ਫ਼ਲਸਤੀਨ, ਇਜ਼ਰਾਈਲ ਤੇ ਅਣਮਨੁੱਖੀ ਕਹਿਰ ਦੀ ਤਵਾਰੀਖ਼
ਸੁਰਿੰਦਰ ਸਿੰਘ ਤੇਜ
ਵੀਹਵੀਂ ਸਦੀ ਵਿੱਚ ਤਕਦੀਰ ਤੇ ਤਸਵੀਰ ਪਲਟੀ: ਯਹੂਦੀ-ਇਸਾਈ ਇਤਿਹਾਦ ਨੇ ਯਹੂਦੀਆਂ ਦੀ ਯੇਹੂਦਾ ਵਿੱਚ ਵਾਪਸੀ ਸੰਭਵ ਬਣਾਈ। 13-14 ਸਦੀਆਂ ਤੋਂ ਫ਼ਲਸਤੀਨੀ ਅਰਬਾਂ ਦੀ ਭੂਮੀ ਵਜੋਂ ਜਾਣੇ ਜਾਂਦੇ ਫ਼ਲਸਤੀਨ ਅੰਦਰ ਇਜ਼ਰਾਈਲ ਨਾਮ ਦਾ ਯਹੂਦੀ ਮੁਲਕ ਸੁਰਜੀਤ ਹੋ ਗਿਆ। ਕੌਮਾਂਤਰੀ ਸਿਆਸੀ ਸ਼ਤਰੰਜ ਦੀਆਂ ਗ਼ੈਰ-ਇਖ਼ਲਾਕੀ ਚਾਲਾਂ ਅਤੇ ਯਹੂਦੀਆਂ ਦੇ ਜੁਝਾਰੂਪੁਣੇ ਅੱਗੇ ਫ਼ਲਸਤੀਨੀ ਪਸਤ ਹੁੰਦੇ ਗਏ। ਗਾਜ਼ਾ ਵਾਲਾ ਮੌਜੂਦਾ ਦੁਖਾਂਤ ਇਸੇ ਲੰਮੇਰੇ ਸਿਲਸਿਲੇ ਦੀ ਨਵੀਂ ਕੜੀ ਹੈ।
ਇਹ ਸਾਰੀ ਕਹਾਣੀ ਸਰਲ, ਸੰਖੇਪ ਪਰ ਨਿਹਾਇਤ ਦਿਲਚਸਪ ਅੰਦਾਜ਼ ਨਾਲ ਪੇਸ਼ ਕਰਦੀ ਹੈ ਸਟੈਨਲੀ ਜੌਹਨੀ ਦੀ ਕਿਤਾਬ ‘ਓਰਿਜੀਨਲ ਸਿੰਨ’ (ਬੁਨਿਆਦੀ ਗੁਨਾਹ; ਹਾਰਪਰ ਕੌਲਿਨਜ਼; 235 ਪੰਨੇ; 499 ਰੁਪਏ)।
ਜੰਗਾਂ ਨੇ ਅਮਰੀਕਾ ਦੇ ਵਾਰੇ-ਨਿਆਰੇ ਕਰ ਦਿੱਤੇ ਹਨ। ਬਾਕੀ ਦੁਨੀਆ ਰੂਸ-ਯੂਕਰੇਨ ਯੁੱਧ ਅਤੇ ਗਾਜ਼ਾ ਤੇ ਲਿਬਨਾਨ ਉੱਤੇ ਇਜ਼ਰਾਇਲੀ ਚੜ੍ਹਾਈ ਦਾ ਰਾਜਨੀਤਕ-ਆਰਥਿਕ ਖਮਿਆਜ਼ਾ ਸਿੱਧੇ ਤੌਰ ’ਤੇ ਭੁਗਤ ਰਹੀ ਹੈ; ਅਮਰੀਕਾ ਦੀ ‘ਕੋਵਿਡ-19’ ਦੇ ਦਿਨਾਂ ਤੋਂ ਲੀਹੋਂ ਲੱਥੀ ਆਰਥਿਕਤਾ ਪਿਛਲੇ ਦੋ ਵਰ੍ਹਿਆਂ ਤੋਂ ਨਾ ਸਿਰਫ਼ ਲੀਹ ’ਤੇ ਆ ਗਈ ਹੈ, ਬਲਕਿ ਚੰਗੀ ਤਕੜੀ ਮਜ਼ਬੂਤੀ ਵੀ ਗ੍ਰਹਿਣ ਕਰ ਚੁੱਕੀ ਹੈ। ਇਹ ਸਭ ਕੁਝ ਅਮਰੀਕੀ ਹਥਿਆਰ ਸਨਅਤ ਨੂੰ ਦੋ ਲੰਮੀਆਂ ਜੰਗਾਂ ਤੋਂ ਮਿਲੇ ਹੁਲਾਰੇ ਦਾ ਕਮਾਲ ਹੈ। ਇਸੇ ਹੁਲਾਰੇ ਸਦਕਾ ਡੋਨਲਡ ਟਰੰਪ, ਗਾਜ਼ਾ ਪੱਟੀ ਨੂੰ ਸਮੁੰਦਰੀ ਸਾਹਿਲੀ ਸੈਰਗਾਹ (ਰਿਵੀਏਰਾ) ਵਿੱਚ ਬਦਲਣ ਦੀਆਂ ਬੁਣਤਰਾਂ ਬੁਣਨ ਲੱਗਾ ਹੈ ਅਤੇ ਫ਼ਲਸਤੀਨੀਆਂ ਨੂੰ ਉਨ੍ਹਾਂ ਦੀ ਮਾਤ-ਭੂਮੀ ਤੋਂ ਇੱਕ ਵਾਰ ਫਿਰ ਮਹਿਰੂਮ ਕਰਨ ਨੂੰ ਪੱਛਮੀ ਏਸ਼ੀਆ ਦੇ ਇੱਕ ਸਦੀ ਪੁਰਾਣੇ ਸੰਕਟ ਦਾ ਸਥਾਈ ਹੱਲ ਦੱਸਣ ਲੱਗਾ ਹੈ। ਉਹ ਭੁੱਲ ਗਿਆ ਹੈ ਕਿ ਜਲਾਵਤਨੀ ਕਿਸੇ ਵੀ ਕੌਮ ਲਈ ਕਦੇ ਵੀ ਸੁਖਦਾਈ ਨਹੀਂ ਹੁੰਦੀ। ਪੱਛਮੀ ਏਸ਼ੀਆ ਵਾਲੀ ਬਦਅਮਨੀ ਤਾਂ ਹੈ ਹੀ ਜਲਾਵਤਨੀ ਦੀ ਉਪਜ। ਪਹਿਲਾਂ ਯਹੂਦੀਆਂ ਨੇ ਦੋ ਦਹਿਸਦੀਆਂ ਤੋਂ ਵੱਧ ਸਮੇਂ ਤਕ ਆਪਣੀ ਸਰਜ਼ਮੀਂ ਤੋਂ ਜਲਾਵਤਨੀ ਭੋਗੀ; ਹੁਣ ਇੱਕ ਸਦੀ ਤੋਂ ਫ਼ਲਸਤੀਨੀ ਇਸ ਸਰਜ਼ਮੀਂ ’ਤੇ ਆਪਣੀ ਹਸਤੀ ਬਚਾਉਣ ਲਈ ਤਿਲ-ਤਿਲ ਕਰ ਕੇ ਮਰ ਰਹੇ ਹਨ।
ਯੇਹੂਦਾ (ਜੂਡੀਆ) ਵਤਨ ਸੀ ਯਹੂਦੀਆਂ ਦਾ ਦੋ ਦਹਿਸਦੀਆਂ ਪਹਿਲਾਂ ਤੱਕ; ਮੱਧ ਸਾਗਰ ਦੀ ਪੂਰਬੀ ਹੱਦ ਨਾਲ ਵਸਿਆ ਹੋਇਆ। ਹਿੰਦੂ-ਮੱਤ ਤੋਂ ਬਾਅਦ ਯਹੂਦੀ-ਮੱਤ ਦੁਨੀਆ ਦਾ ਸਭ ਤੋਂ ਵੱਧ ਪੁਰਾਣਾ ਧਰਮ ਹੈ। ਏਕਈਸ਼ਵਰਵਾਦੀ ਧਰਮ; ਸਿਰਫ਼ ਰੱਬ ਨੂੰ ਮੰਨਣ ਵਾਲਾ। ਇਸ ਵਿੱਚ ਮਸੀਹਾ ਕਈ ਹਨ: ਆਦਮ ਤੇ ਅਬਰਾਹਮ ਤੋਂ ਲੈ ਕੇ ਮੂਸਾ ਤੇ ਯੇਸ਼ੂਆ (ਹਜ਼ਰਤ ਈਸਾ ਦਾ ਅਸਲ ਯਹੂਦੀ ਨਾਮ), ਪਰ ਕਿਸੇ ਦੀ ਪੂਜਾ ਨਹੀਂ। ਪੂਜਾ ਸਿਰਫ਼ ਰੱਬ ਦੀ ਅਤੇ ਰੂਹਾਨੀ ਸਤਿਕਾਰ ਰੱਬੀ ਜਾਂ ਸ਼ਰ੍ਹਈ ਕਥਨਾਂ-ਕਥਾਵਾਂ ਵਾਲੇ ਗਰੰਥ ‘ਤੋਰਾਹ’ ਦਾ। ਇਨ੍ਹਾਂ ਸਿਧਾਂਤਾਂ ਕਰ ਕੇ ਇਸ ਨੂੰ ਇਸਲਾਮ ਦਾ ਪੂਰਵਜ ਵੀ ਮੰਨਿਆ ਜਾਂਦਾ ਹੈ ਅਤੇ ਇਸਾਈ ਮੱਤ ਦਾ ਵੀ। ਬਹੁਤੇ ਪੈਗੰਬਰ ਵੀ ਸਾਂਝੇ ਹਨ। ਪਰ ਤਿੰਨਾਂ ਧਰਮਾਂ ਵਿੱਚ ਦੁਸ਼ਮਣੀ ਵੀ ਅੰਤਾਂ ਦੀ ਰਹੀ ਹੈ ਅਤੇ ਹੁਣ ਵੀ ਇਹ ਬਰਕਰਾਰ ਹੈ। ਪਹਿਲਾਂ ਇਸਾਈ ਮੱਤ ਦੇ ਪੈਰੋਕਾਰਾਂ ਨੇ ਯਹੂਦੀਆਂ ਨੂੰ ਉਨ੍ਹਾਂ ਦੀ ਸਰਜ਼ਮੀਂ ਤੋਂ ਖਾਰਿਜ ਕੀਤਾ, ਫਿਰ ਇਸਲਾਮੀ ਸ਼ਰ੍ਹਈਆਂ ਨੇ ਉਨ੍ਹਾਂ ’ਤੇ ਬੇਤਹਾਸ਼ਾ ਕਹਿਰ ਢਾਹਿਆ। ਵੀਹਵੀਂ ਸਦੀ ਵਿੱਚ ਤਕਦੀਰ ਤੇ ਤਸਵੀਰ ਪਲਟੀ: ਯਹੂਦੀ-ਇਸਾਈ ਇਤਿਹਾਦ ਨੇ ਯਹੂਦੀਆਂ ਦੀ ਯੇਹੂਦਾ ਵਿੱਚ ਵਾਪਸੀ ਸੰਭਵ ਬਣਾਈ। 13-14 ਸਦੀਆਂ ਤੋਂ ਫ਼ਲਸਤੀਨੀ ਅਰਬਾਂ ਦੀ ਭੂਮੀ ਵਜੋਂ ਜਾਣੇ ਜਾਂਦੇ ਫ਼ਲਸਤੀਨ ਅੰਦਰ ਇਜ਼ਰਾਈਲ ਨਾਮ ਦਾ ਯਹੂਦੀ ਮੁਲਕ ਸੁਰਜੀਤ ਹੋ ਗਿਆ। ਕੌਮਾਂਤਰੀ ਸਿਆਸੀ ਸ਼ਤਰੰਜ ਦੀਆਂ ਗ਼ੈਰ-ਇਖ਼ਲਾਕੀ ਚਾਲਾਂ ਅਤੇ ਯਹੂਦੀਆਂ ਦੇ ਜੁਝਾਰੂਪੁਣੇ ਅੱਗੇ ਫ਼ਲਸਤੀਨੀ ਪਸਤ ਹੁੰਦੇ ਗਏ। ਗਾਜ਼ਾ ਵਾਲਾ ਮੌਜੂਦਾ ਦੁਖਾਂਤ ਇਸੇ ਲੰਮੇਰੇ ਸਿਲਸਿਲੇ ਦੀ ਨਵੀਂ ਕੜੀ ਹੈ।
