪੁੱਛਿਆ। ਫਿਰ ਮੈਨੂੰ ਪੁੱਛਣ ਲੱਗੇ, ਤੁਸੀਂ ਕੀ ਕੰਮ ਕਰਦੇ ਹੋ। ਮੇਰੇ ਦੱਸਣ ’ਤੇ ਕਿ ਮੈਂ ਖਾਲਸਾ ਕਾਲਜ ਵਿੱਚ ਇਕਨੌਮਿਕਸ ਪੜ੍ਹਾਉਂਦਾ ਹਾਂ ਤਾਂ ਉਹ ਮੁਸਕਰਾ ਕੇ ਕਹਿਣ ਲੱਗੇ, ‘‘ਅੱਛਾ ਮੈਨੂੰ ਤਾਂ ਤੁਸਾਂ ਖਾਲਸਾ ਕਾਲਜ ਦਾਖਲ ਨਹੀਂ ਸੀ ਕੀਤਾ,’’ ਪਰ ਮੈਂ ਉਨ੍ਹਾਂ ਨੂੰ ਇਸ ਦਾ ਕਾਰਨ ਨਾ ਪੁੱਛਿਆ ਅਤੇ ਕੁਝ ਮਿੰਟਾਂ ਬਾਅਦ ਉਨ੍ਹਾਂ ਤੋਂ ਛੁੱਟੀ ਲੈ ਲਈ।
1992 ਵਿੱਚ ਉਹ ਭਾਰਤ ਦੇ ਵਿੱਤ ਮੰਤਰੀ ਸਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਕਾਨਵੋਕੇਸ਼ਨ ਗੁਰੂ ਨਾਨਕ ਭਵਨ ਅੰਮ੍ਰਿਤਸਰ ਜੋ ਬੱਸ ਸਟੈਂਡ ਦੇ ਨਜ਼ਦੀਕ ਬਣਿਆ ਸੀ, ’ਚ ਹੋ ਰਹੀ ਸੀ। ਮੈਂ ਉਸ ਵਕਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਦਾ ਮੈਂਬਰ ਸਾਂ ਅਤੇ ਕਾਨਵੋਕੇਸ਼ਨ ਵਿੱਚ ਹਾਜ਼ਰ ਸਾਂ। ਡਾ. ਮਨਮੋਹਨ ਸਿੰਘ ਨੇ ਕਾਨਵੋਕੇਸ਼ਨ ਦੀ ਪ੍ਰਧਾਨਗੀ ਕਰਨੀ ਸੀ। ਬਹੁਤ ਸਾਰੇ ਸਰੋਤੇ ਸਮਝ ਰਹੇ ਸਨ ਕਿ ਉਹ ਹੁਣ ਸਿਆਸਤਦਾਨ ਬਣ ਚੁੱਕੇ ਹਨ ਤੇ ਜ਼ਰੂਰ ਹੀ ਭਾਰਤ ਦੀ ਆਰਥਿਕ ਨੀਤੀ ਦੇ ਚੰਗੇ ਪਹਿਲੂਆਂ ਦਾ ਜ਼ਿਕਰ ਕਰਨਗੇ, ਪਰ ਉਨ੍ਹਾਂ ਨੇ ਡਿਗਰੀ ਹਾਸਿਲ ਕਰਨ ਵਾਲਿਆਂ ਨੂੰ ਚੰਗੀਆਂ ਨਸੀਹਤਾਂ ਦਿੱਤੀਆਂ ਅਤੇ ਸਿਆਸਤਦਾਨਾਂ ਵਾਲੀ ਕੋਈ ਵੀ ਗੱਲ ਨਾ ਕੀਤੀ।
2004 ਵਿੱਚ ਜਦੋਂ ਡਾ. ਮਨਮੋਹਨ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਸਨ ਤਾਂ ਪਾਕਿਸਤਾਨ ਵਿੱਚ ਜਨਰਲ ਪਰਵੇਜ਼ ਮੁਸ਼ੱਰਫ ਦੀ ਹਕੂਮਤ ਸੀ। ਡਾ. ਮਨਮੋਹਨ ਸਿੰਘ ਨੇ ਭਾਰਤ ਪਾਕਿਸਤਾਨ ਵਿੱਚ ਕੁੜੱਤਣ ਘਟਾਉਣ ਲਈ ਕਾਫ਼ੀ ਯਤਨ ਕੀਤੇ, ਜਿਸ ਦਾ ਜਨਰਲ ਮੁਸ਼ੱਰਫ ਨੇ ਵੀ ਚੰਗਾ ਹੁੰਗਾਰਾ ਭਰਿਆ। ਇਸ ਸਦਕਾ ‘ਪੀਪਲ ਟੂ ਪੀਪਲ ਕੰਟੈਕਟ’ (ਲੋਕਾਂ ਦੀ ਲੋਕਾਂ ਨਾਲ ਮਿਲਣੀ) ਅਧੀਨ ਭਾਰਤ ਤੋਂ ਕਈ ਵਫਦ ਪਾਕਿਸਤਾਨ ਗਏ ਅਤੇ ਕਈ ਭਾਰਤ ਆਏ। 2005 ਵਿੱਚ ਭਾਰਤ ਦੇ 16 ਪ੍ਰਾਤਾਂ ਦੇ ਤਕਰੀਬਨ 32 ਕੁ ਡੈਲੀਗੇਟਾਂ ਨੇ ਪਾਕਿਸਤਾਨ ਜਾਣਾ ਸੀ ਜਿਨ੍ਹਾਂ ਨੂੰ ਦਿੱਲੀ ਦੇ ਇੰਸਟੀਚਿਊਟ ਆਫ ਸੋਸ਼ਲ ਸਾਇੰਸਜ਼ ਨੇ ਭੇਜਣਾ ਸੀ। ਮੈਨੂੰ ਉਸ ਇੰਸਟੀਚਿਊਟ ਦਾ ਸੀਨੀਅਰ ਫੈਲੋ ਹੋਣ ਕਰਕੇ ਉਸ ਡੈਲੀਗੇਸ਼ਨ ਵਿੱਚ ਜਾਣ ਦਾ ਮੌਕਾ ਮਿਲ ਗਿਆ। ਉਸ ਡੈਲੀਗੇਸ਼ਨ ਨੇ ਡਾ. ਮਨਮੋਹਨ ਸਿੰਘ ਦੇ ਜੱਦੀ ਪਿੰਡ ਗਾਹ ਵੀ ਜਾਣਾ ਸੀ। ਉਹ ਪਿੰਡ ਜ਼ਿਲ੍ਹਾ ਚਕਵਾਲ ਵਿੱਚ ਇਸਲਾਮਾਬਾਦ ਤੋਂ ਲਾਹੌਰ ਵੱਲ ਆਉਂਦੀ ਮੋਟਰਵੇਅ ਦੇ ਸੱਜੇ ਹੱਥ ਕੁਝ ਦੂਰੀ ’ਤੇ ਸੀ।
ਸਾਨੂੰ ਦੱਸਿਆ ਗਿਆ ਕਿ ਪਾਕਿਸਤਾਨ ਸਰਕਾਰ ਨੇ ਡਾ. ਮਨਮੋਹਨ ਸਿੰਘ ਦੇ ਸਤਿਕਾਰ ਵਜੋਂ ਉਸ ਪਿੰਡ ਨੂੰ ਮਾਡਲ ਗਰਾਮ ਐਲਾਨਿਆ ਸੀ ਅਤੇ ਸ਼ਹਿਰਾਂ ਵਾਲੀ ਹਰ ਸਹੂਲਤ ਉਸ ਪਿੰਡ ਵਿੱਚ ਦੇਣੀ ਸੀ। ਜਿਸ ਦਿਨ ਅਸੀਂ ਇਸਲਾਮਾਬਾਦ ਤੋਂ ਉਸ ਪਿੰਡ ਲਈ ਸਵੇਰੇ ਚੱਲੇ, ਨਾਲ ਹੀ ਬਾਰਸ਼ ਸ਼ੁਰੂ ਹੋ ਗਈ ਅਤੇ ਵਧਦੀ ਹੀ ਗਈ। ਕੋਈ ਇੱਕ ਘੰਟੇ ਦੇ ਸਫ਼ਰ ਤੋਂ ਬਾਅਦ ਅਸੀਂ ਉਸ ਪਿੰਡ ਵਿੱਚ ਪਹੁੰਚ ਗਏ। ਕਾਫ਼ੀ ਲੋਕ ਵਰ੍ਹਦੇ ਮੀਂਹ ਵਿੱਚ ਪਿੰਡ ਦੇ ਸਕੂਲ ਵਿੱਚ ਸਾਨੂੰ ਉਡੀਕ ਰਹੇ ਸਨ, ਪਰ ਪਿੰਡਾਂ ਦੀਆਂ ਸਾਰੀਆਂ ਗਲੀਆਂ ਕੱਚੀਆਂ ਸਨ ਅਤੇ ਸਾਡੀ ਬੱਸ ਗਾਰੇ ’ਚ ਫਸਣ ਦੇ ਤੌਖ਼ਲੇ ਕਰਕੇ ਪਿੰਡ ਦੇ ਬਾਹਰ ਰੋਕ ਦਿੱਤੀ ਅਤੇ ਫਿਰ ਅੱਗੋਂ ਅਸੀਂ ਛੱਤੀ ਹੋਈ ਜੀਪ ’ਤੇ ਕਈ ਫੇਰੇ ਲਾ ਕੇ ਸਕੂਲ ਪਹੁੰਚੇ। ਸਾਰੇ ਲੋਕ ਹੈਰਾਨ ਸਨ ਕਿ ਇਨ੍ਹਾਂ ਦੋ ਕਮਰਿਆਂ ਵਾਲੇ ਸਕੂਲ ਜਿਸ ਦੀ ਬਾਹਰਲੀ ਕੰਧ ਅਜੇ ਵੀ ਕੱਚੀ ਸੀ, ਉਸ ਵਿੱਚ ਸਾਡੇ ਪ੍ਰਧਾਨ ਮੰਤਰੀ ਪੜ੍ਹਦੇ ਰਹੇ ਹਨ। ਬਾਅਦ ਵਿੱਚ ਚਾਹ ਪੀਂਦਿਆਂ ਚਿੱਟੇ ਕੁੜਤੇ ਪਜਾਮੇ ਅਤੇ ਚਿੱਟੀ ਪੱਗੜੀ ਵਾਲਾ ਵਿਅਕਤੀ ਮੇਰੇ ਕੋਲ ਆਇਆ। ਮੈਨੂੰ ਪੁੱਛਣ ਲੱਗਾ ਕਿ ਕੀ ਤੁਸੀਂ ਚੜ੍ਹਦੇ ਪੰਜਾਬ ਤੋਂ ਹੋ। ਮੇਰੇ ਦੱਸਣ ’ਤੇ ਉਸ ਨੇ ਮੈਨੂੰ ਕਿਹਾ, ‘‘ਜੇ ਤੁਹਾਡੇ ਕੋਲ ਕੋਈ ਕਾਰਡ ਹੈ ਤਾਂ ਮੈਨੂੰ ਦੇ ਜਾਉ। ਮੈਂ ਕੁਝ ਸਮੇਂ ਬਾਅਦ ਅੰਮ੍ਰਿਤਸਰ ਆਉਣਾ ਹੈ, ਮੈਂ ਤੁਹਾਨੂੰ ਮਿਲਾਂਗਾ। ਮੈਂ ਡਾ. ਮਨਮੋਹਨ ਸਿੰਘ ਦਾ ਜਮਾਤੀ ਰਜ਼ਾ ਮਹਿਮੂਦ ਅਲੀ ਹਾਂ।’’ ਮੈਂ ਉਸ ਨੂੰ ਆਪਣਾ ਕਾਰਡ ਦੇ ਦਿੱਤਾ। 2007 ਦੀਆਂ ਗਰਮੀਆਂ ਦੀ ਗੱਲ ਹੈ ਕਿ ਮੈਨੂੰ ਟੈਲੀਫੋਨ ਆਇਆ, ‘‘ਸਰਦਾਰ ਜੀ, ਮੈਂ ਰਜ਼ਾ ਮਹਿਮੂਦ ਬੋਲ ਰਿਹਾ ਹਾਂ। ਵਜ਼ੀਰੇ ਆਜ਼ਮ ਦਾ ਜਮਾਤੀ।’’ ਪਹਿਲਾਂ ਤਾਂ ਮੇਰੀ ਕੁਝ ਸਮਝ ਨਾ ਆਇਆ ਅਤੇ ਫਿਰ ਜਦੋਂ ਉਸ ਨੇ ਪਿੰਡ ਗਾਹ ਬਾਰੇ ਦੱਸਿਆ ਤਾਂ ਸਭ ਕੁਝ ਮੇਰੀ ਸਮਝ ਵਿੱਚ ਆ ਗਿਆ। ਉਸ ਨੇ ਇੱਕ ਦਿਨ ਬਾਅਦ ਆਉਣਾ ਸੀ ਅਤੇ ਮੈਨੂੰ ਕਹਿਣ ਲੱਗਾ ਕਿ ਮੈਨੂੰ ਵਾਹਗਾ ਬਾਰਡਰ ’ਤੇ ਆ ਕੇ ਲੈ ਜਾਣਾ।
