For the best experience, open
https://m.punjabitribuneonline.com
on your mobile browser.
Advertisement

ਬੀਤੇ ਵੇਲੇ ਦੀਆਂ ਗੱਲਾਂ...

05:57 AM Dec 29, 2024 IST
ਬੀਤੇ ਵੇਲੇ ਦੀਆਂ ਗੱਲਾਂ
ਪੰਜਾਬ ਯੂਨੀਵਰਸਿਟੀ ਕਾਲਜ, ਅਰਥ-ਸ਼ਾਸਤਰ ਵਿਭਾਗ 1954: ਪਿਛਲੀ ਕਤਾਰ ਵਿੱਚ ਮਨਮੋਹਨ ਸੱਜਿਉਂ ਦੂਜਾ। ਫੋਟੋਆਂ ਲਈ ਧੰਨਵਾਦ: ਦਮਨ ਸਿੰਘ
Advertisement

ਡਾ. ਮਨਮੋਹਨ ਸਿੰਘ ਦੀ ਵਿਚਕਾਰਲੀ ਧੀ ਦਮਨ ਸਿੰਘ ਅੰਗਰੇਜ਼ੀ ਦੀ ਲੇਖਕਾ ਹੈ। ਉਸ ਨੇ ਆਪਣੇ ਮਾਪਿਆਂ ਦੀ ਜੀਵਨੀ ‘ਸਟ੍ਰਿਕਟਲੀ ਪਰਸਨਲ’ (ਪੰਜਾਬੀ ਰੂਪ ‘ਮਨਮੋਹਨ ਤੇ ਗੁਰਸ਼ਰਨ: ਇੱਕ ਅਣਕਹੀ ਦਾਸਤਾਨ’,­ ਜੋ ਲਾਹੌਰ ਬੁੱਕਸ, ਲੁਧਿਆਣਾ ਨੇ 2014 ’ਚ ਛਾਪੀ) ਲਿਖੀ ਹੈ ਜਿਸ ਵਿੱਚ ਉਨ੍ਹਾਂ ਦੇ ਨਿੱਜੀ ਜੀਵਨ ’ਤੇ ਝਾਤ ਪੁਆਈ ਗਈ ਹੈ। ਉਸ ਵੱਲੋਂ ਆਪਣੇ ਮਾਪਿਆਂ ਦੇ ਵਿਆਹ ਅਤੇ ਡਾ. ਸਿੰਘ ਦੇ ਪਿੰਡ ਗਾਹ ਬਾਰੇ ਦਿੱਤੇ ਕੁਝ ਵੇਰਵੇ ਅਸੀਂ ਪਾਠਕਾਂ ਲਈ ਪੇਸ਼ ਕਰ ਰਹੇ ਹਾਂ:

Advertisement

ਵਿਆਹ

ਗੁਰਸ਼ਰਨ (ਡਾ. ਮਨਮੋਹਨ ਸਿੰਘ ਦੀ ਪਤਨੀ ਅਤੇ ਦਮਨ ਸਿੰਘ ਦੀ ਮਾਂ) ਪਟਿਆਲਾ ਛੱਡ ਕੇ ਅੰਮ੍ਰਿਤਸਰ ਆ ਗਈ, ਉਸਨੂੰ ਇਸ ਬਾਰੇ ਬਹੁਤੀ ਫ਼ਿਕਰ ਨਹੀਂ ਸੀ ਕਿ ਅੱਗੇ ਕੀ ਹੋਣ ਵਾਲਾ ਹੈ। ਸੰਗੀਤ ਇੱਕ ਅਜਿਹਾ ਵਿਸ਼ਾ ਸੀ ਜਿਸ ਵਿੱਚ ਉਸਨੂੰ ਪੂਰੀ ਦਿਲਚਸਪੀ ਸੀ ਅਤੇ ਉਸਨੇ ਸੋਚਿਆ ਕਿ ਉਹ ਪੋਸਟ-ਗ੍ਰੈਜੂਏਟ ਪੱਧਰ ’ਤੇ ਇਹ ਵਿਸ਼ਾ ਲੈ ਲਵੇਗੀ। ਉਸਨੂੰ ਬਹੁਤ ਅਫ਼ਸੋਸ ਹੋਇਆ ਜਦੋਂ ਪਤਾ ਲੱਗਿਆ ਕਿ ਖ਼ਾਲਸਾ ਕਾਲਜ ਵਿੱਚ ਸੰਗੀਤ ਦਾ ਵਿਭਾਗ ਹੀ ਨਹੀਂ ਹੈ। ਉਸਨੇ ਇੱਕ ਸਾਲ ਦੇ ਬੀ.ਐੱਡ. ਕੋਰਸ ਵਿੱਚ ਦਾਖ਼ਲਾ ਲੈ ਲਿਆ। ਉਸ ਵੇਲੇ ਉਸਦੀ ਉਮਰ ਸਿਰਫ਼ ਉੱਨੀ ਸਾਲ ਸੀ ਅਤੇ ਉਸ ਦੀਆਂ ਭੈਣਾਂ ਬਨੰਤਰ, ਮੋਹਨੀ ਤੇ ਸਿੰਦਰ ਤਿੰਨਾਂ ਦਾ ਵਿਆਹ ਇੱਕੀ ਸਾਲ ਦੀ ਉਮਰ ਵਿੱਚ ਹੋ ਗਿਆ ਅਤੇ ਹੁਣ ਉਸਦੀ ਵਾਰੀ ਸੀ।
ਮੈਂ ਜਦੋਂ ਮਾਂ ਨੂੰ ਉਨ੍ਹਾਂ ਦੇ ਵਿਆਹ ਬਾਰੇ ਪੱੁਛ ਰਹੀ ਸੀ ਤਾਂ ਸਾਡਾ ਰਸੋਈਆ ਸ਼ੰਕਰ ਦਰਵਾਜ਼ੇ ਵਿੱਚ ਆਇਆ ਅਤੇ ਪੁੱਛਣ ਲੱਗਾ ਕਿ ਅੱਜ ਉਹ ਕੀ ਬਣਾਵੇ। ਮੇਰੇ ਮਾਤਾ ਜੀ ਨੇ ਉਸ ਵੱਲੋਂ ਦੱਸੀਆਂ ਗਈਆਂ ਸਬਜ਼ੀਆਂ ਅਰਬੀ, ਟਿੰਡੇ ਅਤੇ ਘੀਆ ਬਣਾਉਣ ਤੋਂ ਮਨ੍ਹਾਂ ਕਰ ਦਿੱਤਾ। ਉਨ੍ਹਾਂ ਬਹੁਤ ਹੀ ਨੀਰਸ ਜਿਹਾ ਖਾਣਾ ਖਿਚੜੀ ਅਤੇ ਤੋਰੀਆਂ ਬਣਾਉਣ ਦਾ ਫ਼ੈਸਲਾ ਕੀਤਾ। ‘ਮੈਂ ਦੁਪਹਿਰ ਦੇ ਖਾਣੇ ਲਈ ਬਿਲਕੁਲ ਨਹੀਂ ਰੁਕਾਂਗਾ,’ ਇਹ ਕਹਿ ਕੇ ਸ਼ੰਕਰ ਚਲਾ ਗਿਆ। ਕੁੱਤਾ ਉਦਾਸ ਜਿਹਾ ਹੋ ਕੇ ਉਸਨੂੰ ਜਾਂਦੇ ਹੋਏ ਦੇਖਣ ਲੱਗਾ।
ਮੈਂ ਮਾਂ ਨੂੰ ਪੁੱਛਿਆ, ‘‘ਕੀ ਤੁਸੀਂ ਆਪਣੇ ਮਾਪਿਆਂ ਵੱਲੋਂ ਮੁੰਡਾ ਲੱਭਣ ਦੀ ਉਡੀਕ ਕਰ ਰਹੇ ਸੀ?’’
ਉਹ ਕਿਹਾ ਕਿ ਸਹੀ ਰਿਸ਼ਤਾ ਲੱਭਣਾ ਅਤੇ ਸਹੀ ਵਕਤ ’ਤੇ ਵਿਆਹ ਕਰਾਉਣਾ ਬਹੁਤ ਜ਼ਰੂਰੀ ਹੈ। ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਇਸ ਬਾਰੇ ਕਿਵੇਂ ਮਹਿਸੂਸ ਹੋਇਆ ਤਾਂ ਉਹ ਹੱਸ ਪਏ।
‘‘ਅਸਲ ਵਿੱਚ, ਸਾਫ਼ ਤੌਰ ’ਤੇ ਮੈਂ ਵਿਆਹ ਦੀ ਗੱਲ ਨੂੰ ਨਾਪਸੰਦ ਨਹੀਂ ਕੀਤਾ।’’
‘‘ਤੁਸੀਂ ਬੇਚੈਨ ਸੀ? ਜਾਂ ਬਿਲਕੁਲ ਸਹਿਜ?’’

Advertisement

ਸਰਕਾਰੀ ਕਾਲਜ (ਕੁੜੀਆਂ), ਪਟਿਆਲਾ, 1955: ਪਿਛਲੀ ਕਤਾਰ ਵਿੱਚ ਗੁਰਸ਼ਰਨ ਸੱਜਿਉਂ ਦੂਜੀ।

‘‘ਅਸਲ ਵਿੱਚ ਬਹੁਤ ਸਹਿਜ ਕਿਉਂਕਿ ਮੇਰੇ ਮਾਤਾ ਜੀ ਬਹੁਤ ਸਖ਼ਤ ਸੁਭਾਅ ਦੇ ਸਨ ਅਤੇ ਤੈਨੂੰ ਸੱਚ ਦੱਸਾਂ ਤਾਂ ਮੈਂ ਜਲਦੀ ਘਰੋਂ ਵਿਦਾ ਹੋ ਜਾਣਾ ਚਾਹੁੰਦੀ ਸਾਂ।’’
ਮਾਤਾ ਜੀ (ਦਮਨ ਦੀ ਨਾਨੀ) ਆਪਣੇ ਪਰਿਵਾਰ ਉੱਤੇ ਫ਼ੌਜੀ ਜਰਨੈਲ ਵਾਂਗ ਹੁਕਮ ਚਲਾਉਂਦੇ। ਕੋਈ ਵੀ ਉਨ੍ਹਾਂ ਦੀ ਨਾਫ਼ਰਮਾਨੀ ਕਰਨ ਦਾ ਹੌਸਲਾ ਨਹੀਂ ਸੀ ਕਰ ਸਕਦਾ। ਉਨ੍ਹਾਂ ਦਾ ਹਰ ਲਫ਼ਜ਼ ਕਾਨੂੰਨ ਹੁੰਦਾ। ਹਰ ਮੰਗ ਪੂਰੀ ਹੁੰਦੀ, ਹਰ ਸਨਕ ਪੂਰੀ ਕੀਤੀ ਜਾਂਦੀ। ਇੱਕ ਮਧਰੀ ਅਤੇ ਕਮਜ਼ੋਰ ਔਰਤ ਸਿਰਫ਼ ਆਪਣੀ ਸ਼ਖ਼ਸੀਅਤ ਦੀ ਤਾਕਤ ਨਾਲ ਪੂਰੇ ਘਰ ’ਤੇ ਰਾਜ ਕਰਦੀ। ਉਨ੍ਹਾਂ ਦਾ ਪਤੀ ਅਤੇ ਬੱਚੇ ਉਨ੍ਹਾਂ ਦੇ ਅੱਗੇ-ਪਿੱਛੇ ਬੇਚੈਨੀ ਨਾਲ ਭੱਜੇ ਫਿਰਦੇ। ਇਸ ਲਈ ਉਹ ਬੱਸ ਘਰ ਦੀ ਝਾੜ-ਪੂੰਝ, ਕਢਾਈ ਅਤੇ ਪਾਠ ਕਰਦੇ ਰਹਿੰਦੇ। ਉਨ੍ਹਾਂ ਦੇ ਨਿੱਤਨੇਮ ਵਿੱਚ ਕਾਫ਼ੀ ਸਾਰਾ ਸਮਾਂ ਦਰਬਾਰ ਸਾਹਿਬ ਵਿੱਚ ਬਿਤਾਉਣਾ ਸ਼ਾਮਿਲ ਸੀ, ਜਿੱਥੇ ਬੈਠ ਕੇ ਉਹ ਕਈ ਘੰਟੇ ਕੀਰਤਨ ਅਤੇ ਕਥਾ ਸੁਣਦੇ। ਉਹ ਧਾਰਮਿਕ ਕਿਤਾਬਾਂ ਅਤੇ ਅਖ਼ਬਾਰ ਬਹੁਤ ਜ਼ਿਆਦਾ ਪੜ੍ਹਦੇ ਅਤੇ ਉਨ੍ਹਾਂ ਕੋਲ ਹਰ ਨਵੀਂ ਜਾਣਕਾਰੀ ਹੁੰਦੀ। ਮਾਤਾ ਜੀ ਆਪਣੀਆਂ ਧੀਆਂ ਨੂੰ ਲਾਡ ਕਰਨ ਵਿੱਚ ਬਿਲਕੁਲ ਯਕੀਨ ਨਹੀਂ ਸਨ ਰੱਖਦੇ ਨਾ ਹੀ ਸ਼ਾਬਾਸ਼ੀ ਦਾ ਕੋਈ ਸੰਕੇਤ ਦਿੰਦੇ। ਇਸਦੀ ਬਜਾਇ ਉਹ ਆਪਣਾ ਸਾਰਾ ਲਾਡ-ਪਿਆਰ ਆਪਣੇ ਇਕਲੌਤੇ ਪੁੱਤਰ ’ਤੇ ਨਿਛਾਵਰ ਕਰਦੇ। ਜਸਪਾਲ ਦਾ ਪਾਲਣ-ਪੋਸ਼ਣ ਨਿੱਕੇ ਰਾਜਕੁਮਾਰ ਵਾਂਗ ਹੋਇਆ, ਜਦੋਂਕਿ ਉਸਦੀਆਂ ਪੰਜ ਭੈਣਾਂ ਹਮੇਸ਼ਾ ਨਿਮਾਣੀਆਂ ਜਿਹੀਆਂ ਹੀ ਬਣੀਆਂ ਰਹੀਆਂ।
ਬਨੰਤਰ ਦਾ ਵਿਆਹ ਸਰਕਾਰੀ ਅਫ਼ਸਰ ਨਾਲ ਹੋਇਆ ਅਤੇ ਸਿੰਦਰ ਦਾ ਵੀ, ਜਦੋਂਕਿ ਮੋਹਨੀ ਦੇ ਪਤੀ ਦਾ ਆਪਣਾ ਵਪਾਰ ਸੀ। ਗੁਰਸ਼ਰਨ ਦੀ ਕਿਸੇ ਵੀ ਕੰਮਕਾਰ ਬਾਰੇ ਕੋਈ ਤਰਜੀਹ ਨਹੀਂ ਸੀ। ਬੱਸ ਉਹ ਤਾਂ ਇਸ ਤਰ੍ਹਾਂ ਦਾ ਪਤੀ ਚਾਹੁੰਦੀ ਸੀ ਜੋ ਸੋਹਣਾ ਹੋਵੇ ਅਤੇ ਸੰਗੀਤ ਪਸੰਦ ਕਰਦਾ ਹੋਵੇ। ਉਸਦੀ ਆਪਣੀ ਯੋਗਤਾ ਬਹੁਤ ਪ੍ਰਭਾਵਸ਼ਾਲੀ ਸੀ। ਉਹ ਇੱਕ ਇੱਜ਼ਤਦਾਰ ਪਰਿਵਾਰ ਦੀ ਧੀ ਸੀ। ਉਸਦੇ ਪਿਤਾ ਜੀ ਦੀ ਬਿਰਾਦਰੀ ਵਿੱਚ ਚੰਗੀ ਪਛਾਣ ਸੀ। ਉਸਦਾ ਪਾਲਣ-ਪੋਸ਼ਣ ਸਖ਼ਤੀ ਦੇ ਮਾਹੌਲ ਵਿੱਚ ਹੋਇਆ ਅਤੇ ਉਹ ਬਹੁਤ ਸੋਹਣੀ ਸੀ। ਸਭ ਤੋਂ ਵੱਡੀ ਗੱਲ ਉਹ ਕਾਲਜ ਤੋਂ ਗ੍ਰੈਜੂਏਟ ਸੀ - ਵਿਆਹ ਦੇ ਬਾਜ਼ਾਰ ਵਿੱਚ ਇਹ ਚੀਜ਼ ਉਦੋਂ ਹਾਲੇ ਆਮ ਨਹੀਂ ਸੀ ਮਿਲਦੀ। ਸਭ ਤੋਂ ਪਹਿਲਾ ਰਿਸ਼ਤਾ ਜਿਹੜਾ ਉਸ ਲਈ ਆਇਆ ਉਹ ਇੰਗਲੈਂਡ ਰਹਿੰਦੇ ਇੱਕ ਡਾਕਟਰ ਦਾ ਸੀ। ਇਹ ਸੱਚਮੁੱਚ ਬਹੁਤ ਵਧੀਆ ਰਿਸ਼ਤਾ ਸੀ ਪਰ ਇਹ ਬਹੁਤ ਜਲਦੀ ਆ ਗਿਆ, ਉਸਨੂੰ ਵਾਰੀ ਤੋਂ ਪਹਿਲਾਂ ਵਿਆਹੁਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ।
ਮਨਮੋਹਨ ਕੋਲ ਵੀ ਰਿਸ਼ਤਿਆਂ ਦੀ ਭਰਮਾਰ ਸੀ। ਵਿਆਹ ਲਈ ਅਣਗਿਣਤ ਰਿਸ਼ਤੇ ਉਦੋਂ ਹੀ ਉਸਦੇ ਮਾਪਿਆਂ ਕੋਲ ਆਉਣੇ ਸ਼ੁਰੂ ਹੋ ਗਏ ਸਨ ਹਾਲੇ ਜਦੋਂ ਉਹ ਇੰਗਲੈਂਡ ਸੀ।

ਔਕਸਫੋਰਡ ’ਚ 1962 ਵਿੱਚ ਆਪਣੀ ਧੀ ਕਿੱਕੀ (ਉਪਿੰਦਰ ਸਿੰਘ) ਨਾਲ ਉਸ ਦੇ ਤੀਜੇ ਜਨਮਦਿਨ ਮੌਕੇ।

ਉਨ੍ਹਾਂ ਵਿੱਚੋਂ ਇੱਕ ਰਿਸ਼ਤਾ ਇੱਕ ਅਮੀਰ ਪਰਿਵਾਰ ਤੋਂ ਆਇਆ ਸੀ, ਜਿਨ੍ਹਾਂ ਨੇ ਦਾਜ ਵਿੱਚ ਫੀਅਟ ਕਾਰ ਦੇਣ ਦਾ ਵਾਅਦਾ ਕੀਤਾ, ਪਰ ਕੁੜੀ ਸਕੂਲ ਤੋਂ ਅੱਗੇ ਨਹੀਂ ਸੀ ਪੜ੍ਹੀ। ਹੁਣ ਜਦੋਂ ਉਹ ਵਾਪਸ ਆਇਆ ਤਾਂ ਉਸਦੇ ਮਾਪੇ ਉਸ ਲਈ ਲਾੜੀ ਦੀ ਭਾਲ ਹੋਰ ਜਲਦੀ ਕਰਨ ਲੱਗੇ।
ਬੀਜੀ ਦੀ ਇੱਕ ਸਹੇਲੀ ਦੀ ਸਿਫ਼ਾਰਿਸ਼ ’ਤੇ ਗੁਰਸ਼ਰਨ ਉਨ੍ਹਾਂ ਦੀ ਸੂਚੀ ਵਿੱਚ ਪਹਿਲੀ ਗੰਭੀਰ ਉਮੀਦਵਾਰ ਸੀ। ਦੋਵਾਂ ਪਰਿਵਾਰਾਂ ਵਿੱਚ ਮੇਲ-ਮਿਲਾਪ ਗੁਰਸ਼ਰਨ ਦੀ ਵੱਡੀ ਭੈਣ ਦੇ ਪਤੀ ਦੇ ਨਾਨਕਿਆਂ ਵਿੱਚੋਂ ਇੱਕ ਮਾਸੀ, ਜਿਨ੍ਹਾਂ ਨੂੰ ਬੀਜੀ ਚੰਗੀ ਤਰ੍ਹਾਂ ਜਾਣਦੇ ਸਨ, ਨੇ ਕਰਵਾਇਆ। ਬਸੰਤ ਕੌਰ ਨੇ ਬੀਜੀ ਅਤੇ ਮਨਮੋਹਨ ਨੂੰ ਆਪਣੇ ਘਰ ਬੁਲਾਇਆ ਅਤੇ ਮਾਤਾ ਜੀ ਨੂੰ ਵੀ ਆਪਣੇ ਘਰ ਮਿਲਣ ਲਈ ਬੁਲਾ ਲਿਆ। ਜੋੜੀ ਵਿੱਚ ਕੋਈ ਕਮੀ ਨਾ ਮਿਲਣ ’ਤੇ, ਮਾਤਾ ਜੀ ਨੇ ਬਿਨਾਂ ਕੋਈ ਕਾਰਨ ਦੱਸੇ ਆਪਣੀ ਧੀ ਨੂੰ ਵੀ ਬੁਲਾ ਲਿਆ। ਚਿੱਟੀ ਸਲਵਾਰ ਕਮੀਜ਼ ਨਾਲ ਚਿੱਟਾ ਦੁਪੱਟਾ ਲਈ ਗੁਰਸ਼ਰਨ ਆਪਣੇ ਉੱਚੀ ਅੱਡੀ ਦੇ ਸੈਂਡਲ ਪਾ ਕੇ ਅੰਦਰ ਦਾਖ਼ਲ ਹੋਈ।
‘‘ਫਿਰ?’’
ਉਹ ਦੱਸਦੇ ਹਨ, ‘‘ਸਾਨੂੰ ਇਕੱਠੇ ਬੈਠ ਕੇ ਗੱਲਬਾਤ ਕਰਨ ਲਈ ਕਿਹਾ ਗਿਆ। ਸਭ ਕੁਝ ਵਧੀਆ ਸੀ- ਉਹ ਕੈਂਬ੍ਰਿਜ ਤੋਂ ਪੜ੍ਹ ਕੇ ਇੰਗਲੈਂਡ ਤੋਂ ਵਾਪਸ ਆਇਆ ਸੀ। ਉਸਨੇ ਮੈਨੂੰ ਪੁੱਛਿਆ, ਤੁਸੀਂ ਬੀ. ਏ. ਕਿਹੜੇ ਦਰਜੇ ਵਿੱਚ ਕੀਤੀ? ਤਾਂ ਮੈਂ ਦੱਸਿਆ, ‘ਦੂਜੇ।’ ਫਿਰ ਉਸਨੇ ਪੁੱਛਿਆ, ‘ਜੇ ਤੁਹਾਨੂੰ ਬਾਹਰਲੇ ਮੁਲਕ ਵਿੱਚ ਰਹਿਣਾ ਪਵੇ ਤਾਂ ਕੀ ਤੁਸੀਂ ਰਹਿਣਾ ਪਸੰਦ ਕਰੋਗੇ ?’ ਮੈਂ ਕਿਹਾ, ‘ਇਹ ਮੈਨੂੰ ਕਿਵੇਂ ਪਤਾ?’ ਇਸਦਾ ਮਤਲਬ ਸੀ ਜਿਵੇਂ ਉਸਨੂੰ ਠੀਕ ਲੱਗੇ।’’
ਇਸ ਗੱਲਬਾਤ ਦੌਰਾਨ ਉਸਨੂੰ ਲੱਗਿਆ ਕਿ ਉਹ ਆਪਣੇ ਬਾਰੇ ਪੱਕਾ ਫ਼ੈਸਲਾ ਕਰ ਚੁੱਕਾ ਹੈ ਅਤੇ ਉਹ ਉਸ ਨਾਲ ਵਿਆਹ ਕਰਾਉਣ ਲਈ ਉਤਸੁਕ ਹੈ। ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ ਕਿਉਂਕਿ ਉਹ ਸ਼ਰਮਾਉਂਦੇ ਹੋਏ ਦੱਸਦੇ ਹਨ, ‘‘ਮੈਨੂੰ ਪੱਕਾ ਪਤਾ ਸੀ ਕਿ ਉਸਨੂੰ ਮੈਂ ਬੁਰੀ ਨਹੀਂ ਲੱਗੀ ਹੋਵਾਂਗੀ।’’
ਉਨ੍ਹਾਂ ਦੀ ਗੱਲ ਇਹ ਹੈ ਕਿ ਉਨ੍ਹਾਂ ਨੇ ਸੋਚਿਆ ਉਹ ਬਹੁਤ ਸੋਹਣੀ, ਭੋਲੀ-ਭਾਲੀ, ਥੋੜ੍ਹੀ ਜਿਹੀ ਸ਼ਰਮੀਲੀ ਹੈ। ਉਸਨੂੰ ਆਪਣਾ ਮਨ ਬਣਾਉਣ ਵਿੱਚ ਅੱਧੇ ਘੰਟੇ ਤੋਂ ਜ਼ਿਆਦਾ ਨਹੀਂ ਲੱਗਿਆ। ਭਾਵੇਂ ਉਹ ਉੱਥੇ ਹੀ ਕਹਿ ਸਕਦਾ ਸੀ ਕਿ ਗੁਰਸ਼ਰਨ ‘ਬਿਲਕੁਲ ਠੀਕ ਹੈ’। ਉਹ ਉਸੇ ਵੇਲੇ ਪਿਆਰ ਵਿੱਚ ਡੁੱਬ ਸਕਦਾ ਸੀ, ਪਰ ਪੂਰੀ ਤਸੱਲੀ ਕਰਨ ਲਈ ਉਹ ਖ਼ਾਲਸਾ ਕਾਲਜ ਪ੍ਰਿੰਸੀਪਲ ਨਾਲ ਗੱਲਬਾਤ ਕਰਨ ਗਿਆ। ਉਸਦੀ ਪ੍ਰਿੰਸੀਪਲ ਨੇ ਦੱਸਿਆ ਕਿ ਜਿਸ ਕੁੜੀ ਨਾਲ ਉਹ ਵਿਆਹ ਕਰਵਾਉਣ ਬਾਰੇ ਸੋਚ ਰਹੇ ਹਨ ਉਹ ਪੜ੍ਹਾਈ ਵਿੱਚ ‘ਸਾਧਾਰਨ ਵਿਦਿਆਰਥਣ’ ਹੈ।