ਇਹ ਸਾਰੀ ਕਹਾਣੀ ਸਰਲ, ਸੰਖੇਪ ਪਰ ਨਿਹਾਇਤ ਦਿਲਚਸਪ ਅੰਦਾਜ਼ ਨਾਲ ਪੇਸ਼ ਕਰਦੀ ਹੈ ਸਟੈਨਲੀ ਜੌਹਨੀ ਦੀ ਕਿਤਾਬ ‘ਓਰਿਜੀਨਲ ਸਿੰਨ’ (ਬੁਨਿਆਦੀ ਗੁਨਾਹ; ਹਾਰਪਰ ਕੌਲਿਨਜ਼; 235 ਪੰਨੇ; 499 ਰੁਪਏ)। ਜੌਹਨੀ ‘ਦਿ ਹਿੰਦੂ’ ਪ੍ਰਕਾਸ਼ਨ ਸਮੂਹ ਵਿੱਚ ਵਿਦੇਸ਼ੀ ਮਾਮਲਿਆਂ ਬਾਰੇ ਸੰਪਾਦਕ ਹੈ। ਪੱਛਮੀ ਏਸ਼ੀਆ ਦੀ ਕਵਰੇਜ ਦਾ ਉਸ ਨੂੰ ਲੰਮਾ ਤਜਰਬਾ ਹੈ। ਕਿਤਾਬ ਰਿਪੋਰਤਾਜ ਵੀ ਹੈ, ਇਤਿਹਾਸ ਵੀ ਤੇ ਸਫ਼ਰਨਾਮਾ ਵੀ। ਇਹ ਬੁਨਿਆਦੀ ਤੌਰ ’ਤੇ ਪੱਛਮੀ ਏਸ਼ੀਆ (ਜਿਸ ਨੂੰ ਮੱਧ ਪੂਰਬ ਵੀ ਕਿਹਾ ਜਾਂਦਾ ਹੈ) ਵਿਚਲੀਆਂ 2018 ਤੋਂ ਨਵੰਬਰ 2024 ਤੱਕ ਦੀਆਂ ਘਟਨਾਵਾਂ ’ਤੇ ਕੇਂਦ੍ਰਿਤ ਹੈ ਅਤੇ ਦੱਸਦੀ ਹੈ ਕਿ ਮੌਜੂਦਾ ਘਟਨਾਕ੍ਰਮ ਵਿੱਚ ਅਰਬ ਦੇਸ਼ਾਂ, ਹਮਾਸ, ਇਜ਼ਰਾਈਲ ਤੇ ਇਰਾਨ ਦੀਆਂ ਕਿਹੜੀਆਂ ਚਾਲਾਂ-ਕੁਚਾਲਾਂ ਨੇ ਇਨਸਾਨੀ ਜਾਨਾਂ ਦੀ ਹੋਲੀ ਨੂੰ ਜਨਮ ਦਿੱਤਾ; ਸੰਯੁਕਤ ਰਾਸ਼ਟਰ ਤੇ ਸਮੁੱਚੇ ਸਭਿਆ ਸੰਸਾਰ ਨੂੰ ਨਿਪੁੰਸਕ ਬਣਾਇਆ ਅਤੇ ਅਮਰੀਕਾ ਨੂੰ ਆਲਮੀ ਚੌਧਰ ਵਾਲੀ ਭੂਮਿਕਾ ਨਵੇਂ ਸਿਰਿਓਂ ਹਥਿਆਉਣ ਦਾ ਅਵਸਰ ਪ੍ਰਦਾਨ ਕੀਤਾ। ਭੂਮਿਕਾ ਤੇ ਅੰਤਿਕਾ ਤੋਂ ਇਲਾਵਾ ਕਿਤਾਬ ਦੇ ਅੱਠ ਅਧਿਆਇ ਹਨ। ਸੱਤ ਅਧਿਆਇ ਯਹੂਦੀ ਹੋਮਲੈਂਡ ਦੀ ਪੈਦਾਇਸ਼ ਤੋਂ ਲੈ ਕੇ ਹਮਾਸ ਦੇ 7 ਅਕਤੂਬਰ 2023 ਦੇ ਵਹਿਸ਼ੀ ਕਾਰੇ ਅਤੇ ਇਸ ਤੋਂ ਉਪਜੀ ਜਵਾਬੀ ਵਹਿਸ਼ਤ ਤੇ ਨਸਲਕੁਸ਼ੀ ਬਾਰੇ ਹਨ। ਅੱਠਵਾਂ ਅਧਿਆਇ ਉਪਰੋਕਤ ਪੂਰੀ ਘਟਨਾਵਲੀ ਪ੍ਰਤੀ ਭਾਰਤੀ ਹੁੰਗਾਰੇ ਤੇ ਪਰਿਪੇਖ ਬਾਬਤ ਹੈ। ਪੱਤਰਕਾਰੀ ਵਾਲੀ ਕਾਹਲ ਦੀ ਥਾਂ ਖੋਜ ਤੇ ਅਧਿਐਨ ਇਸ ਕਿਤਾਬ ਦਾ ਮੁੱਖ ਖ਼ਾਸਾ ਹੈ। ਇਹੋ ਖ਼ਾਸਾ ਇਸ ਨੂੰ ਪ੍ਰਸੰਗਿਕ ਤੇ ਜ਼ਿਕਰਯੋਗ ਬਣਾਉਂਦਾ ਹੈ। ਕਿਤਾਬ ਦੇ ਕੁਝ ਅਹਿਮ ਅੰਸ਼ ਇਸ ਤਰ੍ਹਾਂ ਹਨ:
ਹੋਮਲੈਂਡ ਦੀ ਤਲਾਸ਼
‘‘ਥਿਓਡੌਰ ਹਰਜ਼ਲ ਆਸਟ੍ਰੀਅਨ ਪੱਤਰਕਾਰ ਵੀ ਸੀ ਅਤੇ ਵਿਸ਼ਵ ਯਹੂਦਵਾਦ ਸੰਸਥਾ (ਵਲਡ ਜ਼ੀਅਨਿਸਟ ਆਰਗੇਨਾਈਜ਼ੇਸ਼ਨ) ਦਾ ਆਗੂ ਵੀ। ਉਹ ਤੇ ਇਸੇ ਸੰਸਥਾ ਦੇ ਚਾਰ ਹੋਰ ਆਗੂ ਔਟੋਮਨ ਸਾਮਰਾਜ ਦੀ ਰਾਜਧਾਨੀ ਇਸਤੰਬੁਲ ਵਿੱਚ ਅਕਤੂਬਰ 1889 ਦੌਰਾਨ ਡੇਰੇ ਲਾਈ ਬੈਠੇ ਸਨ। ਉਨ੍ਹਾਂ ਦਾ ਮਿਸ਼ਨ ਇੱਕੋ ਸੀ: ਜਰਮਨੀ ਦੇ 30 ਸਾਲਾ ਸਮਰਾਟ ਕਾਇਜ਼ਰ ਵਿਲਹੈਮ (ਦੋਇਮ) ਨਾਲ ਮੁਲਾਕਾਤ ਕਰਨੀ। ਕਾਇਜ਼ਰ ਉਸ ਸਮੇਂ ਔਟੋਮਨ (ਤੁਰਕ) ਸਾਮਰਾਜ ਦੇ ਦੌਰੇ ’ਤੇ ਆਇਆ ਹੋਇਆ ਸੀ। ਹਰਜ਼ਲ ਨੇ ਇੱਕ ਸਾਲ ਪਹਿਲਾ ਬੇਸੇਲ (ਸਵਿੱਟਜ਼ਰਲੈਂਡ) ਵਿੱਚ ਦੁਨੀਆ ਦੀ ਪਹਿਲੀ ਯਹੂਦੀ ਕਾਨਫਰੰਸ ਕਰਵਾਈ ਸੀ। ਉਹ ਜਰਮਨ ਸਮਰਾਟ ਨੂੰ ਮਿਲ ਕੇ ਯੂਰੋਪ ਵਿੱਚ ਯਹੂਦੀਆਂ ਦੇ ਸ਼ੋਸ਼ਣ ਦਾ ਅੰਤ ਕਰਵਾਉਣਾ ਚਾਹੁੰਦਾ ਸੀ। ਯਹੂਦੀਆਂ ਨਾਲ ਸਦੀਆਂ ਤੋਂ ਯੂਰੋਪ ਵਿੱਚ ਧੱਕਾ ਤੇ ਪੱਖਪਾਤ ਹੁੰਦਾ ਆ ਰਿਹਾ ਸੀ। ਬਹੁਤੇ ਮੁਲਕ ਉਨ੍ਹਾਂ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਾਲਾ ਸਲੂਕ ਕਰਦੇ ਸਨ। ਇਸਤੰਬੁਲ ਆਉਣ ਤੋਂ ਪਹਿਲਾਂ ਹਰਜ਼ਲ ਜਰਮਨੀ ਦੇ ਵਿਦੇਸ਼ ਮੰਤਰੀ ਬਰਨਾਰਡ ਵੌਨ ਬੁਲੋਅ ਅਤੇ ਪ੍ਰਧਾਨ ਮੰਤਰੀ, ਸ਼ਹਿਜ਼ਾਦਾ ਕਲੌਡਵਿੱਗ ਸ਼ਿਲਿੰਗਫਸਟ ਨੂੰ ਮਿਲਿਆ ਸੀ। ਦੋਵਾਂ ਨੂੰ ਉਸ ਨੇ ਬੇਨਤੀ ਕੀਤੀ ਸੀ ਕਿ ਉਹ ਯਹੂਦੀਆਂ ਦੀ ਜੱਦੀ ਧਰਤੀ ਫ਼ਲਸਤੀਨ ਵਿੱਚ ਯਹੂਦੀ ਹੋਮਲੈਂਡ ਦੀ ਸਥਾਪਨਾ ਵਿੱਚ ਮਦਦ ਕਰਨ। ਫ਼ਲਸਤੀਨ ਉਸ ਸਮੇਂ ਔਟੋਮਨ ਸਾਮਰਾਜ ਦਾ ਹਿੱਸਾ ਸੀ ਅਤੇ ਇਹ ਸਾਮਰਾਜ, ਜਰਮਨ ਸਾਮਰਾਜ ਦਾ ਮਿੱਤਰ ਮੰਨਿਆ ਜਾਂਦਾ ਸੀ। ਵਿਦੇਸ਼ ਮੰਤਰੀ ਨੇ ਹਰਜ਼ਲ ਵਾਲੇ ਵਫ਼ਦ ਦੀ ਗੱਲ 10 ਮਿੰਟ ਸੁਣੀ ਅਤੇ ਉਨ੍ਹਾਂ ਨੂੰ ਤੁਰਕੀ ਜਾ ਕੇ ਕਾਇਜ਼ਰ ਨਾਲ ਮੁਲਾਕਾਤ ਦੀ ਸਲਾਹ ਇਸ ਆਧਾਰ ’ਤੇ ਦਿੱਤੀ ਕਿ ਜੇਕਰ ਜਰਮਨ ਸਮਰਾਟ ਨੂੰ ਉਨ੍ਹਾਂ ਦੀ ਮੰਗ ਜਚੀ ਤਾਂ ਉਹ ਉੱਥੇ ਹੀ ਔਟੋਮਨ ਸੁਲਤਾਨ ਨਾਲ ਗੱਲ ਕਰ ਲਵੇਗਾ।