ਮੈਂ ਉਸ ਦਿਨ ਵਾਹਗਾ ਬਾਰਡਰ ’ਤੇ ਉਸ ਨੂੰ ਲੈਣ ਚਲਾ ਗਿਆ। ਰਜ਼ਾ ਮਹਿਮੂਦ ਦਾ ਇੱਕ ਹੋਰ ਜਮਾਤੀ ਜੋਗਿੰਦਰ ਸਿੰਘ ਕੋਹਲੀ ਜਿਹੜਾ ਪਿੱਛੋਂ ਗਾਹ ਪਿੰਡ ਦਾ ਸੀ, ਉਹ ਵੀ ਉਸ ਨੂੰ ਲੈਣ ਗਿਆ ਹੋਇਆ ਸੀ। ਉਸ ਨੇ ਦੱਸਿਆ ਕਿ ਜਦੋਂ ਮੈਨੂੰ ਅੰਬੈਸੀ ਵਾਲਿਆਂ ਨੇ ਅੰਮ੍ਰਿਤਸਰ ਦੇ ਕਿਸੇ ਵਿਅਕਤੀ ਦਾ ਐਡਰੈੱਸ ਪੁੱਛਿਆ ਤਾਂ ਜੋਗਿੰਦਰ ਸਿੰਘ ਦੇ ਐਡਰੈੱਸ ਦਾ ਮੈਨੂੰ ਪਤਾ ਨਹੀਂ ਸੀ। ਉਸ ਵੇਲੇ ਤੁਹਾਡਾ ਦਿੱਤਾ ਕਾਰਡ ਮੇਰੇ ਕੰਮ ਆਇਆ ਅਤੇ ਮੈਨੂੰ ਅੰਮ੍ਰਿਤਸਰ ਦਾ ਵੀਜ਼ਾ ਆਸਾਨੀ ਨਾਲ ਮਿਲ ਗਿਆ। ਉੱਥੋਂ ਅਸੀਂ ਆਪਣੇ ਘਰ ਆਏ, ਖਾਣਾ ਖਾਧਾ ਅਤੇ ਬਾਅਦ ਵਿੱਚ ਡੀ.ਏ.ਵੀ. ਸਕੂਲ ਵਿੱਚ ਉਨ੍ਹਾਂ ਦੇ ਸਨਮਾਨ ਲਈ ਰੱਖੇ ਇੱਕ ਸਮਾਗਮ ਵਿੱਚ ਗਏ।
ਜਦੋਂ ਰਜ਼ਾ ਮਹਿਮੂਦ ਡਾ. ਮਨਮੋਹਨ ਸਿੰਘ ਨੂੰ ਮਿਲ ਕੇ ਦਸ ਕੁ ਦਿਨ ਬਾਅਦ ਦਿੱਲੀ ਤੋਂ ਵਾਪਸ ਆਏ ਤਾਂ ਫਿਰ ਸਿੱਧੇ ਮੇਰੇ ਘਰ ਆਏ। ਜੋਗਿੰਦਰ ਸਿੰਘ ਕੋਹਲੀ ਵੀ ਮੇਰੇ ਘਰ ਆ ਗਿਆ। ਜਦੋਂ ਅਸੀਂ ਉਨ੍ਹਾਂ ਨੂੰ ਵਾਹਗਾ ਬਾਰਡਰ ’ਤੇ ਛੱਡਣ ਗਏ ਤਾਂ ਦਿੱਲੀ ਤੋਂ ਆਏ ਵਿਅਕਤੀ ਨੇ ਦੱਸਿਆ ਕਿ ਡਾ. ਮਨਮੋਹਨ ਸਿੰਘ ਨੇ ਕਿਸੇ ਨਿੱਜੀ ਗੈਸਟ ਹਾਊਸ ਵਿੱਚ ਆਪਣੇ ਜਮਾਤੀ ਨੂੰ ਠਹਿਰਾਇਆ ਸੀ ਅਤੇ ਉਸ ਦਾ ਖ਼ਰਚਾ ਆਪ ਦਿੱਤਾ ਸੀ। ਬਾਰਡਰ ਵਾਲੀ ਲਾਈਨ ’ਤੇ ਕੋਹਲੀ ਅਤੇ ਰਜ਼ਾ ਮਹਿਮੂਦ ਨੇ ਜਦੋਂ ਜੱਫੀ ਪਾਈ ਤਾਂ ਦੋਵਾਂ ਦੇ ਅੱਥਰੂ ਰੁਕ ਹੀ ਨਹੀਂ ਰਹੇ ਸਨ। ਰਜ਼ਾ ਮਹਿਮੂਦ ਕਹਿਣ ਲੱਗਾ ਕਿ ਮੈਂ 2010 ਵਿੱਚ ਫਿਰ ਆਵਾਂਗਾ ਅਤੇ ਤੁਹਾਨੂੰ ਫਿਰ ਮਿਲ ਕੇ ਜਾਵਾਂਗਾ, ਪਰ ਉਸ ਤੋਂ ਪਹਿਲਾਂ ਹੀ ਉਹ ਚਲਾਣਾ ਕਰ ਗਏ ਤੇ ਦੁਬਾਰਾ ਭਾਰਤ ਨਾ ਆ ਸਕੇ। ਉਨ੍ਹਾਂ ਦੋਵਾਂ ਦੇ ਮਿਲਣ ਅਤੇ ਆਪਸੀ ਪਿਆਰ ਨੂੰ ਅਖ਼ਬਾਰਾਂ ਵਿੱਚ ਹੁਣ ਵੀ ਦੁਹਰਾਇਆ ਜਾਂਦਾ ਹੈ।