ਆਪਣੀਆਂ ਧੀਆਂ ਉਪਿੰਦਰ ਤੇ ਦਮਨ ਨਾਲ ਮਨਮੋਹਨ ਸਿੰਘ।

ਹੁਸ਼ਿਆਰਪੁਰ ਵਿੱਚ ਬਤੌਰ ਸੀਨੀਅਰ ਲੈਕਚਰਾਰ ਮਨਮੋਹਨ 500 ਰੁਪਏ ਮਹੀਨਾ ਕਮਾਉਂਦਾ ਸੀ। ਉਸਦੇ ਪਿਤਾ ਦਾ ਸੁੱਕੇ ਮੇਵਿਆਂ ਦਾ ਵਪਾਰ ਵਧੀਆ ਚੱਲ ਰਿਹਾ ਸੀ। ਪਰਿਵਾਰ ਵੱਡਾ ਸੀ, ਪਰ ਸਭ ਵਧੀਆ ਤਰੀਕੇ ਨਾਲ ਰਹਿ ਰਹੇ ਸਨ। ਗੁਰਸ਼ਰਨ ਦੇ ਪਰਿਵਾਰ ਦੀ ਹਾਲਤ ਇੰਨੀ ਚੰਗੀ ਨਹੀਂ ਸੀ ਅਤੇ ਉਸਦੇ ਪਿਤਾ ਨੇ ਆਪਣੀ ਪੰਜਵੀਂ ਧੀ ਦੇ ਵਿਆਹ ਬਾਰੇ ਵੀ ਸੋਚਣਾ ਸੀ। ਉਨ੍ਹਾਂ ਨੇ ਫਟਾਫਟ ਐਲਾਨ ਕਰ ਦਿੱਤਾ ਕਿ ਉਹ ਬਹੁਤ ਸੀਮਿਤ ਦਾਜ ਦੇ ਸਕਣਗੇ ਅਤੇ ਸਾਦਾ ਵਿਆਹ ਕਰਨਗੇ। ਮਨਮੋਹਨ ਨੇ ਜ਼ੋਰ ਦਿੱਤਾ ਕਿ ਉਹ ਦਾਜ ਵਿੱਚ ਵਿਸ਼ਵਾਸ ਨਹੀਂ ਰੱਖਦੇ ਅਤੇ ਉਸਦੇ ਪਿਤਾ ਜੀ ਬੱਸ ਇਹੀ ਚਾਹੁੰਦੇ ਹਨ ਕਿ ਬਾਰਾਤ ਦਾ ਖ਼ਿਆਲ ਚੰਗੀ ਤਰ੍ਹਾਂ ਰੱਖਿਆ ਜਾਵੇ।
ਮਨਮੋਹਨ ਜਦੋਂ ਵੀ ਜਾ ਸਕਦਾ ਤਾਂ ਉਹ ਹੁਸ਼ਿਆਰਪੁਰ ਤੋਂ ਬੱਸ ਫੜ ਕੇ ਅੰਮ੍ਰਿਤਸਰ ਆ ਜਾਂਦਾ। ਉਹ ਚੰਗੀ ਤਰ੍ਹਾਂ ਗੁਰਸ਼ਰਨ ਦੇ ਪਰਿਵਾਰ ਵਿੱਚ ਘੁਲ-ਮਿਲ ਗਿਆ ਅਤੇ ਅਕਸਰ ਉਨ੍ਹਾਂ ਨਾਲ ਫਰਸ਼ ’ਤੇ ਵਿਛੀ ਹੋਈ ਦਰੀ ਉੱਪਰ ਬੈਠ ਕੇ ਦੁਪਹਿਰ ਜਾਂ ਰਾਤ ਦਾ ਖਾਣਾ ਖਾ ਲੈਂਦਾ। ਕਦੇ-ਕਦੇ ਉਹ ਉਸਨੂੰ ਫ਼ਿਲਮ ਦਿਖਾਉਣ ਜਾਂ ਕਵਾਲਿਟੀ ਰੇਸਤਰਾਂ ਵਿੱਚ ਰਾਤ ਦਾ ਖਾਣਾ ਖੁਆਉਣ ਲੈ ਜਾਂਦਾ। ਉਸਦੀ ਪਹਿਲੀ ਗੁੱਟ-ਘੜੀ ਉਸਨੇ ਹੀ ਤੋਹਫ਼ੇ ਵਿੱਚ ਦਿੱਤੀ ਸੀ।
‘‘ਕੀ ਉਨ੍ਹਾਂ ਨੇ ਤੁਹਾਨੂੰ ਹੋਰ ਵੀ ਕੁਝ ਦਿੱਤਾ?’’ ‘‘ਅਸਲ ਵਿੱਚ ਇੱਕ ਵਾਰ ਉਨ੍ਹਾਂ ਨੇ ਕਿਹਾ, ‘ਮੈਨੂੰ ਬੀਜੀ ਨਾਲ ਤੁਹਾਡੇ ਕੋਲ ਆਉਣਾ ਪਵੇਗਾ- ਮੈਂ ਤੁਹਾਨੂੰ ਇੱਕ ਮੁੰਦਰੀ ਦੇਣਾ ਚਾਹੁੰਦਾ ਹਾਂ।’ ‘ਮੰਗਣੀ ਦੀ ਮੁੰਦਰੀ’ - ਇਸ ਤਰ੍ਹਾਂ ਦੀ ਚੀਜ਼। ਮੈਂ ਉਨ੍ਹਾਂ ਨੂੰ ਕਿਹਾ ਕਿ ਉਸ ਦਿਨ ਮੈਂ ਵਿਹਲੀ ਨਹੀਂ ਹੋਣਾ ਕਿਉਂਕਿ ਮੈਂ ਕਾਲਜ ਦੀ ਪਿਕਨਿਕ ਲਈ ਕਿਤੇ ਜਾ ਰਹੀ ਹਾਂ, ਪਰ ਉਹ ਆਏ ਅਤੇ ਬੈਠ ਕੇ ਮੇਰੀ ਉਡੀਕ ਕਰਦੇ ਰਹੇ। ਮੈਂ ਜਲਦੀ ਵਾਪਸ ਨਹੀਂ ਸੀ ਆ ਸਕਦੀ।’’
‘‘ਕੀ ਤੁਸੀਂ ਮੰਗਣੀ ਦੀ ਮੁੰਦਰੀ ਲਈ ਆਪਣੀ ਪਿਕਨਿਕ ਛੱਡ ਨਹੀਂ ਸੀ ਸਕਦੇ?’’
ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਦਾ ਕੋਈ ਕਾਰਨ ਨਜ਼ਰ ਨਹੀਂ ਸੀ ਆਉਂਦਾ।
‘‘ਮੈਂ ਉਨ੍ਹਾਂ ਨੂੰ ਦੱਸਿਆ ਸੀ ਕਿ ਮੇਰੇ ਕੋਲੋਂ ਵਕਤ ਸਿਰ ਘਰ ਨਹੀਂ ਪਹੁੰਚਿਆ ਜਾਣਾ।’’
‘‘ਪਰ ਉਹ ਫਿਰ ਵੀ ਆ ਗਏ?’’
‘‘ਹਾਂ’’, ਉਹ ਗੁੱਸੇ ਨਾਲ ਕਹਿੰਦੇ ਹਨ, ‘‘ਉਹ ਫਿਰ ਵੀ ਆ ਗਏ। ਉਹ ਹੋਰ ਕਿਸੇ ਵੇਲੇ ਆ ਸਕਦੇ ਸਨ, ਕਿਸੇ ਹੋਰ ਖੁੱਲ੍ਹੇ ਵੇਲੇ।’’