… ਕਾਇਜ਼ਰ ਨਾਲ ਮੁਲਾਕਾਤ ਦਸ ਦਿਨਾਂ ਤੱਕ ਨਾ ਹੋਈ। ਲਗਾਤਾਰ ਨਾਕਾਮੀ ਨੇ ਹਰਜ਼ਲ ਨੂੰ ਹਤਾਸ਼ ਕਰ ਦਿੱਤਾ। ਉਸ ਨੇ ਆਖ਼ਰੀ ਯਤਨ ਵਜੋਂ ਇੱਕ ਖ਼ਤ ਤਿਆਰ ਕੀਤਾ ਕਿ ਜੇਕਰ ਕਾਇਜ਼ਰ ਦੇ ਦਖ਼ਲ ਨਾਲ ਔਟੋਮਨ ਸੁਲਤਾਨ ਫ਼ਲਸਤੀਨ ਵਿੱਚ ਯਹੂਦੀ ਬਸਤੀਆਂ ਵਾਸਤੇ ਜ਼ਮੀਨ ਦੇ ਦੇਵੇ ਤਾਂ ਯਹੂਦੀ ਭਾਈਚਾਰਾ ਨਾ ਸਿਰਫ਼ ਸੁਲਤਾਨ ਦੇ ਸਾਮਰਾਜ ਲਈ ਸਹਾਇਤਾ ਰਕਮਾਂ ਜੁਟਾਏਗਾ ਸਗੋਂ ਜਰਮਨ ਸਮਰਾਟ ਦੇ ਖਜ਼ਾਨੇ ਵਿੱਚ ਵੀ ਵੱਡਾ ਮਾਇਕ ਯੋਗਦਾਨ ਪਾਏਗਾ। ਇਹ ਪੇਸ਼ਕਸ਼ ਮਹਿਜ਼ ਤੁੱਕਾ ਹੀ ਸੀ…ਯਹੂਦੀ ਹੋਣ ਦੇ ਨਾਤੇ ਹਰਜ਼ਲ ਨੂੰ ਪਤਾ ਸੀ ਕਿ ਦੌਲਤ ਦੀ ਚਮਕ ਵੱਡਿਆਂ ਵੱਡਿਆਂ ਨੂੰ ਵੀ ਚੁੰਧਿਆ ਦਿੰਦੀ ਹੈ।’’ …
ਇਹ ਉਪਾਅ ਕਾਰਗਰ ਸਾਬਤ ਹੋਇਆ। ਜਰਮਨ ਸਮਰਾਟ ਨੇ ਅਗਲੇ ਦਿਨ ਸਿਕੰਦਰੀਆ (ਮਿਸਰ) ਜਾਣ ਵਾਲੇ ਵਿਸ਼ੇਸ਼ ਸਮੁੰਦਰੀ ਜਹਾਜ਼ ’ਤੇ ਸਵਾਰ ਹੋਣਾ ਸੀ। ਉਸ ਨੇ ਇਸਤੰਬੁਲ ਦੇ ਯਿਲਦਿਜ਼ ਮਹੱਲ ਵਿੱਚ ਹਰਜ਼ਲ ਵਾਲੇ ਵਫ਼ਦ ਨੂੰ ਫੌਰੀ ਤਲਬ ਕਰ ਲਿਆ। ਨੌਜਵਾਨ ਸਮਰਾਟ ਨੇ ਹਰਜ਼ਲ ਨੂੰ ਸੁਣਿਆ, ਪਰ ਅਚਨਚੇਤੀ ਟਿੱਪਣੀ ਕੀਤੀ, ‘ਤੁਹਾਡੇ ਵਿੱਚ ਕਈ ਅਜਿਹੇ ਅਨਸਰ ਹਨ ਜਿਨ੍ਹਾਂ ਨੂੰ ਫ਼ਲਸਤੀਨ ਵਿੱਚ ਵਸਾਉਣਾ ਜਰਮਨੀ ਲਈ ਹਿਤਕਾਰੀ ਰਹੇਗਾ।… ਉਹ (ਜਰਮਨ) ਦਿਹਾਤੀ ਲੋਕਾਂ ਨੂੰ ਰਾਜ-ਪ੍ਰਬੰਧ ਵਿਰੁੱਧ ਉਕਸਾਉਂਦੇ ਰਹਿੰਦੇ ਹਨ।’ ਇਸ ਟਿੱਪਣੀ ਤੋਂ ਜ਼ਾਹਿਰ ਹੋ ਗਿਆ ਕਿ ਸਮਰਾਟ ਦੀ ਯਹੂਦੀਆਂ ਬਾਰੇ ਰਾਇ ਬਹੁਤੀ ਚੰਗੀ ਨਹੀਂ ਸੀ। ਇਸ ਦੇ ਬਾਵਜੂਦ ਹਰਜ਼ਲ ਨੇ ਫ਼ਲਸਤੀਨ ਵਿੱਚ ਜਰਮਨ ਸੁਰੱਖਿਆ ਹੇਠ ਯਹੂਦੀ ਬਸਤੀਆਂ ਵਸਾਉਣ ਦੀ ਮੰਗ ਜਾਰੀ ਰੱਖੀ। ਸਮਰਾਟ ਨੇ ਉਸ ਨੂੰ ਕਿਹਾ ਕਿ ਯਹੂਦੀ ਸੰਸਥਾ ਸਭ ਤੋਂ ਪਹਿਲਾਂ ਇੱਕ ਚਾਰਟਰਡ ਕੰਪਨੀ ਬਣਾਏ ਜੋ ਜਰਮਨ ਸਰਪ੍ਰਸਤੀ ਹੇਠ ਹੋਵੇ। ਬਾਕੀ ਗੱਲ ਬਾਅਦ ਵਿੱਚ ਕਰਾਂਗੇ।…ਹਰਜ਼ਲ ਉਸ ਤੋਂ ਬਾਅਦ ਸਮਰਾਟ ਨੂੰ ਦੋ ਵਾਰ ਫਿਰ ਮਿਲਿਆ, ਪਰ ਸਮਰਾਟ ਨੇ ਕੋਈ ਵਾਅਦਾ ਨਾ ਕੀਤਾ। ਉਂਜ, ਇਨ੍ਹਾਂ ਯਤਨਾਂ ਤੋਂ ਪਹਿਲਾਂ ਹੀ ਫ਼ਲਸਤੀਨ ਵਿੱਚ ਯਹੂਦੀ ਬਸਤੀਆਂ ਕਾਇਮ ਕਰਨ ਦਾ ਅਮਲ ਸ਼ੁਰੂ ਹੋ ਚੁੱਕਾ ਸੀ। ਇੱਕ ਬਸਤੀਨੁਮਾ ਪਿੰਡ 1870 ਵਿੱਚ ਜਾਫ਼ਾ ਨੇੜੇ ਵਸਾ ਦਿੱਤਾ ਗਿਆ ਸੀ। ਇਸ ਵਾਸਤੇ ਜ਼ਮੀਨ ਔਟੋਮਨ ਸੁਲਤਾਨ ਤੋਂ ਲੀਜ਼ ’ਤੇ ਲਈ ਗਈ ਸੀ। ਇਸੇ ਤਰ੍ਹਾਂ ਯੇਰੂਸ਼ਲਮ ਨੇੜੇ ਵੀ ਨਿੱਕਾ ਜਿਹਾ ਪਿੰਡ ਚੁੱਪ-ਚੁਪੀਤਿਆਂ ਵਸਾ ਲਿਆ ਗਿਆ ਸੀ। ਇਸ ਵਾਸਤੇ ਜ਼ਮੀਨ ਇੱਕ ਇਸਾਈ ਅਰਬ ਪਾਸੋਂ ਖਰੀਦੀ ਗਈ ਸੀ। ਹਰਜ਼ਲ ਭਾਵੇਂ ਕਾਇਜ਼ਰ ਪਾਸੋਂ ਕੋਈ ਪੱਕਾ ਵਾਅਦਾ ਹਾਸਿਲ ਨਾ ਕਰ ਸਕਿਆ, ਪਰ ਸਮਰਾਟ ਨਾਲ ਉਸ ਦੀਆਂ ਮੀਟਿੰਗਾਂ ਯਹੂਦੀਵਾਦ ਦੇ ਇਤਿਹਾਸ ਵਿੱਚ ਮੀਲ ਪੱਥਰ ਸਾਬਤ ਹੋਈਆਂ।’’
‘‘ਯਹੂਦੀਆਂ ਲਈ ਵੱਖਰਾ ਹੋਮਲੈਂਡ ਸਥਾਪਿਤ ਕਰਨ ਦੇ ਹੀਲੇ-ਉਪਰਾਲੇ, ਦਰਅਸਲ, 1850ਵਿਆਂ ਦੇ ਯੂਰੋਪ ਵਿੱਚ ਯਹੂਦੀ-ਮੱਤ ਖ਼ਿਲਾਫ਼ ਲੋਕ ਲਹਿਰਾਂ ਉੱਠਣ ਦੇ ਮੱਦੇਨਜ਼ਰ ਆਰੰਭ ਹੋ ਗਏ ਸਨ। ਬਹੁਤੇ ਯਹੂਦੀ ਆਪਣਾ ਵੱਖਰਾ ਸਰੂਪ ਬਰਕਰਾਰ ਰੱਖਣ ਦੇ ਹੱਕ ਵਿੱਚ ਸਨ। ਉਹ ਇਸਾਈ ਮੁੱਖ ਧਾਰਾ ਨਾਲ ਇੱਕ-ਮਿੱਕ ਹੋ ਜਾਣ ਦੇ ਖ਼ਿਲਾਫ਼ ਸਨ। ਆਪਣਾ ਵੱਖਰਾ ਵਜੂਦ ਬਰਕਰਾਰ ਰੱਖਣ ਦੇ ਹੱਠ ਨੇ ਉਨ੍ਹਾਂ ਨੂੰ ਆਮ ਵਸੋਂ ਦੀ ਨਫ਼ਰਤ ਤੇ ਹਿੰਸਾ ਦਾ ਨਿਸ਼ਾਨਾ ਬਣਾਇਆ।