ਡਾ. ਮਨਮੋਹਨ ਸਿੰਘ ਆਪਣੀ ਪਤਨੀ, ਧੀਆਂ, ਜਵਾਈਆਂ ਅਤੇ ਦੋਹਤਿਆਂ ਨਾਲ।

ਪਹਿਲੀ ਮੁਲਾਕਾਤ ਤੋਂ ਬਾਅਦ ਉਹ ਦੋਬਾਰਾ ਕਦੇ ਸ਼ਰਮਾਕਲ ਨਜ਼ਰ ਨਹੀਂ ਆਈ। ਮੰਗਣੀ ਦੇ ਇਸ ਵਕਤ ਦੌਰਾਨ ਜੋ ਕਿ ਕਰੀਬ ਇੱਕ ਸਾਲ ਦਾ ਸੀ, ਗੁਰਸ਼ਰਨ ਨੇ ਯੂਨੀਵਰਸਿਟੀ ਕਾਲਜ ਹੁਸ਼ਿਆਰਪੁਰ ਵੱਲੋਂ ਕਰਵਾਏ ਗਏ ਸੰਗੀਤ ਮੁਕਾਬਲੇ ਵਿੱਚ ਹਿੱਸਾ ਲਿਆ। ਉਸਦੀ ਸਹੇਲੀ ਸਤਿੰਦਰ ਗਿੱਲ ਉਸ ਨਾਲ ਗਈ। ਸੁਗਮ-ਸੰਗੀਤ ਵਿੱਚ ਉਸਨੇ ਭਾਈ ਵੀਰ ਸਿੰਘ ਦਾ ਗੀਤ ਗਾ ਕੇ ਇਨਾਮ ਜਿੱਤਿਆ। ਸ਼ਾਸਤਰੀ ਸੰਗੀਤ ਦਾ ਮੁਕਾਬਲਾ ਸਖ਼ਤ ਸੀ। ਪਟਿਆਲਾ ਛੱਡਣ ਤੋਂ ਬਾਅਦ ਉਸਦਾ ਰਿਆਜ਼ ਵੀ ਛੁੱਟ ਗਿਆ ਸੀ। ਉਸਨੇ ਰਾਗ ਬਹਾਰ ਗਾਇਆ- ਪਰ ਜਿਵੇਂ ਕਿ ਉਹ ਦੱਸਦੇ ਹਨ, ਬੁਰਾ ਗਾਇਆ। ਹਾਲਾਤ ਹੋਰ ਵੀ ਖ਼ਰਾਬ ਹੋ ਗਏ ਜਦੋਂ ਉੱਥੇ ਹਾਜ਼ਰ ਉਸਦੇ ਪੁਰਾਣੇ ਸੰਗੀਤ ਅਧਿਆਪਕ ਪ੍ਰੋਫੈਸਰ ਤਾਰਾ ਸਿੰਘ ਨੇ ਕਿਹਾ ਕਿ ਉਸ ਨੇ ਬਹੁਤ ਬੁਰਾ ਗਾਇਆ, ਪਰ ਉਸਦਾ ਵਫ਼ਾਦਾਰ ਮੰਗੇਤਰ ਦੋਵਾਂ ਨਾਲ ਅਸਹਿਮਤ ਸੀ। ਸਮਾਗਮ ਤੋਂ ਬਾਅਦ ਉਹ ਉਨ੍ਹਾਂ ਨੂੰ ਉਨ੍ਹਾਂ ਦੀ ਠਹਿਰਨ ਵਾਲੀ ਜਗ੍ਹਾ ’ਤੇ ਛੱਡ ਕੇ ਆਏ ਅਤੇ ਦੋਵਾਂ ਕੁੜੀਆਂ ਨੂੰ ਅੰਮ੍ਰਿਤਸਰ ਜਾਣ ਤੋਂ ਪਹਿਲਾਂ ਆਪਣੇ ਘਰ ਨਾਸ਼ਤਾ ਕਰਨ ਦਾ ਸੱਦਾ ਦਿੱਤਾ। ਤਾਜ਼ਾ-ਤਾਜ਼ਾ ਇੰਗਲੈਂਡ ਤੋਂ ਵਾਪਸ ਆਏ ਹੋਣ ਕਰਕੇ ਅਤੇ ਉਨ੍ਹਾਂ ਅੱਗੇ ਆਪਣਾ ਪ੍ਰਭਾਵ ਪਾਉਣ ਲਈ ਉਨ੍ਹਾਂ ਨੇ ਕੌਰਨ-ਫਲੇਕਸ ਅਤੇ ਅੱਧੇ ਉਬਲੇ ਹੋਏ ਅੰਡੇ ਪਰੋਸੇ। ਗੁਰਸ਼ਰਨ ਨੂੰ ਕੌਰਨ-ਫਲੇਕਸ ਬਿਲਕੁਲ ਨਿਰਾਲੇ ਅਤੇ ਅੰਡੇ ਪੂਰੀ ਤਰ੍ਹਾਂ ਅਜੀਬ ਲੱਗੇ।
ਮੈਂ ਉਨ੍ਹਾਂ ਤੋਂ ਪੁੱਛਿਆ, ‘‘ਵਿਆਹ ਹੋਣ ਤੋਂ ਪਹਿਲਾਂ ਕੀ ਤੁਹਾਨੂੰ ਲਗਦਾ ਹੈ ਕਿ ਤੁਸੀਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣ ਲਿਆ?’’
ਉਹ ਸੋਚਾਂ ਵਿੱਚ ਮਗਨ ਹੋਏ ਦੱਸਦੇ ਹਨ, ‘‘ਹਾਂ, ਮੈਨੂੰ ਤਾਂ ਇਸ ਤਰ੍ਹਾਂ ਹੀ ਲਗਦਾ ਹੈ।’’ ‘‘ਉਸਦੇ ਚੰਗੇ ਪੱਖ ਅਤੇ ਉਸਦੇ ਬੁਰੇ ਪੱਖ, ਦੋਵੇਂ?’’
‘‘ਨਹੀਂ,’’ ਉਹ ਹੱਸਦੇ ਹਨ, ‘‘ਸਿਰਫ਼ ਉਸਦੇ ਚੰਗੇ ਪੱਖ।’’
ਵਿਆਹ ਦੀਆਂ ਤਿਆਰੀਆਂ ਵਿੱਚ ਮਦਦ ਕਰਨ ਲਈ ਬਨੰਤਰ ਸ਼ਿਮਲਾ ਤੋਂ ਆ ਗਈ। ਵਿਆਹ ਦੀ ਰਸਮ ਮੌਕੇ ਪਾਉਣ ਲਈ ਗੁਰਸ਼ਰਨ ਨੇ ਥੋੜ੍ਹੀ ਜਿਹੀ ਜ਼ਰੀ ਦੀ ਕਢਾਈ ਵਾਲਾ ਗੁਲਾਬੀ ਸਲਵਾਰ ਕਮੀਜ਼ ਚੁਣਿਆ। ਆਪਣੀ ਪੁੱਜਤ ਵਿੱਚ ਕੋਈ ਗਹਿਣਾ ਪਸੰਦ ਨਾ ਆਉਣ ਕਰਕੇ ਉਸਨੇ ਸਿੰਦਰ ਦੇ ਵਿਆਹ ਵਰਗਾ ਹੀ ਸੈੱਟ ਬਣਾਉਣ ਲਈ ਕਹਿ ਦਿੱਤਾ, ਜਿਵੇਂ ਉਸਦੀਆਂ ਭੈਣਾਂ ਨੇ ਉਸ ਤੋਂ ਪਹਿਲਾਂ ਕੀਤਾ ਸੀ। ਗੁਰਸ਼ਰਨ ਦੇ ਦਾਜ ਵਿੱਚ ਗਿਆਰਾਂ ਸੂਟ, ਦੋ ਰਜਾਈਆਂ, ਦੋ ਚਾਦਰਾਂ, ਦੋ ਸਰਾਹਣਿਆਂ ਦੇ ਗਿਲਾਫ਼ ਅਤੇ ਇੱਕ ਮੋਟੀ ਚਾਦਰ ਸ਼ਾਮਲ ਸੀ। ਮਾਤਾ ਜੀ ਨੂੰ ਪਤਾ ਸੀ ਕਿ ਨਵੇਂ ਘਰ ਵਿੱਚ ਵਿਆਹੇ ਜੋੜੇ ਨੂੰ ਗੱਦਿਆਂ ਦੀ ਵੀ ਲੋੜ ਪਵੇਗੀ। ਇਹ ਚੀਜ਼ ਉਨ੍ਹਾਂ ਨੇ ਪਹਿਲਾਂ ਵੀ ਆਪਣੀਆਂ ਤਿੰਨ ਵੱਡੀਆਂ ਕੁੜੀਆਂ ਦੇ ਵਿਆਹ ਵਿੱਚ ਨਹੀਂ ਸੀ ਦਿੱਤੀ ਅਤੇ ਚੌਥੀ ਦੇ ਵਿਆਹ ਵਿੱਚ ਦੇਣੀ ਵੀ ਉਨ੍ਹਾਂ ਨੂੰ ਜ਼ਰੂਰੀ ਨਹੀਂ ਲੱਗੀ।
150 ਬਾਰਾਤੀਆਂ ਦੀ ਬਾਰਾਤ ਉਸ ਗਲੀ ਵਿੱਚ ਸੁੰਗੜ ਗਈ ਜਿਸ ਵਿੱਚ ਲਾੜੀ ਦਾ ਘਰ ਸੀ ਅਤੇ ਤੁਰਦੀ ਹੋਈ ਉਸ ਖ਼ਾਲੀ ਪਲਾਟ ਵਿੱਚ ਪਹੁੰਚ ਗਈ ਜਿੱਥੇ ਪੰਡਾਲ ਲਾਇਆ ਹੋਇਆ ਸੀ। ਮਦਨ ਲਾਲ ਸੂਦਨ ਅਤੇ ਹਰੀ ਦੱਤ ਲਾੜੇ ਦੇ ਨਾਲ ਸਨ। ਗੁਰਸ਼ਰਨ ਦੀ ਪਟਿਆਲੇ ਵਾਲੀ ਕੋਈ ਵੀ ਸਹੇਲੀ ਵਿਆਹ ਵਿੱਚ ਨਹੀਂ ਪਹੁੰਚੀ, ਪਰ ਉਸ ਦੀਆਂ ਅੰਮ੍ਰਿਤਸਰ ਵਾਲੀਆਂ ਸਹੇਲੀਆਂ ਆ ਗਈਆਂ- ਮੁਹਿੰਦਰ ਅਤੇ ਰਾਜਿੰਦਰ ਜਿਨ੍ਹਾਂ ਨੂੰ ਉਹ ਸਕੂਲ ਦੇ ਦਿਨਾਂ ਤੋਂ ਜਾਣਦੀ ਸੀ ਅਤੇ ਸਤਿੰਦਰ, ਹਰਮਿੰਦਰ ਅਤੇ ਵਰਿਆਮ ਜਿਹੜੀਆਂ ਉਸ ਨਾਲ ਖ਼ਾਲਸਾ ਕਾਲਜ ਵਿੱਚ ਸਨ। ਸਾਂਝੇ ਪਰਿਵਾਰ ਦੇ ਪੁਰਸ਼ ਮੈਂਬਰਾਂ ਨੂੰ ਇਸ ਮੌਕੇ ’ਤੇ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਉਸਦੇ ਭੂਆ ਦੇ ਪੁੱਤਰਾਂ ਹਰਬੰਸ ਸਿੰਘ ਅਤੇ ਹਰਭਜਨ ਸਿੰਘ, ਜਿਨ੍ਹਾਂ ਨੂੰ ਨਵੀਂ ਦੁਨੀਆ ਦੇ ਰੰਗ-ਢੰਗ ਬਾਰੇ ਪਤਾ ਸੀ, ਦੀ ਜ਼ਿੰਮੇਵਾਰੀ ਸੀ ਕਿ ਖਾਣਾ ਸਟੀਲ ਦੀਆਂ ਥਾਲੀਆਂ ਦੀ ਬਜਾਇ ਕਰੌਕਰੀ ਵਿੱਚ ਪਰੋਸਿਆ ਜਾਵੇ। ਲਾੜੇ ਦੇ ਪਿਤਾ ਨੇ ਹਲਵਾਈ ਆਪ ਦੱਸੇ ਸਨ, ਇਸ ਲਈ ਗ਼ਲਤੀ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹੀ। ਅਚਾਨਕ ਬਾਰਸ਼ ਸ਼ੁਰੂ ਹੋ ਗਈ ਅਤੇ ਵਿਆਹ ਦੀ ਰਸਮ ਅੰਦਰਲੇ ਪਾਸੇ ਤਬਦੀਲ ਕਰ ਦਿੱਤੀ ਗਈ। ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਭੁਪਿੰਦਰ ਸਿੰਘ ਜੀ ਨੇ ਅਨੰਦ ਕਾਰਜ ਦੀ ਰਸਮ ਪੂਰੀ ਕਰਵਾਈ। ਮਨਮੋਹਨ ਦੇ ਪਿਤਾ ਜੀ ਦੇ ਜਾਣਕਾਰ ਗਿਆਨੀ ਜੀ ਬਹੁਤ ਹੀ ਵਿਦਵਾਨ ਅਤੇ ਸਨਮਾਨਿਤ ਵਿਅਕਤੀ ਸਨ।
ਲਾੜੇ ਵਾਲੇ ਵਿਆਹ ਦੇ ਮੌਕੇ ਫੋਟੋਗ੍ਰਾਫ਼ਰ ਦਾ ਇੰਤਜ਼ਾਮ ਕਰਨਾ ਭੁੱਲ ਗਏ। ਇਸ ਲਈ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਨਹੀਂ ਹਨ। ਉਹ ਡੋਲੀ ਵੇਲੇ ਦਾ ਉਹ ਜੋੜਾ ਲਿਆਉਣਾ ਵੀ ਭੁੱਲ ਗਏ ਜਿਹੜਾ ਲਾੜੀ ਨੇ ਆਪਣੇ ਘਰੋਂ ਵਿਦਾ ਹੋਣ ਲੱਗਿਆ ਪਾਉਣਾ ਸੀ। ਬਹੁਤ ਸਾਰੀ ਉਲਝਣ ਅਤੇ ਘੁਸਰ-ਮੁਸਰ ਤੋਂ ਬਾਅਦ ਰੋਂਦੀ ਹੋਈ ਗੁਰਸ਼ਰਨ ਨੂੰ ਉਸੇ ਥੋੜ੍ਹੀ ਜਿਹੀ ਜ਼ਰੀ ਵਾਲੇ ਗੁਲਾਬੀ ਸਲਵਾਰ-ਕਮੀਜ਼ ਵਿੱਚ ਤੋਰਿਆ ਗਿਆ ਜਿਹੜਾ ਉਸ ਨੇ ਅਨੰਦ ਕਾਰਜ ਵੇਲੇ ਪਾਇਆ ਸੀ। ਜਿਉਂ ਹੀ ਉਧਾਰ ਲਈ ਕਾਰ ਆਪਣੀ ਮੰਜ਼ਿਲ ’ਤੇ ਪਹੁੰਚੀ ਤਾਂ ਗੁਰਸ਼ਰਨ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਆਖ਼ਰ ਕਿਉਂ ਇਸ ਵਿੱਚ ਬੈਠ ਗਈ ਸੀ।
ਹਨੇਰੇ ਅਤੇ ਚਿੱਕੜ ਭਰੇ ਰਾਹ ਤੋਂ ਲੰਘ ਕੇ ਭੀੜੀਆਂ ਸਿੱਧੀਆਂ ਖੜ੍ਹੀਆਂ ਤੰਗ ਪੌੜੀਆਂ ਚੜ੍ਹ ਕੇ ਤਬੇਲੇ ਵਾਲੇ ਘਰ ਨਾਲ ਹੋਈ ਉਸਦੀ ਪਹਿਲੀ ਜਾਣ-ਪਛਾਣ ਬਹੁਤ ਉਦਾਸ ਕਰ ਦੇਣ ਵਾਲੀ ਸੀ। ਖੁਸ਼ਕਿਸਮਤੀ ਨਾਲ ਮਨਮੋਹਨ ਅਤੇ ਗੁਰਸ਼ਰਨ ਨੇ ਛੇਤੀ ਹੀ ਆਪਣੇ ਘਰ ਚੰਡੀਗੜ੍ਹ ਚਲੇ ਜਾਣਾ ਸੀ। ਉਦੋਂ ਤੱਕ ਉਨ੍ਹਾਂ ਨੂੰ ਰਹਿਣ ਲਈ ਛੱਤ ਵਾਲਾ ਛੋਟਾ ਜਿਹਾ ਕਮਰਾ ਦਿੱਤਾ ਗਿਆ। ਘਰ ਰਿਸ਼ਤੇਦਾਰਾਂ ਨਾਲ ਭਰਿਆ ਪਿਆ ਸੀ। ਗੁਰਸ਼ਰਨ ਆਪਣੀਆਂ ਨਣਦਾਂ ਅਤੇ ਦਿਉਰਾਂ ਨੂੰ ਮਿਲ ਕੇ ਖ਼ੁਸ਼ ਹੋਈ, ਜਿਸ ਵਿੱਚ ਸਭ ਤੋਂ ਛੋਟੇ ਦੋ ਸਨ। ਕੁਝ ਸਾਲਾਂ ਵਿੱਚ ਉਹ ਉਨ੍ਹਾਂ ਸਾਰਿਆਂ ਦੀ ਰੱਖਿਅਕ ਬਣ ਗਈ ਅਤੇ ਜਦੋਂ ਲੋੜ ਪੈਂਦੀ ਉਨ੍ਹਾਂ ਨੂੰ ਝਿੜਕ ਦੇਣ ਵਿੱਚ ਵੀ ਪੂਰੀ ਖੁੱਲ੍ਹ ਮਹਿਸੂਸ ਕਰਦੀ।
ਅਗਲੀ ਸਵੇਰ ਨਵਾਂ ਜੋੜਾ ਨਿੱਕੀ ਨਿਰਮਾਣ ਨੂੰ ਨਾਲ ਲੈ ਕੇ ਦਰਬਾਰ ਸਾਹਿਬ ਗਿਆ। ਗੁਰਸ਼ਰਨ ਨੇ ਨੀਲਾ ਸਲਵਾਰ ਕਮੀਜ਼ ਪਾਇਆ ਅਤੇ ਉਸ ਨਾਲ ਜਾਲੀਦਾਰ ਦੁਪੱਟਾ ਲਿਆ ਜਿਸ ਨਾਲ ਘੁੰਡ ਕੱਢਣਾ ਮੁਮਕਿਨ ਨਹੀਂ ਸੀ, ਕਿਉਂਕਿ ਸਹੁਰਾ ਸਾਹਿਬ ਤੋਂ ਘੁੰਡ ਕੱਢਣਾ ਤਾਂ ਜ਼ਰੂਰੀ ਸੀ, ਪਰ ਗੁਰਮੁਖ ਸਿੰਘ ਨੇ ਉਸਨੂੰ ਨੇਕਦਿਲੀ ਨਾਲ ਕਿਹਾ ਕਿ ਉਹ ਇਸਦੀ ਬਹੁਤੀ ਫ਼ਿਕਰ ਨਾ ਕਰੇ। ਗੁਰਸ਼ਰਨ ਨੂੰ ਉਹ ਬਹੁਤ ਨਿੱਘੇ ਅਤੇ ਮੋਹਵੰਤੇ ਲੱਗੇ, ਪਰ ਉਹੋ ਜਿਹੇ ਬਿਲਕੁਲ ਨਹੀਂ ਜੋ ਰਸਮਾਂ ਉੱਤੇ ਅੜ ਜਾਣ।
ਫਿਰ ਉੱਥੇ ਭਾਬੀ ਜੀ ਨੂੰ ਵੀ ਮਿਲੇ। ਭਾਬੀ ਜੀ ਹੁਣ ਪਰਿਵਾਰ ਨਾਲ ਤਾਂ ਨਹੀਂ ਸਨ ਰਹਿੰਦੇ, ਪਰ ਵਿਆਹ ਲਈ ਉਨ੍ਹਾਂ ਨੂੰ ਲਿਆਂਦਾ ਗਿਆ। ਜਦੋਂ ਗੁਰਸ਼ਰਨ ਉਨ੍ਹਾਂ ਨੂੰ ਮਿਲੀ ਤਾਂ ਉਹ ਕਮਰੇ ਵਿੱਚ ਇਕੱਲੇ ਬੈਠੇ ਰੋ ਰਹੇ ਸਨ। ਉਸਨੇ ਉਨ੍ਹਾਂ ਨੂੰ ਇਹ ਕਹਿ ਕੇ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ ਕਿ ਇੱਕ ਦਿਨ ਉਹ ਉਨ੍ਹਾਂ ਨੂੰ ਆਪਣੇ ਨਾਲ ਰਹਿਣ ਲਈ ਲੈ ਜਾਣਗੇ। ਇਹ ਗੱਲ ਮਨਮੋਹਨ ਨੇ ਉਨ੍ਹਾਂ ਨੂੰ ਕਹਿਣ ਲਈ ਕਹੀ ਸੀ, ਪਰ ਉਸਨੂੰ ਨਹੀਂ ਪਤਾ ਲੱਗਿਆ ਕਿ ਕੀ ਭਾਬੀ ਜੀ ਇਹ ਗੱਲ ਸਮਝੇ ਜਾਂ ਨਹੀਂ।
ਚਾਰ ਦਿਨ ਬਾਅਦ ਦੋ ਟਰੰਕਾਂ ਅਤੇ ਦੋ ਸੂਟਕੇਸਾਂ ਨਾਲ ਮਨਮੋਹਨ ਅਤੇ ਗੁਰਸ਼ਰਨ ਚੰਡੀਗੜ੍ਹ ਜਾਣ ਲਈ ਕਾਲਕਾ ਮੇਲ ਵਿੱਚ ਸਵਾਰ ਹੋ ਗਏ।