…1881 ਵਿੱਚ ਰੂਸ ਦੇ ਜ਼ਾਰ ਅਲੈਗਜ਼ਾਂਦਰ ਦੋਇਮ ਦੀ ਹੱਤਿਆ ਨਰੋਦਿਨਆ ਵੌਲਿਆ ਨਾਮ ਦੇ ਇਨਕਲਾਬੀ ਗੁੱਟ ਨੇ ਕੀਤੀ। ਪਰ ਲੋਕ ਰੋਹ ਦਾ ਨਿਸ਼ਾਨਾ ਯਹੂਦੀਆਂ ਨੂੰ ਇਸ ਕਰ ਕੇ ਬਣਾਇਆ ਗਿਆ ਕਿ ਹੱਤਿਆਰਿਆਂ ਦੇ ਟੋਲੇ ਵਿੱਚ ਦੋ ਯਹੂਦੀ ਵੀ ਸ਼ਾਮਿਲ ਸਨ। ਜਰਮਨੀ, ਹੰਗਰੀ, ਆਸਟ੍ਰੀਆ, ਸਰਬੀਆ ਤੇ ਚੈੱਕ ਗਣਰਾਜ ਵਿੱਚ ਯਹੂਦੀਆਂ ਖ਼ਿਲਾਫ਼ ਦੰਗੇ-ਫਸਾਦ ਅਕਸਰ ਹੀ ਹੁੰਦੇ ਰਹਿੰਦੇ ਸਨ। ਇਸ ਰੁਝਾਨ ਨੇ ਯਹੂਦੀਆਂ ਦੀ ਯਹੂਦ ਭੂਮੀ ਵੱਲ ਵਾਪਸੀ ਦੇ ਸੰਕਲਪ ਨੂੰ ਹੁਲਾਰਾ ਦਿੱਤਾ।…ਜਰਮਨੀ ਤੇ ਤੁਰਕੀ ਤੋਂ ਬਹੁਤਾ ਹੁੰਗਾਰਾ ਨਾ ਮਿਲਣ ’ਤੇ ਹਰਜ਼ਲ ਨੇ ਬ੍ਰਿਟੇਨ ਕੋਲ ਪਹੁੰਚ ਕਰਨੀ ਵਾਜਿਬ ਸਮਝੀ। ਬਸਤੀਵਾਦ ਬਾਰੇ ਬ੍ਰਿਟਿਸ਼ ਸਕੱਤਰ ਜੋਸੇਫ਼ ਚੈਂਬਰਲੇਨ ਨੂੰ ਹਰਜ਼ਲ ਵਰ੍ਹਿਆਂ ਤੋਂ ਜਾਣਦਾ ਸੀ। ਉਸ ਨੇ ਚੈਂਬਰਲੇਨ ਅੱਗੇ ਪ੍ਰਸਤਾਵ ਰੱਖਿਆ ਕਿ ਸਾਈਪ੍ਰਸ ਜਾਂ ਮਿਸਰ ਦੇ ਸਿਨਾਈ ਪ੍ਰਾਯਦੀਪ ਵਿੱਚ ਯਹੂਦੀ ਹੋਮਲੈਂਡ ਕਾਇਮ ਕਰਨ ਵਿੱਚ ਬ੍ਰਿਟੇਨ ਮਦਦ ਦੇਵੇ। ਚੈਂਬਰਲੇਨ ਨੂੰ ਇਹ ਤਜਵੀਜ਼ਾਂ ਗ਼ੈਰ-ਅਮਲੀ ਜਾਪੀਆਂ। 1902 ਵਿੱਚ ਉਹ ਅਫਰੀਕਾ ਦੇ ਦੌਰੇ ’ਤੇ ਸੀ। ਉੱਥੇ ਬਹੁਤ ਜ਼ਮੀਨਾਂ ਖਾਲੀ ਦੇਖ ਕੇ ਉਸ ਨੇ ਹਰਜ਼ਲ ਨੂੰ ਕਿਹਾ ਕਿ ਯਹੂਦੀ ਹੋਮਲੈਂਡ ਪੂਰਬੀ ਅਫਰੀਕਾ (ਯੂਗਾਂਡਾ) ਵਿੱਚ ਵਸਾਇਆ ਜਾ ਸਕਦਾ ਹੈ…।’’ ਯਹੂਦੀਆਂ ਦੇ ਸਭ ਤੋਂ ਮੁਕੱਦਸ ਨਗਰ ਯੇਰੂਸ਼ਲਮ ਤੋਂ ਏਨੀ ਦੂਰੀ ’ਤੇ ਹੋਮਲੈਂਡ ਕਾਇਮ ਕਰਨ ਦਾ ਸੁਝਾਅ ਹਰ ਮੁਲਕ ਵਿਚਲੇ ਯਹੂਦੀਆਂ ਨੇ ਰੱਦ ਕਰ ਦਿੱਤਾ। ਪਰ ਬ੍ਰਿਟੇਨ ਦੇ ਰੁਖ਼ ਵਿੱਚ ਨਰਮੀ ਦੇਖ ਕੇ ਉਸ ਉੱਪਰ ਮੱਧ-ਪੂਰਬ ਵਿੱਚ ਹੀ ਯਹੂਦੀ ਹੋਮਲੈਂਡ ਦੀ ਸਥਾਪਨਾ ਲਈ ਦਬਾਅ ਬਰਕਰਾਰ ਰੱਖਿਆ ਗਿਆ। ਇਹ ਦਬਾਅ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਫ਼ਲਦਾਇਕ ਸਾਬਤ ਹੋਇਆ। ਯੁੱਧ 1919 ਵਿੱਚ ਸਮਾਪਤ ਹੋਇਆ। ਅਗਲੇ 29 ਵਰ੍ਹਿਆਂ ਦੇ ਅੰਦਰ 1948 ’ਚ ਹੋਮਲੈਂਡ (ਇਜ਼ਰਾਈਲ) ਵਜੂਦ ਵਿੱਚ ਆ ਗਿਆ।
ਹੋਮਲੈਂਡ ਦੀ ਪ੍ਰਾਪਤੀ ਤੇ ਜੰਗ
‘‘1947 ਵਿੱਚ ਸੰਯੁਕਤ ਰਾਸ਼ਟਰ ਮਹਾਂ ਸਭਾ ਨੇ ਫ਼ਲਸਤੀਨ ਬਾਰੇ ਵਿਸ਼ੇਸ਼ ਕਮੇਟੀ (ਯੂਐੱਨਸਕੌਪ) ਕਾਇਮ ਕੀਤੀ। ਇਸ ਕਮੇਟੀ ਨੇ ਮਹਾਂ ਸਭਾ ਨੂੰ ਦਿੱਤੀ ਰਿਪੋਰਟ ਵਿੱਚ ਫ਼ਲਸਤੀਨ ਨੂੰ ਤਿੰਨ ਹਿੱਸਿਆਂ- ਆਜ਼ਾਦ ਅਰਬ ਰਾਜ, ਆਜ਼ਾਦ ਯਹੂਦੀ ਰਾਜ ਤੇ ਯੇਰੂਸ਼ਲਮ ਸ਼ਹਿਰ ਵਿੱਚ ਵੰਡਣਾ ਤਜਵੀਜ਼ ਕੀਤਾ। ਇਸ ਤਜਵੀਜ਼ ਵਿੱਚ ਯੇਰੂਸ਼ਲਮ ਦਾ ਰਾਜ ਪ੍ਰਬੰਧ ਇੱਕ ਕੌਮਾਂਤਰੀ ਨਿਗਰਾਨ ਏਜੰਸੀ ਨੂੰ ਸੌਂਪਣਾ ਸ਼ਾਮਿਲ ਸੀ। ਸੰਯੁਕਤ ਰਾਸ਼ਟਰ ਨੇ ਇਹ ਤਜਵੀਜ਼ ਪ੍ਰਵਾਨ ਕਰ ਲਈ। ਯਹੂਦੀਆਂ ਦੀ ਨੁਮਾਇਆ ਜਮਾਤ- ਜਿਊਇਸ਼ ਏਜੰਸੀ ਨੇ ਵੀ ਇਸ ਪ੍ਰਤੀ ਸਹਿਮਤੀ ਪ੍ਰਗਟਾਉਣ ਵਿੱਚ ਦੇਰ ਨਹੀਂ ਲਗਾਈ। ਅਰਬ ਰਾਸ਼ਟਰਾਂ ਨੇ ਇਸ ਦਾ ਵਿਰੋਧ ਕੀਤਾ। 14 ਮਈ 1948 ਨੂੰ ਫ਼ਲਸਤੀਨ ’ਤੇ ਬ੍ਰਿਟਿਸ਼ ਕੰਟਰੋਲ (ਜੋ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਹੋਇਆ ਸੀ) ਦੀ ਮਿਆਦ ਮੁੱਕਣੀ ਸੀ। ਉਸ ਦਿਨ ਯਹੂਦੀ ਲੋਕ ਪਰਿਸ਼ਦ (ਜੇਪੀਸੀ) ਤਲ ਅਵੀਵ ਮਿਊਜ਼ੀਅਮ ਵਿੱਚ ਇਕੱਤਰ ਹੋਈ। ਜਿਊਇਸ਼ ਏਜੰਸੀ ਨੇ ਇਹ ਪ੍ਰੋਗਰਾਮ ਗੁਪਤ ਰੱਖਿਆ ਤਾਂ ਜੋ ਬ੍ਰਿਟਿਸ਼ ਪ੍ਰਸ਼ਾਸਨ ਇਸ ਨੂੰ ਰੋਕਣ ਦਾ ਯਤਨ ਨਾ ਕਰੇ। ਪਰ ਪ੍ਰੋਗਰਾਮ ਦੀ ਕਾਰਵਾਈ ਨਵ-ਸਥਾਪਿਤ ‘ਕੌਲ ਇਜ਼ਰਾਈਲ’ ਰੇਡੀਓ ਸਟੇਸ਼ਨ ਤੋਂ ਸਿੱਧੇ ਤੌਰ ’ਤੇ ਪ੍ਰਸਾਰਿਤ ਕੀਤੀ ਗਈ। ਡੇਵਿਡ ਬੈੱਨ-ਗੁਰੀਅਨ, ਜੋ ਕਿ ਜਿਊਇਸ਼ ਏਜੰਸੀ ਦਾ ਮੁਖੀ ਸੀ, ਨੇ ਸਟੇਜ ਤੋਂ ਐਲਾਨ ਕੀਤਾ ਕਿ ਸੰਯੁਕਤ ਰਾਸ਼ਟਰ ਮਹਾਂ ਸਭਾ ਵੱਲੋਂ ਪਾਸ ਮਤੇ ਮੁਤਾਬਿਕ ਫ਼ਲਸਤੀਨ ਵਿੱਚ ਯਹੂਦੀ ਰਾਸ਼ਟਰ ਦੀ ਸਥਾਪਨਾ ਕਰ ਦਿੱਤੀ ਗਈ ਹੈ। ਇਸ ਦਾ ਨਾਮ ਇਜ਼ਰਾਈਲ ਹੋਵੇਗਾ। ਸਟੇਜ ਦੇ ਪਿੱਛੇ ਦੀਵਾਰ ਉੱਤੇ ਥਿਓਡੋਰ ਹਰਜ਼ਲ ਦੀ ਵੱਡੀ ਸਾਰੀ ਤਸਵੀਰ ਸੀ। ਉਸ ਨੂੰ ਯਹੂਦੀ ਰਾਸ਼ਟਰ ਦੇ ਪਿਤਾਮਾ ਦਾ ਦਰਜਾ ਦਿੱਤਾ ਗਿਆ ਜੋ ਅੱਜ ਤੱਕ ਬਰਕਰਾਰ ਹੈ।’’
‘‘ਇਸ ਐਲਾਨ ਤੋਂ ਚੰਦ ਮਿੰਟਾਂ ਬਾਅਦ ਨਵੇਂ ਰਾਸ਼ਟਰ ਨੂੰ ਅਮਰੀਕਾ ਨੇ ਮਾਨਤਾ ਦੇ ਦਿੱਤੀ। ਅਗਲੇ ਦਿਨ ਚਾਰ ਦੇਸ਼ਾਂ- ਮਿਸਰ, ਸੀਰੀਆ, ਟਰਾਂਸਜੌਰਡਨ (ਹੁਣ ਜੌਰਡਨ ਜਾਂ ਅਰਬੀ ਨਾਮ ਯੁਰਦਨ) ਤੇ ਇਰਾਕ ਦੀਆਂ ਫ਼ੌਜਾਂ ਫ਼ਲਸਤੀਨ ਵਿੱਚ ਦਾਖ਼ਲ ਹੋ ਗਈਆਂ। ਇਸ ਤਰ੍ਹਾਂ ਪਹਿਲੀ ਅਰਬ-ਇਜ਼ਰਾਈਲ ਜੰਗ ਸ਼ੁਰੂ ਹੋ ਗਈ। ਪੰਜਵੀਂ ਫ਼ੌਜ ਫ਼ਲਸਤੀਨੀਆਂ ਦੀ ਸੀ। ਅਰਬ ਦੇਸ਼ਾਂ ਦੀ ਯੋਜਨਾ ਸੀ ਕਿ ਇਜ਼ਰਾਈਲ ਨੂੰ ਮੁੱਢ ਤੋਂ ਹੀ ਤਬਾਹ ਕਰ ਦਿੱਤਾ ਜਾਵੇ। ਪਰ ਯਹੂਦੀ ਫ਼ੌਜ ਇਸ ਦੇ ਜਵਾਬ ਲਈ ਤਿਆਰ ਸੀ। ਜੰਗ ਇੱਕ ਸਾਲ ਚੱਲਦੀ ਰਹੀ। ਜਦੋਂ ਜੰਗਬੰਦੀ ਹੋਈ ਤਾਂ ਇਤਿਹਾਸਕ ਫ਼ਲਸਤੀਨ ਅੰਦਰਲੇ ਸੰਯੁਕਤ ਰਾਸ਼ਟਰ ਯੋਜਨਾ ਨਾਲੋਂ ਕਿਤੇ ਵੱਧ ਇਲਾਕੇ ਇਜ਼ਰਾਈਲ ਦੇ ਕਬਜ਼ੇ ਹੇਠ ਸਨ। ਸੰਯੁਕਤ ਰਾਸ਼ਟਰ ਨੇ ਔਟੋਮਨ ਸਾਮਰਾਜ ਵਾਲੇ ਫ਼ਲਸਤੀਨ ਦਾ 55 ਫ਼ੀਸਦੀ ਹਿੱਸਾ ਇਜ਼ਰਾਈਲ ਨੂੰ ਦਿੱਤਾ ਸੀ। ਇਸ ਨੇ ਗਾਜ਼ਾ ਪੱਟੀ ਤੇ ਪੱਛਮੀ ਕੰਢੇ ਦਰਮਿਆਨ ਭੂਗੋਲਿਕ ਤਾਲਮੇਲ ਦੀ ਵਿਵਸਥਾ ਕੀਤੀ ਸੀ। ਜੰਗ ਖ਼ਤਮ ਹੋਣ ’ਤੇ 75 ਫ਼ੀਸਦੀ ਇਲਾਕਾ ਇਜ਼ਰਾਇਲੀ ਕਬਜ਼ੇ ਹੇਠ ਸੀ। ਇਸ ਵਿੱਚ ਪੱਛਮੀ ਯੇਰੂਸ਼ਲਮ ਵੀ ਸ਼ਾਮਿਲ ਸੀ। ਉਂਜ, ਨਾ ਸਿਰਫ਼ ਇਜ਼ਰਾਈਲ ਨੇ ਫ਼ਲਸਤੀਨੀ ਇਲਾਕਾ ਦੱਬਿਆ, ਜੌਰਡਨ ਨੇ ਪੱਛਮੀ ਕੰਢੇ ਤੇ ਪੂਰਬੀ ਯੇਰੂਸ਼ਲਮ ਅਤੇ ਮਿਸਰ ਨੇ ਗਾਜ਼ਾ ਪੱਟੀ ਦੱਬ ਲਈ। ਫ਼ਲਸਤੀਨੀਆ ਕੋਲ ਕੋਈ ਇਲਾਕਾ ਨਹੀਂ ਬਚਿਆ ਜਿਸ ਨੂੰ ਉਹ ਆਪਣਾ ਕਹਿ ਸਕਣ।’’…
‘‘…ਅਗਲੀ ਜੰਗ 1967 ਵਿੱਚ ਹੋਈ। ਇਸ ਨੂੰ ਛੇ-ਰੋਜ਼ਾ ਜੰਗ ਕਿਹਾ ਜਾਂਦਾ ਹੈ। ਮਿਸਰ ਦਾ ਰਾਸ਼ਟਰਪਤੀ ਗਮਾਲ ਅਬਦਲ ਨਾਸਿਰ ਅਰਬ ਜਗਤ ਤੋਂ ਇਲਾਵਾ ਆਲਮੀ ਮੰਚਾਂ ’ਤੇ ਵੀ ਕੱਦਾਵਰ ਨੇਤਾ ਕਬੂਲਿਆ ਜਾਂਦਾ ਸੀ। ਇਜ਼ਰਾਈਲ ਵਿਰੁੱਧ ਮੁਹਿੰਮ ਵਿੱਚ ਉਹ ਮੋਹਰੀ ਰਿਹਾ। ਪਰ ਇਜ਼ਰਾਈਲ ਨੇ 5 ਜੂਨ 1967 ਨੂੰ ਅਚਾਨਕ ਹਮਲਾ ਕਰ ਕੇ ਮਿਸਰ ਦੀ ਹਵਾਈ ਫ਼ੌਜ ਨਕਾਰਾ ਬਣਾ ਦਿੱਤੀ। ਇਸ ’ਤੇ ਜੌਰਡਨ ਨੇ ਪੂਰਬ ਵੱਲੋਂ ਅਤੇ ਸੀਰੀਆ ਨੇ ਉੱਤਰ ਵੱਲੋਂ ਇਜ਼ਰਾਈਲ ’ਤੇ ਹਮਲਾ ਕੀਤਾ। ਬਾਕੀ ਅਰਬ ਦੇਸ਼ ਵੀ ਉਨ੍ਹਾਂ ਦੀ ਹਮਾਇਤ ’ਤੇ ਆ ਗਏ, ਪਰ ਮਹਿਜ਼ ਛੇ ਦਿਨਾਂ ਦੇ ਅੰਦਰ ਇਹ ਸਾਰੇ ਮੁਲਕ ਸਫ਼ੈਦ ਝੰਡੇ ਲਹਿਰਾਉਣ ਲੱਗੇ। ਇਜ਼ਰਾਈਲ ਨੇ ਪੂਰਾ ਸਿਨਾਈ ਪ੍ਰਾਯਦੀਪ (ਮਿਸਰ ਦਾ ਏਸ਼ੀਆ ਵਿੱਚ ਪੈਂਦਾ ਇਲਾਕਾ), ਜੌਰਡਨ ਪਾਸੋਂ ਪੱਛਮੀ ਕੰਢਾ ਤੇ ਪੂਰਬੀ ਯੇਰੂਸ਼ਲਮ ਅਤੇ ਸੀਰੀਆ ਪਾਸੋਂ ਗੋਲਾਨ ਹਾਈਟਸ ਖੇਤਰ ਖੋਹ ਲਏ। ਬਾਅਦ ਵਿੱਚ ਹੋਏ ਸਮਝੌਤਿਆਂ ਰਾਹੀਂ ਮਿਸਰ ਤੇ ਜੌਰਡਨ ਨੂੰ ਤਾਂ ਇਲਾਕੇ ਵਾਪਸ ਮਿਲ ਗਏ, ਪਰ ਗੋਲਾਨ ਹਾਈਟਸ ਹੁਣ ਵੀ ਇਜ਼ਰਾਇਲੀ ਕਬਜ਼ੇ ਹੇਠ ਹੈ। ਉਚਾਈ ’ਤੇ ਹੋਣ ਕਾਰਨ ਸੀਰੀਆ ’ਤੇ ਨਜ਼ਰ ਰੱਖਣ ਲਈ ਇਹ ਰਣਨੀਤਕ ਪੱਖੋਂ ਬਹੁਤ ਅਹਿਮ ਹੈ। ਅਸਲੀਅਤ ਤਾਂ ਇਹ ਹੈ ਕਿ ਪੂਰਾ ਇਤਿਹਾਸਕ ਫ਼ਲਸਤੀਨ ਇਸ ਵੇਲੇ ਇਜ਼ਰਾਇਲੀ ਕਬਜ਼ੇ ਹੇਠ ਹੈ। ਦੋ ਦਹਿਸਦੀਆਂ ਤੋਂ ਵੱਧ ਪੁਰਾਣਾ ਯੇਹੂਦਾ ਰਾਸ਼ਟਰ ਹੁਣ ਵਾਲੇ ਇਜ਼ਰਾਈਲ ਦੇ ਰੂਪ ਵਿੱਚ ਫਿਰ ਵਜੂਦ ਵਿੱਚ ਆ ਚੁੱਕਾ ਹੈ।’’
ਇਜ਼ਰਾਈਲ ਨੂੰ ਪਹਿਲਾ ਵੱਡਾ ਝਟਕਾ
‘‘ਨਾਸਿਰ ਦੇ ਇੰਤਕਾਲ ਮਗਰੋਂ ਅਨਵਰ ਸਾਦਾਤ, ਮਿਸਰ ਦਾ ਰਾਸ਼ਟਰਪਤੀ ਬਣਿਆ। ਉਸ ਦੀ ਪਹਿਲੀ ਤਰਜੀਹ ਸਿਨਾਈ ਪ੍ਰਾਯਦੀਪ ਨੂੰ ਇਜ਼ਰਾਈਲ ਤੋਂ ਵਾਪਸ ਲੈਣਾ ਸੀ। ਉਸ ਨੇ ਨਾਸਿਰ ਦੇ ਅਰਬ ਗੱਠਜੋੜਵਾਦ ਦਾ ਉਭਾਰ ਤੇ ਨਿਘਾਰ ਦੇਖਿਆ ਹੋਇਆ ਸੀ। ਉਹ ਇਜ਼ਰਾਈਲ ਨਾਲ ਸਮਝੌਤੇ ਦੇ ਖ਼ਿਲਾਫ਼ ਨਹੀਂ ਸੀ, ਪਰ ਗਿੜਗਿੜਾ ਕੇ ਸਮਝੌਤਾ ਨਹੀਂ ਸੀ ਕਰਨਾ ਚਾਹੁੰਦਾ। ਸਮਝੌਤੇ ਦੀ ਗੱਲ ਤੁਰਨ ਤੋਂ ਪਹਿਲਾਂ ਉਹ ਇਜ਼ਰਾਈਲ ਨੂੰ ਝਟਕਾ ਦੇਣਾ ਚਾਹੁੰਦਾ ਸੀ।…6 ਅਕਤੂਬਰ 1973 ਵਾਲੇ ਦਿਨ, ਜੋ ਯਹੂਦੀਆਂ ਦਾ ਸਭ ਤੋਂ ਮੁਕੱਦਸ ਦਿਹਾੜਾ-ਯੌਮ ਕਿੱਪੁਰ ਸੀ, ਮਿਸਰ ਤੇ ਸੀਰੀਆ ਦੀਆਂ ਫ਼ੌਜਾਂ ਨੇ ਸਿਨਾਈ ਤੇ ਗੋਲਾਨ ਹਾਈਟਸ ਉੱਪਰ ਅਚਾਨਕ ਹਮਲਾ ਕਰ ਦਿੱਤਾ। ਇਜ਼ਰਾਈਲ ਇਸ ਹਮਲੇ ਲਈ ਤਿਆਰ ਨਹੀਂ ਸੀ। ਇਹ ਪਹਿਲੀ ਵਾਰ ਸੀ ਕਿ ਜਦੋਂ ਇਜ਼ਰਾਇਲੀ ਖੁਫ਼ੀਆ ਤੰਤਰ, ਅਰਬਾਂ ਦੀਆਂ ਯੋਜਨਾਵਾਂ ਦੀ ਸੂਹ ਲੈਣ ਵਿੱਚ ਨਾਕਾਮ ਰਿਹਾ। ਭਾਵੇਂ ਇਜ਼ਰਾਈਲ , ਅਮਰੀਕਾ ਦੀ ਫ਼ੌਜੀ ਮਦਦ ਸਦਕਾ ਮਿਸਰ ਤੇ ਸੀਰੀਆ ਨੂੰ ਪਛਾੜਨ ਵਿੱਚ ਕਾਮਯਾਬ ਰਿਹਾ ਪਰ ਇਹ ਹਕੀਕਤ ਜੱਗ-ਜ਼ਾਹਿਰ ਹੋ ਗਈ ਕਿ ਉਹ ਏਨਾ ਤਾਕਤਵਰ ਨਹੀਂ ਕਿ ਉਸ ਨੂੰ ਹਰਾਇਆ ਨਾ ਜਾ ਸਕੇ। ਇਹ ਅਸਲੀਅਤ ਵੀ ਸਾਹਮਣੇ ਆ ਗਈ ਕਿ ਜੇਕਰ ਅਮਰੀਕਾ ਮਦਦ ’ਤੇ ਨਾ ਆਉਂਦਾ ਤਾਂ ਯੁੱਧ ਦਾ ਅੰਤ ਕੋਈ ਹੋਰ ਹੋ ਸਕਦਾ ਸੀ। ਇਸੇ ਝਟਕੇ ਨੇ ਇਜ਼ਰਾਈਲ ਨੂੰ ਮਿਸਰ ਨਾਲ ਸਮਝੌਤੇ ਦੇ ਰਾਹ ਪਾਇਆ। ਸਮਝੌਤੇ ਰਾਹੀਂ ਮਿਸਰ ਨੂੰ 1976 ਵਿੱਚ ਸਿਨਾਈ ਵਾਪਸ ਮਿਲ ਗਿਆ। ਦੋਵਾਂ ਦੇਸ਼ਾਂ ਦਰਮਿਆਨ ਉਦੋਂ ਤੋਂ ਅਮਨ-ਅਮਾਨ ਚੱਲਿਆ ਆ ਰਿਹਾ ਹੈ।…ਯੌਮ ਕਿੱਪੁਰ ਯੁੱਧ ਤੋਂ ਪਹਿਲਾਂ ਖ਼ੁਫ਼ੀਆ ਏਜੰਸੀਆਂ ਦੀ ਨਾਕਾਮੀ ਇਜ਼ਰਾਇਲੀ ਸਿਆਸਤ ਵਿੱਚ ਲੇਬਰ ਪਾਰਟੀ ਦੀ ਚੌਧਰ ਦੇ ਪਤਨ ਦੀ ਵਜ੍ਹਾ ਸਾਬਤ ਹੋਈ। ਇਹ ਪਾਰਟੀ 1976 ਮਗਰੋਂ ਆਪਣੇ ਬਲਬੂਤੇ ਸੱਤਾ ਵਿੱਚ ਨਹੀਂ ਆ ਸਕੀ।’’ ...
ਕੈਂਪ ਡੇਵਿਡ ਤੇ ਓਸਲੋ ਸਮਝੌਤੇ
‘‘ਫ਼ਲਸਤੀਨੀ ਅਰਬਾਂ ਪਾਸੋਂ ਸਰਜ਼ਮੀਂ ਤਾਂ 1948 ਵਿੱਚ ਹੀ ਖੁੱਸ ਗਈ ਸੀ। ਉਸ ਪਿੱਛੋਂ ਉਨ੍ਹਾਂ ਨੂੰ ਵੱਖ ਵੱਖ ਗੁਆਂਢੀ ਮੁਲਕਾਂ ਵਿੱਚ ਪਨਾਹ ਲੈਣੀ ਪਈ ਸੀ। ਸਭ ਤੋਂ ਵੱਧ ਸ਼ਰਨਾਰਥੀ, ਜੌਰਡਨ ਵਿੱਚ ਵਸਾਏ ਗਏ। ਉੱਥੇ ਇਨ੍ਹਾਂ ਦੀ ਵਸੋਂ ਇੱਕ ਸਮੇਂ ਜੌਰਡਨ ਦੀ ਅਸਲ ਵਸੋਂ ਨਾਲੋਂ ਵੱਧ ਗਈ। ਜੌਰਡਨ, ਇਜ਼ਰਾਈਲ ਨਾਲ ਅਮਨ ਬਣਾਈ ਰੱਖਣਾ ਚਾਹੁੰਦਾ ਸੀ, ਪਰ ਫ਼ਲਸਤੀਨੀ ਛਾਪਾਮਾਰ ਦਸਤਿਆਂ ਦੇ ਇਜ਼ਰਾਇਲੀ ਇਲਾਕਿਆਂ ਉੱਤੇ ਧਾਵੇ ਤੇ ਹਿੰਸਕ ਗਤੀਵਿਧੀਆਂ ਜੌਰਡਨ ਦੀ ਸਿਰਦਰਦੀ ਵਧਾਉਂਦੀਆਂ ਗਈਆਂ।…ਯਾਸਿਰ ਅਰਾਫ਼ਾਤ ਦੀ ਅਗਵਾਈ ਵਾਲਾ ਅਲ-ਫਤਾਹ (ਜਾਂ ਫਤਾਹ) ਗੁੱਟ ਸਭ ਤੋਂ ਤਾਕਤਵਰ ਫ਼ਲਸਤੀਨੀ ਗੁੱਟ ਸੀ। ਇਜ਼ਰਾਈਲ ਦੀ ਸ਼ਰਤ ਇੱਕੋ ਸੀ ਕਿ ਉਹ ਕਿਸੇ ਵੀ ਦਹਿਸ਼ਤੀ ਸੰਗਠਨ ਨਾਲ ਗੱਲਬਾਤ ਨਹੀਂ ਕਰੇਗਾ। ਫਤਾਹ ਨੂੰ ਪੁਰਅਮਨ ਜਥੇਬੰਦੀ ‘ਫ਼ਲਸਤੀਨ ਮੁਕਤੀ ਸੰਗਠਨ (ਪੀਐੱਲਓ) ਦਾ ਜਾਮਾ ਪਹਿਨਾਉਣ ਦੀ ਮਜਬੂਰੀ ਉਪਰੋਕਤ ਇਜ਼ਰਾਇਲੀ ਸ਼ਰਤ ਵਿੱਚੋਂ ਹੀ ਉਪਜੀ। ਇਹ ਜਾਮਾ-ਬਦਲੀ ਅੰਤ ਅਮਰੀਕਾ ਤੇ ਹੋਰ ਦੇਸ਼ਾਂ ਦੇ ਦਬਾਅ ਤੇ ਵਿਚੋਲਗਿਰੀ ਸਦਕਾ ਕੈਂਪ ਡੇਵਿਡ ਤੇ ਓਸਲੋ ਸੰਧੀਆਂ ਸਿਰੇ ਚੜ੍ਹਨ ਵਿੱਚ ਸਹਾਈ ਸਾਬਤ ਹੋਈ। ਇਨ੍ਹਾਂ ਸੰਧੀਆਂ ਨੇ ਹੀ 1988 ਵਿੱਚ ਗਾਜ਼ਾ ਪੱਟੀ ਤੇ ਜੌਰਡਨ ਦਰਿਆ ਦੇ ਪੱਛਮੀ ਕੰਢੇ ਫ਼ਲਸਤੀਨੀਆਂ ਦੀ ਵਾਪਸੀ ਸੰਭਵ ਬਣਾਈ। ਇੱਥੋਂ ਹੀ ‘ਇੱਕ ਭੂਮੀ, ਦੋ ਰਾਸ਼ਟਰ’ ਵਾਲੇ ਸੰਕਲਪ ਦਾ ਉਦਗ਼ਮ ਹੋਇਆ। ਪੀਐੱਲਓ ਨੇ ਆਪਣੀ ਰਾਜਧਾਨੀ ਪੱਛਮੀ ਕੰਢੇ ਦੇ ਸ਼ਹਿਰ ਰਾਮੱਲ੍ਹਾ ਵਿੱਚ ਕਾਇਮ ਕੀਤੀ। ਉੱਥੋਂ ਇਹ ਹੁਣ ਵੀ ਆਪਣਾ ਨੀਮ-ਖੁਦਮੁਖ਼ਤਾਰ ‘ਪ੍ਰਸ਼ਾਸਨ’ ਚਲਾ ਰਹੀ ਹੈ। ਇਹ ‘ਪ੍ਰਸ਼ਾਸਨ’ ਮਹਿਜ਼ ਪੱਛਮੀ ਕੰਢੇ ਤੱਕ ਸੀਮਤ ਹੈ ਕਿਉਂਕਿ 2005 ਤੋਂ ਗਾਜ਼ਾ ’ਤੇ ਹਮਾਸ ਕਾਬਜ਼ ਸੀ। ਉਹ ਫਤਾਹ ਜਾਂ ਪੀ.ਐੱਲ.ਓ. ਦਾ ਵਿਰੋਧੀ ਸੀ। ਉਂਜ, ਹੁਣ ਤਾਂ ਇਜ਼ਰਾਈਲ ਪੀਐੱਲਓ ਨੂੰ ਵੀ ਖਾਰਿਜ ਕਰਨ ਦੇ ਰਾਹ ਪੈ ਚੁੱਕਾ ਹੈ।’’