ਇੱਕ ਪਿੰਡ ਜਿਸਦਾ ਨਾਂ ਹੈ ਗਾਹ

ਮੇਰੇ ਡੈਡੀ ਅਕਸਰ ਆਪਣੇ ਸ਼ੁਰੂਆਤੀ ਦਿਨਾਂ ਦੀਆਂ ਗੱਲਾਂ ਕਰਦੇ ਹੋਏ ਪਿੰਡ ਦੀ ਸਖ਼ਤ ਜ਼ਿੰਦਗੀ ਦੇ ਨਾਲ-ਨਾਲ ਸਾਦੀ ਜ਼ਿੰਦਗੀ ਦੀ ਮੌਜ ਬਾਰੇ ਵੀ ਗੱਲਾਂ ਕਰਦੇ ਹਨ। ਮੈਂ ਗੂਗਲ ’ਤੇ ਗਾਹ ਬਾਰੇ ਖੋਜ ਕਰਦੀ ਹਾਂ ਅਤੇ ਅਖ਼ਬਾਰਾਂ ਵਿੱਚ ਦਰਜਨਾਂ ਲੇਖ ਮਿਲਦੇ ਹਨ। ਸਭ ਤੋਂ ਪੁਰਾਣਾ ਲੇਖ ਹੈ ਮਈ 2004 ਦਾ, ਜਦੋਂ ਪੱਤਰਕਾਰਾਂ ਨੂੰ ਇਹ ਪਿੰਡ ਲੱਭ ਗਿਆ ਸੀ। ਗਾਹ ‘ਬਹੁਤ ਹੀ ਸੋਹਣੀ’ ਜਗ੍ਹਾ ਲਗਦੀ ਹੈ, ਇੱਥੋਂ ਦੇ ਘਰ ਕੱਚੀ ਮਿੱਟੀ ਦੇ ਬਣੇ ਹੋਏ ਹਨ ਅਤੇ ਵਿਹੜੇ ਬਹੁਤ ਖੁੱਲ੍ਹੇ ਹਨ। ਗੁਰਦੁਆਰਾ ਹੁਣ ਲੋਕਲ ਸਰਕਾਰੀ ਦਫ਼ਤਰ ਵਿੱਚ ਬਦਲ ਚੁੱਕਾ ਹੈ। ਉਹ ਘਰ ਜਿਸ ਵਿੱਚ ਮੇਰੇ ਡੈਡੀ ਵੱਡੇ ਹੋਏ ਸਨ, ਹੁਣ ਮੌਜੂਦ ਨਹੀਂ ਹੈ। ਪਹਿਲਾਂ ਇਹ ਜਿੱਥੇ ਹੁੰਦਾ ਸੀ, ਹੁਣ ਉੱਥੋਂ ਦੂਰ ਤੱਕ ਪਹਾੜਾਂ ਨਾਲ ਘਿਰੇ ਹੋਏ ‘ਸ਼ਾਨਦਾਰ’ ਖੇਤਾਂ ਦਾ ਨਜ਼ਾਰਾ ਦਿਸਦਾ ਹੈ। ਹੁਣ ਪਿੰਡ ਦੇ ਜ਼ਿਆਦਾਤਰ ਹਿੱਸੇ ਵਿੱਚ ਬਿਜਲੀ ਆ ਗਈ ਹੈ, ਪਰ ਖੇਤਾਂ ਨੂੰ ਹਾਲੇ ਵੀ ਬਾਰਸ਼ਾਂ ਦਾ ਹੀ ਆਸਰਾ ਹੈ। ਕਈ ਸਾਲ ਪਹਿਲਾਂ ਪ੍ਰਾਇਮਰੀ ਸਕੂਲ ਢਾਹ ਕੇ ਦੋਬਾਰਾ ਬਣਾਇਆ ਗਿਆ ਹੈ। ਨਵੀਂ ਇਮਾਰਤ ਲਾਲ ਇੱਟਾਂ ਦੀ ਬਣੀ ਹੋਈ ਹੈ। ਜਿੱਥੇ ਪਹਿਲਾਂ ਦੋ ਜਮਾਤਾਂ ਦੇ ਕਮਰੇ ਸਨ, ਹੁਣ ਉੱਥੇ ਝੂਲੇ ਲੱਗੇ ਹੋਏ ਹਨ, ਪਰ ਹੁਣ ਇੱਥੇ ਸਿਰਫ਼ ਲੜਕਿਆਂ ਦਾ ਹੀ ਦਾਖ਼ਲਾ ਹੁੰਦਾ ਹੈ। ਮੇਰੇ ਡੈਡੀ ਦੀ ਜਮਾਤ ਦੀ ਇੱਕੋ-ਇੱਕ ਕੁੜੀ ਬਖ਼ਤ ਬਾਨੋ ਦੀ ਕੁਝ ਦੇਰ ਪਹਿਲਾਂ ਮੌਤ ਹੋ ਗਈ ਹੈ।
ਲੋਕਾਂ ਨੂੰ ਮੇਰੇ ਡੈਡੀ ਦਾ ਪਰਿਵਾਰ ਹਾਲੇ ਵੀ ਯਾਦ ਹੈ, ਕੁਝ ਤਾਂ ਮੇਰੇ ਡੈਡੀ ਨੂੰ ਜਾਣਦੇ ਵੀ ਹਨ, ਭਾਵੇਂ ਕਿ ਉਨ੍ਹਾਂ ਨੂੰ ਉੱਥੋਂ ਗਿਆ 60 ਸਾਲ ਤੋਂ ਵੀ ਜ਼ਿਆਦਾ ਹੋ ਚੁੱਕੇ ਹਨ। ਇੱਕ ਬੰਦਾ ਦੱਸਦਾ ਹੈ, ‘‘ਉਸ ਦੀਆਂ ਜੇਬਾਂ ਸੁੱਕੇ ਮੇਵਿਆਂ ਨਾਲ ਭਰੀਆਂ ਰਹਿੰਦੀਆਂ ਸਨ। ਉਸਨੂੰ ਬੰਟੇ ਖੇਡਣੇ ਨਹੀਂ ਆਉਂਦੇ ਸਨ।’’ ਇੱਕ ਹੋਰ ਵਿਅਕਤੀ ਰਾਜ਼ ਖੋਲ੍ਹਦਾ ਹੈ, ‘‘ਜੇ ਉਹ ਸਾਡੇ ਨਾਲ ਖੇਡਣ ਤੋਂ ਮਨ੍ਹਾਂ ਕਰ ਦਿੰਦਾ’’, ਪਹਿਲਾ ਵਿਅਕਤੀ ਵਿਚਾਲੇ ਬੋਲਦਾ ਹੈ, ‘‘ਅਸੀਂ ਉਸਨੂੰ ਪਿੰਡ ਦੇ ਛੱਪੜ ਵਿੱਚ ਸੁੱਟ ਦਿੰਦੇ ਸਾਂ।’’ ਭਾਵੇਂ ਇਹ ਗੱਲ ਸੱਚ ਹੈ ਜਾਂ ਨਹੀਂ, ਇਸ ਗੱਲ ਉੱਤੇ ਮੈਨੂੰ ਹਾਸਾ ਆ ਜਾਂਦਾ ਹੈ। ਇਹ ਕਹਾਣੀ ਸੁਣਾਉਣ ਵਾਲਾ ਰਾਜਾ ਅਲੀ ਮੁਹੰਮਦ ਮੇਰੇ ਡੈਡੀ ਨਾਲ ਸਕੂਲ ਪੜ੍ਹਦਾ ਸੀ। ਮੈਨੂੰ ਹੈਰਾਨੀ ਹੁੰਦੀ ਹੈ ਕਿ ਉਹ ਮੇਰੇ ਮਾਤਾ-ਪਿਤਾ ਨੂੰ ਮਿਲਣ ਲਈ ਦਿੱਲੀ ਆਉਂਦਾ ਹੈ। ਸ਼ਾਹੀ ਚਾਲ-ਢਾਲ, ਛੇ ਫੁੱਟ ਲੰਮਾ ਅਤੇ ਬਹੁਤ ਵੱਡੀ ਪਗੜੀ ਨਾਲ ਉਹ ਬਹੁਤ ਹੀ ਚਮਤਕਾਰੀ ਲੱਗਦਾ ਹੈ।
ਜਦੋਂ ਵੀ ਭਾਰਤ ਅਤੇ ਪਾਕਿਸਤਾਨ ਆਪਸੀ ਦੋਸਤੀ ਬਾਰੇ ਸੋਚਦੇ ਹਨ ਤਾਂ ਗਾਹ ਫਿਰ ਖ਼ਬਰਾਂ ਵਿੱਚ ਆ ਜਾਂਦਾ ਹੈ।

Advertisement
Author Image

Advertisement