‘‘…ਮੁਸਲਮਾਨਾਂ ਲਈ ਯੇਰੂਸ਼ਲਮ ਦੀ ਅਲ-ਅਕਸਾ ਮਸਜਿਦ ਮੱਕੇ ਤੇ ਮਦੀਨੇ ਤੋਂ ਬਾਅਦ ਤੀਜਾ ਸਭ ਤੋਂ ਮੁਕੱਦਸ ਅਸਥਾਨ ਹੈ। ਦਰਅਸਲ, 623 ਈਸਵੀ ਤੋਂ ਪਹਿਲਾਂ ਨਮਾਜ਼ ਯੇਰੂਸ਼ਲਮ ਵੱਲ ਮੂੰਹ ਕਰ ਕੇ ਪੜ੍ਹੀ ਜਾਂਦੀ ਸੀ। ਯੇਰੂਸ਼ਲਮ ਦੀ ਸਭ ਤੋਂ ਉੱਚੀ ਪਹਾੜੀ ਦੇ ਜਿਹੜੇ ਦਾਲਾਨ ਵਿੱਚ ਇਹ ਮਸਜਿਦ ਸਥਿਤ ਹੈ, ਉਸ ਨੂੰ ਮੁਸਲਿਮ ਹਰਮ ਅਸ਼-ਸ਼ਰੀਫ਼ ਜਾਂ ਮੁਕੱਦਸ ਪਨਾਹਗਾਹ ਮੰਨਦੇ ਹਨ। ਇਸਲਾਮੀ ਮਾਨਤਾਵਾਂ ਮੁਤਾਬਿਕ ਹਜ਼ਰਤ ਮੁਹੰਮਦ ਸਾਹਿਬ ਖੰਭਾਂ ਵਾਲੇ ਘੋੜੇ (ਅਲ ਬਰਾਕ) ’ਤੇ ਇੱਥੇ ਇੱਕ ਰਾਤ ਆਏ ਸਨ। ਇਸੇ ਦਾਲਾਨ ਵਿੱਚ ਯਹੂਦੀ ਤੀਰਥ ਡੋਮ ਆਫ ਦਿ ਰੌਕ (ਚਟਾਨੀ ਗੁੰਬਦ) ਸਥਿਤ ਹੈ। ਯਹੂਦੀਆਂ ਦਾ ਯਕੀਨ ਹੈ ਕਿ ਇਸੇ ਪਾਵਨ ਦਾਲਾਨ ਵਿੱਚ ਕਦੇ ਉਨ੍ਹਾਂ ਦੇ ਪ੍ਰਾਚੀਨ ਮੰਦਿਰ ਹੋਇਆ ਕਰਦੇ ਸਨ। ਇਸੇ ਦਾਲਾਨ ਦੀ ਚੂਨਾ ਪੱਥਰ ਨਾਲ ਬਣੀ ਇੱਕ ਦੀਵਾਰ ਨੂੰ ਪ੍ਰਾਚੀਨ ਮੰਦਿਰ (ਫਸਟ ਟੈਂਪਲ) ਦੀ ਦੀਵਾਰ ਮੰਨਿਆ ਜਾਂਦਾ ਹੈ। ਇਸ ਨੂੰ ‘ਵੇਲਿੰਗ ਵਾਲ’ (ਹੰਝੂਆਂ ਦੀ ਦੀਵਾਰ) ਕਿਹਾ ਜਾਂਦਾ ਹੈ। ਯਹੂਦੀ ਇਸ ਦੀਵਾਰ ਨੂੰ ਚੁੰਮਦੇ ਹਨ ਅਤੇ ਆਪਣੇ ਸਭ ਤੋਂ ਪੁਰਾਣੇ ਧਰਮ-ਅਸਥਾਨ ਦੇ ਹਸ਼ਰ ’ਤੇ ਹੰਝੂ ਵਹਾਉਂਦੇ ਹਨ। ਇਸਾਈਆਂ ਲਈ ਇਹ ਦਾਲਾਨ ਵੀ ਓਨਾ ਹੀ ਪਾਵਨ ਹੈ ਜਿੰਨਾ ਬਾਕੀ ਦੋ ਧਰਮਾਂ ਲਈ। ਉਨ੍ਹਾਂ ਦਾ ਇਤਿਹਾਸ ਦੱਸਦਾ ਹੈ ਕਿ ਇਸ ਅਸਥਾਨ ’ਤੇ ਹਜ਼ਰਤ ਈਸਾ ਨੂੰ ਸਲੀਬ ’ਤੇ ਚੜ੍ਹਾਇਆ ਗਿਆ ਸੀ। ... ਉਂਜ, ਯੇਰੂਸ਼ਲਮ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਤਿੰਨਾਂ ਧਰਮਾਂ ਦੇ ਹੋਰ ਵੀ ਤੀਰਥ ਹਨ।’’
ਸਟੈਨਲੀ ਜੌਹਨੀ ਯੇਰੂਸ਼ਲਮ ਵਿੱਚ ਆਪਣੀ ਮੁਲਾਕਾਤ ਇੱਕ ਖੋਜਾਰਥੀ ਮੁਟਿਆਰ ਅਦੀਨਾ (ਬਦਲਿਆ ਨਾਮ) ਨਾਲ ਹੋਣ ਦੀ ਕਹਾਣੀ ਪੇਸ਼ ਕਰਦਾ ਹੈ। ਮੁਕੱਦਸ ਦਾਲਾਨ ਦੀ ਫੇਰੀ ਸਮੇਂ ਉਹ ਉਸ ਦੀ ਗਾਈਡ ਸੀ। ਬਾਅਦ ਵਿੱਚ ਉਹ ਉਸ ਪਾਸੋਂ ਪੁੱਛਦਾ ਹੈ ਕਿ ਇਜ਼ਰਾਇਲੀ ਪ੍ਰਧਾਨ ਮੰਤਰੀ ਬੇਨਿਆਮਿਨ (ਅੰਗਰੇਜ਼ੀ ’ਚ ਬੈਂਜਾਮਿਨ) ਨੇਤਨਯਾਹੂ ਬਾਰੇ ਉਸ ਦੀ ਕੀ ਰਾਇ ਹੈ। ਉਸ ਮੁਟਿਆਰ ਦਾ ਜਵਾਬ ਸੀ: ‘‘ਮੈਂ ਉਸ ਦੀਆਂ ਬਹੁਤੀਆਂ ਨੀਤੀਆਂ ਨਾਲ ਸਹਿਮਤ ਨਹੀਂ। ਉਹ ਇਜ਼ਰਾਈਲ ਨੂੰ ਸਿਆਹ ਯੁੱਗ ਵੱਲ ਲਿਜਾ ਰਿਹਾ ਹੈ।’’ ਫਿਰ ਉਹ ਦੱਸਦੀ ਹੈ ਕਿ ਉਹ ਸੈਕੂਲਰ ਯਹੂਦੀ ਹੈ ਜੋ ਕਿ ਇਜ਼ਰਾਈਲ ਵਿੱਚ ਰਹਿੰਦੇ ਅਰਬਾਂ ਦੇ ਹੱਕਾਂ ਦੀ ਹਿਫ਼ਾਜ਼ਤ ਲਈ ਕੰਮ ਕਰਦੀ ਆਈ ਹੈ। ਇਜ਼ਰਾਈਲ ਵਿੱਚ ਅਰਬ ਵਸੋਂ 21 ਫ਼ੀਸਦੀ ਦੇ ਆਸ-ਪਾਸ ਹੈ। ਉਨ੍ਹਾਂ ਦੀ ਕਨੈਸੇੱਟ (ਪਾਰਲੀਮੈਂਟ) ਵਿੱਚ ਵੀ ਨੁਮਾਇੰਦਗੀ ਹੈ। ਘੱਟੋ-ਘੱਟ ਇੱਕ ਅਰਬ ਮੰਤਰੀ ਹਰ ਸਰਕਾਰ ਦਾ ਹਿੱਸਾ ਬਣਦਾ ਆਇਆ ਹੈ, ਪਰ ਯਹੂਦੀਆਂ ਦੇ ਮੁਕਾਬਲੇ ਵਿੱਤੀ ਪੱਖੋਂ ਉਹ ਗ਼ਰੀਬ ਹਨ। ਉਨ੍ਹਾਂ ਦੀ ਗ਼ੁਰਬਤ ਦੂਰ ਕਰਨ ਪ੍ਰਤੀ ਹਕੂਮਤਾਂ ਨੇ ਕਦੇ ਸੰਜੀਦਗੀ ਨਹੀਂ ਦਿਖਾਈ। ਹੁਣ ਵਾਲੇ ਹਾਲਾਤ ਵਿੱਚ ਸੰਜੀਦਗੀ ਦੀ ਤਵੱਕੋ ਹੀ ਨਹੀਂ ਕੀਤੀ ਜਾ ਸਕਦੀ।
7 ਅਕਤੂਬਰ 2023
ਉਪਰੋਕਤ ਤਰੀਕ ਨੂੰ ਹਮਾਸ ਵੱਲੋਂ ਇਜ਼ਰਾਇਲੀ ਭੂਮੀ ’ਤੇ ਢਾਹੇ ਵਹਿਸ਼ੀਆਨਾ ਕਾਰੇ ਤੋਂ ਫ਼ੌਰੀ ਬਾਅਦ ਸਟੈਨਲੀ ਜੌਹਨੀ ਨੇ ਇਜ਼ਰਾਈਲ ਜਾਣਾ ਵਾਜਿਬ ਸਮਝਿਆ ਤਾਂ ਜੋ ਅਸਲ ਸਥਿਤੀ ਬਾਰੇ ਜਾਣਿਆ ਜਾ ਸਕੇ। ਇਸ ਦਾ ਬਿਰਤਾਂਤ ਸੱਤਵੇਂ ਅਧਿਆਇ ਵਿੱਚ ਇਸ ਤਰ੍ਹਾਂ ਦਰਜ ਹੈ:
‘‘ਕੈਨੇਡਾ ਵਿੱਚ ਜਨਮੀ 74 ਸਾਲਾ ਵਿਵੀਅਨ ਸਿਲਵਰ, ਜੋ ਕਿ (ਅਰਬ-ਇਜ਼ਰਾਇਲੀ) ਅਮਨ ਕਾਰਕੁਨ ਸੀ, ਨੇ 7 ਅਕਤੂਬਰ 2023 ਦੀ ਸਵੇਰ ਨੂੰ ਆਪਣੇ ਬੇਟੇ ਨੂੰ ਮੋਬਾਈਲ ’ਤੇ ਇਹ ਟੈਕਸਟ-ਸੰਦੇਸ਼ ਭੇਜਿਆ: ‘‘ਬਸ ਕਤਲੇਆਮ ਹੋਣ ਵਾਲਾ ਹੈ…।’’ ਉਹ ਦੱਖਣੀ ਇਜ਼ਰਾਈਲ ਵਿੱਚ ਗਾਜ਼ਾ ਸਰਹੱਦ ਦੇ ਨੇੜੇ ਬੀਅ’ਰੀ ਕਿਬੁੱਟਜ਼ (ਯਹੂਦੀ ਪਿੰਡ) ਵਿੱਚ ਰਹਿੰਦੀ ਸੀ। 1200 ਵਸਨੀਕਾਂ ਵਾਲਾ ਇਹ ਪਿੰਡ। ਸਵੇਰੇ 10 ਵਜੇ ਸਾਇਰਨ ਵੱਜਣੇ ਸ਼ੁਰੂ ਹੋ ਗਏ ਤੇ ਫਿਰ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਫਿਰ ਹਥਿਆਰ ਲਹਿਰਾਉਂਦੇ ਹੋਏ ਮਿਲੀਟੈਂਟਾਂ ਦੀਆਂ ਤਸਵੀਰਾਂ ਵੱਟਸਐਪ ’ਤੇ ਸਰਕੁਲੇਟ ਹੋਣ ਲੱਗੀਆਂ। ਹਮਾਸ ਦੇ ਫ਼ੌਜੀ ਵਿੰਗ ‘ਅਲ-ਕਾਸਿਮ ਬ੍ਰਿਗੇਡਜ਼’ ਦੀ ਨੁਸੇਰੀਅਤ ਬਟਾਲੀਅਨ ਨਾਲ ਸਬੰਧਿਤ 70 ਮਿਲੀਟੈਂਟਾਂ ਨੇ ਪਿੰਡ ’ਤੇ ਹਮਲਾ ਕੀਤਾ ਸੀ। ਪਿੰਡ ਵਿੱਚ 10 ਸੁਰੱਖਿਆ ਮੁਲਾਜ਼ਮ ਸਨ, ਪਰ ਹਮਲਾ ਏਨਾ ਅਚਨਚੇਤੀ ਸੀ ਕਿ ਉਹ ਬਹੁਤਾ ਟਾਕਰਾ ਨਹੀਂ ਕਰ ਸਕੇ।…ਵਿਵੀਅਨ 20 ਵਰ੍ਹਿਆਂ ਤੋਂ ਫ਼ਲਸਤੀਨੀਆਂ ਤੇ ਇਜ਼ਰਾਇਲੀਆਂ ਦਰਮਿਆਨ ਅਮਨ ਲਈ ਕੰਮ ਕਰਦੀ ਆ ਰਹੀ ਸੀ, ਪਰ ਉਸ ਨੂੰ ਪਤਾ ਸੀ ਕਿ ਹਮਲਾਵਰਾਂ ਨੇ ਉਸ ਪ੍ਰਤੀ ਕੋਈ ਦਇਆ ਨਹੀਂ ਦਿਖਾਉਣੀ।… 10.41 ’ਤੇ ਹਮਲਾਵਰ ਉਸ ਦੇ ਘਰ ਆ ਵੜੇ। ਉਸ ਦੇ ਤਹਿਖ਼ਾਨੇ ਦੇ ਲੋਹੇ ਦੇ ਬੂਹੇ ਨੂੰ ਰਾਕੇਟ ਨਾਲ ਵਿੰਨ੍ਹ ਦਿੱਤਾ। ਫਿਰ ਘਰ ਨੂੰ ਗ੍ਰੇਨੇਡਾਂ ਨਾਲ ਫਨਾਹ ਕਰ ਦਿੱਤਾ ਗਿਆ।…ਕੁਝ ਵੀ ਸਲਾਮਤ ਨਹੀਂ ਬਚਿਆ। ਵਿਵੀਅਨ ਦੀ ਮੌਤ ਦੀ ਪੁਸ਼ਟੀ ਉਸ ਦੇ ਜਬਾੜੇ ਦੀ ਹੱਡੀ ਦੇ ਇੱਕ ਟੁਕੜੇ ਵਿੱਚ ਫਸੇ ਚਾਰ ਦੰਦਾਂ ਦੇ ਡੀਐੱਨਏ ਟੈਸਟ ਤੋਂ ਹੋਈ। ਜਬਾੜੇ ਦਾ ਇਹੋ ਹਿੱਸਾ ਸਲਾਮਤ ਮਿਲਿਆ। ਬਾਕੀ ਸਭ ਕੁਝ ਸੁਆਹ ਵਿੱਚ ਬਦਲ ਗਿਆ ਸੀ। ਇਹੋ ਹਸ਼ਰ ਪਿੰਡ ਦੇ 209 ਹੋਰ ਵਸਨੀਕਾਂ ਦਾ ਹੋਇਆ। 30 ਹੋਰ ਅਗਵਾ ਕਰ ਲਏ ਗਏ।’’
ਸਟੈਨਲੀ ਅਪਰੈਲ 2024 ਵਿੱਚ ਵਿਵੀਅਨ ਨੂੰ ਉਸ ਦੇ ਘਰ ਵਿੱਚ ਮਿਲਿਆ ਸੀ। ਉਸ ਨੇ ਦੋ ਕੌਮਾਂ ਦਰਮਿਆਨ ਅਮਨ ਦੀ ਬਹਾਲੀ ਵਾਸਤੇ ਵਿਵੀਅਨ ਦੇ ਯਤਨਾਂ ਨੂੰ ਅੱਖੀਂ ਦੇਖਿਆ ਸੀ। ਵਿਵੀਅਨ ਦੇ ਆਖ਼ਰੀ ਪਲਾਂ ਦੇ ਬਿਰਤਾਂਤ ਵਿੱਚ ਬੜੀ ਮਾਰਮਿਕਤਾ ਹੈ। ਇਹ ਬਿਰਤਾਂਤ ਵਿਵੀਅਨ ਦੇ ਫੋਨ ਰਿਕਾਰਡ ਤੋਂ ਉਸਾਰਿਆ ਗਿਆ। ਉਹ ਲਿਖਦਾ ਹੈ ਕਿ ਇਜ਼ਰਾਇਲੀ ਫ਼ੌਜ ਨੂੰ ਮਈ ਮਹੀਨੇ ਵਿੱਚ ਇਹ ਪਤਾ ਲੱਗ ਗਿਆ ਸੀ ਕਿ ਹਮਾਸ ਕਿਸੇ ਵੱਡੇ ਕਾਰੇ ਦੀ ਤਿਆਰੀ ਕਰ ਰਹੀ ਹੈ। ਇਸ ਕਾਰੇ ਨੂੰ ਅਮਲੀ ਰੂਪ ਦੇਣ ਦੇ ਤੌਰ-ਤਰੀਕਿਆਂ ਦੀ ਖੁਫ਼ੀਆ ਜਾਣਕਾਰੀ ਵੀ ਸੀਨੀਅਰ ਫ਼ੌਜੀ ਅਧਿਕਾਰੀਆਂ ਤੱਕ ਪਹੁੰਚ ਗਈ ਸੀ। ਪਰ ਉੱਚ ਅਧਿਕਾਰੀਆਂ ਨੇ ਇਸ ਸਾਜ਼ਿਸ਼ ਨੂੰ ਅਮਲੀ ਰੂਪ ਦੇਣ ਦੀ ਹਮਾਸ ਦੀ ਸਮਰੱਥਾ ’ਤੇ ਸ਼ੁਬਹੇ ਪ੍ਰਗਟਾਏ। ਇਹੋ ਅਵੇਸਲਾਪਣ ਅੰਤ ਵਿੱਚ ਘਾਤਕ ਸਾਬਤ ਹੋਇਆ।
ਇਜ਼ਰਾਇਲੀ ਕਹਿਰ
‘‘…ਹਮਾਸ ਦੇ ਹਮਲੇ ਮਗਰੋਂ ਇਜ਼ਰਾਈਲ ਨੇ ਗਾਜ਼ਾ ਉੱਪਰ ਕਹਿਰੀ ਬੰਬਾਰੀ ਸ਼ੁਰੂ ਕਰ ਦਿੱਤੀ। ਨੇਤਨਯਾਹੂ ਨੇ ਐਲਾਨ ਕੀਤਾ: ‘ਇਜ਼ਰਾਈਲ ਹੁਣ ਕਿਸੇ ਨੂੰ ਨਹੀਂ ਬਖ਼ਸ਼ੇਗਾ।…ਸਾਡਾ ਬਦਲਾ ਹਮਾਸ ਨੂੰ ਮਲੀਆਮੇਟ ਕਰ ਦੇਵੇਗਾ।’ ਹਮਾਸ ਤਾਂ ਮਲੀਆਮੇਟ ਨਹੀਂ ਹੋਈ, ਗਾਜ਼ਾ ਪੱਟੀ ਜ਼ਰੂਰ ਖੰਡਰਾਂ ਵਿੱਚ ਬਦਲ ਗਈ। ... ਦੁਸ਼ਮਣ ਖ਼ਿਲਾਫ਼ ਬੇਹਿਸਾਬੀ ਤਾਕਤ ਦੀ ਵਰਤੋਂ, ਇਜ਼ਰਾਈਲ ਦਾ ਜਾਣਿਆ-ਪਛਾਣਿਆ ਤੌਰ-ਤਰੀਕਾ ਹੈ। ਇਸ ਨੂੰ ‘ਦਾਹੀਆ ਸਿਧਾਂਤ’ ਕਿਹਾ ਜਾਂਦਾ ਹੈ। ਲੈਬਨਾਨ ਵਿੱਚ ਸ਼ੀਆ ਖਾੜਕੂ ਸੰਗਠਨ ‘ਹਿਜ਼ਬੁੱਲ੍ਹਾ’ ਖ਼ਿਲਾਫ਼ 2006 ਦੀ ਜੰਗ ਦੌਰਾਨ ਇਜ਼ਰਾਈਲ ਨੇ ਪਹਿਲੀ ਵਾਰ ਦਾਹੀਆ ਨਾਮੀ ਪਿੰਡ ਉੱਤੇ ਬੇਹਿਸਾਬੀ ਬੰਬਾਰੀ ਕਰ ਕੇ ਇੱਕ ਵੀ ਇਮਾਰਤ ਸਲਾਮਤ ਨਹੀਂ ਛੱਡੀ। ਇਸ ਤੋਂ ਬਾਅਦ ਇਸੇ ਵਿਧੀ ਨੂੰ ਹਿਜ਼ਬੁੱਲ੍ਹਾ ਤੇ ਹਮਾਸ ਖ਼ਿਲਾਫ਼ ਹਰ ਅਪਰੇਸ਼ਨ ਦੌਰਾਨ ਅਜ਼ਮਾਇਆ ਗਿਆ। ਨਾ ਮਾਸੂਮਾਂ ਦੀਆਂ ਜਾਨਾਂ ਦੀ ਪਰਵਾਹ, ਨਾ ਵਾਤਾਵਰਨ ਦੇ ਵਿਗਾੜ ਦੀ। ਗਾਜ਼ਾ ਇਸ ਸਿਧਾਂਤ ਦੀ ਵਹਿਸ਼ਤ ਦੀ ਪ੍ਰਤੱਖ ਮਿਸਾਲ ਹੈ।’’
ਮੌਜੂਦਾ ਘਟਨਾਕ੍ਰਮ ਦੇ ਕਈ ਚਸ਼ਮਦੀਦ ਬਿਰਤਾਂਤ ਹਨ ਕਿਤਾਬ ਵਿੱਚ। ਨਵੀਆਂ ਜਾਣਕਾਰੀਆਂ ਵੀ ਕਾਫ਼ੀ ਮਾਤਰਾ ਵਿੱਚ ਹਨ। ਅੰਤ ਵਿੱਚ ਸਟੈਨਲੀ ਜੌਹਨੀ ਲਿਖਦਾ ਹੈ ਕਿ ‘‘ਅਮਰੀਕਾ ਜਦੋਂ ਪਿੱਠ ’ਤੇ ਹੋਵੇ ਤਾਂ ਹਰ ਗੁਨਾਹ ਮੁਆਫ਼ ਹੈ। ਇਹੋ ਕੁਝ ਇਜ਼ਰਾਈਲ ਦੇ ਮਾਮਲੇ ਵਿੱਚ ਵਾਪਰ ਰਿਹਾ ਹੈ। ਕਿਸੇ ਵੀ ਮੁਲਕ ਨੇ ਉਸ ਨਾਲ ਸਫ਼ਾਰਤੀ ਨਾਤਾ ਨਹੀਂ ਤੋੜਿਆ।…ਅਰਬਾਂ ਨੇ ਵੀ ਸਿਰਫ਼ ਰਾਜਦੂਤ ਵਾਪਸ ਬੁਲਾਏ ਹਨ, ਸਫ਼ਾਰਤਖ਼ਾਨੇ ਬੰਦ ਨਹੀਂ ਕੀਤੇ। ਅਜਿਹੇ ਆਲਮ ਵਿੱਚ ਮੋਦੀ ਦੇ ਭਾਰਤ ਤੋਂ ਕੋਈ ਵੱਡੀ ਤਵੱਕੋ ਕਿਵੇਂ ਕੀਤੀ ਜਾ ਸਕਦੀ ਹੈ?’’